
– ਸ਼ਮਸ਼ੇਰ ਸਿੰਘ ਜੇਠੂਵਾਲ
ਪੰਥ ਦੇ ਮਹਾਨ ਸੰਘਰਸ਼ਸ਼ੀਲ ਆਗੂ ਸਿਰਦਾਰ ਗਜਿੰਦਰ ਸਿੰਘ ਬੇਸ਼ੱਕ ਸਰੀਰ ਕਰਕੇ ਸਾਡੇ ਵਿਚ ਨਹੀ ਰਹੇ ਪਰ ਕੋਟਲੱਖ ਪੱਤ ਦੀ ਜੇਲ਼ ਵਿਚ ਬੈਠ ਉਨ੍ਹਾਂ ਦੁਆਰਾ ਆਪਣੀ ਧੀ ਦੀ ਯਾਦ ਵਿਚ ਲਿਖੀਆਂ ਸਤਰਾਂ ਅਮਰ ਹਨ।
ਧੀਆਂ ਤੇ ਧ੍ਰੇਕਾਂ ਛੇਤੀ ਹੁੰਦੀਆਂ ਜਵਾਨ।
ਸੱਚ ਨਾਲੋਂ ਸੱਚਾ ਹੈ ਇਹ ਜਗ ਦਾ ਅਖਾਣ ।
ਅਜੋਕਾ ਸੰਸਾਰ ਪਦਾਰਥਵਾਦ ਭੌਤਿਕਵਾਦ,ਗਿਆਨ,ਵਿਗਿਆਨ ਵਿਚ ਉਲਝਿਆ ਪਿਆ ਹੈ,ਇਹ ਪਸਾਰਾ ਮਨੁੱਖ ਵਲੋਂ ਕੀਤੇ ਪ੍ਰਯੋਗਾਂ ਦੁਆਰਾ ਪ੍ਰਕਿਰਤੀ ਨੂੰ ਸਮਝਣ ਲਈ ਹੋਂਦ ਵਿਚ ਆਇਆ ਸੀ,ਪਰ ਅਜੋਕੀ ਮਨੁੱਖੀ ਜੀਵਨਸ਼ੈਲੀ ਇਸ ਵਰਤਾਰੇ ਦੀ ਐਸੀ ਗ੍ਰਿਫਤ ਵਿਚ ਆਈ ਹੈ ਕਿ ਏਸੇ ਉਤੇ ਹੀ ਨਿਰਭਰ ਹੋ ਕੇ ਰਹਿ ਚੁੱਕੀ ਹੈ।
ਜੀਵਨ ਦੇਣ ਵਾਲਾ ਪ੍ਰਮੇਸ਼ਵਰ ਭਾਓ ਭਗਤਿ ਪ੍ਰੇਮ ਅਧੀਨ ਹੈ,ਜੋ ਭਗਤ ਜਨਾ ਦੇ ਹਿਰਦੇ ਵਿਚ ਵਾਸ ਰੱਖਦਾ ਹੈ,ਧਰਮ ਦਾ ਧੁਰਾ ਪ੍ਰਮੇਸ਼ਵਰ ਹੈ,ਸਾਰੇ ਧਰਮ ਪੈਗੰਬਰਾਂ ਦੁਆਰਾ ਹੋਂਦ ਵਿਚ ਆਏ,ਵਿਗਿਆਨ ਆਪਣੀ ਖੋਜ ਸਹਾਰੇ ਅੰਤ ਪਾਉਣਾ ਚਾਹੁੰਦਾ ਹੈ,ਪਰ ਪ੍ਰਭੂ ਬੇਅੰਤ ਅਥਾਹ ਹੈ ਉਸਦਾ ਮਾਰਗ ਪ੍ਰੇਮਾ ਭਗਤੀ ਹੈ।
ਮਨੁੱਖੀ ਜੀਵਨ ਵਿਚ ਧਰਮ ਅਤੇ ਧਾਰਮਿਕ ਉਪਦੇਸ ਦੀ ਬੜੀ ਮਹਾਨਤਾ ਹੈ, ਔਖੇ ਤੋਂ ਔਖੇ ਸਮੇਂ ਸਤਿਗੁਰੂ ਸਾਹਿਬ ਜੀ ਦਾ ਉਪਦੇਸ਼ ਟੁੱਟ ਚੁੱਕੇ ਮਨੁੱਖ ਦਾ ਸਹਾਈ ਹੁੰਦਾ ਹੈ,ਸੰਸਾਰ ਵਿਚ ਉਲਝੇ ਜੀਵਾਂ ਨੂੰ ਸਤ,ਸੰਤੋਖ,ਦਯਾ ਦਾ ਉਪਦੇਸ਼ ਦੇ ਕੇ ਉਨ੍ਹਾਂ ਦੇ ਕਠੋਰ ਹਿਰਦਿਆਂ ਨੂੰ ਸ਼ਾਂਤੀ ਬਖ਼ਸ਼ ਕੇ ਅਪ੍ਹਰਾਧਾਂ ਤੋਂ ਬਚਾਅ ਕੇ ਜੀਵਨ ਦੇ ਹਰ ਖੇਤਰ ਵਿਚ ਅਗਵਾਈ ਕਰਦਾ ਹੈ।
ਜਿਸ ਦੀ ਮਿਸਾਲ ਮੈਂ ਆਪਣੇ ਜੀਵਨ ਦੀ ਹੱਡਬੀਤੀ ਘਟਨਾ ਸਾਂਝੀ ਕਰਕੇ ਪਾਠਕਾਂ ਸਾਹਮਣੇਂ ਰੱਖਣਾ ਚਾਹੁੰਦਾ ਹਾਂ, ਜਦੋਂ ਭਰੂਣ ਹੱਤਿਆ ਦੇ ਘੋਰ ਪਾਪ ਤੋਂ ਮੈਨੂੰ ਸਤਿਗੁਰੂ ਜੀ ਦੇ ਉਪਦੇਸ਼ ਦੇ ਸਹਾਰੇ ਨੇ ਬਚਾਇਆ ਤੇ ਉਸਦੀ ਝਲ੍ਹਕ ਭਾਈ ਸਾਹਿਬ ਸਰਦਾਰ ਕੰਵਰ ਅਜੀਤ ਸਿੰਘ ਜੀ ਨੇ ਪਵਾਈ।
ਸਰਦਾਰ ਕੰਵਰ ਅਜੀਤ ਸਿੰਘ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀ “ਸਭ ਦੁਸ਼ਟ ਝਖ ਮਾਰਾ ਤੇ ਕਾਮਰੇਡੀ ਸਿੱਖਾਂ ਦੇ ਕੌਤਕ” ਵਰਗੀਆਂ ਦਰਜਨਾਂ ਕਿਤਾਬਾਂ ਦੇ ਲਿਖਾਰੀ ਭਾਈ ਸਾਹਿਬ ਸੰਨ੍ਹ 1993 ਤੋਂ ਰੇਲਵੇ ਚੋਂ ਇੰਜੀਨੀਅਰ ਦੀ ਨੌਕਰੀ ਤੋਂ ਰਿਟਾਇਰ ਹੋਣ ਤੋਂ ਬਾਅਦ ਲਗਾਤਾਰ ਬੱਚਿਆਂ ਨੂੰ ਗੁਰਬਾਣੀ ਸੰਥਿਆ ਕਰਵਾਉਂਦੇ ਰਹੇ,ਜੋ ਪਿਛਲੇ ਵਰ੍ਹੇ ਅਕਾਲ ਚਲਾਣਾ ਕਰ ਗਏ 29 ਸੰਥਿਆ ਦੀਆਂ ਸੇਵਾਵਾਂ ਸਤਿਗੁਰੂ ਜੀ ਦੀ ਬਖਸ਼ਿਸ਼ ਸਦਕਾ ਉਨਾਂ ਨੇ ਨਿਭਾਈਆਂ ਜੋ ਸਭਨਾਂ ਲਈ ਪ੍ਰੇਰਣਾਦਾਇਕ ਕਾਰਜ ਹੈ।
