-ਡਾ. ਇੰਦਰਜੀਤ ਸਿੰਘ ਗੋਗੋਆਣੀ
ਪ੍ਰਿੰਸੀਪਲ, ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ, ਜੀ.ਟੀ. ਰੋਡ, ਸ੍ਰੀ ਅੰਮ੍ਰਿਤਸਰ। ਮੋ. 9815985559
ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਅੰਤ ਵਿਸ਼ੇਸ਼ਣਾਂ ਨਾਲ ਯਾਦ ਕੀਤਾ ਜਾਂਦਾ ਹੈ- ‘ਕਲਗੀਆਂ ਵਾਲੇ’,‘ਬਾਜਾਂ ਵਾਲੇ’,‘ਸਰਬੰਸ ਦਾਨੀ’,‘ਅੰਮ੍ਰਿਤ ਕੇ ਦਾਤੇ’,‘ਪੰਥ ਦੇ ਵਾਲੀ’,‘ਨੀਲੇ ਦੇ ਸਵਾਰ’,‘ਚੋਜੀ ਪ੍ਰੀਤਮ’,‘ਪੁੱਤਰਾਂ ਦੇ ਦਾਨੀ’,‘ਪਰਮ ਪੁਰਖ’,‘ਦੁਸ਼ਟ ਦਮਨ’,‘ਸੰਤ ਸਿਪਾਹੀ’,‘ਸਾਹਿਬ-ਏ-ਕਮਾਲ’,‘ਮਰਦ ਅਗੰਮੜਾ’,‘ਮਹਾਨ ਮਨੋਵਿਿਗਆਨੀ’,‘ਸ਼ਮਸ਼ੀਰ-ਏ-ਬਹਾਦਰ’,‘ਆਪੇ ਗੁਰ ਚੇਲਾ’,‘ਮਾਨਵਤਾ ਦੇ ਰਹਿਬਰ’,‘ਬਾਦਸ਼ਾਹ ਦਰਵੇਸ਼’ ਤੇ ‘ਕਲਮ ਦੇ ਧਨੀ’ ਆਦਿ।
ਸਿੱਖ ਧਰਮ ਦੀ ਮਰਯਾਦਾ ਨੂੰ ਦੇਖੋ ਤਾਂ ਨਿੱਤਨੇਮ ਤੇ ਅੰਮ੍ਰਿਤ-ਸੰਚਾਰ ਦੀਆਂ ਬਾਣੀਆਂ ਸਮੇਂ ਦਸਮ ਪਾਤਸ਼ਾਹ ਜੀ ਦੀ ਬਾਣੀ ਦਾ ਜਾਪ, ਅਰਦਾਸ ਦੀ ਪਹਿਲੀ ਪਉੜੀ ਸਤਿਗੁਰਾਂ ਦੀ ਰਚਨਾ, ਬੀਰ ਰਸੀ ਰਚਨਾ ਦਾ ਨਿਆਰਾ ਸਰੂਪ, ਰਾਗਬੱਧ ਬਾਣੀ ਦਾ ਰੂਹਾਨੀ ਰੰਗ, ‘ਬਚਿੱਤਰ ਨਾਟਕ’ ਅਤੇ ‘ਜ਼ਫ਼ਰਨਾਮਾ’ ਵਿਚ ਬੇਅੰਤ ਇਤਿਹਾਸਿਕ ਹਵਾਲੇ ਵੀ ਮਿਲਦੇ ਹਨ। ਸਤਿਗੁਰਾਂ ਦੀ ਸਿੱਖਿਆ ਅਨੁਸਾਰ ਹਰੇਕ ਇਨਸਾਨ- ਸੁਭ ਕਰਮਨ ਤੇ ਕਬਹੂੰ ਨ ਟਰੋਂ ਦਾ ਦ੍ਰਿੜ੍ਹ ਨਿਸਚਾ ਕਰੇ ਅਤੇ ਆਤਮ ਵਿਸ਼ਵਾਸ ਹੋਵੇ ਕਿ- ਨਿਸਚੈ ਕਰ ਅਪਨੀ ਜੀਤ ਕਰੋਂ। ਫਿਰ ਜਦ ਫ਼ਤਿਹ ਪ੍ਰਾਪਤ ਹੋਵੇ ਤਾਂ ਹਉਮੈਂ ਨਹੀਂ ਕਰਨੀ ਸਗੋਂ ਅਕਾਲ ਦਾ ਸ਼ੁਕਰਾਨਾ ਕਰਨਾ ਹੈ, ਭਈ ਜੀਤ ਮੇਰੀ ਕਿਰਪਾ ਕਾਲ ਕੇਰੀ। ਦਸਮ ਰਚਨਾਵਾਂ ਦੇ ਅਰੰਭ ਵਿਚ “ੴ ਸ੍ਰੀ ਵਾਹਿਗੁਰੂ ਜੀ ਕੀ ਫ਼ਤਹ” ਬੇਅੰਤ ਵਾਰ ਆਇਆ ਹੈ, ਜੋ ਖ਼ਾਲਸਈ ਸੰਬੋਧਨੀ ਬੋਲੇ ਦਾ ਮੁੱਖ ਆਧਾਰ ਹੈ। ਦਸਮ ਪਾਤਸ਼ਾਹ ਜੀ ਨੇ ਅਕਾਲ ਪੁਰਖ ਨੂੰ ਨਮੋ ਪ੍ਰੀਤ ਪ੍ਰੀਤੇ ਉਚਾਰ ਕੇ ਨਮਸਕਾਰ ਕੀਤੀ ਹੈ ਕਿ ਹੇ ਪ੍ਰਭੂ! ਤੂੰ ਸਿਰਮੌਰ ਪ੍ਰੇਮ ਦਾ ਖ਼ਜ਼ਾਨਾ ਹੈਂ। ਫਿਰ ਮਾਨਵਤਾ ਨੂੰ ਸਬਕ ਦ੍ਰਿੜ੍ਹਾਇਆ ਕਿ ਕਿਸੇ ਵੀ ਭਰਮ ਵਿਚ ਨਾ ਭਟਕੋ ਕਿਉਂਕਿ ਪ੍ਰਭੂ ਤਾਂ ਸਭ ਦਿਸ਼ਾਵਾਂ ਵਿਚ ਪ੍ਰੇਮ ਰੂਪ ਹੋ ਕੇ ਪਸਰਿਆ ਹੋਇਆ ਹੈ।
ਜੱਤ੍ਰ ਤੱਤ੍ਰ ਦਿਸਾ ਵਿਸਾ ਹੁਇ ਫੈਲਿਓ ਅਨੁਰਾਗ। ਇਸ ਤਰ੍ਹਾਂ ਜਦ ਸਮਾਜ ਪ੍ਰੇਮ ਸਰੂਪ ਪ੍ਰਭੂ ਬਾਰੇ ਗਿਆਨ ਪ੍ਰਾਪਤ ਕਰੇਗਾ ਤਾਂ ਪ੍ਰਭੂ ਦੇ ਪਰਵਾਰ ਨੂੰ ਪ੍ਰੇਮ ਕਰੇਗਾ। ਇਸ ਤਰ੍ਹਾਂ ਸੰਕੀਰਣ ਸੋਚਾਂ ਵਿੱਚੋਂ ਜਾਤ-ਪਾਤ, ਊਚ-ਨੀਚ ਤੇ ਰੰਗ ਨਸਲ ਆਦਿ ਦੇ ਭੇਦ ਆਪਣੇ ਆਪ ਹੀ ਖਤਮ ਹੋ ਜਾਣਗੇ। ਸਪੱਸ਼ਟ ਸ਼ਬਦਾਂ ਵਿਚ ਉਪਦੇਸ਼ ਹੈ- ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ। ਸਤਿਗੁਰਾਂ ਨੇ ਪ੍ਰਭੂ ਪ੍ਰਾਪਤੀ ਦਾ ਸਰਲ ਮਾਰਗ ਮਾਨਵਤਾ ਨੂੰ ਸਮਝਾਇਆ ਕਿ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਸਿੱਖਿਆ ਦੇ ਧਾਰਨੀ ਹੋ ਕੇ ਜੀਵਨ ਸੰਵਾਰਨਾ ਹੈ।
