1 views 14 secs 0 comments

ਸੰਤ ਭਿੰਡਰਾਂਵਾਲਿਆਂ ਦੀ ਆਖ਼ਰੀ ਇੰਟਰਵੀਊ

ਲੇਖ
June 02, 2026

੩ ਜੂਨ, ੧੯੮੪

ਅੱਜ ਬਾਕੀ ਪੱਤਰਕਾਰ ਸਾਥੀਆਂ ਨਾਲ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਗਏ। ਕਰਫਿਊ ਵਿਚ ਸਵੇਰੇ ੯ ਵਜੇ ਤੋਂ ੧੧ ਵਜੇ ਢਿਲ ਦਿੱਤੀ ਗਈ ਸੀ । ਅੱਜ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਸੀ ਪਰ ਦਹਿਸ਼ਤ ਅਤੇ ਕਰਫ਼ਿਊ ‘ਚ ਦਿੱਤੀ ਗਈ ਢਿਲ ਬਾਰੇ ਬਹੁਤ ਲੋਕਾਂ ਨੂੰ ਪਤਾ ਨਾ ਹੋਣ ਕਰ ਕੇ ਬਹੁਤ ਹੀ ਘੱਟ ਸੰਗਤਾਂ ਸ੍ਰੀ ਦਰਬਾਰ ਸਾਹਿਬ ਆਈਆਂ ।

ਅਸੀਂ ਸੰਤ ਲੌਂਗੋਵਾਲ ਅਤੇ ਸਰਦਾਰ ਟੌਹੜਾ ਨੂੰ ਮਿਲੇ । ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ‘ਤੇ ਪਹਿਲੀ ਜੂਨ ਨੂੰ ਲੱਗੀਆਂ ਗੋਲੀਆਂ ਦੇ ਨਿਸ਼ਾਨ ਸੰਭਾਲ ਕੇ ਰੱਖੇ ਜਾਣਗੇ ਕਿਉਂਕਿ ਇਹ ਇਤਿਹਾਸ ਦਾ ਹਿੱਸਾ ਹਨ। ਸਰਦਾਰ ਟੌਹੜਾ ਨੇ ਕਿਹਾ ਹਰ ਸਿੱਖ ਇਨ੍ਹਾਂ ਗੋਲੀਆਂ ਦਾ ਬਦਲਾ ਲਏਗਾ । ਸੰਤ ਜੀ ਨੇ ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਮੋਰਚਾ ਵਾਪਸ ਲੈਣ ਲਈ ਕੀਤੀ ਗਈ ਅਪੀਲ ਰੱਦ ਕਰ ਦਿੱਤੀ।

ਅੱਜ ਕੰਪਲੈਕਸ ਦੇ ਸਾਰੇ ਟੈਲੀਫੂਨ “ਡੈੱਡ” ਪਏ ਸਨ-ਸ਼ਾਇਦ ਕੱਟ ਦਿਤੇ ਗਏ ਸਨ ।

ਇਧਰੋਂ ਵਿਹਲੇ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੰਤ ਭਿੰਡਰਾਂਵਾਲਿਆਂ ਵੱਲ ਗਏ । ਉਨ੍ਹਾਂ ਵਿਚ ਪਹਿਲਾਂ ਵਾਲੀ ਠਾਠ ਬਾਠ ਨਹੀਂ ਸੀ, ਉਦਾਸ ਸਨ । ਕਮਰੇ ਵਿਚ ਇਕ ਸਨਾਟਾ ਛਾਇਆ ਹੋਇਆ ਸੀ । ਸੰਤ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਆਨ ਦਿੱਤਾ, “ਸਾਨੂੰ ਭਰੋਸੇ ਯੋਗ ਵਸੀਲਿਆਂ ਤੋਂ ਖ਼ਬਰ ਮਿਲੀ ਹੈ ਕਿ ਸਰਕਾਰ ਕਲ੍ਹ ੪ ਜੂਨ ਨੂੰ ਸਾਨੂੰ ਹਥਿਆਰ ਜਮ੍ਹਾਂ ਕਰਾਉਣ ਲਈ ੨੪ ਘੰਟੇ ਦਾ ਨੋਟਿਸ ਦੇਵੇਗੀ ਅਤੇ ੫ ਜੂਨ ਨੂੰ ਅੰਮ੍ਰਿਤਸਰ, ਗੁਰਦਾਸਪੁਰ ਅਤੇ ਫ਼ੀਰੋਜ਼ਪੁਰ ਦੇ ਸਾਰੇ ਗੁਰਦੁਆਰਿਆਂ ‘ਤੇ ਹਮਲਾ ਕਰੇਗੀ।” ਸੰਤ ਜੀ ਨੇ ਸਿੰਘਾਂ ਨੂੰ ਅਪੀਲ ਕੀਤੀ ਕਿ ਆਪਣੇ ਹਥਿਆਰ ਨਹੀਂ ਦੇਣੇ ।

