views 15 secs 0 comments

ਦਸਮੇਸ਼ ਬਾਣੀ: ਚੌਪਈ ਸਾਹਿਬ

ਲੇਖ
May 07, 2026

ਹਮਰੀ ਕਰੋ ਹਾਥ ਦੈ ਰੱਛਾ॥ ਪੂਰਨ ਹੋਇ ਚਿਤ ਕੀ ਇੱਛਾ॥ ਤਵ ਚਰਨਨ ਮਨ ਰਹੈ ਹਮਾਰਾ॥ ਅਪਨਾ ਜਾਨ ਕਰੋ ਪ੍ਰਤਿਪਾਰਾ॥ (ਚੌਪਈ ਸਾਹਿਬ)

ਚੌਪਈ ਸਾਹਿਬ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ਮਈ ਰਚਨਾ ਹੈ ਜੋ ੧੬੯੯ ਈ. ਨੂੰ ਖਾਲਸਾ ਪੰਥ ਦੀ ਸਿਰਜਣਾ ਸਮੇਂ ਅੰਮ੍ਰਿਤ ਤਿਆਰ ਕਰਦਿਆਂ ਸਤਿਗੁਰਾਂ ਨੇ ਪੰਜਾਂ ਬਾਣੀਆਂ ਵਿਚ ਇਸ ਦਾ ਜਾਪ ਕੀਤਾ। ਸ. ਸੁਰਜੀਤ ਸਿੰਘ ਅਨੁਸਾਰ ‘ਚੌਪਈ ਅਰਦਾਸ ਰੂਪ ਬਾਣੀ ਹੈ।’ (ਦਸਮੇਸ਼ ਪ੍ਰਕਾਸ਼, ਪੰਨਾ ੩੯੨)

ਇਸ ਬਾਣੀ ਸਬੰਧੀ ਦੱਸਣਾ ਜ਼ਰੂਰੀ ਹੈ ਕਿ ‘ਪਾਖਯਾਨ ਚਰਿਤ੍ਰ’ ਦੀ ਰਚਨਾ ਦੀ ੪੦੩ ਵੀਂ ਕਥਾ ਜਦ ਸਮਾਪਤ ਹੁੰਦੀ ਹੈ ਤਾਂ ਅੱਗੇ ਕਥਾ ੪੦੪ ਵਿਚ ਲਮੇਰਾ ਪ੍ਰਸੰਗ ਹੈ। ਸੰਖੇਪ ਵਿਚ “ਸਤਿਯੁਗ ਵਿਚ ਰਾਜਾ ਸਤਯਸੰਧ ਅਤੇ ਦੀਰਘਦਾੜ੍ਹ ਦਾਨਵ (ਦੈਂਤ) ਦਾ ਯੁੱਧ ਹੁੰਦਾ ਹੈ। ਇਸ ਯੁੱਧ ਵਿਚ ਅਕਾਲ ਪੁਰਖ (ਮਹਾਂਕਾਲ) ਦੀ ਸਹਾਇਤਾ ਲਈ ਧਿਆਨ ਧਰਦਿਆਂ ਅਕਾਲ ਦੀ ਮਹਿਮਾ ਕੀਤੀ ਗਈ ਹੈ:

ਆਦਿ ਜੁਗਾਦਿ ਸਦਾ ਪ੍ਰਭ ਏਕੈ॥ ਧਰਿ ਧਰਿ ਮੂਰਤਿ ਫਿਰਤਿ ਅਨੇਕੈ॥ ਸਭ ਜਗ ਕਹ ਇਹ ਬਿਧਿ ਭਰਮਾਯਾ॥ ਆਪੇ ਏਕ ਅਨੇਕ ਦਿਖਾਯਾ॥ ਘਟ ਘਟ ਮੈ ਸੋਈ ਪੁਰਖ ਬਯਾਪਕ॥ ਸਕਲ ਜੀਵ ਜੰਤਰ ਕੇ ਥਾਪਕ॥

ਤੁਮ ਜਗ ਕੇ ਕਾਰਨ ਕਰਤਾਰਾ॥ ਘਟਿ ਘਟਿ ਕੀ ਮਤਿ ਜਾਨਨਹਾਰਾ॥ ਨਿਰੰਕਾਰ ਨਿਰਵੈਰ ਨਿਰਾਲਮ॥ ਸਭਹੀ ਕੇ ਮਨ ਕੀ ਤੁਹਿ ਮਾਲਮ॥

(ਸ੍ਰੀ ਦਸਮ ਗ੍ਰੰਥ)

