121 views 9 secs 0 comments

ਘਰਿ ਹੋਦੈ ਧਨਿ ਜਗੁ ਭੁਖਾ ਮੁਆ

ਲੇਖ
April 10, 2025

ਗੁਰਬਾਣੀ ਵਿਚਾਰ :

ਘਰਿ ਹੋਦੈ ਧਨਿ ਜਗੁ ਭੁਖਾ ਮੁਆ ਬਿਨੁ ਸਤਿਗੁਰ ਸੋਝੀ ਨ ਹੋਇ॥
ਸਬਦੁ ਸੀਤਲੁ ਮਨਿ ਤਨਿ ਵਸੈ ਤਿਥੈ ਸੋਗੁ ਵਿਜੋਗੁ ਨ ਕੋਇ॥
ਵਸਤੁ ਪਰਾਈ ਆਪਿ ਗਰਬੁ ਕਰੇ ਮੂਰਖੁ ਆਪੁ ਗਣਾਏ॥
ਨਾਨਕ ਬਿਨੁ ਬੂਝੇ ਕਿਨੈ ਨ ਪਾਇਓ ਫਿਰਿ ਫਿਰਿ ਆਵੈ ਜਾਏ॥

(ਸ੍ਰੀ ਗੁਰੂ ਗ੍ਰੰਥ ਸਾਹਿਬ, ੧੨੪੯)

ਉਪਰੋਕਤ ਪਾਵਨ-ਸਤਰਾਂ ਸਾਰੰਗ ਕੀ ਵਾਰ, ਮਹਲਾ ੪ ਵਿਚ ਦਰਜ ਤੀਜੇ ਪਾਤਸਾਹ ਸ੍ਰੀ ਗੁਰੂ ਅਮਰਦਾਸ ਜੀ ਰਚਿਤ ਇਕ ਸਲੋਕ ਵਿਚੋਂ ਲਈਆਂ ਗਈਆਂ ਹਨ। ਇਨ੍ਹਾਂ ਸਤਰਾਂ ਵਿਚ ਗੁਰੂ ਜੀ ਆਤਮ-ਗਿਆਨ ਤੋਂ ਸੱਖਣੇ ਮਨੁੱਖ ਦੀ ਤਰਸਯੋਗ ਹਾਲਤ ਨੂੰ ਬਿਆਨ ਕਰਦੇ ਹਨ ਕਿ ਸਭ ਕੁਝ ਕੋਲ ਹੁੰਦਿਆਂ ਵੀ ਆਪਣੀ ਨਾਸਮਝੀ ਤੇ ਹੰਕਾਰੀ ਬਿਰਤੀ ਸਦਕਾ ਮਨੁੱਖ ਜੇ ਭੁੱਖਾ ਮਰੇ ਤਾਂ ਇਸ ਤੋਂ ਵੱਡੀ ਮੂਰਖਤਾ ਹੋਰ ਕੀ ਹੋ ਸਕਦੀ ਹੈ?