ਇਸ ਉਪਰੰਤ ਅਸੀਂ ਸ੍ਰੀ ਦਰਬਾਰ ਸਾਹਿਬ ਦੀਆਂ ਦੀਵਾਰਾਂ ਅਤੇ ਸੁਨਹਿਰੀ ਗੁਬੰਦ ‘ਤੇ ਲੱਗੀਆਂ ਗੋਲੀਆਂ ਦੇ ਨਿਸ਼ਾਨ ਵੇਖੇ । ਕਈ ਥਾਵਾਂ ਤੇ ਇਨ੍ਹਾਂ ਨਿਸ਼ਾਨਾਂ ਦੁਆਲੇ ਲਾਲ ਰੰਗ ਨਾਲ ਗੋਲ ਦਾਇਰੇ ਲਾ ਕੇ “੧ ਜੂਨ ੧੯੮੪” ਲਿਖ ਦਿੱਤਾ ਗਿਆ ਸੀ ।

ਢਾਈ ਤਿੰਨ ਵਜੇ ਬਾਕੀ ਪੱਤਰਕਾਰ ਚਲੇ ਗਏ । ਮੈਂ ਕੰਪਲੈਕਸ ਵਿਚ ਆਪਣੇ ਘਰ ਆ ਗਿਆ । ਖਾਣਾ ਅਸੀਂ ਗੁਰੂ ਨਾਨਕ ਨਿਵਾਸ ਹੀ ਖਾ ਆਏ ਸੀ । ਥੋੜ੍ਹੀ ਦੇਰ ਲਈ ਮੈਂ ਸੌਂ ਗਿਆ। ਮੇਰਾ ਸਾਥੀ ਪੱਤਰਕਾਰ ਪੀ. ਪੀ. ਐਸ. ਗਿੱਲ ਮੈਨੂੰ ਕਹਿ
ਗਿਆ ਸੀ ਕਿ “ਕੰਮ ਤਾਂ ਬਹੁਤਾ ਹੈ ਨਹੀਂ, ਕਰਫ਼ਿਊ ਲੱਗਾ ਹੈ—ਤੂੰ ਨਾ ਆਈ। ਮੈਂ ਸਾਰੀਆਂ ਖ਼ਬਰਾਂ ਆਪੇ ਭੇਜ ਲਵਾਂਗਾ ।”