ਅਕਾਲ ਪੁਰਖ ਦੀ ਕਿਰਪਾ ਨਾਲ ਜੰਗ ਵਿਚ ਫਤਿਹ ਹੋਈ। ਇਹ ਕੁੱਲ ੨੮ ਪੰਨਿਆਂ ਦੀ ਰਚਨਾ ਹੈ। ਇੱਥੇ ਛੰਦ ਨੰਬਰ ੩੭੫, ੩੭੬ ਵਿਚ ਜੰਗ ਦੀ ਫਤਿਹ ਤੋਂ ਬਾਅਦ ਇਹ ਦੋ ਛੰਦ ਹਨ:

ਪੁਨਿ ਰਾਛਸ ਕਾ ਕਾਟਾ ਸੀਸਾ॥ ਸ੍ਰੀ ਅਸਿਕੇਤ ਜਗਤ ਕੇ ਈਸਾ॥ . . . ਧੰਨਯ ਧੰਨਯ ਲੋਗਨ ਕੇ ਰਾਜਾ॥ ਦੁਸ਼ਟਨ ਦਾਹ ਗਰੀਬ ਨਿਵਾਜਾ॥ ਅਖਲ ਭਵਨ ਕੇ ਸਿਰਜਨਹਾਰੇ॥ ਦਾਸ ਜਾਨਿ ਮੁਹਿ ਲੇਹੁ ਉਬਾਰੇ॥

(ਸ੍ਰੀ ਦਸਮ ਗ੍ਰੰਥ)

ਭਾਵ ਫਿਰ (ਪੁਨਿ) ਰਾਖਸ਼ ਦਾ ਸਿਰ ਕੱਟ ਦਿੱਤਾ। ਕਿਸਨੇ? ਸ੍ਰੀ ਅਸਿਕੇਤ (ਤਲਵਾਰ ਧਾਰਨ ਕਰਨ ਵਾਲੇ ਪ੍ਰਭੂ ਮਹਾਂਕਾਲ-ਅਕਾਲ) ਨੇ। ਜੋ ਜਗਤ ਦਾ ਮਾਲਕ (ਈਸ) ਈਸ਼ਵਰ
ਹੈ। ਇਹ ਵਰਣਨਯੋਗ ਹੈ ਕਿ ਉਨੀਵੀਂ ਸਦੀ ਦੇ ਅੰਤਲੇ ਦਹਾਕੇ ‘ਚ ਇਕ ਈਸਾਈ ਮਿਸ਼ਨਰੀ ਨੇ ਸ਼ਰਾਰਤ ਨਾਲ ਇਹੋ ਪੰਕਤੀ ਲੈ ਕੇ ਈਸਾ ਦੇ ਅਰਥ ਈਸਾ ਮਸੀਹ ਕੀਤੇ ਸਨ। ਉਸ ਸਮੇਂ ਗਿ. ਦਿੱਤ ਸਿੰਘ ਜੀ ਨੇ ਖਾਲਸਾ ਅਖ਼ਬਾਰ ਲਾਹੌਰ (੪ ਦਸੰਬਰ, ੧੮੯੬ ਈ.) ਦੇ ਅੰਕ ਵਿਚ ਇਸ ਦਾ ਉੱਤਰ ਦਿੱਤਾ ਸੀ “ਪਹਿਲਾ ਮਿਸਰਾ ਸੀਸਾ ਸੀ, ਜਿਸ ਦਾ ਅਰਥ ਸੀਸ, ਸਿਰ ਹੈ ਇਸ ਲਈ ਸੀਸਾ ਵਾਸਤੇ ਈਸ (ਈਸ਼ਵਰ) ਦਾ ਈਸਾ ਕੀਤਾ ਗਿਆ ਹੈ।”

ਅਗਲੇਰੀਆਂ ਪੰਕਤੀਆਂ ਦਾ ਅਰਥ ਹੈ- ਹੇ ਲੋਕਾਂ ਦੇ ਰਾਜਨ! ਤੁਸੀਂ ਧੰਨ ਹੋ, ਤੁਸੀਂ ਦੁਸ਼ਟਾਂ ਨੂੰ ਮਾਰ ਕੇ ਗਰੀਬਾਂ ਨੂੰ ਨਿਵਾਜਦੇ ਹੋ। ਹੇ ਸਾਰੇ ਸੰਸਾਰ ਨੂੰ ਸਿਰਜਣ ਵਾਲੇ, ਮੈਨੂੰ ਦਾਸ ਜਾਣ ਕੇ ਮੇਰੀ ਵੀ ਰੱਖਿਆ ਕਰੋ।

