1 views 24 secs 0 comments

ਗੁਰਸਿੱਖੀ ਵਿਚ ਸਾਂਝੀਵਾਲਤਾ ਦਾ ਸੰਕਲਪ

ਲੇਖ
June 02, 2026

ਸਭੁ ਕੋ ਮੀਤੁ ਹਮ ਆਪਨ ਕੀਨਾ

ਹਮ ਸਭਨਾ ਕੇ ਸਾਜਨ ॥ ਅੰਗ -671

ਜੇ ਸਾਰੀ ਦੁਨੀਆ ਦੇ ਧਰਮਾਂ ਦੇ ਸਿਧਾਂਤਾਂ ਤੇ ਗਹੁ ਨਾਲ ਨਜ਼ਰ ਮਾਰੀ ਜਾਵੇ ਤਾਂ ਇਹ ਗੱਲ ਸਪੱਸ਼ਟ ਤੌਰ ਤੇ ਉਜਾਗਰ ਹੁੰਦੀ ਦਿਸਦੀ ਹੈ ਕਿ ਸਾਰੇ ਧਰਮ ਇਹੀ ਉਪਦੇਸ਼ ਦੇਂਦੇ ਹਨ ਕਿ ਸਭ ਮਨੁੱਖ ਇਕੋ ਅਕਾਲਪੁਰਖ ਦੀ ਸੰਤਾਨ ਹਨ ਇਸ ਲਈ ਸਮੁੱਚੀ ਮਨੁੱਖ ਜਾਤੀ ਨੂੰ ਇਕ ਦੂਜੇ ਨਾਲ ਭਰਾਤਰੀ ਭਾਵ ਵਿਚ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ ਪਰ ਇਸ ਦੇ ਉਲਟ ਮਾਇਆਵਾਦ ਦੇ ਪਸਾਰੇ ਨਾਲ ਇਸ ਭਾਵਨਾ ਨੂੰ ਕਾਫੀ ਠੇਸ ਲੱਗੀ ਹੈ ਅਤੇ ਮਨੁੱਖ ਦੀ ਵਿਗੜਦੀ ਦਸ਼ਾ ਨੂੰ ਦੇਖਦਿਆਂ ਹੋਇਆਂ ਹਰ ਉਹ ਉਪਰਾਲਾ ਜੁਟਾਣਾ ਅਤਿਅੰਤ ਜ਼ਰੂਰੀ ਬਣਦਾ ਹੈ ਜਿਸ ਨਾਲ ਮਨੁੱਖੀ ਬਰਾਦਰੀ ਵਿਚ ਸਾਂਝੀਵਾਲਤਾ ਤੇ ਪਰਉਪਕਾਰਤਾ ਦਾ ਸੁਭਾਅ ਬਲਵਾਨ ਹੋ मवे।

ਜੇ ਇਸ ਮਨੋਰਥ ਦੀ ਸਿੱਧੀ ਲਈ ਗੁਰਬਾਣੀ ਅਤੇ ਸਿੱਖ ਧਰਮ ਅਤੇ ਇਤਿਹਾਸ ਤੇ ਸਿਧਾਂਤਾਂ ਵੱਲ ਝਾਤੀ ਮਾਰੀਏ ਤਾਂ ਕਦਮ ਕਦਮ ਤੇ ਸ਼ਕਤੀਸ਼ਾਲੀ ਰੂਪ ਵਿਚ ਗਵਾਹੀਆਂ ਮਿਲਦੀਆਂ ਹਨ ਜਿਨ੍ਹਾਂ ਤੋਂ ਇਹ ਸੁਦ੍ਰਿੜ੍ਹ ਹੁੰਦਾ ਹੈ ਕਿ ਸਾਰੀ ਮਾਨਵਤਾ ਨਾਲ ਪਿਆਰ ਕਰਨਾ ਸਿੱਖ ਲਈ ਸੁਭਾਵਕ ਤੇ ਜ਼ਰੂਰੀ ਹੈ।

ਜੋ ਤੂੰ ਸਾਝਾ ਸਾਹਿਬੁ ਬਾਪੁ ਹਮਾਰਾ॥ ਨਉ ਨਿਧਿ ਤੇਰੈ ਅਖੁਟ ਭੰਡਾਰਾ।।
ਅੰਗ-97

ਉਕਤ ਪੰਗਤੀ ਦੀ ਭਾਵਨਾ ਹੇਠ ਸਭ ਨਾਲ ਖੈਰ-ਸਗਾਲੀ, ਬਰਾਬਰੀ ਤੇ ਬੇਲਾਗ ਸਾਂਝੀਵਾਲਤਾ ਰੱਖਣਾ ਗੁਰਬਾਣੀ ਪ੍ਰੇਮੀ ਅਤੇ ਗੁਰੂ ਦੇ ਸਿੱਖ ਦੇ ਜੀਵਨ ਦਾ ਮੂਲ ਆਧਾਰ ਹੈ ਤੇ ਪੰਜ-ਤੰਤਰੀ ਪ੍ਰਣਾਲੀ ਇਸ ਦਾ ਚਜ ਅਚਾਰ ਹੈ। ਪੰਜ ਪਿਆਰੇ, ਪੰਜ ਜੈਕਾਰੇ, ਪੰਜ ਤਖਤ, ਪੰਜ ਪ੍ਰਵਾਨ, ਪੰਜ ਪ੍ਰਧਾਨ ਦੀ ਗੱਲ ਬੱਚੇ ਬੱਚੇ ਦੇ ਸੁਭਾਅ ਵਿਚ ਰਚੀ ਹੋਈ ਹੈ। ‘ਏਕੁ ਪਿਤਾ ਏਕਸ ਕੇ ਹਮ ਬਾਰਿਕ’ ਦਾ ਉਪਦੇਸ਼ ਹਰ ਕਿਸੇ ਵਿਚ ਆਪਸੀ ਸਾਂਝ ਪੈਦਾ ਕਰਨ ਲਈ ਅਮੁਕ ਸੋਮੇ ਵਜੋਂ ਮੌਜੂਦ ਹੈ। ‘ਮਾਨਸ ਕੀ ਜਾਤਿ ਸਭੈ ਏਕੈ ਪਹਿਚਾਨਬੋ’ ਦੇ ਇਲਾਹੀ ਕਥਨ ਇਸ ਭਰਾਤਰੀ ਭਾਵਾਂ ਵਾਲੀ ਵਿਚਾਰ ਸੰਗਲੀ ਨੂੰ ਹੋਰ ਪ੍ਰਪੱਕ ਕਰਦੇ ਹਨ। ਸਾਡੇ ਵਿਚ ‘ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ’ ਦੀ ਤਾਂਘ ਨੂੰ ਬਲਵਾਨ ਕਰਕੇ ਗੁਰੂ ਸਾਹਿਬਾਨ ਨੇ ਇਹ ਭੇਦ ਭਾਵ ਹੀ ਮਿਟਾ ਦਿੱਤਾ ਕਿ ਇਕ ਮਨੁੱਖ ਦੂਜੇ ਨਾਲੋਂ ਜਾਤ ਪਾਤ, ਕਰਮ ਕਾਂਡ, ਗਰੀਬੀ ਅਮੀਰੀ ਕਾਰਨ ਉੱਚਾ ਨੀਵਾਂ ਜਾਂ ਵੱਡਾ ਛੋਟਾ ਹੋ ਸਕਦਾ ਹੈ। ਸਭਨਾਂ ਵਿਚ ਇਕੋ
ਅਕਾਲਪੁਰਖ ਦੀ ਜੋਤ ਬਿਰਾਜਮਾਨ ਹੈ ਇਸ ਲਈ ਦੂਜੇ ਦਾ ਆਦਰ, ਮਾਣ, ਸਤਿਕਾਰ ਤੇ ਉਸ ਦੇ ਵਿਚਾਰਾਂ ਨੂੰ ਪੂਰਾ ਪੂਰਾ ਵਜ਼ਨ ਦੇਣਾ ਗੁਰੂ ਦੇ ਸਿੱਖ ਲਈ ਜ਼ਰੂਰੀ ਹਦਾਇਤ ਹੈ। ‘ਨਾ ਕੋ ਬੈਰੀ ਨਾਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ’ ਦਾ ਸੁਭਾਵ ਕੰਠ ਕਰਵਾਉਣ ਲਈ ਗੁਰੂ ਜੋਤਾਂ ਨੇ ਸਾਡਾ ਲੰਗਰ, ਸਾਡੀ ਸੰਗਤ ਤੇ ਪੰਗਤ ਸਾਂਝੀ ਕਰ ਦਿੱਤੀ। ਇਵੇਂ ਹੀ ਸਾਡੇ ਤੀਰਥ ਅਸਥਾਨ ਸਰਬ ਮਾਨਵਤਾ ਦੇ ਸਾਂਝੇ ਤੀਰਥ ਹੋ ਕੇ ਸੰਸਾਰ ਦੇ ਧਾਰਮਿਕ ਨਕਸ਼ੇ ਤੇ ਉਭਰੇ ਜਿਨ੍ਹਾਂ ਵਿਚ ਹਰ ਅਕੀਦੇ ਦੇ ਪ੍ਰਾਣੀ ਬਰਾਬਰੀ ਦੇ ਆਧਾਰ ਤੇ ਬਿਨਾਂ ਭੇਦ ਭਾਵ, ਬਿਨਾਂ ਡਰ ਤੇ ਝਿਜਕ ਦੇ ਖੁਲ੍ਹੇ-ਆਮ ਵਿਚਰਦੇ ਤੇ ਸਭ ਲਈ ਸੁਖ ਸ਼ਾਂਤੀ ਮੰਗਦੇ ਹਨ।

ਅੰਗ-652

ਕਿਰਪਾ ਕਰਿ ਕੈ ਸੁਨਹੁ ਪ੍ਰਭ ਸਭ ਜਗ ਮਹਿ ਵਰਸੈ ਮੇਹ (ਮੀਂਹ)॥ ਹਰਿਮੰਦਰ ਸਾਹਿਬ ਦੀ ਨੀਂਹ ਵੀ ਇਕ ਗ਼ੈਰ-ਸਿੱਖ ਪਰ ਰੱਬ ਦੇ ਉਪਾਸ਼ਕ ਦਰਵੇਸ਼ ਮੀਆਂ ਮੀਰ ਜੀ ਤੋਂ ਰਖਵਾ ਕੇ ਇਸ ਗੱਲ ਨੂੰ ਹੋਰ ਪ੍ਰਪੱਕ ਕਰ ਦਿੱਤਾ ਕਿ ਸਭ ਹੱਥ ਸੁੱਚੇ ਹਨ, ਸਭ ਮਨੁੱਖ ਜੋ ਪ੍ਰਭੂ ਅਰਾਧਨਾ ਵਿਚ ਲੀਨ ਹੋਣ, ਉੱਚੇ ਹਨ। ਹਰਿਮੰਦਰ ਸਾਹਿਬ ਨੂੰ ਸੱਚ, ਸ਼ਾਂਤੀ ਤੇ ਨਿਮਰਤਾ ਦਾ ਸੂਚਕ ਅਸਥਾਨ ਬਣਾਉਣ ਲਈ ਇਸ ਨੂੰ ਧਰਤੀ ਦੀ ਆਮ ਸਤਹ ਨਾਲੋਂ ਨੀਵਾਂ ਰਖਿਆ ਗਿਆ। ਇਸ ਦੇ ਚਾਰੇ ਪਾਸੇ ਰੱਖੇ ਗਏ ਦਰਵਾਜ਼ੇ ਇਸ ਗੱਲ ਦੇ ਲਖਾਇਕ ਬਣਾਏ ਗਏ ਕਿ ਸਿੱਖ ਧਰਮ ਅਸਥਾਨ ਕਿਸੇ ਇਕ ਫਿਰਕੇ, ਬਰਾਦਰੀ ਜਾਂ ਕੌਮ ਦੀ ਮਾਲਕੀ ਨਹੀਂ ਸਗੋਂ ਰੱਬ ਦੇ ਇਹ ਘਰ ਉਸ ਦੇ ਸਭਪੁੱਤਰਾਂ ਧੀਆਂ ਲਈ ਇਕੋ ਜਿਹੀ ਅਪਣਤ ਦੇ ਪ੍ਰਤੀਕ ਹਨ।

ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ (ਵੈਰੀ) ॥ ਅੰਗ-671

ਸਾਂਝੀਵਾਲਤਾ ਤੇ ਬਰਾਬਰੀ ਦੀ ਇਸ ਦੁਰਲਭ ਭਾਵਨਾ ਨੂੰ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਸਮੇਂ ਵੀ ਧਿਆਨ ਗੋਚਰੇ ਰਖਿਆ ਗਿਆ ਤੇ ਗੁਰੂ ਗ੍ਰੰਥ ਸਾਹਿਬ ਵਰਗੇ ਰੱਬੀ ਗ੍ਰੰਥ ਵਿਚ ਵੀ ਕੇਵਲ ਸਿੱਖ ਗੁਰੂ ਸਾਹਿਬਾਨ ਦੀ ਬਾਣੀ ਹੀ ਅੰਕਤ ਨਹੀਂ ਕੀਤੀ ਗਈ ਬਲਕਿ 6 ਗੁਰੂ ਸਾਹਿਬਾਨ ਦੇ ਨਾਲ ਨਾਲ 30 ਹੋਰ ਮਹਾਂ-ਪੁਰਸ਼ਾਂ ਦੀ ਬਾਣੀ ਨੂੰ ਵੀ ਉਹੀ ਸਤਿਕਾਰੀ ਦਰਜਾ ਦਿੱਤਾ ਗਿਆ ਜਿਹੜਾ ਗੁਰੂਆਂ ਦੀ ਬਾਣੀ ਨੂੰ ਪ੍ਰਾਪਤ ਹੋਇਆ। ਇਨ੍ਹਾਂ 30 ਮਹਾਂ-ਪੁਰਸ਼ਾਂ ਵਿਚ ਰਾਜੇ ਵੀ ਸਨ ਤੇ ਰੰਕ ਵੀ, ਉੱਚੀਆਂ ਜਾਤੀਆਂ ਵਾਲੇ ਵੀ ਸਨ ਤੇ ਅਖੌਤੀ ਛੋਟੀਆਂ ਤੇ ਨੀਚ ਜਾਤਾਂ ਵਾਲੇ ਵੀ। ਹਿੰਦੂ, ਬ੍ਰਾਹਮਣ, ਖੱਤਰੀ ਵੀ ਸਨ ਤੇ ਮੁਸਲਮਾਨ ਫਕੀਰ, ਦਰਵੇਸ਼ ਤੇ ਸਿੱਖ ਸੇਵਕ ਵੀ। ਜੇ ਪੰਜਾਬ ਦੇ ਮਹਾਂ-ਪੁਰਸ਼ਾਂ ਨੇ ਗੁਰੂ ਗ੍ਰੰਥ ਸਾਹਿਬ ਵਿਚ ਮਾਨਯੋਗ ਸਥਾਨ ਪਾਇਆ ਹੈ ਤਾਂ ਮਹਾਂਰਾਸ਼ਟਰ, ਬੰਗਾਲ, ਰਾਜਸਥਾਨ, ਯੂ. ਪੀ., ਮਧਿਆ ਪ੍ਰਦੇਸ਼ ਆਦਿ ਵਿਚ ਜਨਮੇ ਸੰਤ ਪੁਰਖਾਂ ਦੀ ਬਾਣੀ ਨੂੰ ਵੀ ਗੁਰੂ ਗ੍ਰੰਥ ਸਾਹਿਬ ਵਿਚ ਉਸੇ ਸਿਦਕੀ ਸਤਿਕਾਰ ਵਿਚ ਦਰਜ ਕੀਤਾ ਗਿਆ ਹੈ ਜਿਸ ਵਿਚ ਗੁਰੂ ਸਾਹਿਬਾਨ ਦੀ ਬਾਣੀ ਨੂੰ ਅੰਕਤ ਕੀਤਾ ਗਿਆ। ਮੁੱਖ ਆਸ਼ਾ ਕੇਵਲ ਇਹੀ ਸੀ ਕਿ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੀ ਜਾਣ ਵਾਲੀ ਬਾਣੀ ਸਿੱਖ ਸਿਧਾਂਤਾਂ ਦੇ ਅਨੁਕੂਲ ਹੋਵੇ ਜਿਸ ਤੋਂ ਹਉਮੈ ਟੁੱਟੇ, ਮਿਠਤ, ਪ੍ਰੇਮ, ਪਿਆਰ, ਨਿਮਰਤਾ, ਮਿਲਵਰਤਣ ਤੇ ਸਰਬ-ਸਾਂਝੀਵਾਲਤਾ ਦਾ
ਪ੍ਰਦਰਸ਼ਨ ਹੋਵੇ, ਜਿਸ ਵਿਚ ਮਾਨਵਤਾ ਲਈ ਸੱਚ ਤੇ ਸ਼ਾਂਤੀ ਦਾ ਸੰਦੇਸ਼ ਹੋਵੇ ਜਿਸ ਦੁਆਰਾ ਆਤਮਿਕ ਤ੍ਰਿਪਤੀ, ਸਮਾਜਿਕ ਭਲਾਈ ਤੇ ਆਰਥਿਕ ਸਵੈ-ਨਿਰਭਰਤਾ ਪ੍ਰਬਲ ਹੋ ਸਕੇ ਅਤੇ ਮਨੁੱਖੀ ਭਾਈਚਾਰੇ ਦੀਆਂ ਤੰਦਾਂ ਹੋਰ ਪੱਕੀਆਂ ਹੋ ਸਕਣ।

