49 views 6 secs 0 comments

ਖੁਸ਼ੀ, ਤੰਦਰੁਸਤੀ ਅਤੇ ਖੁਸ਼ਹਾਲੀ

ਲੇਖ
August 01, 2025

ਉਪਰੋਕਤ ਸਿਰਲੇਖ ਦਾ ਸੰਬੰਧ ਸਾਡੇ ਜੀਵਨ ਨਾਲ ਜੁੜਿਆ ਹੋਇਆ ਹੈ।
ਸਾਰਾ ਸੰਸਾਰ ਸੁਖ ਦੀ ਲੋਚਾ ਕਰਦਾ ਹੈ, ਪਰ ਇਹ ਸੁਖ ਪ੍ਰਾਪਤ ਕਿਵੇਂ ਹੋਵੇ, ਇਸ ਬਾਰੇ ਗੁਰਬਾਣੀ ਦਾ ਫੁਰਮਾਨ ਹੈ:
ਮਨ ਮੇਰੇ ਸਤਿਗੁਰ ਕੈ ਭਾਣੈ ਚਲੁ॥
ਨਿਜ ਘਰਿ ਵਸਹਿ ਅੰਮ੍ਰਿਤੁ ਪੀਵਹਿ ਤਾ ਸੁਖ ਲਹਹਿ ਮਹਲੁ॥              (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ ੩੭)

ਭਾਵ ਹੇ ਮੇਰੀ ਜਿੰਦੜੀਏ ਸਚੇ ਗੁਰਾਂ ਦੀ ਰਜ਼ਾ ਅਨੁਸਾਰ ਟੁਰ। ਤਾਂ ਤੂੰ ਆਪਣੇ ਅਸਲੀ ਘਰ ਵਾਹਿਗੁਰੂ ਦੀ ਹਜ਼ੂਰੀ ਵਿਚ ਰਹੇਂਗਾ, ਨਾਮ ਰੂਪੀ ਅੰਮ੍ਰਿਤ ਪੀਵੇਂਗਾ ਅਤੇ ਸੁਖ ਦਾ ਮਹੱਲ ਪ੍ਰਾਪਤ ਕਰੇਂਗਾ।