ਮੇਰਾ ਅਨੰਦ ਕਾਰਜ ਸੰਨ੍ਹ 2008 ਵਿਚ ਗੁਰਮਤਿ ਅਨੁਸਾਰ ਸਾਦੇ ਢੰਗ ਨਾਲ ਹੋਇਆ ਵਿਆਹ ਤੋਂ ਥੋੜ੍ਹੇ ਸਮੇਂ ਬਾਅਦ ਚੈਕਅੱਪ ਲਈ ਹਸਪਤਾਲ ਪਹੁੰਚੇ ਤਾਂ ਕੁਝ ਖੂਨ ਦੇ ਟੈਸ਼ਟਾਂ ਤੋਂ ਪਤਾ ਲੱਗਾ ਕਿ ਸਿੰਘਣੀ ਨੂੰ ਵਾਇਰਲ ਇਫੈਕਸ਼ਨ ਹੈ, ਜੋ ਭਵਿੱਖ ਚ ਘਾਤਕ ਹੋ ਸਕਦਾ ਹੈ ਅੰਮ੍ਰਿਤਸਰ ਦੇ ਮਾਲ ਰੋਡ ਵਿਖੇ ਇਕ ਨਿਜੀ ਹਸਪਤਾਲ ਚੋਂ ਇਲਾਜ ਕਰਵਾਇਆ ਡਾਕਟਰ ਨੇ ਕੁਝ ਮਹੀਨੇ ਇਲਾਜ ਦੀ ਸਲਾਹ ਦਿੱਤੀ ਪਰ ਉਸ ਤੋਂ ਬਾਅਦ ਵੀ ਬਹੁਤਾ ਫਰਕ ਨਾ ਪਿਆ ਅਖੀਰ ਡਾ. ਸਾਬ ਨੇ ਦੱਸਿਆ ਕਿ ਲੀਵਰ ਰੋਗ ਨੂੰ ਨੈਗੇਟਿਵ ਕਰਨ ਦੀ ਕੋਈ ਵੀ ਦੁਆਈ ਇਸ ਦੁਨੀਆਂ ਵਿਚ ਨਹੀਂ ਲਗਾਤਾਰ ਦਵਾਈ ਲੈਣ ਨਾਲ ਰੋਗ ਵੱਧਣ ਦਾ ਖਤਰਾ ਘੱਟ ਜਾਂਦਾ ਹੈ।
ਸਮਾਂ ਆਪਣੀ ਚਾਲ ਚਲਦਾ ਗਿਆ ਕੁਝ ਸਮੇਂ ਬਾਅਦ ਅਸੀ ਅੰਮ੍ਰਿਤਸਰ ਦੇ ਇਕ ਨਿਜੀ ਹਸਪਤਾਲ ਚੋ ਪ੍ਰੈਗਨੈਂਸੀ ਟੈਸਟ ਕਰਵਾਏ ਪਤਾ ਲੱਗਾ ਕਿ ਸਿੰਘਣੀ ਦੇ ਪੇਟ ਅੰਦਰ 30 ਕੁ ਦਿਨ ਦਾ ਭਰੂਣ ਹੈ ਪਰ ਜਦੋਂ ਲੇਡੀ ਡਾਕਟਰ ਨੇ ਛੇ ਮਹੀਨੇ ਚਲ ਚੁੱਕੇ ਇਲਾਜ ਦੀਆਂ ਫਾਈਲਾਂ ਵੇਖੀਆਂ ਤਾਂ ਪੇਟ ਵਿਚ ਪਲ੍ਹ ਰਹੇ ਭਰੂਣ ਲਈ ਉਹ ਦਵਾਈਆਂ ਏਨੀਆਂ ਘਾਤਕ ਸਨ ਜਿੰਨਾ ਬਾਰੇ ਉਨ੍ਹਾਂ ਖੁਲ੍ਹ ਕੇ ਦੱਸਿਆ ਤੇ ਕਿਹਾ ਕਿ ਜਿਹੜੀ ਦਵਾਈ ਤੁਸੀ ਖਾ ਚੁੱਕੇ ਹੋ ਉਸ ਦਾ ਮਨੁੱਖੀ ਸਰੀਰ ਤੇ ਛੇ ਮਹੀਨੇ ਅਸਰ ਰਹਿੰਦਾ ਹੈ ਅਤੇ ਉਸ ਦੇ ਅਸਰ ਮੁੱਕਣ ਤੋਂ ਬਾਅਦ ਹੀ ਗਰਭ ਧਾਰਨਾ ਚਾਹੀਦਾ ਸੀ।