ਸਭੇ ਜੀਅ ਸਮਾਲਿ (ਸੰਭਾਲ) ਅਪਣੀ ਮਿਹਰ ਕਰੁ ॥

ਅੰਨੁ ਪਾਣੀ ਮੁਚੁ (ਬਹੁਤ) ਉਪਾਇ ਦੁਖ ਦਾਲਦੁ ਭੰਨਿ (ਤੋੜ) ਤਰੁ (ਧਰ)॥

ਅੰਗ-1251

ਗੁਰੂ ਗ੍ਰੰਥ ਸਾਹਿਬ ਵਿਚ ਥਾਂ ਪਰ ਥਾਂ ਬੜੇ ਉਘੜਵੇਂ ਰੂਪ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਸਭਨਾਂ ਦਾ ਮਾਲਕ, ਸ਼ਾਹ, ਦਾਤਾ, ਖਸਮ, ਕਰਤਾ, ਸਾਹਿਬ, ਮਾਂ-ਪਿਉ ਇਕੋ ਅਕਾਲਪੁਰਖ ਆਪ ਹੀ ਹੈ। ਇਸ ਲਈ ਸਭ ਨੂੰ ਪਰੀਚਤ ਹੋਣਾ ਚਾਹੀਦਾ ਹੈ ਕਿ ਸਾਰੇ ਮਨੁੱਖ ਮਾਤਰ ਆਪਸ ਵਿਚ ਭਰਾ ਭਰਾ ਹਨ ਤੇ ਇਕੋ ਅਕਾਲਪੁਰਖ ਦੀ ਸੰਤਾਨ ਹੋਣ ਕਰਕੇ ਸਭ ਵਿਚ ਉਹੀ ਪ੍ਰਮਾਤਮਾ ਰਵ ਰਿਹਾ ਹੈ, ਹਰ ਇਕ ਵਿਚ ਉਸ ਦੀ ਹੀ ਜੋਤ ਜਗਮਗਾ ਰਹੀ ਹੈ ਤੇ ਉਹੀ ਹਰ ਪ੍ਰਾਣੀ ਦੇ ਹਿਰਦੇ ਵਿਚ ਨਿਵਾਸ ਰੱਖ ਰਿਹਾ ਹੈ। ‘ਸਭੈ ਘਟ ਰਾਮੁ ਬੋਲੈ ਰਾਮਾ ਬੋਲੈ ਰਾਮ ਬਿਨਾ ਕੋ ਬੋਲੈ ਰੇ’ ਦੀ ਗੱਲ ਸਾਰੀ ਲੁਕਾਈ ਨੂੰ ਬਾਰ ਬਾਰ ਤੇ ਕਈ ਢੰਗਾਂ ਨਾਲ ਸਮਝਾਈ ਗਈ ਹੈ। ਸਪੱਸ਼ਟ ਸ਼ਬਦਾਂ ਵਿਚ ਇਹ ਉਪਦੇਸ਼ ਵੀ ਦਿੱਤਾ ਗਿਆ ਹੈ ਕਿ ਸਭ ਹਿਰਦੇ ਅਕਾਲਪੁਰਖ ਰੂਪੀ ਮਾਣਕ ਮੋਤੀ ਹਨ ਇਸ ਲਈ ਕਿਸੇ ਦਾ ਦਿਲ ਭੁਲ ਕੇ ਵੀ ਨਹੀਂ ਦੁਖਾਉਣਾ, ਕਿਸੇ ਨੂੰ ਆਪਣੇ ਤੋਂ ਨੀਵਾਂ ਨਹੀਂ ਸਮਝਣਾ ਸਗੋਂ ਹਰ ਕਿਸੇ ਨੂੰ ਆਦਰ ਮਾਣ ਦੇਣਾ ਹੈ ਤੇ ਆਪਣੇ ਆਪ ਨੂੰ ਸਭਤੋਂ ਨੀਵਾਂ ਸਮਝਣਾ ਹੈ। ਇਹੀ ਸਾਂਝੀਵਾਲਤਾ ਦਾ ਨਚੋੜ ਹੈ।

ਇਕੁ ਫਿਕਾ ਨ ਗਾਲਾਇ (ਬੋਲੇ) ਸਭਨਾ ਮੈ ਸਚਾ ਧਣੀ॥ ਹਿਆਉ (ਹਿਰਦਾ) ਨ ਕੈਹੀ ਠਾਹਿ ਮਾਣਕ ਸਭ ਅਮੋਲਵੇ ॥

ਅੰਗ-1384

ਇਸ ਲਈ ਇਨ੍ਹਾਂ ਹਦਾਇਤਾਂ, ਉਪਦੇਸ਼ਾਂ ਤੇ ਤਾੜਨਾਵਾਂ ਦੀ ਮੌਜੂਦਗੀ ਕਾਰਨ ਹਰ ਗੁਰਬਾਣੀ ਪ੍ਰੇਮੀ ਲਈ ਲਾਜ਼ਮੀ ਹੈ ਕਿ ਉਹ ਹਰ ਇਕ ਨੂੰ ਦਿਲੋਂ ਪਿਆਰ ਕਰੇ, ਵੱਸ ਲਗਦੇ ਦੂਜੇ ਦੀ ਨਿਸ਼ਕਾਮ ਸੇਵਾ ਕਰੇ। ਸੇਵਾ ਕਰਦਿਆਂ ਉਸ ਨੂੰ ਕਿਸੇ ਨਾਲ ਤਫਰਕਾ ਵੀ ਬਿਲਕੁਲ ਨਹੀਂ ਕਰਨਾ ਚਾਹੀਦਾ ਕਿਉਂਕਿ ਸਾਰਿਆਂ ਵਿਚ ਇਕੋ ‘ਸੱਚਾ ਸੋਈ’ ਹੀ ਵਿਚਰ ਰਿਹਾ ਹੈ। ਇਸ ਲਈ ਸੇਵਾ ਤਾਂ ਉਸ ਅਕਾਲਪੁਰਖ ਦੀ ਕਰਨੀ ਹੈ ਉਸ ਦੇ ਸਾਜੇ ਜੀਵਾਂ ਦੀ ਸੇਵਾ ਦੇ ਮਾਧਿਅਮ ਰਾਹੀਂ। ਅਜਿਹੀ ਸੇਵਾ ਸਤਿਗੁਰ ਦੀ ਆਪਣੀ ਸੇਵਾ ਹੈ ਤੇ ਹੈ ਵੀ ਸਫਲ। ਸੇਵਾ ਦੀ ਮਹੱਤਤਾ ਵੀ ਲੁਕਾ ਕੇ ਨਹੀਂ ਰਖੀ ਗਈ। ਫਰਮਾਣ ਹੈ :