ਪੰਜ ਕੁ ਵਜੇ ਮੈਂ ਉਠਿਆ । ਗਿੱਲ ਨੂੰ ਫੋਨ ਕਰਕੇ ਪੁੱਛਿਆ ਕਿ “ਕਰਫਿਊ ਵਿਚ ਸ਼ਾਮੀਂ ੫ ਤੋਂ ੯ ਵਜੇ ਤੱਕ ਢਿਲ ਹੈ, ਮੈਂ ਦਫ਼ਤਰ ਆਵਾਂ ?” ਉਸ ਨੇ ਦਸਿਆ ਕਿ “ਮੈਂ ਕੰਮ ਲਗਭਗ ਮੁਕਾ ਲਿਆ ਹੈ । ਤੂੰ ਇਕ ਕੰਮ ਕਰ, ਦਿੱਲੀ ਤੋਂ ਦੋ ਪੱਤਰਕਾਰ ਆਏ ਹਨ, ਜੋ ਸਾਡੇ ਹੀ ਵਿਸ਼ੇਸ਼ ਪ੍ਰਤੀਨਿਧ ਸ੍ਰੀ ਡੀ. ਆਰ. ਆਹੂਜਾ ਤੋਂ ਖਤ ਲੈ ਕੇ ਆਏ ਹਨ। ਤੂੰ ਦੋਵਾਂ ਨੂੰ ਸੰਤਾਂ ਨਾਲ ਮਿਲਾ ਦੇ ਅਤੇ ਪਹਿਲੀ ਜੂਨ ਦੀਆਂ ਲੱਗੀਆਂ ਗੋਲੀਆਂ ਦੇ ਨਿਸ਼ਾਨ ਵੀ ਵਿਖਾ ਦੇ ।” ਮੈਂ ਜਵਾਬ ਦਿੱਤਾ, “ਉਨ੍ਹਾਂ ਨੂੰ ਮੇਰੇ ਪਾਸ ਭੇਜ ਦਿਓ ।” ਮੈਂ ਹਾਲੇ ਤਿਆਰ ਹੀ ਹੋ ਰਿਹਾ ਸਾਂ ਕਿ ਟਾਈਮਜ਼ ਆਫ਼ ਇੰਡੀਆ ਦੇ ਸੁਭਾਸ਼ ਕਿਰਪੇਕਰ ਅਤੇ ਲੰਡਨ ਗਾਰਡੀਅਨ ਦੇ ਸ੍ਰੀ ਅਜੈ ਬੋਸ ਮੇਰੇ ਘਰ ਹੀ ਆ ਗਏ। (ਸੁਭਾਸ਼ ਦਾ ਕਹਿਣਾ ਗਲਤ ਹੈ ਕਿ ਉਹ ਸੰਤ ਭਿੰਡਰਾਂਵਾਲਿਆਂ ਨੂੰ ਮਿਲਣ ਵਾਲਾ ਆਖ਼ਰੀ ਪੱਤਰਕਾਰ ਹੈ।) ਇਨ੍ਹਾਂ ਦੋਨਾਂ ਨੂੰ ਨਾਲ ਲੈ ਕੇ ਮੈਂ ਸ੍ਰੀ ਦਰਬਾਰ ਸਾਹਿਬ ਗਿਆ । ਪਹਿਲਾਂ ਉਨ੍ਹਾਂ ਨੂੰ ਦਰਸ਼ਨੀ ਡਿਉੜੀ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗੀਆਂ ਗੋਲੀਆਂ ਦੇ ਨਿਸ਼ਾਨ ਦਿਖਾਏ । ਉਨ੍ਹਾਂ ਫੋਟੋ ਖਿੱਚੇ । ਕਈ ਸ਼ਰਧਾਲੂਆਂ ਤੋਂ ਪਹਿਲੀ ਤਾਰੀਖ ਦੇ ਹਮਲੇ ਦਾ ਪ੍ਰਤੀਕਰਮ ਪੁੱਛਿਆ । ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਗਏ । ਪੌੜੀਆਂ ਚੜ੍ਹਣ ਵੇਲੇ ਭਿੰਡਰਾਂਵਾਲਿਆਂ ਦੇ ਖੜ੍ਹੇ ਪਹਿਰੇਦਾਰਾਂ ਨੇ ਸਾਡੀ ਸਭ ਦੀ ਬੁਰੀ ਤਰ੍ਹਾਂ ਤਲਾਸ਼ੀ ਲਈ । ਮੇਰੀ ਪੱਗ ਵੀ ਵੇਖੀ ਕਿ ਇਥੇ ਕੁਝ ਲੁਕਾਇਆ ਤਾਂ ਨਹੀਂ ਬਿਲਕੁਲ ਉਸੇ ਤਰ੍ਹਾਂ ਜਿਵੇਂ ਸੀ. ਆਰ. ਪੀ. ਅੱਜ ਕਲ੍ਹ ਸਿੱਖਾਂ ਦੀ ਤਲਾਸ਼ੀ ਲੈ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੀ ਹੈ । ਕੈਮਰੇ ਖੁਲ੍ਹਵਾ ਕੇ ਵੇਖੇ । ਮੈਨੂੰ ਆਪਣੇ ਇਕ ਪੱਤਰਕਾਰ ਸਾਥੀ ਮਹਿੰਦਰ ਸਿੰਘ ਦੀ ਗੱਲ ਯਾਦ ਆਈ । ਉਸ ਨੂੰ ਕਿਸੇ ਨੇ ਕਿਹਾ ਸੀ, “ਦਰਬਾਰ ਸਾਹਿਬ ਦੇ ਬਾਹਰ ਇੰਦਰਾ ਦੀ ਸੀ. ਆਰ. ਪੀ. ਖੜ੍ਹੀ ਹੈ ਅਤੇ ਅੰਦਰ ਭਿੰਡਰਾਂਵਾਲੇ ਦੀ । ਦੋਵੇਂ ਸੰਗਤਾਂ ਨੂੰ ਪ੍ਰੇਸ਼ਾਨ ਕਰਦੇ ਹਨ।” ਮਹਿੰਦਰ ਇਹ ਗੱਲ ਸੰਤ ਜੀ ਨੂੰ ਦੱਸ ਵੀ ਆਇਆ ਸੀ, ਤੇ ਕਿਹਾ ਸੀ, “ ਆਪਣੇ ਬੰਦਿਆਂ ਨੂੰ ਕਹੋ ਜ਼ਰਾ ਆਪਣਾ ਰਵੱਈਆ ਠੀਕ ਕਰਨ ।” 95

ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਗਏ। ਸੰਤ ਜੀ ੨੦-੨੫ ਸਿੰਘਾਂ ਨੂੰ ਭਾਸ਼ਣ ਦੇ ਰਹੇ ਸਨ ਅਤੇ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਰੋਕਣ ਲਈ ਉਨ੍ਹਾਂ ਨੂੰ ਪ੍ਰੇਰਣਾ ਦੇ ਰਹੇ ਸਨ । ਇਤਨੀ ਦੇਰ ਨੂੰ ਹਰਮਿੰਦਰ ਸਿੰਘ ਸੰਧੂ (ਸੰਧੂ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦਾ ਜਨਰਲ ਸਕੱਤਰ ਸੀ, ਉਹ ਜਨਵਰੀ ੧੯੯੦ ਵਿਚ ਖਾੜਕੂਆਂ ਹੱਥੋਂ ਆਪਣੇ ਹੀ ਘਰ ਮਾਰਿਆ ਗਿਆ ਸੀ) ਮਿਲ ਗਿਆ । ਪੱਤਰਕਾਰ ਉਸ ਦੀ ਇੰਟਰਵਿਊ ਲੈਣ ਲੱਗੇ । ਸੰਧੂ ਨੇ ਪੰਜਾਬ ਵਿਚ ਫ਼ੌਜ ਭੇਜਣ ਦੀ ਨਿਖੇਧੀ ਕੀਤੀ । ਇਕ ਸਵਾਲ ਦੇ ਜਵਾਬ ਵਿਚ ਉਸ ਨੇ ਕਿਹਾ ਕਿ, “ਜੇਕਰ ਦੋਹਾਂ ਸੰਤਾਂ ਦੀ ਨਿੱਜੀ ਤੌਰ ਤੇ ਏਕਤਾ ਨਹੀਂ ਹੋ ਸਕਦੀ ਤਾਂ ਪੰਥ ਦੇ ਭਲੇ ਲਈ ਮਾਨਸਿਕ ਏਕਤਾ ਤਾਂ ਹੋ ਸਕਦੀ ਹੈ ।” ਅੱਜ ਤੋਂ ਪਹਿਲਾਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ
ਦੀ, ਵਿਸ਼ੇਸ਼ ਕਰਕੇ ਸੰਤ ਲੌਂਗੋਵਾਲ ਦੀ ਬੁਰੀ ਤਰ੍ਹਾਂ ਨੁਕਤਾਚੀਨੀ ਕਰਦਾ ਰਿਹਾ ਸੀ । ਅੱਜ ਉਸ ਦੇ ਰਵੱਈਏ ਵਿਚ ਹੈਰਾਨਕੁਨ ਤਬਦੀਲੀ ਸੀ ।

ਪੱਤਰਕਾਰ ਫਿਰ ਸੰਤ ਭਿੰਡਰਾਂਵਾਲਿਆਂ ਨੂੰ ਮਿਲੇ । ਸੰਧੂ ਨੇ ਦੋ-ਭਾਸ਼ੀਏ ਦਾ

ਕੰਮ ਕੀਤਾ । ਸਵਾਲ ਜਵਾਬ ਇਸ ਤਰ੍ਹਾਂ ਸਨ-

? ਪੰਜਾਬ ਵਿਚ ਫ਼ੌਜ ਭੇਜਣ ਬਾਰੇ ਤੁਹਾਡਾ ਪ੍ਰਤੀਕਰਮ ?

* ਇਹ ਸਿੱਖਾਂ ਨੂੰ ਦਬਾਉਣ ਲਈ ਭੇਜੀ ਗਈ ਹੈ ।

? ਸੀ. ਆਰ. ਪੀ. ਤੇ ਫ਼ੌਜ ਵਿਚ ਕੋਈ ਫ਼ਰਕ ?

* ਕੋਈ ਫ਼ਰਕ ਨਹੀਂ-ਸਿਰਫ਼ ਨਾਂ ਦਾ ਹੀ ਫ਼ਰਕ ਹੈ-ਸੀ. ਆਰ. ਪੀ. ਵੀ ਸਿੱਖਾਂ ਨੂੰ ਦਬਾ ਰਹੀ ਹੈ, ਇਹ ਵੀ ਦਬਾਉਣਗੇ ।

? ਦਰਬਾਰ ਸਾਹਿਬ ‘ਤੇ ਪਹਿਲੀ ਜੂਨ ਨੂੰ ਲੱਗੀਆਂ ਗੋਲੀਆਂ ਦੇ ਨਿਸ਼ਾਨ ਵੇਖੇ ਹਨ-ਕੀ ਹੁਣ ਇਸ ਦੀ ਪ੍ਰਤੀਕ੍ਰਿਆ ਹੋਏਗੀ ?

* ਸਿੱਖ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਬਿਲਕੁਲ ਨਹੀਂ ਸਹਾਰ ਸਕਦੇ, ਇਸ ਦੀ ਪ੍ਰਤੀਕਿਰਿਆ ਜ਼ਰੂਰ ਹੋਏਗੀ ।

? ਕੀ ਹੁਣ ਸਿੱਖ ਭਾਰਤ ਵਿਚ ਰਹਿ ਸਕਦੇ ਹਨ ?

* ਬਰਾਬਰ ਦੇ ਸ਼ਹਿਰੀ ਬਣ ਕੇ ਹੀ ਰਹਿ ਸਕਦੇ ਹਨ ।

? ਕੀ ਸਿੱਖ ਭਾਰਤ ਨਾਲ ਰਹਿ ਸਕਦੇ ਹਨ ?

* ਸੱਚੀ ਗੱਲ ਹੈ ਕਿ ਹੁਣ ਰਹਿਣਾ ਔਖਾ ਹੈ ।

? ਕੀ ਤੁਸੀਂ ਅਕਾਲੀ ਲੀਡਰਸ਼ਿਪ ਤੋਂ ਸੰਤੁਸ਼ਟ ਹੋ ?