ਡਾ.ਮੈਡਮ ਨੇ ਮੈਡੀਕਲ ਸਾਇੰਸ ਮੁਤਾਬਿਕ ਦੱਸਿਆ ਕਿ ਤੁਹਾਡਾ ਇਹ ਬੱਚਾ ਅਪਾਹਜ ਹੋ ਸਕਦਾ ਹੈ ਪ੍ਰੈਗਨੈਂਸੀ ਦੇ ਦੌਰਾਨ ਐਸੀਆਂ ਦਵਾਈਆਂ ਦੀ ਵਰਤੋਂ ਬਹੁਤ ਖ਼ਤਰਨਾਕ ਸਿੱਧ ਹੋ ਸਕਦੀ ਹੈ,ਇਸ ਲਈ ਮੇਰੀ ਸਲਾਹ ਹੈ ਕੁਝ ਦਵਾਈਆਂ ਖਾਣ ਤੋਂ ਬਾਅਦ ਤੁਸੀ ਇਸ ਭਰੂਣ ਨੂੰ ਗਿਰ੍ਹਾ ਕੇ ਇਸ ਮੁਸੀਬਤ ਤੋ ਬਚ ਸਕਦੇ ਹੋ ਵਰਨਾ..?
ਜੇ ਕੱਲ੍ਹ ਨੂੰ ਬੱਚਾ ਅਪਾਹਜ ਹੁੰਦਾ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ ਨਾਲ ਜੀ ਇਹ ਕਹਿ ਦਿੱਤਾ ਕਿ ਜ਼ਿਆਦਾ ਦਿਨ ਬੀਤਣ ਨਾਲ ਇਹ ਕਾਰਜ ਅਪ੍ਰੇਸ਼ਨ ਨਾਲ ਹੋਵੇਗਾ ।
ਮੇਰਾ ਹਸਪਤਾਲਾਂ ਨਾਲ ਜਿੰਦਗੀ ਵਿੱਚ ਪਹਿਲੀ ਵਾਰ ਵਾਹ ਪਿਆ ਸੀ ਜਿਸ ਕਰਕੇ ਡਰ ਸਹਿਮ ਜਾਂ ਕਾਹਲੀ ਵਿੱਚ ਕੁਝ ਕਰਨ ਦੀ ਬਜਾਇ ਇਕ ਹਫ਼ਤੇ ਦਾ ਸਮਾਂ ਸੋਚਣ ਲਈ ਮੰਗਿਆ, ਘਰ ਪਹੁੰਚ ਕੇ ਡਾਕਟਰ ਦੀਆਂ ਵਿਚਾਰਾਂ ਨਾਲ ਘਰ ਵਾਲਿਆਂ ਨੇ ਸਹਿਮਤੀ ਪ੍ਰਗਟਾਈ ਕਿ ਬੱਚੇ ਨੂੰ ਨਾ ਰੱਖਿਆ ਜਾਵੇ।