ਗੁਰੂ ਸਾਹਿਬ ਜੀ ਫੁਰਮਾਉਂਦੇ ਹਨ ਕਿ ਘਰ ਵਿਚ ਧਨੀ (ਆਤਮ-ਗਿਆਨ ਦੇ ਖ਼ਜ਼ਾਨੇ ਦਾ ਮਾਲਕ) ਹੁੰਦਿਆਂ ਵੀ ਜਗਤ ਭੁੱਖਾ ਮਰ ਰਿਹਾ ਹੈ ਅਤੇ ਆਤਮ-ਗਿਆਨ ਦੀ ਸੋਝੀ, ਗਿਆਨ ਦੇਣ ਵਾਲੇ ਸੱਚੇ ਗੁਰੂ ਤੋਂ ਬਿਨਾਂ ਨਹੀਂ ਹੋ ਸਕਦੀ। ਜਦ ਆਤਮਕ ਭੁੱਖ ਨੂੰ ਸ਼ਾਂਤ ਕਰਨ ਵਾਲਾ ਗੁਰੂ-ਗਿਆਨ ਰੂਪੀ ਸ਼ਬਦ, ਮਨ-ਤਨ ਅੰਦਰ ਵੱਸ ਜਾਂਦਾ ਹੈ ਤਾਂ ਉਥੇ ਕਿਸੇ ਕਿਸਮ ਦਾ ਝੋਰਾ ਜਾਂ ਵਿਛੋੜਾ ਨਹੀਂ ਰਹਿੰਦਾ; ਪਰ ਹਾਲਤ ਇਹ ਹੈ ਕਿ ਮਨੁੱਖ ਆਤਮ-ਗਿਆਨ ਨੂੰ ਪਰਾਈ ਵਸਤੂ ਸਮਝ ਰਿਹਾ ਹੈ ਜਦਕਿ ਹੰਕਾਰ ਦਾ ਸ਼ਿਕਾਰ ਹੋ ਕੇ, ਆਪਣੇ ਆਪ ਨੂੰ ਗਿਆਨਵਾਨ ਜਣਾਉਂਦਾ ਹੈ; ਭਾਵ, ਆਪਣੇ ਨਿਗੂਣੇ ਗਿਆਨ ‘ਤੇ ਹੰਕਾਰ ਕਰਦਾ ਹੈ। ਹੇ ਨਾਨਕ! ਸਮਝਦਾਰੀ ਤੋਂ ਬਿਨਾਂ ਕਿਸੇ ਨੇ ਵੀ ਆਤਮ-ਗਿਆਨ ਦੇ ਖ਼ਜ਼ਾਨੇ ਦੀ ਸਾਰ ਨਹੀਂ ਪਾਈ ਅਤੇ ਇਸ ਗਿਆਨ ਤੋਂ ਬਿਨਾਂ ਮਨੁੱਖ ਆਵਾਗਵਣ ਦੇ ਭਰਮ ਵਿਚ ਭਟਕਦਾ ਹੀ ਰਹਿੰਦਾ ਹੈ।

ਗੁਰਸਿੱਖ ਲਈ ਗੁਰਬਾਣੀ ਹੀ ਆਤਮ-ਗਿਆਨ ਦਾ ਖ਼ਜ਼ਾਨਾ ਹੈ ਅਤੇ ਗੁਰਬਾਣੀ ਦਾ ਇਹ ਗਿਆਨ (ਗੁਰਮਤਿ) ਸਰਬ- ਕਲਿਆਣਕਾਰੀ ਹੈ ਪਰ ਸਮਝ ਤੋਂ ਬਿਨਾਂ, ਹਉਮੈਂ-ਵੱਸ ਅਸੀਂ ਇਸ ਗਿਆਨ ਤੋਂ ਸੱਖਣੇ, ਤ੍ਰਿਸ਼ਨਾ ਦੀ ਮਾਰ ਝੱਲ ਰਹੇ ਹਾਂ, ਭਾਵ ਥਾ-ਕੁਥਾਂ ਭਟਕ ਰਹੇ ਹਾਂ। ਗੁਰਮਤਿ ਵਿਚਾਰਧਾਰਾ ਮਨੁੱਖ ਦੀ ਸਰੀਰਕ ਤੇ ਮਾਨਸਕ ਹਰ ਤਰ੍ਹਾਂ ਦੀ ਭੁੱਖ ਨੂੰ ਤ੍ਰਿਪਤ/ਸ਼ਾਂਤ ਕਰਨ ਦੇ ਸਮਰੱਥ ਹੈ। ਲੋੜ ਇਸ ਨੂੰ ਸਿਰਫ ਗੁਰੂ-ਸ਼ਬਦ ਦੀ ਮੂਲ-ਭਾਵਨਾ ਦੇ ਅਨੁਸਾਰੀ ਅਤੇ ਜਗਤ (ਮਨੁੱਖੀ ਸਮਾਜ) ਦੀ ਅਜੋਕੀ ਹਾਲਤ ਅਨੁਕੂਲ ਸਮਝਣ ਤੇ ਵਖਿਆਉਣ ਦੀ ਹੈ।