* ਇਸ ਬਾਰੇ ਕੁਝ ਨਹੀਂ ਕਹਿਣਾ।

? ਰੱਬ ਨਾ ਕਰੇ, ਜੇ ਤੁਹਾਡੀ ਮੌਤ ਹੋ ਜਾਏ ਤਾਂ ਤੁਹਾਡਾ ਉਤਰਾਧਿਕਾਰੀ ਕੌਣ ਹੋਏਗਾ ?

* ਸਾਡੇ ਵਿਚ ਵੋਟਾਂ ਦਾ ਰਿਵਾਜ ਨਹੀਂ ਹੈ। ਜੋ ਵਿਅਕਤੀ ਯੋਗ ਹੋਏਗਾ, ਜਥੇ ਵਾਲੇ ਉਸ ਨੂੰ ਚੁਣ ਲੈਣਗੇ ।

? ਕੀ ਤੁਸੀਂ ਵਿਦੇਸ਼ਾਂ ਤੋਂ ਆਪਣੇ ਮਿਸ਼ਨ ਦੀ ਪੂਰਤੀ ਲਈ ਮਦਦ ਲਓਗੇ ?

* ਸਿੱਖਾਂ ਦੇ ਹੱਕਾਂ ਲਈ ਜੇ ਕੋਈ ਦੇਸ਼ ਮਦਦ ਦੇਵੇਗਾ ਤਾਂ ਜ਼ਰੂਰ ਲਵਾਂਗੇ।

ਇਕ ਸਵਾਲ ਦੇ ਜਵਾਬ ਵਿਚ ਸੰਤ ਜੀ ਨੇ ਕਿਹਾ ਕਿ ਪਹਿਲੀ ਜੂਨ ਨੂੰ ਉਨ੍ਹਾਂ ਦੇ ਕਿਸੇ ਮੈਂਬਰ ਨੇ ਗੋਲੀ ਨਹੀਂ ਚਲਾਈ, ਜਦੋਂ ਪੁੱਛਿਆਂ ਗਿਆ “ਕਿਉਂ” ਤਾਂ ਕਿਹਾ “ਸਿੰਘ ਸਾਹਿਬਾਨ ਨੂੰ ਪੁਛੇ।” (ਸਿੰਘ ਸਾਹਿਬਾਨ ਨੇ ਇਕ ਅਪੀਲ ਰਾਹੀਂ ੩੦ ਅਪ੍ਰੈਲ ਨੂੰ ਕੰਪਲੈਕਸ ਅੰਦਰ ਗੋਲੀ ਚਲਾਉਣੀ ਤੇ ਤਸ਼ੱਦਦ ਕਰਨਾ ਮਨ੍ਹਾਂ ਕਰ ਦਿੱਤਾ ਸੀ-ਲੇਖਕ)

? ਕੀ ਤੁਸੀਂ ਸਿੰਘ ਸਾਹਿਬਾਨ ਦੇ ਕਲ ਦੇ ਆਦੇਸ਼ ਨਾਲ ਸਹਿਮਤ ਹੋ ਕਿ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਤੇ ਹੱਲਾ ਬੋਲ ਦਿੱਤਾ ਹੈ, ਦੁਸ਼ਟਾਂ ਦਾ ਨਾਸ਼ ਕਰ ਦਿਓ ?

* ਪੂਰੀ ਤਰ੍ਹਾਂ ਸਹਿਮਤ ਹਾਂ।
* ਇਕ ਹੋਰ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸਿੱਖ ਭਾਰਤ ਵਿਚ ਗੁਲਾਮ ਹਨ-ਅਸੀਂ ਗੁਲਾਮੀ ਦੀਆਂ ਜੰਜ਼ੀਰਾਂ ਕੱਟਣੀਆਂ ਹਨ ।

ਉਸ ਸਮੇਂ ਸੰਤ ਜੀ ਪਾਸ ਭਾਈ ਅਮਰੀਕ ਸਿੰਘ, ਭਾਈ ਰਛਪਾਲ ਸਿੰਘ, ਜਨਰਲ ਸੁਬੇਗ ਸਿੰਘ ਤੇ ਗਿਆਨੀ ਪੂਰਨ ਸਿੰਘ ਵੀ ਬੈਠੇ ਸਨ । ਸੰਤ ਜੀ ਨੇ ਜਨਰਲ ਸੁਬੇਗ ਸਿੰਘ ਦੀ ਪੱਤਰਕਾਰਾਂ ਨਾਲ ਜਾਣ ਪਛਾਣ ਕਰਾਈ ਤੇ ਦੱਸਿਆ, “ਇਨ੍ਹਾਂ ਨੇ ਮੁਕਤੀ ਬਾਹਨੀ ਫ਼ੌਜ ਬਣਾਈ ਸੀ ਅਤੇ ਬੰਗਲਾ ਦੇਸ਼ ਆਜ਼ਾਦ ਕਰਵਾਇਆ ਸੀ ।”