ਪਰਮਾਤਮਾ ਦੇ ਨਾਮ ਨਾਲ ਜੁੜ ਕੇ ਹੀ ਜੀਵਨ ਵਿਚ ਖੁਸ਼ੀ, ਤੰਦਰੁਸਤੀ ਅਤੇ ਖੁਸ਼ਹਾਲੀ ਆਵੇਗੀ। ਸੰਸਾਰ ਪ੍ਰਸਿੱਧ ਹਾਸਰਸ ਕਲਾਕਾਰ ਚਾਰਲੀ ਚੈਪਲਿਨ ਕਹਿੰਦਾ ਹੈ ਕਿ ਹਮੇਸ਼ਾਂ ਖੁਸ਼ ਰਹੋ ਤੇ ਤੰਦਰੁਸਤੀ ਅਤੇ ਖੁਸ਼ਹਾਲੀ ਪ੍ਰਾਪਤ ਕਰੋ। ਜੀਵਨ ਵਿਚ ਤੁਸੀਂ ਕਿੰਨੇ ਖੁਸ਼ ਹੋ ਇਹ ਮਹੱਤਵਪੂਰਨ ਨਹੀਂ ਹੈ, ਸਗੋਂ ਤੁਹਾਡੀ ਵਜ੍ਹਾ ਨਾਲ ਕਿੰਨ੍ਹੇ ਲੋਕ ਖੁਸ਼ ਹਨ, ਇਹ ਮਹੱਤਵਪੂਰਨ ਹੈ।
ਜੀਵਨ ਵਿਚ ਹਰ ਵੇਲੇ ਖੁਸ਼ ਰਹਿਣਾ ਹੀ ਸਫਲ ਜੀਵਨ ਦੀ ਨਿਸ਼ਾਨੀ ਹੈ। ਇਸ ਤੋਂ ਬਿਨਾਂ ਤਾਂ ਬਾਕੀ ਸਾਰੇ ਜੂਨ ਹੀ ਭੋਗਦੇ ਹਨ। ਅਜਿਹੇ ਵਿਅਕਤੀ ਕਿਸੇ ਵੀ ਥਾਂ ਅਤੇ ਕਿਸੇ ਵੀ ਨਾਲ ਖੁਸ਼ ਨਹੀਂ ਹੋ ਸਕਦੇ ਹਨ। ਖੁਸ਼ ਰਹਿਣਾ ਤੁਹਾਡੇ ਸੁਭਾਅ ‘ਤੇ ਨਿਰਭਰ ਕਰਦਾ ਹੈ। ਤੁਹਾਡਾ ਸੁਭਾਅ ਹੀ ਤੁਹਾਡਾ ਆਲੇ-ਦੁਆਲੇ ਦੇ ਪ੍ਰਭਾਵ ਨੂੰ ਕਬੂਲਦੇ ਹੋਏ ਜੀਵਨ ਦੀ ਬਣਤਰ ਬਣਾਉਂਦਾ ਹੈ।
ਜੀਵਨ ਵਿਚ ਖੁਸ਼ ਰਹਿਣ ਦੇ ਅਹਿਮ ਨੁਕਤੇ ਹਨ, ਜਿਵੇਂ ਕਿ ਸ਼ਾਂਤ ਰਹੋ, ਸਿਆਣੇ ਬਣੋ ਅਤੇ ਦੂਜਿਆਂ ਪ੍ਰਤੀ ਦਯਾ ਭਾਵਨਾ ਧਾਰਨ ਕਰੋ। ਜਦੋਂ ਇਨਸਾਨ ਸ਼ਾਂਤ ਰਹਿੰਦਾ ਹੈ ਤਾਂ ਉਸ ਦਾ ਮਨ ਸਹਿਜ ਅਵਸਥਾ ਵਿਚ ਆ ਜਾਂਦਾ ਹੈ। ਸ਼ਾਂਤ ਹੋਇਆ ਮਨ ਚੰਗਾ-ਮੰਦਾ ਵਿਚਾਰਨ ਦੀ ਸਮਰੱਥਾ ਰੱਖਦਾ ਹੈ। ਇਸ ਅਵਸਥਾ ਦੇ ਵਿਚ ਮਨ ਸਿਆਣਾ ਬਣ ਜਾਂਦਾ ਹੈ। ਸਿਆਣੇ ਹੋਏ ਇਨਸਾਨ ਨੂੰ ਸਾਰੇ ਸਤਿਕਾਰ ਦੇਂਦੇ ਹਨ। ਉਸ ਦੀ ਹਰ ਕੰਮ ਦੇ ਵਿਚ ਸਲਾਹ ਵੀ ਲੈਂਦੇ ਹਨ ਜਿਸ ਕਰਕੇ ਇਨਸਾਨ ਦੀ ਜ਼ਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ। ਸ਼ਾਂਤੀ ਵਿਚ ਹੀ ਸਾਡੇ ਅੰਦਰ ਦੀ ਭਾਵਨਾ ਪੈਦਾ ਹੋ ਜਾਂਦੀ ਹੈ। ਅਸੀਂ ਦਯਾਲੂ ਬਣ ਜਾਂਦੇ ਹਾਂ।