ਧਾਰਮਿਕ ਸੰਸਕਾਰਾਂ ਕਰਕੇ ਮੇਰੇ ਮਨ ਵਿਚ ਖਿਆਲ ਆਉਦੇ ਕਿ ਸਾਡੇ ਕਰਮਾਂ ਵਿਚ ਜੋ ਹੈ ਉਹ ਤਾਂ ਮਿਲ ਕੇ ਹੀ ਰਹੇਗਾ, ਪ੍ਰਭੂ ਤੋਂ ਭੱਜ ਕੇ ਕਿਤੇ ਨਹੀਂ ਜਾਇਆ ਜਾ ਸਕਦਾ…. ਇਸ ਕਸ਼ਮਕਸ਼ ਵਿਚ ਦੋ ਦਿਨ ਬੀਤਣ ਉਪਰੰਤ ਫੋਨ ਕਰਕੇ ਮੈਂ ਸਰਦਾਰ ਕੰਵਰਅਜੀਤ ਸਿੰਘ ਪਟਿਆਲਾ ਜੀ ਨੂੰ ਸਾਰੀ ਸਥਿਤੀ ਬਿਆਨ ਕੀਤੀ ਅਤੇ ਦੱਸਿਆ ਕਿ ਮੈਂ ਇਹ ਪਾਪ ਨਹੀਂ ਕਰਨਾ ਚਾਹੁੰਦਾ।
ਸਰਦਾਰ ਸਾਹਿਬ ਮਹਾਰਾਜ ਜੀ ਤੇ ਬਹੁਤ ਅਟੁੱਟ ਵਿਸ਼ਵਾਸ ਵਾਲੀ ਰੂਹ ਸਨ ਉਨ੍ਹਾਂ ਨੇ ਜੋ ਕਿਹਾ ਅੱਜ ਵੀ ਮੇਰੇ ਕੰਨਾਂ ਅੰਦਰ ਗੂੰਜਦਾ ਹੈ।
“ਇਹ ਸਿੱਖੀ ਦੀ ਪਰਖ਼ ਹੈ ਅਸੀਂ ਪ੍ਰਭੂ ਤੋਂ ਭੱਜ ਕੇ ਦੁਨੀਆਂ ਅੰਦਰ ਕਿਤੇ ਨਹੀਂ ਜਾ ਸਕਦੇ, ਉਹ ਬੇਅੰਤ ਹੈ ਮਹਾਰਾਜ ਵੱਲੋਂ ਆਉਣ ਵਾਲੇ ਦੁਖ-ਸੁਖ ਨੂੰ ਸਵੀਕਾਰ ਕਰੋ, ਥਿਰ ਰਹੋ, ਉਹ ਭਲੀ ਕਰੇਗਾ ਗੁਰੂ ਅੱਗੇ ਅਰਦਾਸ ਕਰੋ ਉਹ ਬਹੁੜੇਗਾ, ਪਾਪ ਕਰਨ ਬਾਰੇ ਕਦੇ ਸੋਚਣਾ ਵੀ ਨਾ, ਇਸ ਜਨਮ ਵਿਚ ਨਹੀਂ ਤਾਂ ਹੋਰ ਜਨਮ ਵਿੱਚ ਭੁਗਤੋਗੇ”
ਇਸ ਹਲੂਣੇ ਤੋਂ ਬਾਅਦ ਇਉਂ ਲੱਗਾ ਕਿ ਜਿਵੇਂ ਸਮੁੰਦਰ ਵਿਚ ਡੁੱਬਦੇ ਨੂੰ ਕੋਈ ਕਿਨਾਰਾ ਮਿਲ ਗਿਆ ਹੋਵੇ ਪੱਕਾ ਮਨ ਬਣਾ ਲਿਆ ਕਿ ਆਉਣ ਵਾਲੇ ਜੀਵ ਨੂੰ ਅਸੀਂ ਨਹੀਂ ਰੋਕ ਸਕਦੇ ਹਫ਼ਤੇ ਬਾਅਦ ਅਸੀਂ ਡਾ. ਕੋਲ ਜਾਣ ਤੋਂ ਪਹਿਲਾਂ ਦਰਬਾਰ ਸਾਹਿਬ ਵਿਖੇ ਅਰਦਾਸ ਕੀਤੀ ਹਸਪਤਾਲ ਪਹੁੰਚ ਕੇ ਕਿਹਾ ਕਿ ਅਸੀਂ ਆਪਣਾ ਬੱਚਾ ਕਤਲ ਨਹੀਂ ਕਰਨਾ ਚਾਹੁੰਦੇ ।
ਡਾ. ਮੈਡਮ ਕਹਿਣ ਲੱਗੇ ਕਿਉਂ…?