ਵਿਚਿ ਦੁਨੀਆ ਸੇਵ ਕਮਾਈਐ॥ ਤਾ ਦਰਗਹ ਬੈਸਣੁ ਪਾਈਐ॥ ਅੰਗ-26

ਇਸ ਸੇਵਾ ਤੋਂ ਸੁੱਖ ਹੀ ਸੁੱਖ ਉਪਜਦਾ ਹੈ, ਸ਼ਾਂਤੀ ਮਿਲਦੀ ਹੈ, ਮਨ ਦੀ ਮੈਲ ਉਤਰਦੀ ਹੈ, ਹਲੀਮੀ ਦਾ ਵਾਸਾ ਹੁੰਦਾ ਹੈ ਅਤੇ ਜ਼ਿੰਦਗੀ ਵਿਚ ਅਮਨ, ਸੰਤੋਖ ਤੇ ਸੁਚਮਤਾ ਦੇ ਗੁਣ ਉਜਾਗਰ ਹੁੰਦੇ ਹਨ, ਹੱਥ ਸੁੱਚੇ ਹੁੰਦੇ ਹਨ, ਮਨ ਨਿਰਮਲ ਹੁੰਦਾ ਹੈ, ਆਪਸੀ ਸਨੇਹ
ਵਿਕਸਤ ਤੇ ਪ੍ਰਪੱਕ ਹੁੰਦਾ ਹੈ। ਸੋ ਇਹ ਸਾਰੀ ਖੇਡ ਮਾਨਵੀ ਪ੍ਰੇਮ ਪਿਆਰ ਤੇ ਆਧਾਰਿਤ ਹੈ ਤੇ ਜਿਥੇ ਪਿਆਰ ਹੈ ਉਥੇ ਨਫਰਤ, ਬਖੀਲੀ ਦੀ ਗੁੰਜਾਇਸ਼ ਨਹੀਂ, ਉਥੇ ਸਾਂਝੀਵਾਲਤਾ ਖੁਦ ਬਖੁਦ ਪਣਪਦੀ ਹੈ। ਦਿਆ, ਧਰਮ, ਤਰਸ, ਰਹਿਮ, ਧੀਰਜ, ਸੰਤੋਖ, ਸਬਰ, ਸੰਤੁਸ਼ਟਤਾ, ਨਰਮਦਿਲੀ, ਮੁਲਾਇਮਤਾ, ਸੁਹਿਰਦਤਾ, ਸ਼ੁਭਚਿੰਤਤਾ, ਸੁਸ਼ੀਲਤਾ, ਸਿਦਕਦਿਲੀ, ਮਿਹਰਬਾਨੀ, ਨਿਗਾਹਬਾਨੀ, ਸਹਿਣਸ਼ੀਲਤਾ ਤੇ ਖਿਮਾ ਆਦਿ ਸਾਂਝੀਵਾਲਤਾ ਦੀਆਂ ਬੇਹਤਰੀਨ ਕੜੀਆਂ ਹਨ ਜਿਨ੍ਹਾਂ ਦਾ ਭਰਵਾਂ ਉਲੇਖ ਗੁਰੂ ਗ੍ਰੰਥ ਸਾਹਿਬ ਵਿਚ ਮਿਲਦਾ ਹੈ। ਮਨੁੱਖ ਨੂੰ ਸੁਹਿਰਦ ਬਨਾਉਣ ਲਈ ਹਰ ਇਕ ਇਛਾਈ ਦੇ ਆਪਣੇ ਕਰਮ ਤੇ ਲਛਣ ਹਨ। ਖਿਮਾਂ ਨੂੰ ਹੀ ਲੈ ਲਵੋ, ਇਸ ਦੇ ਸਰੋਵਰ ਵਿਚ ਇਸ਼ਨਾਨ ਕਰਨ ਨਾਲ ਸਭ ਭਟਕਣਾਂ, ਅਸ਼ਾਂਤੀਆਂ, ਚਿੰਤਾਵਾਂ, ਈਰਖਾਵਾਂ, ਬਖੇਲੀਆਂ, ਭਰਮ-ਭੁਲੇਖੇ ਤੇ ਤਣਾਅ ਦੂਰ ਹੋ ਜਾਂਦੇ ਹਨ ਤੇ ਮਨੁੱਖ ਦੂਜੇ ਪ੍ਰਤੀ ਸਦਭਾਵਨਾ ਰੱਖਣ ਲੱਗ ਪੈਂਦਾ ਹੈ ਜੋ ਸਾਂਝੀਵਾਲਤਾ ਦਾ ਸੁਖਾਵਾਂ ਤੇ ਮਜ਼ਬੂਤ ਆਧਾਰ ਹੈ।

ਖਿਮਾ ਗਹੀ (ਗ੍ਰਹਿਣ ਕੀਤੀ) ਸਚੁ ਸੰਚਿਓ ਖਾਇਓ ਅੰਮ੍ਰਿਤੁਨਾਮ॥ ਖਰੀ ਕ੍ਰਿਪਾ ਠਾਕੁਰ ਭਈ ਅਨਦ ਸੂਖ ਬਿਸ੍ਰਾਮ ॥

ਅੰਗ-261

ਆਪਾ ਚੀਨਣ ਨਾਲ ਆਪਣੇ ਬਾਰੇ, ਪ੍ਰਮਾਤਮਾ ਬਾਰੇ ਤੇ ਮਾਨਵ ਸਮਾਜ ਬਾਰੇ ਜਾਣਨ ਦਾ ਅਵਸਰ ਮਿਲਦਾ ਹੈ ਜੋ ਸਾਂਝੀਵਾਲਤਾ ਫੈਲਾਉਣ ਲਈ ਬੜਾ ਵੱਡਾ ਰੋਲ ਅਦਾ ਕਰਦਾ ਹੈ। ਇਸ ਵਿਚ ਕਿਸੇ ਪ੍ਰਕਾਰ ਦੀ ਵੀ ਅਤਿਕਥਨੀ ਨਹੀਂ ਕਿ ਜਿਸ ਨੇ ਆਪਣੇ ਆਪ ਨੂੰ ਜਾਣ ਲਿਆ ਉਸ ਨੇ ਪ੍ਰਮਾਤਮਾ ਨੂੰ ਜਾਣ ਲਿਆ। ਅਜਿਹੀ ਸਥਿਤੀ ਵਿਚ ਸਾਰੀ ਮਨੁੱਖਤਾ ਉਸ ਨੂੰ ਇਕ ਦੂਜੇ ਦਾ ਅਨਿਖੜਵਾਂ ਅੰਗ ਦਿਸੇਗੀ।

ਕਹੁ ਨਾਨਕ ਗੁਰਿ ਖੋਏ ਭਰਮ ॥ ਏਕੋ ਅਲਹੁ ਪਾਰਬ੍ਰਹਮ ॥

ਅੰਗ-897

ਇਹ ਗੱਲ ਵੀ ਆਮ ਮੰਨੀ ਜਾਂਦੀ ਹੈ ਕਿ ਸਭ ਮਾਨਵ ਸ਼ੁਰੂ ਵਿਚ ਇਕੋ ਸਰੋਤ ਤੋਂ ਹੀ ਉਪਜੇ ਹਨ ਇਸ ਲਈ ਸਾਡੀ ਸੋਚ ਵਿਚ ਦੂਜੇ ਪ੍ਰਤੀ ਸੁਹਿਰਦਤਾ ਦਾ ਹੋਣਾ ਅਤੀ ਜ਼ਰੂਰੀ ਹੈ। ਅਲਹਾ ਵੀ ਉਹੀ ਹੈ ਤੇ ਪਾਰਬ੍ਰਹਮ ਵਾਹਿਗੁਰੂ ਵੀ ਉਹੀ, ਅਸੀਂ ਸਾਰੇ ਉਸਦੀ ਸੰਤਾਨ ਹਾਂ, ਫਿਰ ਮਨੁੱਖ ਮਨੁੱਖ ਵਿੱਚ ਤਫਰਕਾ ਕਾਹਦਾ? ਜੇ ਕਰ ਅਜਿਹੀ ਭਾਵਨਾ ਉਜਾਗਰ ਹੋ ਜਾਵੇ ਤਾਂ ਫਿਰ ਇਕ ਅੰਗ ਦੇ ਦੁਖੀ ਹੋਣ ਨਾਲ ਦੂਜਾ ਸੁਖੀ ਨਹੀਂ ਮਹਿਸੂਸ ਕਰ ਸਕੇਗਾ। ਗੁਰੂ ਨਾਨਕ ਦੇਵ ਜੀ ਦਾ ਬਈਂ ਨਦੀ ਵਿਚੋਂ ਨਿਕਲਣ ਸਮੇਂ ਬਿਆਨ ਸੀ ਕਿ ਨਾ ਕੋਈ ਹਿੰਦੂ ਹੈ ਨਾ ਹੀ ਮੁਸਲਮਾਨ ਹੈ। ਜੇਕਰ ਖੁਲ੍ਹੇ ਰੂਪ ਵਿਚ ਇਸ ਦੇ ਅਰਥ ਲਏ ਜਾਣ ਤਾਂ ਉਹ ਇਹ ਨਿਕਲਦੇ ਹਨ ਕਿ ਸਭ ਮਨੁੱਖ ਇਕੋ ਰੂਪ ਹੀ ਹਨ। ਇਹ ਵੰਡੀਆਂ ਫਜ਼ੂਲ ਹਨ ਤੇ ਬਖੇੜੇ ਦੀ ਜੜ੍ਹ ਹਨ। ਜੇਕਰ ਨਾਮ ਜਪਣ, ਕਿਰਤ ਕਰਨ ਤੇ ਵੰਡ ਛਕਣ ਵਰਗੇ ਸੁਨਹਿਰੀ ਅਸੂਲ ਸਾਰੀ ਮਨੁੱਖਤਾ ਵੱਲੋਂ ਅਪਨਾ ਲਏ ਜਾਣ ਤਦ ਆਪਣੇ-ਆਪ ਹੀ ਸਾਂਝੀਵਾਲਤਾ ਦੀ ਧਾਰਨਾ ਪ੍ਰਪੱਕ ਹੁੰਦੀ ਹੈ, ਪਿਆਰ ਵਧਦਾ ਹੈ, ਨਫਰਤ ਤੇ ਟਕਰਾਓ ਮੁਕਦਾ ਹੈ। ਸੱਚਾ ਧਰਮ ਸਾਨੂੰ ਇਸ ਪਾਸੇ ਵੱਲ ਅੱਗੇ ਤੁਰਨ ਦੀ ਪ੍ਰੇਰਨਾ ਕਰਦਾ ਹੈ ਪਰ ਜਿਹੜੇ ਸੁਆਰਥੀ ਜਾਂ ਕੱਟੜ ਭਾਵਨਾ ਵਾਲੇ ਮਨੁੱਖ ਧਰਮ ਦੇ ਨਾਂ ਤੇ ਝਗੜਾ ਕਰਦੇ ਹਨ, ਬਖੇੜ ਪੈਦਾ ਕਰਦੇ ਹਨ ਉਹ ਧਰਮ
ਦੀ ਅਤੀ ਕੋਮਲ ਤੇ ਪਵਿੱਤਰ ਭਾਵਨਾ ਨੂੰ ਬੇਹੱਦ ਠੇਸ ਪਹੁੰਚਾਉਂਦੇ ਹਨ। ਖੁਦਗਰਜ਼ੀ, ਅੰਧ ਵਿਸ਼ਵਸਤਾ ਤੇ ਸਾੜਾ ਧਾਰਮਿਕ ਮਿਲਵਰਤਣ ਵਿਚ ਖਲਲ ਪਾਉਣ ਦੇ ਵੱਡੇ ਕਾਰਨ ਹਨ। ਮਾਇਕ ਪ੍ਰਾਪਤੀਆਂ ਜਾਂ ਨਿੱਜੀ ਚੌਧਰਾਂ ਲਈ ਧਰਮ ਦੀ ਆੜ ਵਿਚ ਆਪਣਾ ਉਲੂ ਸਿੱਧਾ ਕਰਨ ਵਾਲੇ ਮਨੁੱਖ ਮਾਨਵਹਿਤ ਦੇ ਸਹੀ ਦੁਸ਼ਮਣ ਹਨ ਅਤੇ ਸਾਂਝੀਵਾਲਤਾ ਦੇ ਮਹਿਲ ਨੂੰ ਭੰਨਣ ਤੋੜਨ ਦੇ ਪੂਰੇ ਪੂਰੇ ਜ਼ਿੰਮੇਵਾਰ ਹਨ। ਜੇ ਮਨੁੱਖ ਨੇ ਇਸ ਧਰਤੀ ਤੇ ਸੁਖੀ ਸਵਾਦਲਾ ਜੀਵਨ ਬਤੀਤ ਕਰਨਾ ਹੈ ਤਾਂ ਉਸ ਨੂੰ ਇਨ੍ਹਾਂ ਮੰਦਭਾਗੀਆਂ ਰੁਚੀਆਂ ਨੂੰ ਤਿਲਾਂਜ ਕੇ ਸਰਬੱਤ ਦੇ ਭਲੇ ਦੀ ਗੱਲ ਨੂੰ ਅਮਲੀ ਤੌਰ ਤੇ ਵਜ਼ਨ ਦੇਣਾ ਪਵੇਗਾ।

ਯਹੀ ਹੈ ਅਬਾਦਤ ਯਹੀ ਹੈ ਇਮਾਂ, ਕਿ ਕਾਮ ਆਏ ਦੁਨੀਆ ਮੇਂ ਇਨਸਾਂ ਕੋ ਇਨਸਾਂ।

ਇਸ ਲਈ ਹਰ ਇਕ ਨੂੰ ਜੋੜਨ ਦੀ ਕਿਰਿਆ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਤੋੜਨ ਦੀ ਪ੍ਰਵਿਰਤੀ ਤੋਂ ਸੰਕੋਚ ਕਰਨਾ ਚਾਹੀਦਾ ਹੈ। ਗੁਰੂ ਸਾਹਿਬਾਨ ਨੇ ਕਈ ਢੰਗਾਂ ਨਾਲ ਸਾਨੂੰ ਇਹੋ ਉਪਦੇਸ਼ ਦਿੱਤਾ ਹੈ ਕਿ ਕੈਂਚੀ ਦਾ ਰੋਲ ਤਿਲਾਂਜ ਕੇ ਸੂਈ ਧਾਗੇ ਦਾ ਰੋਲ ਫੜੀਏ, ਭਾਵ ਜੋੜਨ ਦੀ ਕਿਰਿਆ ਕਰੀਏ ਤੋੜਨ, ਫੋੜਨ ਜਾਂ ਪਾੜਨ ਦੀ ਨਹੀਂ।