ਇਸ ਦੁਨੀਆ ਵਿਚ ਅਜਿਹਾ ਕੁਝ ਬਹੁਤ ਹੈ ਜੋ ਸਾਡੇ ਵੱਸ ਤੋਂ ਬਾਹਰ ਹੈ। ਪਰੰਤੂ ਅਸੀਂ ਕੋਸ਼ਿਸ਼ ਉਸ ਨੂੰ ਪ੍ਰਾਪਤ ਕਰਨ ਦੀ ਕਰਦੇ ਹਾਂ। ਇਸ ਕੋਸ਼ਿਸ਼ ਦੇ ਵਿਚ ਅਸੀਂ ਥੱਕ-ਹਾਰ ਵੀ ਜਾਂਦੇ ਹਾਂ। ਇਸ ਅਵਸਥਾ ਵਿਚ ਸਾਨੂੰ ਸਬਰ ਦਾ ਪੱਲਾ ਫੜਨਾ ਚਾਹੀਦਾ ਹੈ। ਜਿਸ ਸਮੇਂ ਅਸੀਂ ਇਹ ਮਹਿਸੂਸ ਕਰਾਂਗੇ ਕਿ ਇਸ ਦੁਨੀਆ ਵਿਚ ਅਜਿਹਾ ਕੁਝ ਬਹੁਤ ਹੈ ਜੋ ਸਾਡੇ ਵੱਸ ਤੋਂ ਬਾਹਰ ਹੈ ਤਾਂ ਉਸ ਸਮੇਂ ਅਸੀਂ ਆਪਣੇ ਮਨ ਨੂੰ ਹਲਕਾ ਹੋਇਆ ਮਹਿਸੂਸ ਕਰਾਂਗੇ। ਜਿਸ ਦੇ ਨਾਲ ਸਾਡੇ ਮਨ ਵਿਚ ਖੁਸ਼ੀ ਆ ਜਾਵੇਗੀ।
ਸੰਸਾਰਕ ਵਿਦਵਾਨ ਇਹ ਮੰਨਦੇ ਹਨ ਕਿ ਖੁਸ਼ ਰਹਿਣ ਦਾ ਅਰਥ ਇਹ ਹਰਗਿਜ਼ ਨਹੀਂ ਹੈ ਕਿ ਤੁਹਾਡੀ ਜ਼ਿੰਦਗੀ ਵਿਚ ਸਭ ਕੁਝ ਠੀਕ ਹੈ, ਸਗੋਂ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਆਪਣੇ ਦੁੱਖਾਂ ਤੋਂ ਉੱਪਰ ਉੱਠ ਕੇ ਜੀਣਾ ਸਿੱਖ ਲਿਆ ਹੈ। ਇਹ ਸਭ ਕੁਝ ਗੁਰੂ ਦੀ ਕਿਰਪਾ ਨਾਲ ਹੀ ਹੁੰਦਾ ਹੈ। ਇਸ ਅਵਸਥਾ ਦੇ ਵਿਚ ਇਨਸਾਨ ਦੁੱਖ-ਸੁੱਖ ਤੋਂ ਉੱਪਰ ਉੱਠ ਕੇ ਅਨੰਦ ਦੀ ਸਥਿਤੀ ਵਿਚ ਜੀਵਨ ਬਤੀਤ ਕਰਨ ਲੱਗ ਜਾਂਦਾ ਹੈ:
ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ॥
ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ, ੬੩੩)