ਅਸੀਂ ਦੱਸਿਆ ਕਿ ਪ੍ਰਭੂ ਜੋ ਚਾਹੁੰਦਾ ਹੈ ਉਹ ਹੋ ਕੇ ਹੀ ਰਹੇਗਾ ਉਸੇ ਦੀ ਰਜ਼ਾ ਤੇ ਛੱਡ ਦਿੱਤਾ ਹੈ ਡਾ.ਮੈਡਮ ਕਹਿਣ ਲੱਗੇ ਇਹ ਅੰਧ ਵਿਸ਼ਵਾਸ ਹੈ, ਇਹਨਾਂ ਵਿਚਾਰਾਂ ਨੂੰ ਮੈਡੀਕਲ ਸਾਂਇਸ ਵਿਚ ਕੋਈ ਥਾਂ ਨਹੀਂ ਜੇਕਰ ਤੁਹਾਡਾ ਬੱਚਾ ਅਪਾਹਜ ਹੋਇਆ ਤਾਂ ਸਾਰੀ ਜਿੰਦਗੀ ਪਛਤਾਉਗੇ।
ਅਸੀ ਫਿਰ ਦੁਹਰਾਇਆ ‘ਡਾ. ਸਾਹਿਬ ਅਸੀ ਇਹ ਪਾਪ ਨਹੀਂ ਕਰਨਾ ਚਾਹੁੰਦੇ,ਸੋ ਇਸ ਦੇ ਲਈ ਜ਼ਰੂਰੀ ਹੈ ਕਿ ਸਭ ਕੁਝ ਪ੍ਰਭੂ ਤੇ ਹੀ ਛੱਡ ਦਿੱਤਾ ਜਾਵੇ ਉਪਰੰਤ ਬੱਚੇ ਦੀ ਕੇਅਰ ਲਈ ਕੁਝ ਦਵਾਈਆਂ ਲੈ ਕੇ ਵਾਪਿਸ ਆ ਗਏ ਮੇਰਾ ਅਟੁੱਟ ਵਿਸ਼ਵਾਸ ਸੀ ਕਿ ”ਪ੍ਰਭੂ ਹੁਨਰੀ ਕਾਰਜ ਇਉਂ ਹੈ ਜਿਵੇਂ ਬੰਦ ਕਲੀ ਨੇ ਖੁਲਣਾ ਹੋਵੇ ਪੇਟ ਅੰਦਰ ਪਲ ਰਹੇ ਬੱਚੇ ਦੇ ਨੈਣ ਨਕਸ਼ ਉਸ ਦੀ ਮਾਂ ਨਹੀਂ ਘੜ ਸਕਦੀ ਇਸ ਲਈ ਡਾ. ਸਾਹਿਬ ਦਾ ਦਾਅਵਾ ਵਿਅਰਥ ਰੱਖਦਿਆਂ ਚਿੰਤਾ ਨੂੰ ਛੱਡ ਕੇ ਪ੍ਰਭੂ ਤੇ ਵਿਸ਼ਵਾਸ ਰੱਖਿਆ ਤਿੰਨ ਮਹੀਨਿਆਂ ਪਿਛੋਂ ਅਲਟਰਾਸਾਊਂਡ ਟੈਸਟ ਕਰਵਾਇਆ ਤਾਂ ਬੱਚੇ ਦੇ ਸਾਰੇ ਅੰਗ ਮੌਜੂਦ ਸਨ ਡਾ. ਸਾਹਿਬ ਨੇ ਸਾਨੂੰ ਵਧਾਈ ਦਿੱਤੀ ਤੇ ਨਾਲ ਹੀ ਇਹ ਕਹਿ ਦਿੱਤਾ ਕਿ ਦਿਮਾਗ,ਅੱਖਾਂ, ਕੰਨ, ਨੱਕ ਦੀ ਹਾਲਾਤ ਬਾਰੇ ਸਾਨੂੰ ਕੁਝ ਪਤਾ ਨਹੀਂ ਅਸੀਂ ਫਿਰ ਦੁਚਿੱਤੀ ਵਿਚ ਪਰ ਆਖਰ ਸਤਿਗੁਰਾਂ ਅੱਗੇ ਅਰਦਾਸ ਕੀਤੀ :
ਅਵਰਿ ਉਪਾਵ ਸਭਿ ਤਿਆਗਿਆ ਦਾਰੂ ਨਾਮ ਲਇਆ ||
ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਭਇਆ ||1||
ਗੁਰ ਪੂਰਾ ਆਰਾਧਿਆ ਸਗਲਾ ਦੂਖੁ ਗਇਆ ||
ਰਾਖਨਹਾਰੈ ਰਾਖਿਆ ਅਪਨੀ ਕਰ ਮਇਆ || ਰਹਾਉ ||
(ਅੰਗ ੮੧੭)
ਮਹਾਰਾਜ ਜੀ ਨੇ ਕਿਰਪਾ ਕੀਤੀ ਦੋ ਅਪ੍ਰੈਲ ਸੰਨ੍ਹ 2011 ਨੂੰ ਸਾਡੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਜਦੋਂ ਉਸੇ ਹੀ ਹਸਪਤਾਲ ਹੋਮ ਵਿਚ 2 ਅਪ੍ਰੈਲ ਨੂੰ ਤੰਦਰੁਸਤ ਬੱਚੀ ਨੇ ਜਨਮ ਲਿਆ।
ਮੈਡੀਕਲ ਸਾਇੰਸ ਮੁਤਾਬਿਕ 2 ਤੋਂ 3 ਕਿਲੋ ਵਜ਼ਨ ਵਾਲਾ ਬੱਚਾ ਤੰਦਰੁਸਤ ਮੰਨਿਆ ਜਾਂਦਾ ਹੈ, ਪਰ ਇਸ ਬੱਚੀ ਦਾ ਵਜ਼ਨ ਸਾਢੇ ਤਿੰਨ ਕਿਲੋ ਸੀ ਨੈਣ-ਨਕਸ਼,ਜਨਮ ਸਮੇਂ ਹੀ ਸੰਘਣੇ ਕਾਲੇ ਕੇਸ ਇਸ ਬੱਚੀ ਵੱਲ ਵੇਖ ਸਾਡੀ ਹੈਰਾਨੀ ਦੀ ਹੱਦ ਨਾ ਰਹੀ ਜਿਸ ਨੂੰ ਮੈਡੀਕਲ ਸਾਇੰਸ ਕਤ੍ਹਲ ਕਰਵਾ ਰਹੀ ਸੀ,ਪਰ ਰੱਬੀ ਸਬਰ ਸਿਦਕ ਨਾਲ ਉਹ ਬੱਚਾ ਬਿਲਕੁਲ ਤੰਦਰੁਸਤ ਜਨਮਿਆ, ਦੂਜੇ ਪਾਸੇ ਜੇਕਰ ਮਾਂ ਨੂੰ ਕੋਈ ਇੰਫੈਕਸ਼ਨ ਹੋਵੇ ਤਾਂ ਬੱਚੇ ਨੂੰ ਹੋਣੀ ਸੁਭਾਵਿਕ ਹੈ ਪਰ ਬੱਚੀ ਬਿਲਕੁਲ ਨਿਰੋਗ ਹੈ ਜੋ ਕਿ ਕਰਤਾਰੀ ਕਰਾਮਾਤ ਤੋਂ ਘੱਟ ਨਹੀਂ ਗੁਰਬਾਣੀ ਦੇ (ਮ) ਅੱਖਰ ਚੋਂ ਮਨਸੀਰਤ ਕੌਰ ਨਾਮ ਰਖਿਆ ਗਿਆ ਇਸ ਨੂੰ ਉਸ ਪ੍ਰਭੂ ਦੀ ਬਖ਼ਸ਼ਿਸ਼ ਤੇ ਰਹਿਮਤ ਹੀ ਮੰਨਿਆ ਜਾ ਸਕਦਾ ਹੈ|
ਬੇਦ ਕਤੇਬ ਸੰਸਾਰ ਹਭਾ ਹੂੰ ਬਾਹਰਾ ||
ਨਾਨਕ ਕਾ ਪਾਤਸਾਹੁ ਦਿਸੈ ਜ਼ਾਹਰਾ || (ਅੰਗ 397)
