-ਡਾ. ਜਸਵਿੰਦਰ ਕੌਰ
ਚੇਚਕ ਇਕ ਚਮੜੀ ਦਾ ਰੋਗ ਹੈ ਜੋ ਸਰੀਰ ਵਿਚ ਗਰਮੀ ਦੀ ਮਾਤਰਾ ਵਧਣ ਨਾਲ ਹੁੰਦਾ ਹੈ। ਅਕਸਰ ਲੋਕਾਂ ਵੱਲੋਂ ਇਹ ਰੋਗ ਹੋ ਜਾਣ ’ਤੇ ਕਈ ਤਰ੍ਹਾਂ ਦੇ ਵਹਿਮ-ਭਰਮ ਕੀਤੇ ਜਾਂਦੇ ਹਨ। ਇਸ ਨੂੰ ਇਕ ਸੁਭਾਵਿਕ ਰੋਗ ਸਮਝਣ ਦੀ ਥਾਂ ਕਿਸੇ ਅਖੌਤੀ ਰੋਗ ਦੀ (ਮਾਤਾ ਦੀ) ਕਰੋਪੀ ਸਮਝਿਆ ਜਾਂਦਾ ਹੈ। ਇਸ ਬੀਮਾਰੀ ਦਾ ਸੰਬੰਧ ‘ਸੀਤਲਾ’ ਨਾਮ ਦੀ ਦੇਵੀ ਜਾਂ ਮਾਤਾ ਨਾਲ ਜੋੜਿਆ ਜਾਂਦਾ ਹੈ। ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਅਨੁਸਾਰ— “ਚੇਚਕ ਦੇ ਰੋਗ ਦੀ ਦੇਵੀ; ਸੀਤਲਾ ਨੂੰ ‘ਠੰਢੀ ਮਾਤਾ”, ‘ਵੱਡੀ ਮਾਤਾ`, ‘ਫਫਰੋਲੇ ਵਾਲੀ” ਵੀ ਕਿਹਾ ਜਾਂਦਾ ਹੈ। ਸੀਤਲਾ ਦੁਰਗਾ ਦਾ ਹੀ ਛੋਟੇ ਪੱਧਰ ਉੱਤੇ ਪ੍ਰਕਾਸ਼ ਜਾਂ ਰੂਪਾਂਤਰਣ ਹੈ।. . . ਸੀਤਲਾ ਦੀਆਂ ਛੇ ਹੋਰ ਭੈਣਾਂ ਮਸਾਣੀ, ਬਸੰਤੀ, ਮਹਾਂ ਮਾਈ, ਪਲਮੜੇ, ਮਲਾੜੀ ਤੇ ਅਗਵਾਨੀ ਹਨ।” ਸੀਤਲਾ ਦੇ ਹੱਥ ਵਿਚ ਝਾੜੂ ਹੁੰਦਾ ਹੈ ਅਤੇ ਮੱਥੇ ਉੱਤੇ ਛੱਜ ਹੁੰਦਾ ਹੈ। ਇਸ ਦੇ ਕੱਪੜਿਆਂ ਦਾ ਰੰਗ ਲਾਲ ਹੁੰਦਾ ਹੈ। ਇਸ ਦਾ ਰੰਗ ਸੁਨਹਿਰੀ ਹੈ। ਇਸ ਦੀਆਂ ਸਾਰੀਆਂ ਭੈਣਾਂ ਕਿਸੇ ਨਾ ਕਿਸੇ ਰੋਗ ਨੂੰ ਫੈਲਾਉਂਦੀਆਂ ਹਨ। ਪਿੰਡ ਤੋਂ ਬਾਹਰ ਇਨ੍ਹਾਂ ਦੀਆਂ ਛੋਟੀਆਂ-ਛੋਟੀਆਂ ਦੋ ਕੁ ਫੁੱਟ ਉੱਚੀਆਂ ਮਮਟੀਆਂ ਬਣੀਆਂ ਹੁੰਦੀਆਂ ਹਨ। ਇਨ੍ਹਾਂ ਨੂੰ ਬੀਂਬੜੀਆਂ ਵੀ ਕਿਹਾ ਜਾਂਦਾ ਹੈ। ਇਸ ਦੀ ਪੂਜਾ ਗੁਲਗੁਲੇ, ਪਕਾ ਕੇ ਕੀਤੀ ਜਾਂਦੀ ਹੈ। ਕਈ ਜਗ੍ਹਾ ’ਤੇ ਰਾਤ ਨੂੰ ਮਿੱਠੀਆਂ ਰੋਟੀਆਂ ਪਕਾ ਕੇ ਸਵੇਰੇ ਮੱਥਾ ਟੇਕਿਆ ਜਾਂਦਾ ਹੈ, ਜਿਸ ਨੂੰ ਬਾਸੜੀਆਂ ਕਿਹਾ ਜਾਂਦਾ ਹੈ। ਇਸ ਦੀ ਸਵਾਰੀ ਗਧਾ ਹੈ ਅਤੇ ਇਸ ਦਾ ਨਿਵਾਸ ਕਿੱਕਰ ’ਤੇ ਹੈ। ਇਸ ਰੋਗ ਦੇ ਜ਼ਿਆਦਾ ਫੈਲਣ ਵਾਲੇ ਦਿਨਾਂ ਵਿਚ ਇਸ ਮਾਤਾ ਨੂੰ ਖੁਸ਼ ਕਰਨ ਲਈ ਇਸ ਦੇ ਨਾਲ-ਨਾਲ ਇਸ ਦੀ ਸਵਾਰੀ ਅਤੇ ਕਿੱਕਰ ਦੀ ਵੀ ਪੂਜਾ ਹੁੰਦੀ ਹੈ। ਕਈ ਲੋਕ ਚੇਚਕ ਦੇ ਰੋਗ ਨੂੰ ਦੂਰ ਕਰਨ ਲਈ ਜੰਡ ਦੀ ਪਰਕਰਮਾ ਕਰਦੇ ਹਨ ਅਤੇ ਸਮਝਦੇ ‘ ਹਨ ਕਿ ਉਨ੍ਹਾਂ ਦਾ ਰੋਗ ਜੰਡ ਨੂੰ ਲੱਗ ਜਾਵੇਗਾ ਅਤੇ ਉਹ ਠੀਕ ਹੋ ਜਾਣਗੇ, ਤਾਂ ਹੀ ਇਸ ਰੋਗ ਸੰਬੰਧੀ ਜੰਡ ਦੀ ਪੂਜਾ ਵੀ ਪ੍ਰਚਲਿਤ ਹੋ ਗਈ। ਰੋਗੀ ਨੂੰ ਦਵਾਈ ਨਾਲ ਠੀਕ ਕਰਨ ਦੀ ਬਜਾਇ ਤਰ੍ਹਾਂ-ਤਰ੍ਹਾਂ ਦੇ ਓਹੜ-ਪੋਹੜ ਕੀਤੇ ਜਾਂਦੇ ਹਨ। ਕਈ ਤਰ੍ਹਾਂ ਦੇ ਪ੍ਰਹੇਜ਼ ਕੀਤੇ ਜਾਂਦੇ ਹਨ। ਝਾੜੇ ਕਰਵਾਏ ਜਾਂਦੇ ਹਨ ਜੋ ਕਿ ਮਨਮਤ ਤੇ ਵਹਿਮਾਂ ਵਿਚ ਉਲਝਣ ਤੋਂ ਸਿਵਾਇ ਕੁਝ ਨਹੀਂ ਹੈ।
ਅਸਲ ਵਿਚ ਇਹ ਰੋਗ ਇਕ ਖਾਸ ਪ੍ਰਕਾਰ ਦੇ ਅਣੂਕੀਟਾਂ ਤੋਂ ਪੈਦਾ ਹੁੰਦਾ ਹੈ ਜੋ ਸਰੀਰ ਵਿਚ ਦਾਖ਼ਲ ਹੋ ਕੇ ਤੇਜ਼ ਬੁਖ਼ਾਰ ਚੜ੍ਹਾ ਦਿੰਦੇ ਹਨ ਅਤੇ ਬੁਖ਼ਾਰ ਤੋਂ ਤੀਜੇ ਦਿਨ ਚੇਚਕ ਦੇ ਦਾਣੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ। ਦਸ ਦਿਨਾਂ ਤਕ ਇਨ੍ਹਾਂ ਦਾਣਿਆਂ ਵਿਚ ਪੀਕ ਭਰ ਜਾਂਦੀ ਹੈ ਅਤੇ ਵੀਹਵੇਂ ਦਿਨ ਜਾ ਕੇ ਇਹ ਮੁੜ ਜਾਂਦੀ ਹੈ। ਦਾਣਿਆਂ ਵਿਚਲੀ ਪੀਕ ਸੁੱਕ ਜਾਂਦੀ ਹੈ ਅਤੇ ਖਰੀਂਢ ਬਣ ਕੇ ਇਹ ਦਾਣੇ ਝੜ ਜਾਂਦੇ ਹਨ। ਇਹ ਬੀਮਾਰੀ ਗਰਮ ਦੇਸ਼ਾਂ ਵਿਚ ਜ਼ਿਆਦਾ ਹੁੰਦੀ ਹੈ। ਇਹ ਹਰ ਇਨਸਾਨ ਨੂੰ ਜ਼ਿੰਦਗੀ ਵਿਚ ਇੱਕ ਵਾਰ ਜ਼ਰੂਰ ਹੁੰਦੀ ਹੈ। ਜੇਕਰ ਦੁਬਾਰਾ ਹੋ ਵੀ ਜਾਵੇ ਤਾਂ ਬਹੁਤ ਥੋੜ੍ਹੀ ਹੁੰਦੀ ਹੈ। ਇਸ ਬੀਮਾਰੀ ਦੇ ਰੋਗੀ ਨੂੰ ਸਿਰ ਦਰਦ, ਪਿਆਸ, ਜਲਨ ਅਤੇ ਬੇਚੈਨੀ ਲੱਗੀ ਰਹਿੰਦੀ ਹੈ। ਇਸ ਬੀਮਾਰੀ ਦਾ ਇਲਾਜ ਭਾਈ ਵੀਰ ਸਿੰਘ ਜੀ ਅਨੁਸਾਰ ਪਿਤਪਾਪੜੀ ਦੇ ਅਰਕ ਵਿਚ ਸ਼ੀਰਖ਼ਿਸ਼ਤ ਮਲ ਕੇ ਦੇਣੀ ਚਾਹੀਦੀ ਹੈ। ਭੋਜਪਤ੍ਰ ਅਤੇ ਝਾਊ ਦੇ ਪੱਤਿਆਂ ਦੀ ਧੂਣੀ ਦੇਣੀ ਚਾਹੀਦੀ ਹੈ। ਮੁਸ਼ਕ ਕਪੂਰ ਦੀ ਮਲ੍ਹਮ ਲਾਉਣੀ ਚਾਹੀਦੀ ਹੈ ਅਤੇ ਇਸ ਦਾ ਸਭ ਤੋਂ ਉੱਤਮ ਇਲਾਜ Vaccination ਦਾ ਟੀਕਾ ਹੈ। ਖਾਣ ਲਈ ਮੂੰਗੀ ਦੀ ਦਾਲ ਵਾਲੀ ਖਿੱਚੜੀ ਠੀਕ ਰਹਿੰਦੀ ਹੈ। ਲੂਣ-ਮਿਰਚ ਆਦਿ ਬਿਲਕੁਲ ਨਹੀਂ ਖਾਧਾ ਜਾਂਦਾ। ਇਸ ਨੂੰ ਛੂਤ ਦਾ ਰੋਗ ਮੰਨਿਆ ਜਾਂਦਾ ਹੈ।
ਗੁਰਬਾਣੀ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਫੁਰਮਾਇਆ ਹੈ ਕਿ ਜਿਸ ਨੂੰ ਪਰਮਾਤਮਾ ਦੀ ਓਟ ਮਿਲ ਜਾਵੇ ਉਸ ਨੂੰ ਫਿਰ ਕਿਤੇ ਭਟਕਣ ਦੀ ਲੋੜ ਨਹੀਂ ਪੈਂਦੀ। ਉਸ ਨੂੰ ਪਰਮਾਤਮਾ ਆਤਮਕ ਗਿਆਨ ਦੇ ਕੇ ਉਸ ਦੀਆਂ ਗਿਆਨ ਦੀਆਂ ਅੱਖਾਂ ਖੋਲ੍ਹ ਦਿੰਦਾ ਹੈ। ਇਸ ਗਿਆਨ ਸਦਕਾ ਮਨੁੱਖ ਦੀ ਹਰ ਤਰ੍ਹਾਂ ਦੇ ਵਹਿਮਾਂ-ਭਰਮਾਂ ਤੋਂ ਖਲਾਸੀ ਹੋ ਜਾਂਦੀ ਹੈ ਅਤੇ ਡੋਲਦਾ ਹੋਇਆ ਮਨ ਦੇਵੀ-ਦੇਵਤਿਆਂ ਦਾ ਖ਼ਿਆਲ ਛੱਡ ਕੇ ਕੇਵਲ ਇੱਕ ਪਰਮਾਤਮਾ ਦੀ ਟੇਕ ’ਤੇ ਟਿਕ ਜਾਂਦਾ ਹੈ। ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੋਣ ਨਾਲ ਆਤਮਕ ਜੀਵਨ ਮਿਲ ਜਾਂਦਾ ਹੈ ਅਤੇ ਤਨ-ਮਨ ਦੇ ਸਾਰੇ ਰੋਗ ਕੱਟੇ ਜਾਂਦੇ ਹਨ। ਚੇਚਕ ਵਰਗੇ ਭਿਆਨਕ
ਰੋਗਾਂ ਤੋਂ ਪਰਮਾਤਮਾ ਆਪ ਹੀ ਬਚਾ ਲੈਂਦਾ ਹੈ :
ਨੇਤ੍ਰ ਪ੍ਰਗਾਸੁ ਕੀਆ ਗੁਰਦੇਵ ॥ ਭਰਮ ਗਏ ਪੂਰਨ ਭਈ ਸੇਵ ॥੧॥ ਰਹਾਉ ॥
ਸੀਤਲਾ ਤੇ ਰਖਿਆ ਬਿਹਾਰੀ ॥ ਪਾਰਬ੍ਰਹਮ ਪ੍ਰਭ ਕਿਰਪਾ ਧਾਰੀ ॥੧॥
ਨਾਨਕ ਨਾਮੁ ਜਪੈ ਸੋ ਜੀਵੈ ॥ ਸਾਧਸੰਗਿ ਹਰਿ ਅੰਮ੍ਰਿਤੁ ਪੀਵੈ ॥
ਅਸਲ ਵਿਚ ਹਰ ਤਰ੍ਹਾਂ ਦੇ ਦੁਖਾਂ, ਰੋਗਾਂ ਆਦਿਕ ਨੂੰ ਪੈਦਾ ਕਰਨ ਵਾਲਾ ਅਤੇ ਇਨ੍ਹਾਂ ਤੋਂ ਬਚਾਉਣ ਵਾਲਾ ਪ੍ਰਭੂ ਆਪ ਹੀ ਹੈ। ਉਹ ਆਪ ਹੀ ਰੋਗ ਪੈਦਾ ਕਰਦਾ ਹੈ ਅਤੇ ਜਿਹੜੇ ਉਸ ਦੀ ਸ਼ਰਨ ਵਿਚ ਆ ਕੇ ਉਸ ਦਾ ਨਾਮ ਲੈਂਦੇ ਹਨ ਉਨ੍ਹਾਂ ਦੇ ਰੋਗ ਉਹ ਆਪ ਹੀ ਕੱਟਦਾ ਹੈ। ਜੇਕਰ ਰੋਗ ਅਤੇ ਦੁਖ ਨਾ ਹੋਣ ਤਾਂ ਸੁਖਾਂ ਦੀ ਅਹਿਮੀਅਤ ਦਾ ਅਹਿਸਾਸ ਨਹੀਂ ਹੋ ਸਕਦਾ। ਸੋ ਕਿਸੇ ਰੋਗ ਦੇ ਆਉਣ ’ਤੇ ਭਟਕਣ ਦੀ ਥਾਂ ਡਾਕਟਰੀ ਇਲਾਜ ਕਰਵਾਉਣਾ ਚਾਹੀਦਾ ਹੈ ਅਤੇ ਕੇਵਲ ਇਕ ਪਰਮਾਤਮਾ ਅੱਗੇ ਅਰਦਾਸ ਕਰਨੀ ਚਾਹੀਦੀ ਹੈ।