ਦਸਮ ਪਾਤਸ਼ਾਹ ਸੰਸਾਰ ਨੂੰ ਸਰੀਰਕ ਤੰਦਰੁਸਤੀ ਲਈ ਜੀਵਨ-ਜੁਗਤ ਸਮਝਾਉਂਦੇ ਹਨ ਕਿ ਥੋੜ੍ਹਾ ਖਾਣਾ, ਥੋੜ੍ਹਾ ਸੌਣਾ, ਦਯਾ ਤੇ ਖਿਮਾ ਧਾਰਨ ਕਰਨੀ ਤੇ ਆਪਣੇ ਤਨ ਨੂੰ ਪ੍ਰੀਤ ਕਰਨੀ ਹੈ। ਜਦ ਸੀਲ, ਸੰਤੋਖ, ਸੰਜਮ ਦਾ ਧਾਰਨੀ ਹੋ ਕੇ ਮਨੁੱਖ, ਰਜੋ, ਤਮੋ, ਸਤੋ ਆਦਿ ਤ੍ਰੈ ਗੁਣਾਂ ਤੋਂ ਨਿਰਲੇਪ ਰਹੇਗਾ ਤਾਂ ਤਨ ਵੀ ਕੰਚਨ (ਸੋਨੇ) ਵਰਗਾ ਰਹੇਗਾ। ਸਤਿਗੁਰਾਂ ਦਾ ਮਹਾਨ ਸਬਕ ਹੈ:
ਅਲਪ ਅਹਾਰ ਸੁਲਪ ਸੀ ਨਿੰਦ੍ਰਾ ਦਯਾ ਛਿਮਾ ਤਨ ਪ੍ਰੀਤਿ॥
ਸੀਲ ਸੰਤੋਖ ਸਦਾ ਨਿਰਬਾਹਿਬੋ ਹੈ੍ਵਬੋ ਤ੍ਰਿਗੁਣ ਅਤੀਤਿ॥ (ਸ਼ਬਦ ਪਾਤਸ਼ਾਹੀ 10)
ਹੁਣ ਜੇਕਰ ਤਨ ਬਲਵਾਨ ਹੈ ਤਾਂ ਮਨ (ਵਿਚਾਰ ਸ਼ਕਤੀ) ਵੀ ਬਲਵਾਨ ਹੋਣੀ ਜ਼ਰੂਰੀ ਹੈ। ਇਸ ਲਈ ਸਤਿਗੁਰਾਂ ਨੇ ਅਕਾਲ ਦੇ ਨਾਮ ਦੀ ਮਹਿਮਾ ਵਰਣਨ ਕਰਦਿਆਂ, ਸਿਮਰਨ ਦਾ ਉਪਦੇਸ਼ ਦਿੰਦਿਆਂ ਪ੍ਰਭੂ ਨਾਮ ਦੀ ਸ਼ਕਤੀ ਬਿਆਨ ਕੀਤੀ ਹੈ- ਨਮੋ ਮੰਤ੍ਰ ਮੰਤ੍ਰੰ ॥ ਨਮੋ ਜੰਤ੍ਰ ਜੰਤ੍ਰੰ ॥ ਨਮੋ ਇਸਟ ਇਸਟੇ॥ ਨਮੋ ਤੰਤ੍ਰ ਤੰਤ੍ਰੰ॥ ਇਸੇ ਤਰਾਂ ਕਬਰਾਂ-ਮੜ੍ਹੀਆਂ ਦੇ ਪੂਜਕਾਂ ਨੂੰ ਭਰਮ ਮੁਕਤ ਕਰਦਿਆਂ ਸਮਝਾਇਆ ਹੈ ਕਿ-ਇਕ ਮੜੀਅਨ ਕਬਰਨ ਵੈ ਜਾਹੀ॥ ਦੁਹੰੂਅਨ ਮੈ ਪਰਮੇਸੁਰ ਨਾਹੀ॥ ਇਸ ਲਈ ਤਵੱਕ ਨਾਮ ਰੱਤੰ ਵਾਲੀ ਅਵਸਥਾ ਦੇ ਧਾਰਨੀ ਬਣਨ ਦੀ ਸਿੱਖਿਆ ਦਿੱਤੀ ਹੈ।
ਕਲਗੀਧਰ ਪਾਤਸ਼ਾਹ ਜੀ ਨੇ ਜਬਰ-ਜੁਲਮ ਨੂੰ ਠੱਲ੍ਹ ਪਾਉਣ ਲਈ ਸਵੈ-ਰੱਖਿਆ ਵਾਸਤੇ ਸ਼ਸਤਰਾਂ ਨੂੰ- ਯਹੈ ਹਮਾਰੈ ਪੀਰ ਕਹਿ ਕੇ ਸਤਿਕਾਰਿਆ ਹੈ ਅਤੇ ਜਿਤੇ ਸ਼ਸਤਰ ਨਾਮੰ॥ ਨਮਸਕਾਰ ਤਾਮੰ॥ ਉਚਾਰ ਕੇ ਮਾਨਵਤਾ ਨੂੰ ਗ਼ੈਰਤ ਅਣਖ ਨਾਲ ਜੀਣ ਦਾ ਤੇ ਸ਼ਸਤਰਾਂ ਨੂੰ ਪ੍ਰੇਮ ਕਰਨ ਦਾ ਸੰਦੇਸ਼ ਦਿੱਤਾ। ਦੂਜੇ ਪਾਸੇ ਤਲਵਾਰ ਉਠਾਉਣੀ ਉਸ ਸਮੇਂ ਜਾਇਜ਼ ਕਹੀ ਜਦੋਂ ਸਾਰੇ ਹੀਲੇ ਵਸੀਲੇ ਖਤਮ ਹੋ ਜਾਣ। ਫੁਰਮਾਨ ਹੈ: ਚੂ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ॥ ਹਲਾਲੱਸਤ ਬੁਰਦਨ ਬ ਸ਼ਮਸ਼ੀਰ ਦਸਤ॥