ਅਸੀਂ ਇਹ ਖੁਸ਼ੀ ਦੁਨਿਆਵੀ ਪਦਾਰਥਾਂ ਵਿਚ ਨਹੀਂ ਲੱਭਣੀ, ਸਗੋਂ ਤੁਹਾਡੇ ਮਨ ਦੀ ਸਥਿਤੀ ਕਿਹੋ ਜਿਹੀ ਹੈ ਇਹ ਧਿਆਨ ਰੱਖਣ ਯੋਗ ਗੱਲ ਹੈ। ਸਭ ਤੋਂ ਵੱਡੀ ਇਨਸਾਨ ਦੀ ਸੰਤੁਸ਼ਟੀ ਹੈ। ਜੇਕਰ ਇਨਸਾਨ ਸੰਤੁਸ਼ਟ ਰਹਿਣ ਲੱਗ ਪੈਂਦਾ ਹੈ ਤਾਂ ਇਸ ਸੰਤੁਸ਼ਟੀ ਦੇ ਨਾਲ ਇਨਸਾਨ ਅੰਦਰ ਸਰੀਰਕ ਤੰਦਰੁਸਤੀ ਆ ਜਾਂਦੀ ਹੈ।
ਤੰਦਰੁਸਤੀ ਦੀ ਨਿਸ਼ਾਨੀ ਵਿਚ ਇਨਸਾਨ ਮਾਨਸਿਕ ਅਤੇ ਸਰੀਰਕ ਤੌਰ ‘ਤੇ ਰਿਸ਼ਟ-ਪੁਸ਼ਟ ਹੋ ਜਾਂਦਾ ਹੈ। ਹਰ ਕੰਮ ਕਰਨ ਲਈ ਤਿਆਰ ਹੋ ਜਾਂਦਾ ਹੈ। ਮਤਲਬ ਕਿ ਇਨਸਾਨ ਤਨ ਤੇ ਮਨ ਕਰਕੇ ਬਲਵਾਨ ਹੋ ਜਾਂਦਾ ਹੈ।
ਮਨ ਦੀ ਖੁਸ਼ੀ ਅਤੇ ਤੰਦਰੁਸਤੀ ਨਾਲ ਹੀ ਇਨਸਾਨ ਵਿਚ ਖੁਸ਼ਹਾਲੀ ਆ ਜਾਂਦੀ ਹੈ। ਫਿਰ ਇਨਸਾਨ ਨੂੰ ਆਪਣਾ ਆਲਾ-ਦੁਆਲਾ ਹਮੇਸ਼ਾਂ ਹੀ ਹਰਿਆ-ਭਰਿਆ ਦਿਖਾਈ ਦਿੰਦਾ ਹੈ। ਇਸ ਖੁਸ਼ਹਾਲੀ ਵਿਚ ਇਨਸਾਨ ਆਪਣੇ ਫ਼ਰਜ਼ਾਂ ਪ੍ਰਤੀ ਚੌਕੰਨਾ ਹੋ ਜਾਂਦਾ ਹੈ। ਉਸ ਦੇ ਹਰ ਕਾਰਜ ਦੇ ਵਿਚ ਚੰਗੀ ਸੋਚ, ਬਰਾਬਰਤਾ ਅਤੇ ਮਾਨਵੀ ਵਿਚਾਰਧਾਰਾ ਭਾਰੂ ਹੁੰਦੀ ਹੈ।
ਅਖੀਰ ‘ਤੇ ਅਸੀਂ ਇਸ ਨਤੀਜੇ ‘ਤੇ ਪਹੁੰਚਦੇ ਹਾਂ ਕਿ ਜਦੋਂ ਅਕਾਲ ਪੁਰਖ ਜੀ ਦੀ ਕਿਰਪਾ ਹੁੰਦੀ ਹੈ ਤਾਂ ਮਨ ਦੀ ਅਵਸਥਾ ਬਦਲ ਜਾਂਦੀ ਹੈ। ਦੁਖੀ ਮਨ ਗੁਰੂ ਦੇ ਭਾਣੇ ਵਿਚ ਖੁਸ਼ ਰਹਿਣ ਲੱਗ ਪੈਂਦਾ ਹੈ। ਵਾਹਿਗੁਰੂ ਜੀ ਜੋ ਸਾਡੇ ਅੰਦਰ ਵਸਦੇ ਹਨ; ਸਾਡੇ ਮਨ ਵਿਚ ਤਾਜ਼ਗੀ, ਤੰਦਰੁਸਤੀ ਅਤੇ ਖੁਸ਼ਹਾਲੀ ਲਿਆ ਦਿੰਦੇ ਹਨ। ਵਾਹਿਗੁਰੂ ਜੀ ਇਹ ਸਾਰਾ ਕੁਝ ਗੁਰੂ ਰਾਹੀਂ ਹੀ ਕਰਾਉਂਦੇ ਹਨ।

-ਸ. ਜਗਜੀਤ ਸਿੰਘ ਦੋਰਾਹਾ