ਸਾਂਝੀਵਾਲਤਾ ਦੇ ਆਸ਼ੇ ਨੂੰ ਮੁੱਖ ਰਖਦਿਆਂ ਹੋਇਆਂ ਜੇ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦੀ ਦਾਤ ਵੰਡੀ ਹੈ ਤਾਂ ਉਹ ਵੀ ਕਿਸੇ ਇਕ ਫਿਰਕੇ ਦੇ ਲੋਕਾਂ ਲਈ ਨਹੀਂ ਸੀ। ਕੋਈ ਆਂਧਰਾ ਦਾ ਵਸਨੀਕ ਪ੍ਰੇਮੀ ਸੀ ਤੇ ਕੋਈ ਪੰਜਾਬ ਦਾ। ਜੇ ਪੰਜ ਪਿਆਰਿਆਂ ਵਿਚੋਂ ਇਕ ਜੱਟ ਜਾਂ ਖੱਤਰੀ ਸੀ ਤਾਂ ਬਾਕੀ ਦੂਜੇ ਹੋਰ ਵਰਨਾਂ ਜਾਤਾਂ ਦੇ ਛੀਂਬੇ, ਨਾਈ ਜਾਂ ਝੀਵਰ ਸਨ। ਨਾਂ ਅਨੁਸਾਰ ਇਹ ਪੰਜ ਪਿਆਰੇ 1. ਦਇਆ 2. ਧਰਮ 3. ਮੋਹਕਮ 4. ਹਿੰਮਤ ਤੇ 5. ਸਾਹਿਬ ਦੇ ਪ੍ਰਤੀਕ ਬਣੇ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਭਿੰਨ ਭਿੰਨ ਇਲਾਕਿਆਂ ਤੇ ਜਾਤਾਂ ਬਰਾਦਰੀਆਂ ਦੇ ਪੰਜ ਮਨੁੱਖਾਂ ਨੂੰ ਸਾਂਝੇ ਬਾਟੇ ਵਿਚ ਅੰਮ੍ਰਿਤ ਛਕਾ ਕੇ ਇਕ ਕਰਨ ਦੀ ਬੜੀ ਲਾਮਿਸਾਲ ਸੇਧ ਦਿੱਤੀ ਤੇ ਅਦੁਤੀ ਨਿਮਰਤਾ ਤੇ ਹਲੀਮੀ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਪੰਜ ਪਿਆਰਿਆਂ ਨੂੰ ਅਰਜ਼ ਕੀਤੀ ਕਿ ਉਹ ‘ਭੇਦ-ਭਾਵ ਮਟਾਉਣ ਤੇ ਚਿੜੀਆਂ ਤੋਂ ਬਾਜ਼ ਤੁੜਾਉਣ ਵਾਲੀ ਅੰਮ੍ਰਿਤ ਦੀ ਦਾਤ’ ਉਨ੍ਹਾਂ ਨੂੰ ਵੀ ਬਖਸ਼ ਕੇ ਕਰਤਾਰਥ ਕਰਨ ਤੇ ਆਪਣੇ ਨਾਲ ਰਲਾ ਲੈਣ। ਗੁਰੂ ਸਾਹਿਬ ਦੇ ਇਸ ਕਰਾਮਾਤੀ ਕਰਮ ਨਾਲ ਸਦੀਆਂ ਦੀਆਂ ਜ਼ਾਤ-ਪਾਤੀ ਜ਼ੰਜੀਰਾਂ ਦੀਆਂ ਕੜੀਆਂ ਟੁੱਟਣ ਲੱਗ ਪਈਆਂ। ਇਵੇਂ ਦੇਸ਼ ਦੇ ਸਮਾਜ ਵਿਚ ਇਕ ਸ਼ਾਨਦਾਰ ਇਨਕਲਾਬ ਆ ਗਿਆ, ਨਵੀਂ ਜਾਗਰਤੀ ਉਭਰੀ ਤੇ ਸਾਂਝੀਵਾਲਤਾ ਦੇ ਉਦੇਸ਼ ਨੂੰ ਅਮਲੀ ਬਲ ਮਿਲਿਆ।

ਇੱਥੇ ਹੀ ਬਸ ਨਹੀਂ ਸਿੱਖ ਕੌਮ ਨਾਲ ਸਬੰਧਤ ਪੰਜ ਤਖਤ ਵੀ ਸਾਰੇ ਭਾਰਤ ਵਿਚ ਸੁਭਾਇਮਾਨ ਹਨ। ਜੇ ਅਕਾਲ ਤਖਤ ਅੰਮ੍ਰਿਤਸਰ ਵਿਖੇ ਸਸ਼ੋਭਿਤ ਹੈ ਤਾਂ ਪਟਨਾ ਸਾਹਿਬ ਦਾ ਤਖਤ ਬਿਹਾਰ ਵਿਚ ਹੈ ਅਤੇ ਤਖਤ ਸ੍ਰੀ ਹਜ਼ੂਰ ਸਾਹਿਬ ਦੱਖਣ ਮਹਾਰਾਸ਼ਟਰ ਵਿਚ ਹੈ। ਇਸੇ ਤਰ੍ਹਾਂ ਇਤਿਹਾਸਕ ਸਿੱਖ ਗੁਰਧਾਮ ਸਾਰੇ ਭਾਰਤ, ਪਾਕਿਸਤਾਨ,
ਅਫ਼ਗ਼ਾਨਿਸਤਾਨ, ਨਿਪਾਲ, ਸਿੱਕਮ, ਭੁਟਾਨ, ਤਿੱਬਤ, ਬਰਮਾ, ਇਰਾਕ, ਚੀਨ, ਸਾਊਦੀ ਅਰਬ, ਰੂਸ ਆਦਿ ਦੇਸ਼ਾਂ ਵਿਚ ਸਥਿਤ ਹਨ ਤੇ ਗੁਰੂ ਸਾਹਿਬਾਨ ਦੇ ਸੱਚ ਪ੍ਰੇਮ, ਸ਼ਾਂਤੀ ਅਤੇ ਭਰਾਤਰੀ ਭਾਵ ਦੇ ਵਿਸ਼ਵ-ਵਿਆਪੀ ਮਿਸ਼ਨ ਦੀ ਸਾਖੀ ਭਰਦੇ ਹਨ। ਸਿੱਖਾਂ ਦੇ ਗੁਰਧਾਮਾਂ ਦੀ ਹੋਂਦ ਹੁਣ ਤਾਂ ਦੁਨੀਆਂ ਦੇ ਲਗਪਗ ਸਾਰੇ ਦੇਸ਼ਾਂ ਵਿਚ ਮੌਜੂਦ ਹੈ ਜਿਥੇ ਕੇਸਰੀ ਨਿਸ਼ਾਨ ਸਾਹਿਬ ਝੁਲ ਝੁਲ ਕੇ ਸਾਰੀ ਮਾਨਵਤਾ ਲਈ ਸਾਂਝੀਵਾਲਤਾ ਦਾ ਪ੍ਰਮਾਣ ਪੇਸ਼ ਕਰ ਰਹੇ ਹਨ।