ਵਿਗਿਆਨ ਦੀ ਪਹੁੰਚ ਪਦਾਰਥਵਾਦ ਤੱਕ ਹੈ ਮੈਡੀਕਲ ਸਾਇੰਸ ਨੇ ਸਾਰਾ ਸਰੀਰ ਪਾੜ ਕੇ ਦੇਖ ਲਿਆ,ਦਿਲ, ਫੇਫੜੇ,ਜਿਗਰ, ਗੁਰਦੇ,ਸਕੈਨਿਕ ਕੀਤੀ ਪਰ ਰੱਬ ਕਿਤੋਂ ਨਹੀਂ ਮਿਲਿਆ ਕਿਸੇ ਵਿਗਿਆਨੀ ਨੂੰ ਅੱਜ ਤੱਕ ਰੱਬ ਜੀ ਬਣਾਈ ਕੁਦਰਤਿ ਦਾ ਅੰਤ ਨਹੀਂ ਮਿਲਿਆ,ਕਿਉਂਕਿ ਪ੍ਰਭੂ ਵਿਗਿਆਨ ਦੀ ਕੈਮਿਸਟਰੀ, ਬਾਇਓਲੋਜੀ, ਫਿਜਿਕਸ, ਟ੍ਰਿਗਨੋਮੈਟਰੀ, ਐਕਟ੍ਰੋਨੋਮੀ ਆਦਿ ਤੋਂ ਬਹੁਤ ਬਾਹਰ ਹੈ ਇਹਨਾਂ ਦਾ ਵਿਸ਼ਾ ਨਹੀਂ ਹੈ ਪ੍ਰਭੂ ਪ੍ਰੇਮਾ ਭਗਤੀ ਮਾਰਗ ਹੈ ਜਿਥੇ ਸਾਡੀ ਅਗਵਾਈ ਇਲਾਹੀ ਬਚਨ ਕਰਦੇ ਹਨ ਇਸ ਰਸਤੇ ਤੇ ਸਤਿਗੁਰਾਂ ਦੀ ਭੈਅ-ਭਾਵਨੀ ਮਨ ਵਿਚ ਰੱਖ ਚੱਲਿਆ ਜਾਂਦਾ ਹੈ।
ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕਰਕੇ ਸਾਨੂੰ ਜਿਸ “ਧੁਰ ਕੀ ਬਾਣੀਂ ਦੀ ਬਖਸ਼ਿਸ਼ ਕੀਤੀ, ਉਸ ਨਾਮਬਾਣੀਂ ਦੀ ਕਮਾਈ ਕਰਨ ਵਾਲੀਆਂ ਰੂਹਾਂ ਧੰਨ ਹਨ,ਜਿਵੇਂ ਬੱਚੀ ਮਨਸੀਰਤ ਦੀ ਜਿੰਦਗੀ ਭਾਈ ਸਾਹਿਬ ਜੀ ਦੇ ਕਮਾਈ ਵਾਲੇ ਦੋ ਬੋਲ ਬਚਾ ਗਏ ਸਤਿਗੁਰੂ ਜੀ ਦੀਆਂ ਖੁਸ਼ੀਆਂ ਮਾਨਣ ਵਾਲੀ ਘਰ ਦੀ ਰੌਣ਼ਕ ਧੀ ਰਾਣੀ ਅੱਜ ਜਿੰਦਗੀ ਦੇ ਚੌਦਾਂ ਵਰਿਆਂ ਦੀ ਹੋ ਚੁੱਕੀ ਹੈ।
ਸੰਸਾਰ ਪ੍ਰਸਿੱਧ ਲਿਖਾਰੀ ਡਾ.ਰਾਬਿੰਦਰ ਨਾਥ ਟੈਗੌਰ ਆਪਣੀ ਧੀ ਬਾਰੇ ਲਿਖਦੇ ਹਨ ਕਿ ਕੱਲ੍ਹ ਜਿਹੜੀ ਵਿਹੜੇ ਵਿਚ ਗੁੱਡੀਆਂ ਨਾਲ ਖੇਡਦੀ ਫਿਰਦੀ ਸੀ ਅੱਜ ਮੈਨੂੰ ਬੁੱਢੇਪੇ ਵਿਚ ਡਾਟਦੀ ਝਿੜਕਦੀ ਹੈ।