ਪੱਤਰਕਾਰਾਂ ਨੇ ਜਨਰਲ ਸਾਹਿਬ ਤੋਂ ਵੀ ਕਈ ਸਵਾਲ ਪੁਛੇ । ਜਨਰਲ ਸੁਬੇਗ ਸਿੰਘ ਨੇ ਕਿਹਾ, “ਜੇਕਰ ਜਨਰਲ ਸਪੈਰੋ ਕਾਂਗਰਸ ‘ਚ ਸ਼ਾਮਲ ਹੋ ਸਕਦਾ ਹੈ ਤਾਂ ਮੈਂ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਕਿਉਂ ਨਹੀਂ ਹੋ ਸਕਦਾ।” ਉਨ੍ਹਾਂ ਕਿਹਾ ਕਿ “ਉਹ ਆਪਣੇ ਦੇਸ਼ ਲਈ ਅਨੇਕਾਂ ਲੜਾਈਆਂ ਲੜੇ ਹਨ। ਹੁਣ ਆਪਣੇ ਧਰਮ ਤੇ ਧਾਰਮਿਕ ਉੱਚ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਲਈ ਜਾਨ ਵਾਰ ਦਿਆਂਗਾ।” (ਜੋ ਉਨ੍ਹਾਂ ਸੱਚਮੁਚ ਵਾਰ ਦਿੱਤੀ)

ਇਤਨੇ ਨੂੰ ਕੁਝ ਸਿੰਘ ਲਾਗਲੀਆਂ ਉੱਚੀਆਂ ਇਮਾਰਤਾਂ ਤੇ ਪੋਜ਼ੀਸ਼ਨਾਂ ਲੈ ਕੇ ਬੈਠੇ ਫ਼ੌਜੀਆਂ ਨੂੰ ਦੂਰਬੀਨ ਨਾਲ ਵੇਖਣ ਲੱਗੇ । ਜਨਰਲ ਸੁਬੇਗ ਸਿੰਘ ਉਨ੍ਹਾਂ ਤੋਂ ਦੂਰਬੀਨ ਲੈ ਕੇ ਆਪ ਵੇਖਣ ਲੱਗੇ। ਅਸੀਂ ਵਾਪਸ ਆ ਗਏ ।

ਉਦੋਂ ਅਸੀਂ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਸੰਤ ਜੀ ਨਾਲ ਸਾਡੀ ਇਹ ਆਖ਼ਰੀ ਮੁਲਾਕਾਤ ਹੈ।

ਮੈਂ ਘਰ ਆਇਆ । ਟੀ. ਵੀ. ਤੇ ਖ਼ਬਰਾਂ ਆ ਰਹੀਆਂ ਸਨ। ਮੁੱਖ ਖ਼ਬਰਾਂ ਮੈਂ ਨਾ ਸੁਣ ਸਕਿਆ ਪਰ ਇਹ ਜ਼ਰੂਰ ਸੁਣਿਆ ਕਿ ਸਾਰੇ ਪੰਜਾਬ ਵਿਚ ੩੬ ਘੰਟੇ ਦਾ ਕਰਫ਼ਿਊ ੯ ਵਜੇ ਲੱਗ ਰਿਹਾ ਹੈ। ਇਸ ਦੌਰਾਨ ਪੰਜਾਬ ਵਿਚ ਹਰ ਤਰ੍ਹਾਂ ਦੀਆਂ ਗੱਡੀਆਂ, ਬੱਸਾਂ-ਇਥੋਂ ਤਕ ਕਿ ਬੈਲ ਗੱਡੀਆਂ ਤੇ ਸਾਈਕਲਾਂ ਦੇ ਚਲਣ ‘ਤੇ ਵੀ ਪਾਬੰਦੀ ਲੱਗਾ ਦਿੱਤੀ ਗਈ ਹੈ । ਗਵਰਨਰ ਦੇ ਸਲਾਹਕਾਰ ਡਾ: ਸਿੱਧੂ ਨੂੰ ਕੇਂਦਰ ਵਿਚ ਵਾਪਸ ਭੇਜ ਦਿੱਤਾ ਗਿਆ ਹੈ ਅਤੇ ਲੈ: ਜਨਰਲ ਰਣਜੀਤ ਦਿਆਲ ਨੇ ਗਵਰਨਰ ਪੰਜਾਬ ਦੇ ਸੁਰੱਖਿਆ ਸਲਾਹਕਾਰ ਵਜੋਂ ਚਾਰਜ ਸੰਭਾਲ ਲਿਆ ਹੈ। ਅਖ਼ਬਾਰਾਂ ‘ਤੇ ਸੈਂਸਰ ਲੱਗਾ ਦਿੱਤੀ ਗਈ ਹੈ ਅਤੇ ਫ਼ੌਜੀ ਅਤੇ ਨੀਮ ਫ਼ੌਜੀ ਫੋਰਸਾਂ ਦੇ ਕਿਸੇ ਵੀ ਉਪਰੇਸ਼ਨ ਬਾਰੇ ਕੁਝ ਵੀ ਛਾਪਣ ਤੇ ਪਾਬੰਦੀ ਲੱਗਾ ਦਿੱਤੀ ਗਈ। ਕਰਫ਼ਿਊ ਕਾਰਨ ਅਗਲੇ ਦਿਨ ਅਖ਼ਬਾਰਾਂ ਨਹੀਂ ਆਉਣੀਆਂ ਸਨ । ਇਸ ਤੋਂ ਜਾਪਣ ਲੱਗਾ ਕਿ ਅੱਜ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਹੋਏਗਾ ।