ਸਦਾ ਸਦਾ ਹਰਿ ਜਾਪੇ ॥
ਪ੍ਰਭ ਬਾਲਕ ਰਾਖੇ ਆਪੇ ॥
ਸੀਤਲਾ ਠਾਕਿ ਰਹਾਈ ॥
ਬਿਘਨ ਗਏ ਹਰਿ ਨਾਈ ॥੧॥
ਮੇਰਾ ਪ੍ਰਭੁ ਹੋਆ ਸਦਾ ਦਇਆਲਾ ॥
ਅਰਦਾਸਿ ਸੁਣੀ ਭਗਤ ਅਪੁਨੇ ਕੀ ਸਭ ਜੀਅ ਭਇਆ ਕਿਰਪਾਲਾ ॥ ਰਹਾਉ ॥
ਪ੍ਰਭ ਕਰਣ ਕਾਰਣ ਸਮਰਾਥਾ ॥
ਹਰਿ ਸਿਮਰਤ ਸਭੁ ਦੁਖੁ ਲਾਥਾ ॥
ਅਪਣੇ ਦਾਸ ਕੀ ਸੁਣੀ ਬੇਨੰਤੀ ॥
ਸਭ ਨਾਨਕ ਸੁਖਿ ਸਵੰਤੀ ॥੪
ਗੁਰਬਾਣੀ ਦਾ ਫੈਸਲਾ ਹੈ ਕਿ ਜੋ ਜਿਸ ਦੀ ਪੂਜਾ ਕਰਦਾ ਹੈ ਉਸੇ ਦਾ ਰੂਪ ਹੋ ਜਾਂਦਾ ਹੈ। ਦੇਵੀ-ਦੇਵਤਿਆਂ ਦੀ ਪੂਜਾ ਕਰ ਕੇ ਮਨੁੱਖ ਮੁਕਤ ਨਹੀਂ ਹੋ ਸਕਦਾ, ਸਗੋਂ ਉਨ੍ਹਾਂ ਵਰਗਾ ਹੀ ਹੋ ਜਾਵੇਗਾ। ਜੇਕਰ ਕੋਈ ਭੈਰਉ ਦੀ ਪੂਜਾ ਕਰੇ ਤਾਂ ਉਹ ਭੂਤ ਬਣ ਜਾਵੇਗਾ। ਸੀਤਲਾ ਦੀ ਪੂਜਾ ਕਰਨ ਨਾਲ ਰੋਗ ਠੀਕ ਨਹੀਂ ਹੁੰਦੇ, ਸਗੋਂ ਉਸ ਦਾ ਭਗਤ ਉਸ ਦਾ ਰੂਪ ਹੋ ਕੇ ਉਸ ਵਾਂਗ ਹੀ ਗਧੇ ਦੀ ਸਵਾਰੀ ਕਰੇਗਾ ਅਤੇ ਸੁਆਹ ਉਡਾਉਂਦਾ ਫਿਰੇਗਾ। ਸ਼ਿਵ ਦੀ ਪੂਜਾ ਕਰਨ ਵਾਲਾ ਉਸ ਵਾਂਗ ਬਲਦ ‘ਤੇ ਚੜ੍ਹ ਕੇ ਡਉਰੂ (ਡਮਰੂ) ਵਜਾਵੇਗਾ। ਪਾਰਬਤੀ ਦੀ ਪੂਜਾ ਕਰਨ ਵਾਲਾ ਮਰਦ ਤੋਂ ਔਰਤ (ਇਸਤਰੀ) ਵਰਗਾ ਬਣੇਗਾ। ਭਗਤ ਨਾਮਦੇਵ ਜੀ ਦਾ ਫੈਸਲਾ ਹੈ ਕਿ ਉਹ ਇਕ ਪਰਮਾਤਮਾ ਦੇ ਨਾਮ ਬਦਲੇ ਸਾਰੇ ਦੇਵੀ-ਦੇਵਤਿਆਂ ਨੂੰ ਦੇ ਦੇਵੇਗਾ :