ਇਥੇ ਇਕ ਗੱਲ ਚੇਤੇ ਰੱਖਣੀ ਜ਼ਰੂਰੀ ਹੈ ਕਿ ਭਾਵੇਂ ਗੁਰਮਤਿ ਵਿਚਾਰਧਾਰਾ ਸਾਰੀ ਮਨੁੱਖਤਾ ਲਈ ਹੈ ਪਰ ਇਸ ਦੀ ਪੈਦਾਇਸ਼ ਅਤੇ ਵਧੇਰੇ ਪ੍ਰਫੁੱਲਤਾ ਪੰਜਾਬ ਦੀ ਧਰਤੀ ‘ਤੇ ਹੋਈ। ਇਸ ਲਈ ਇਸ ਵਿਚਾਰਧਾਰਾ ਪ੍ਰਤੀ ਪੰਜਾਬੀਆਂ ਉਤੇ ਕੁਝ ਵਿਸ਼ੇਸ਼ ਜ਼ਿੰਮੇਵਾਰੀਆਂ ਤੇ ਫਰਜ਼ ਆਇਦ ਹੁੰਦੇ ਹਨ। ਪਰ ਅਫਸੋਸ! ਪੰਜਾਬ ਦੇ ਲੋਕ, ਇਸ ਵਿਚਾਰਧਾਰਾ ਤੋਂ ਲਾਹਾ ਨਹੀਂ ਲੈ ਸਕੇ। ਇਥੋਂ ਦੇ ਵਿਦਵਾਨਾਂ ਅਤੇ ਸਿਆਸਤਦਾਨਾਂ ਦੀ ਅਣਗਹਿਲੀ ਅਤੇ ਅਣਦੇਖੀ ਸਦਕਾ ਪੰਜਾਬ, ਦੁਨੀਆ ਦੇ ਸਾਹਮਣੇ ਗੁਰਮਤਿ ਪੱਖੋਂ ਮਾਡਲ ਨਹੀਂ ਬਣ ਸਕਿਆ। ਇਥੋਂ ਦਾ ਸਮਾਜਕ, ਆਰਥਕ, ਰਾਜਨੀਤਕ, ਸਭਿਆਚਾਰਕ ਢਾਂਚਾ, ਗੁਰਮਤਿ ਵਿਚਾਰਧਾਰਾ ਦੇ ਅਨੁਕੂਲ ਢਾਲਿਆ ਨਹੀਂ ਜਾ ਸਕਿਆ। ਵੱਡਾ ਦੁਖਾਂਤ ਇਹ ਹੈ ਕਿ ਇਥੋਂ ਦਾ ‘ਸੂਝਵਾਨ’ ਅਖਵਾਉਂਦਾ ਇਕ ਵੱਡਾ ਤਬਕਾ, ਵਿਦੇਸ਼ੀ ਵਿਚਾਰਧਾਰਾ ਦਾ ਧਾਰਨੀ ਤਾਂ ਬਣ ਗਿਆ ਪਰ ਗੁਰਮਤਿ ਵਿਚਾਰਧਾਰਾ ਨੂੰ ਪਿੱਠ ਦੇ ਕੇ, ਇਸ ਨੂੰ ਪੁਜਾਰੀਆਂ ਤੇ ਸਵਾਰਥੀ ਸਿਆਸਤਦਾਨਾਂ ਦੇ ਰਹਿਮੋ-ਕਰਮ ਜੋਗਾ ਛੱਡ ਦਿੱਤਾ। ਸੂਝਵਾਨਾਂ ਦੀ ਇਹ ‘ਸਿਆਣਪ’ ਪੰਜਾਬੀਆਂ ਦੀ ਭਟਕਣ ਬਣ ਕੇ ਰਹਿ ਗਈ। ਰੱਬ ਮਿਹਰ ਕਰੇ! ਗੁਰਾ ਦੇ ਨਾਂ ’ਤੇ ਵੱਸਣ ਵਾਲੇ ਪੰਜਾਬ ਦੇ ਸੂਝਵਾਨਾਂ ਨੂੰ ਸੁਮੱਤ ਬਖਸ਼ੇ !