ਟੀ. ਵੀ. ਤੋਂ ਖ਼ਬਰਾਂ ਸੁਣ ਕੇ ਪਹਿਲਾਂ ਮੈਂ ਸੋਚਿਆ ਕਿ ਪਹਿਲੀ ਜੂਨ ਵਾਂਗ ਹੀ ਫ਼ੌਜ ਗੋਲੀਆਂ ਚਲਾਏਗੀ। ਘਰ ਹੀ ਰਹਿੰਦੇ ਹਾਂ। ਇਹ ਵੀ ਸੋਚਿਆ ਕਿ ਲਾਗੇ ਹੀ ਕਿਸੇ ਦੋਸਤ ਦੇ ਘਰ ਜਾ ਕੇ ਰਿਹਾ ਜਾਏ। ਹਾਲੇ ਕੁਝ ਸੋਚ ਹੀ ਰਿਹਾ ਸੀ ਕਿ ਮੇਰੇ ਪੱਤਰਕਾਰ ਸਾਥੀਆਂ, ਗਿੱਲ ਅਤੇ ਸ. ਗੁਰਦੀਪ ਸਿੰਘ ਦਾ ਫੋਨ ਆਇਆ ਕਿ “ਫੌਰਨ ਨਿਕਲ ਆ। ਆਪਣੇ ਲਈ ੨-੩ ਦਿਨਾਂ ਦੇ ਕਪੜੇ ਆਦਿ ਲੈ ਆ।”
ਉਨ੍ਹਾਂ ਨੂੰ ਚੰਡੀਗੜ੍ਹ ਤੋਂ ਸ: ਮਨਜੀਤ ਸਿੰਘ (ਹੁਣ ਅੰਮ੍ਰਿਤਸਰ ਵਿਖੇ ਰੋਜ਼ਾਨਾ ਜਨਸੱਤਾ ਦਾ ਪ੍ਰਤੀਨਿਧ) ਨੇ ਫੋਨ ਤੇ ਦਸਿਆ ਸੀ ਕਿ ਰਾਤੀਂ ਫ਼ੌਜ ਵੱਲੋਂ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਨ ਦੀ ਸੰਭਾਵਨਾ ਹੈ । ਤੋਮਰ ਨੇ ਸੁਭਾਵਕ ਹੀ ਫੋਨ ਕੀਤਾ ਕਿ ਉਹ ਮੈਨੂੰ ਉਡੀਕ ਰਿਹਾ ਹੈ। ਉਪਰੋਂ-ਥਲੀ ਤਿੰਨ ਫ਼ੋਨ ਆਉਣ ਕਰਕੇ ਮੈਂ ਕੁਝ ਘਬਰਾ ਗਿਆ । ਕਾਹਲੀ ਕਾਹਲੀ ਕਪੜੇ ਪਹਿਨੇ-ਰਾਤ ਦੇ ਕਪੜੇ ਲਏ ਤੇ ਤੋਮਰ ਪਾਸ ਜਾਣ ਦੀ ਤਿਆਰੀ ਕੀਤੀ ।

ਗੁਰਮੀਤ ਸਿੰਘ ਚੀਮਾ ਮੇਰੇ ਲਾਗਲੇ ਕਮਰੇ ਵਿਚ ਰਹਿੰਦਾ ਹੈ । ਉਹ ਹਾਲੇ ਘਰ ਨਹੀਂ ਆਇਆ ਸੀ । ਸੋਚਿਆ ਕਿ ਉਸ ਨੂੰ ਫਰਿਜ ਦੀ ਲੋੜ ਹੋਏਗੀ । ਮੈਂ ਫਰਿਜ ਚਲਦੀ ਰਹਿਣ ਦਿੱਤੀ । ਕੰਪਲੈਕਸ ਦੇ ਸਾਰੇ ਫ਼ੋਨ ਦੋ ਜੂਨ ਤੋਂ “ਡੈੱਡ” ਪਏ ਸਨ (ਕੱਟ ਦਿਤੇ ਗਏ ਸਨ) ਮੈਂ ਸੋਚਿਆ ਕਿ ਸੰਤ ਲੌਂਗੋਵਾਲ ਜਾਂ ਸਰਦਾਰ ਟੌਹੜਾ ਨੂੰ ਇਨ੍ਹਾਂ ਹਾਲਾਤਾਂ ਵਿਚ ਫ਼ੋਨ ਕਰਨ ਦੀ ਲੋੜ ਪੈ ਸਕਦੀ ਹੈ । ਇਸ ਲਈ ਚਾਬੀ ਆਪਣੇ ਗੁਆਂਢੀ ਭਾਈ ਹਰਚਰਨ ਸਿੰਘ ਜੀ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ) ਨੂੰ ਦੇ ਦਿੱਤੀ । ਇਸ ਤੋਂ ਪਹਿਲੋਂ ਮੈਂ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਸੁਨੇਹਾ ਭੇਜ ਦਿੱਤਾ ਸੀ ਕਿ “ਮੇਰਾ ਫ਼ੋਨ ਹਾਜ਼ਰ ਹੈ-ਜਦੋਂ ਚਾਹੋ ਵਰਤ ਲੈਣਾ।”