ਭੈਰਉ ਭੂਤ ਸੀਤਲਾ ਧਾਵੈ ॥ ਖਰ ਬਾਹਨੁ ਉਹੁ ਛਾਰੁ ਉਡਾਵੈ ॥੧॥
ਹਉ ਤਉ ਏਕੁ ਰਮਈਆ ਲੈਹਉ ॥
ਆਨ ਦੇਵ ਬਦਲਾਵਨਿ ਦੈਹਉ ॥੧॥ ਰਹਾਉ ॥
ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥
ਬਰਦ ਚਢੇ ਡਉਰੂ ਢਮਕਾਵੈ ॥੨॥
ਮਹਾ ਮਾਈ ਕੀ ਪੂਜਾ ਕਰੈ ॥
ਨਰ ਸੈ ਨਾਰਿ ਹੋਇ ਅਉਤਰੈ ॥੩॥੫
ਸੋ ਸਰੀਰ ਅਤੇ ਮਨ ਦੇ ਰੋਗ ਸੁਭਾਵਿਕ ਹੀ ਸਭ ਨੂੰ ਲੱਗਦੇ ਹਨ। ਇਹ ਪਰਮਾਤਮਾ ਦਾ ਵਿਧਾਨ ਹੈ। ਇਨ੍ਹਾਂ ਦਾ ਸਹੀ ਇਲਾਜ ਕਰਵਾਉਣਾ ਚਾਹੀਦਾ ਹੈ ਨਾ ਕਿ ਵਹਿਮਾਂ ਵਿਚ ਪੈਣਾ ਚਾਹੀਦਾ ਹੈ।
ਹਵਾਲੇ
੧. ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ, ਪੰਜਾਬੀ ਲੋਕਧਾਰਾ ਵਿਸ਼ਵਕੋਸ਼, ਨੈਸ਼ਨਲ ਬੁੱਕ ਸ਼ਾਪ, ਦਿੱਲੀ, ਪੰਨਾ ੩੮੦.
੨. ਇੰਦਰਾਜ ਚੇਚਕ, ਭਾਈ ਕਾਨ੍ਹ ਸਿੰਘ ਨਾਭਾ, ਗੁਰਸ਼ਬਦ ਰਤਨਾਕਰ ਮਹਾਨ ਕੋਸ਼
੩. ਸ਼ਬਦਾਰਥ, ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੨੦੦
੪. ਸ਼ਬਦਾਰਥ, ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੬੨੭
੫. ਸ਼ਬਦਾਰਥ, ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੮੭੪
*#੪੨੫, ਪ੍ਰੋਫ਼ੈਸਰ ਕਲੋਨੀ, ਸਾਹਮਣੇ ਪੰਜਾਬੀ ਯੂਨੀਵਰਸਿਟੀ, ਪਟਿਆਲਾ- ੧੪੭੦੦੨; ਮੋ: ੯੪੭੮੬੫੮੦੭੩