ਸਤਿਗੁਰਾਂ ਦੀ ਬਖਸ਼ੀ ਸਿੱਖਿਆ ਅਨੁਸਾਰ ਗਿਆਨ ਪ੍ਰਾਪਤੀ ਲਈ ਤਨ ਨੂੰ ਧੀਰਜ ਦਾ ਘਰ ਬਣਾਇਆ ਜਾਵੇ। ਇਸ ਵਿਚ ਬੁੱਧ ਰੂਪੀ ਦੀਵਾ ਜਗੇ ਤੇ ਮਨ ਰੂਪੀ ਹੱਥ ਦੇ ਵਿਚ ਗਿਆਨ ਰੂਪੀ ਬੁਹਾਰੀ ਪਕੜੀ ਜਾਵੇ ਤਾਂ ਕਾਇਰਤਾ ਤੇ ਡਰਪੋਕਪੁਣੇ ਦਾ ਨਿਕੰਮਾ ਕੂੜਾ ਹੂੰਝਿਆ ਜਾ ਸਕਦਾ ਹੈ:
ਧੀਰਜ ਧਾਮ ਬਨਾਇ ਇਹੈ ਤਨ ਬੁੱਧਿ ਸੁ ਦੀਪਕ ਜਿਉਂ ਉਜੀਆਰੈ॥
ਗਿਆਨਹਿ ਕੀ ਬਢਨੀ ਮਨਹੂ ਹਾਥ ਲੈ ਕਾਤਰਤਾ ਕੁਤਵਾਰ ਬੁਹਾਰੈ॥
ਜਦ ਸਤਿਗੁਰਾਂ ਨੇ ਔਰੰਗ਼ਜ਼ੇਬ ਨੂੰ ‘ਜ਼ਫ਼ਰਨਾਮਾ’ ਲਿਿਖਆ ਤਾਂ ਭਾਵੇਂ ਇਹ ਪ੍ਰਥਾਇ ਔਰੰਗ਼ਜ਼ੇਬ ਹੈ, ਪਰ ਸਿੱਖਿਆ ਸਮੁੱਚੀ ਮਾਨਵਤਾ ਲਈ ਹੈ। ਭਾਵ ਅਰਥਾਂ ਅਨੁਸਾਰ ਸੱਚਾ ਇਨਸਾਨ ਕਹਾਉਣ ਦਾ ਹੱਕਦਾਰ ਉਹ ਹੈ ਜੋ ਬਚਨਾਂ ਦਾ ਪੱਕਾ ਹੋਵੇ ਅਤੇ ਜਿਸ ਦੇ ਮੂੰਹ ਵਿਚ ਕੁਝ ਹੋਰ ਤੇ ਚਿੱਤ ਵਿਚ ਕੁਝ ਹੋਰ ਹੈ, ਉਹ ਸੱਚਾ ਮਰਦ ਨਹੀਂ ਹੋ ਸਕਦਾ। ਅੱਜ ਸਾਡੇ ਸਮਾਜ ਦੀ ਤ੍ਰਾਸਦੀ ਇਹੋ ਹੈ ਕਿ ਝੂਠ ਫਰੇਬ ਦਾ ਬੋਲ-ਬਾਲਾ ਵੱਧ ਰਿਹਾ ਹੈ। ਲੋੜ ਹੈ ਸਤਿਗੁਰਾਂ ਦੀ ਸਿੱਖਿਆ ਨੂੰ ਸਮਝਿਆ ਜਾਵੇ ਅਤੇ ਇਕ ਦੂਜੇ ਉੱਪਰ ਦੋਸ਼ ਲਗਾਉਣ ਨਾਲੋਂ ਹਰੇਕ ਆਪੋ-ਆਪਣਾ ਸੁਧਾਰ ਕਰੇ। ਸਤਿਗੁਰਾਂ ਦੀ ਦ੍ਰਿਸ਼ਟੀ ਵਿਚ ਸੱਚੀ ਇਨਸਾਨੀਅਤ ਇਹ ਹੈ:
ਹਮੂੰ ਮਰਦ ਬਾਯਦ ਸ਼ਵਦ ਸੁਖ਼ਨਵਰ॥
ਨ ਸ਼ਿਕਮੇ ਦਿਗਰ ਦਰ ਦਹਾਨਿ ਦਿਗਰ॥