ਘਬਰਾਹਟ ਕਾਰਨ ਮੈਂ ਨਾ ਆਪਣੇ ਲਈ ਹੋਰ ਕਪੜੇ ਲੈ ਸਕਿਆ, ਨਾ ਹੀ ਛੋਟਾ ਮੋਟਾ ਕੀਮਤੀ ਸਮਾਨ ਚੁੱਕ ਸਕਿਆ। ਇਥੋਂ ਤੱਕ ਕਿ ਮੇਰੀ ਸੁਪਤਨੀ ਕੈਲਾਸ਼ ਜੋ ਹਿਮਾਚਲ ਵਿਚ ਅਧਿਆਪਕਾ ਹੈ ਅਤੇ ਹਰ ਐਤਵਾਰ ਅਤੇ ਛੁੱਟੀਆਂ ਵਿਚ ਇਥੇ ਆਉਂਦੀ ਰਹਿੰਦੀ ਹੈ, ਦੇ ਸਾਰੇ ਗਹਿਣੇ ਵੀ ਨਾ ਚੁੱਕ ਸਕਿਆ। (ਜੋ ਪਿੱਛੋਂ ਫ਼ੌਜੀਆਂ ਨੇ ਘਰ ਦੇ ਸਾਰੇ ਸਮਾਨ ਸਮੇਤ ਲੁੱਟ ਲਏ ।)

ਸਕੂਟਰ ਸਟੈਂਡ ਤੋਂ ਆਪਣਾ ਸਕੂਟਰ ਲੈ ਕੇ ਮੈਂ ਇਧਰੋਂ ਨਿਕਲਿਆ। ਜਲ੍ਹਿਆਂ ਵਾਲੇ ਬਾਗ ਲਾਗੇ ਸੀ. ਆਰ. ਪੀ. ਨੇ ਰੋਕ ਲਿਆ। ਮੇਰੀ ਅਤੇ ਸਕੂਟਰ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ। ਮੈਂ ਘਰੋਂ ੮-੧੫ ਕੁ ਵਜੇ ਨਿਕਲਿਆ ਸੀ । ਥਾਂ-ਥਾਂ ਤਲਾਸ਼ੀ ਦਿੰਦਾ-ਪੌਣੇ ਨੌਂ ਵਜੇ ਤੋਮਰ ਪਾਸ ਪਹੁੰਚਿਆ।

ਰਾਤੀ ੧੧ ਵਜੇ ਦੇ ਕਰੀਬ ਸਾਰੇ ਸ਼ਹਿਰ ਦੇ ਫ਼ੋਨ ਕੱਟ ਦਿੱਤੇ ਗਏ । ਪਤਾ ਲੱਗਾ ਹੈ ਕਿ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦਾ ਪਾਣੀ ਅਤੇ ਬਿਜਲੀ ਵੀ ਕੱਟ ਦਿਤੀ ਗਈ ਹੈ। ਸਾਡਾ ਯਕੀਨ ਹੋਰ ਵੀ ਪੱਕਾ ਹੋ ਗਿਆ ਕਿ ਰਾਤ ਨੂੰ ਫ਼ੌਜ ਕੰਪਲੈਕਸ ਅੰਦਰ ਦਾਖ਼ਲ ਹੋਏਗੀ ਅਤੇ ਸ਼ਾਇਦ ਬੇਹੋਸ਼ ਕਰਨ ਵਾਲੀ ਗੈਸ ਦੀ ਵਰਤੋਂ ਕਰਕੇ ਕਥਿਤ ਖਾੜਕੂਆਂ ਨੂੰ ਗ੍ਰਿਫ਼ਤਾਰ ਕਰ ਲਏਗੀ ।

(ਡਾਇਰੀ ਦੇ ਪੰਨੇ ਵਿਚੋਂ)]

ਹਰਬੀਰ ਸਿੰਘ ਭੰਵਰ