ਸਿੱਖ ਦਰਸ਼ਨ ਨੇ ਗਰਿਸਥ ਆਸ਼ਰਮ ਵਿਚ ਰਹਿ ਕੇ ਮਾਨਵੀ ਸੇਵਾ ਅਤੇ ਇਕ ਅਕਾਲਪੁਰਖ ਦਾ ਸਿਮਰਨ ਕਰਨ ਦੀ ਜਿਹੜੀ ਤਾਕੀਦ ਕੀਤੀ ਹੈ ਉਸ ਨੂੰ ਬਹੁਤ ਕੰਨਾਂ ਤੱਕ ਪਹੁੰਚਾਉਣ ਲਈ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਸਿੱਖਾਂ ਨੂੰ ਦੇਸ਼ ਦਿਸ਼ਾਂਤਰਾਂ ਦਾ ਭਰਵਾਂ ਰਟਨ ਕਰਨਾ ਪਿਆ। ਇਕੱਲੇ ਗੁਰੂ ਨਾਨਕ ਦੇਵ ਜੀ ਨੇ 24 ਸਾਲ ਇਸ ਕਾਰਜ ਲਈ ਸਰਫ ਕਰਕੇ ਕੋਈ 39 ਹਜ਼ਾਰ ਕਿਲੋਮੀਟਰ ਦੇ ਪੈਦਲ ਸਫਰ ਰਾਹੀਂ ਸਾਂਝੀਵਾਲਤਾ ਦਾ ਪੈਗ਼ਾਮ ਉਸ ਸਮੇਂ ਦੇ ਜਾਗਰਿਤ ਸੰਸਾਰ ਵਿਚ ਲੋਕਾਂ ਦੀਆਂ ਸਥਾਨਿਕ ਭਾਸ਼ਾਵਾਂ ਦੁਆਰਾ ਪਹੁੰਚਾਉਣ ਦੇ ਸਫਲ ਪ੍ਰਯਤਨ ਕੀਤੇ। ਜੇ ਗੁਰੂ ਨਾਨਕ ਦੇਵ ਜੀ ਨੇ ਮਾਨਵ ਜਾਤੀ ਨੂੰ ਨਾਮ ਜਪਣ, ਵੰਡ ਛਕਣ, ਕਿਰਤ ਕਰਨ ਦਾ ਉਪਦੇਸ਼ ਦਿੱਤਾ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾ ਕੇ ਚਿੜੀਆਂ ਤੋਂ ਬਾਜ਼ ਤੁੜਵਾਉਣ ਦੀ ਸ਼ਕਤੀ ਉਨ੍ਹਾਂ ਸਿਦਕਵਾਨਾਂ ਵਿਚ ਭਰ ਦਿੱਤੀ ਜਿਹੜੇ ਨੇਕੀ ਦੀ ਖਾਤਰ, ਦੇਸ਼ ਕੌਮ ਦੀ ਆਨ ਸ਼ਾਨ ਵਾਸਤੇ ਆਪਣਾ ਆਪਾ ਕੁਰਬਾਨ ਕਰ ਦੇਣਾ ਇਕ ਮਾਮੂਲੀ ਗੱਲ ਸਮਝਦੇ ਸਨ। ਇਵੇਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜਿਆ ‘ਖਾਲਸਾ’ ਗੁਰੂ ਜੀ ਦੀ ਬਖਸ਼ਿਸ਼ ਸਦਕਾ ‘ਅਕਾਲਪੁਰਖ ਦੀ ਫੌਜ’ ਬਣ ਗਿਆ ਜਿਹੜਾ ਬਦੀ ਦਾ ਦੁਸ਼ਮਣ ਤੇ ਮਜ਼ਲੂਮ ਦਾ ਰਖਿਅਕ ਬਣਿਆ। ਇਹ ਉੱਚੀ ਸੁੱਚੀ ਸਾਂਝੀਵਾਲਤਾ ਦੀ ਅਮਲੀ ਮਿਸਾਲ ਸੀ। ਸਭ ਤੋਂ ਲਾਮਿਸਾਲ ਕਾਰਨਾਮਾ ਆਦਿ ਗ੍ਰੰਥ ਸਾਹਿਬ ਨੂੰ ਗੁਰਗੱਦੀ ਪ੍ਰਦਾਨ ਕਰਨ ਦਾ ਹੋਇਆ ਜਿਸ ਕਰਕੇ ਸਮੁੱਚੀ ਮਾਨਵਤਾ ਦੇ ਗੁਰੂ, ‘ਸ਼ਬਦ ਗੁਰੂ’ ਸ੍ਰੀ ਗੁਰੂ ਗ੍ਰੰਥ ਸਾਹਿਬ ਬਣੇ ਜਿਨ੍ਹਾਂ ਦਾ ਸਰਬ ਸਾਂਝਾ ਸੰਦੇਸ਼ ਹੈ:

ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥ ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥

ਅੰਗ-853

ਪ੍ਰਮਾਤਮਾ ਦੀ ਅਪਾਰ ਕਿਰਪਾ ਹੋਈ ਤੇ ਨਾਮ ਰੂਪੀ ਗੁਰੂ ਸਾਡਾ ਸਾਰਿਆਂ ਦਾ ਅਗਵਾਈ ਕਰਤਾ ਹੋਇਆ ਜਿਸ ਦੀ ਸਰਦਾਰੀ ਥੱਲੇ ਸਭ ਮੇਰ ਤੇਰ ਮੁੱਕ ਗਈ ਤੇ ਸਾਰੇ ਗੁਰਬਾਣੀ ਉਪਾਸ਼ਕ ਇਕ ਹੋ ਗਏ ਅਤੇ ਗੁਰਬਾਣੀ ਵਿਚਲਾ ਸਾਂਝੀਵਾਲਤਾ ਦਾ ਸੰਦੇਸ਼ ਉਜਾਗਰ ਹੋਣ ਨਾਲ ਹਰ ਪ੍ਰਕਾਰ ਦੇ ਤਫਰਕੇ ਅਤੇ ਦੂਰੀਆਂ ਕਮਜ਼ੋਰ ਪੈਣ ਲਗ ਪਈਆਂ। ਇੰਜ ਜੁੱਗੋ ਜੁਗ ਅਟੱਲ ਸ਼ਬਦ ਗੁਰੂ ਦੀ ਸ਼ਰਨ ਵਿਚ ਆਏ ਸਭ ਮਨੁੱਖ ਇਕ ਸਮਾਨ ਹੋ ਗਏ ਤੇ ਗੁਰੂ ਦੇ ਸਿੱਖ ਲਈ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਬਣ ਗਿਆ ਤੇ ਗਰੀਬ ਭਾਵੇਂ ਕੋਈ ਵੀ ਕਿਉਂ ਨਾ ਹੋਵੇ। ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਭਾਈ ਘਨ੍ਹਈਆ ਜੀ ਨੂੰ ਉਸ ਸਮੇਂ ਸ਼ਾਬਾਸ਼ ਦੇਂਦੇ ਹਨ ਜਦ ਉਨ੍ਹਾਂ ਨੂੰ ਇਹ ਪਤਾ ਲਗਦਾ ਹੈ ਕਿ ਭਾਈ ਸਾਹਿਬ
ਜੰਗ ਵਿਚ ਜ਼ਖਮੀ ਹੋਏ ਦੋਹਾਂ ਧਿਰਾਂ ਦੇ ਸਿਪਾਹੀਆਂ ਨੂੰ ਬਿਨਾਂ ਕਿਸੇ ਭੇਦ ਭਾਵ ਦੇ ਪਾਣੀ ਪਿਲਾਉਂਦੇ ਹਨ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਮਲ੍ਹਮ ਦੀ ਡੱਬੀ ਵੀ ਦਿੱਤੀ ਕਿ ਪਾਣੀ ਪਿਲਾਉਣ ਦੇ ਨਾਲ ਨਾਲ ਉਨ੍ਹਾਂ ਦੇ ਜ਼ਖਮਾਂ ਨੂੰ ਠੀਕ ਕਰਨ ਦਾ ਵੀ ਉਪਰਾਲਾ ਕੀਤਾ ਕਰੋ। ਗੁਰੂ ਸਾਹਿਬ ਦੀ ਉਦਾਰਚਿਤਤਾ ਤੇ ਵਿਸ਼ਾਲ ਚਿੱਤਤਾ ਦਾ ਇਸ ਗੱਲ ਤੋਂ ਵੀ ਪਤਾ ਲਗਦਾ ਹੈ ਕਿ ਸੱਚ ਦੀ ਖਾਤਰ ਜੂਝਣ ਵਾਲੇ ਹਿੰਦੂ, ਮੁਸਲਮਾਨਾਂ ਨੂੰ ਵੀ ਉਨ੍ਹਾਂ ਸਤਿਕਾਰਿਆ ਅਤੇ ਗਲਤ ਕੰਮ ਕਰਨ ਵਾਲੇ ਆਪਣੇ ਮਸੰਦਾਂ ਤੇ ਸਿੱਖਾਂ ਨੂੰ ਵੀ ਨਹੀਂ ਬਖਸ਼ਿਆ। ਉਨ੍ਹਾਂ ਦੀ ਮਹਾਨ ਹਸਤੀ, ਮਹਾਨ ਮਨੁੱਖ ਦੀ ਸਿਰਜਨਾ ਲੋਚਦੀ ਹੈ ਜਿਹੜਾ ਗਰੀਬ ਅਤੇ ਗਰਜ਼ਮੰਦ ਲਈ ਦਿਆ ਦੀ ਮੂਰਤੀ ਹੋਵੇ, ਜਿਹੜਾ ਦੀਨ ਦੁਖੀ ਲਈ ਢਾਲ ਹੋਵੇ ਤੇ ਜ਼ਾਲਮ ਲਈ ਤਲਵਾਰ । ਇਸ ਤਰ੍ਹਾਂ ਉਹ ਸੰਤ-ਸਿਪਾਹੀ ਦੇ ਸਿਰਜਣਹਾਰ ਬਣੇ ਜਿਸ ਦੀ ਬਿਰਤੀ ਕਰਤਾਰ ਵੱਲ ਤੇ ਹੱਥ ਕਾਰ ਵਿਹਾਰ ਵੱਲ ਕਰਮਸ਼ੀਲ ਹੋਣੇ ਚਾਹੀਦੇ ਹਨ। ਇਲਾਕੇ, ਫਿਰਕਿਆਂ ਦੇ ਤੰਗਦਿਲ ਹੱਦ ਬੰਨੇ, ਸਿੱਖ ਗੁਰੂ ਸਾਹਿਬਾਨ ਦੇ ਮਨਸੂਬਿਆਂ ਲਈ ਕਦੀ ਵੀ ਰੁਕਾਵਟ ਨਹੀਂ ਸੀ ਬਣ ਸਕੇ। ਗੁਰੂ ਗੋਬਿੰਦ ਸਿੰਘ ਜੀ ਦਾ ਨੀਲਾ ਘੋੜਾ ਖੁੱਲ੍ਹੇ ਨੀਲੇ ਗਗਨ ਦੀ ਵਿਸ਼ਾਲਤਾ ਦੇ ਪ੍ਰਤੀਕ ਚਿੰਨ੍ਹ ਦੇ ਰੂਪ ਵਿਚ ਸਾਹਮਣੇ ਆਇਆ ਜਿਹੜਾ ਗੁਰੂ ਦੇ ਸਿੱਖ ਦੇ ਵਿਸ਼ਾਲ ਹਿਰਦੇ ਦੀ ਤਰਜਮਾਨੀ ਕਰਦਾ ਹੈ ਅਤੇ ਸਫ਼ੈਦ ਬਾਜ ਉਸ ਅਥਾਹ ਸ਼ਕਤੀ ਦਾ ਅਲੰਬਰਦਾਰ ਬਣਿਆ ਜਿਸ ਦਾ ਗੁਰੂ ਦਾ ਸਿੱਖ, ਗੁਰੂ ਦੀ ਕਿਰਪਾ ਸਦਕਾ ਧਾਰਨੀ ਹੋਇਆ ਹੈ। ਪਰ ਨਾਲ ਹੀ ਬਾਜ਼ ਦਾ ਸਫ਼ੈਦ ਰੰਗ ਸਪੱਸ਼ਟ ਰੂਪ ਵਿਚ ਸਾਨੂੰ ਤਾਕੀਦ ਕਰਦਾ ਹੈ ਕਿ ਇਹ ਸ਼ਕਤੀ ਅਮਨ, ਭਰਾਤਰੀ ਭਾਵ, ਸਾਂਝੀਵਾਲਤਾ, ਨੇਕ ਕਰਮੀ ਤੇ ਉੱਚ ਆਦਰਸ਼ਾਂ ਦੀ ਕਾਇਮੀ-ਦਾਇਮੀ ਲਈ ਹੀ ਸਰਫ ਕਰਨੀ ਹੈ ਅਤੇ ਇਹ ਚੰਡਾਲੀ, ਚੰਗੇਜ਼ੀ ਤੇ ਔਰੰਗਜ਼ੇਬੀ ਅੱਤਿਆਚਾਰਾਂ ਲਈ ਵਰਤੀ ਜਾਣੀ ਕਦਾਚਿਤ ਵੀ ਪ੍ਰਵਾਨ ਨਹੀਂ। ਇਸ ਤਰ੍ਹਾਂ ਗੁਰ ਆਸ਼ੇ ਅਨੁਸਾਰ ਜੀਵਨ ਬਤੀਤ ਕਰਨ ਵਾਲਾ ਗੁਰਸਿੱਖ, ਸ਼ਮਸ਼ੀਰ ਦਾ ਧਨੀ, ਕਿਰਦਾਰ ਦਾ ਧਨੀ, ਗੁਫਤਾਰ ਦਾ ਧਨੀ ਤੇ ਵਿਹਾਰ ਦਾ ਧਨੀ ਹੋ ਕੇ ਉਭਰਦਾ ਹੈ ਜਿਸ ਦੀ ਜ਼ਿੰਦਗੀ ਦਾ ਮਨੋਰਥ ਮਨੁੱਖੀ ਬਰਾਦਰੀ ਨੂੰ ਇਕ ਦੂਜੇ ਦੇ ਹਿਤਕਾਰੀ ਬਣਾਉਣਾ ਹੈ ਅਤੇ ਪ੍ਰਸਪਰ ਪਿਆਰ ਸਾਂਝ ਪਵਾ ਕੇ ਇਕ ਦੂਜੇ ਦੇ ਨੇੜੇ ਕਰਨਾ ਹੈ।

ਇਸ ਲਈ ਸੰਖੇਪ ਵਿਚ ਇਹੀ ਕਿਹਾ ਜਾ ਸਕਦਾ ਹੈ ਕਿ ਸਿੱਖ ਗੁਰੂ ਸਾਹਿਬਾਨ ਵੱਲੋਂ 239 ਸਾਲ ਦੀ ਨਿਰੰਤਰ ਟਰੇਨਿੰਗ ਮਗਰੋਂ ਦੱਸੀ ਜੀਵਨ ਜਾਚ ਕਿਸੇ ਇਕ ਫਿਰਕੇ, ਬਰਾਦਰੀ ਲਈ ਨਹੀਂ ਸਗੋਂ ਸਮੂਹ ਮਖਲੂਕਾਤ ਲਈ ਹੈ ਅਤੇ ਗੁਰੂ ਗ੍ਰੰਥ ਸਾਹਿਬ ਇਸ ਮਖਲੂਕਾਤ ਦੀ ਸਰਬਪੱਖੀ ਰਹਿਨੁਮਾਈ ਲਈ ‘ਸ਼ਬਦ ਗੁਰੂ’ ਦੇ ਰੂਪ ਵਿਚ ਜੁਗੋ ਜੁਗੋ ਅਟੱਲ ਹਨ ਜੋ ਸਰਬੱਤ ਦੇ ਭਲੇ ਲਈ ਸਰਗਰਮ ਰਹਿਣ ਵਿਚ ਸਾਡੀ ਅਗਵਾਈ ਕਰਦੇ ਹਨ। ਸਾਨੂੰ ਇਸ ਗੱਲ ਦਾ ਪੂਰਾ ਅਹਿਸਾਸ ਹੈ ਕਿ ਸਰਬੱਤ ਦੇ ਭਲੇ ਵਿਚ ਹੀ ਸਾਡਾ ਆਪਣਾ ਭਲਾ ਸੁਰੱਖਿਅਤ ਹੈ ਤੇ ਇਸ ਸਰਬੱਤ ਦੇ ਭਲੇ ਦੀ ਭਾਵਨਾ ਦੀ ਆਧਾਰ ਪੰਗਤੀ ਹੈ :

ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥

ਅੰਗ-97

ਸ. ਸਰੂਪ ਸਿੰਘ ਅਲੱਗ