ਉਪਰੰਤ ਕਬਿਯੋਬਾਚ ਬੇਨਤੀ॥ ਚੌਪਈ॥ ਬਾਣੀ ਦੀ ਅਰੰਭਤਾ ਹੁੰਦੀ ਹੈ। * ਸੰਖੇਪ ਤੇ ਸਪਸ਼ਟ ਸ਼ਬਦਾਂ ਵਿਚ ਇਸ ਬਾਣੀ ‘ਚ ਪ੍ਰਭੂ-ਚਰਨਾਂ ਦੀ ਪ੍ਰੀਤ, ਦੁਸ਼ਟਾਂ ਦਾ ਖਾਤਮਾ, ਪੰਥ ਰੂਪੀ ਪਰਵਾਰ ਦੀ ਰੱਖਿਆ, ਪ੍ਰਭੂ ਭਜਨ ਦੀ ਪਿਆਸ, ਸੇਵਕਾਂ ਸਿੱਖਾਂ ਦੀ ਚੜ੍ਹਦੀ ਕਲਾ, ਪ੍ਰਭੂ ਭਰੋਸਾ, ਬੰਦਗੀ ਵਾਲਿਆਂ ਦੇ ਸਹਾਇਕ ਤੇ ਦੀਨਾਂ ਅਨਾਥਾਂ ਦੇ ਮਦਦਗਾਰ ਕਿਹਾ ਹੈ। ਅੱਗੇ ਕਾਲ ਦੀ ਮਹਿਮਾ ਹੈ- ਸਭ ਦੇਵੀ-ਦੇਵਤੇ ਕਾਲ ਦੇ ਹੁਕਮ ਨਾਲ ਹੀ ਪੈਦਾ ਹੋਏ ਤੇ ਖਤਮ ਹੋਏ, ਪਰ ਸਤਿਗੁਰਾਂ ਨੇ ਆਦਿ ਅੰਤਿ ਏਕੈ ਅਵਤਾਰਾ ਨੂੰ ਆਪਣਾ ਗੁਰੂ ਕਿਹਾ ਹੈ ਜਿਸ ਨੇ ਸੇਵਕਾਂ ਨੂੰ ਸੌ ਗੁਣਾ ਵੱਧ ਸੁਖ ਦਿੱਤੇ, ਕਿਉਂਕਿ ਉਹ ਪ੍ਰਭੂ ਘਟ ਘਟ ਕੇ ਅੰਤਰ ਕੀ ਜਾਨਤ ਹੈ। ਹਰੇਕ ਦਾ ਦਰਦ ਪਹਿਚਾਣਦਾ ਹੈ। ਉਦਕਰਖ ਤੇ ਆਕਰਖ ਉਸ ਪ੍ਰਭੂ ਸ਼ਕਤੀ ਦੇ ਫੈਲਾਓ ਤੇ ਸਮੇਟਣ ਦੀ ਲੀਲਾ ਹੈ।

ਉਪਰੰਤ ਕਲਗੀਧਰ ਪਾਤਸ਼ਾਹ ਜੀ ਨੇ ਭਾਰਤੀ ਧਰਮ ਪਰੰਪਰਾ ਦੀ ਵੀ ਗੱਲ ਕੀਤੀ ਹੈ ਜੋ ਪ੍ਰਭੂ ਸ਼ਕਤੀ ਨੂੰ ਪੱਥਰ ਦੇ ਰੂਪ ਵਿਚ ਮੰਨਦੇ ਹਨ। (ਤਾਕੋ ਕਰ ਪਾਹਨ ਅਨੁਮਾਨਤ) ਅਤੇ ਮਹਾਂਦੇਵ (ਸ਼ਿਵ) ਨੂੰ ਹੀ ਸਦੀਵੀ ਅਕਾਲ ਪੁਰਖ ਮੰਨੀ ਜਾਂਦੇ ਹਨ ਤੇ ਨਿਰੰਕਾਰ ਦਾ ਭੇਦ ਨਹੀਂ ਜਾਣਦੇ।

ਅੱਗੇ ਸਤਿਗੁਰਾਂ ਨਿਰਣਾ ਕੀਤਾ ਹੈ ਕਿ ਜਿੰਨੀ ਕਿਸੇ ਦੀ ਬੁੱਧ ਹੈ, ਉਹ ਉਸੇ ਪ੍ਰਕਾਰ ਦਾ ਵਰਣਨ ਕਰਦਾ ਹੈ। ਅੱਗੇ ਚਾਰ ਖਾਣੀਆਂ (ਅੰਡਜ, ਜੇਰਜ, ਸੇਤਜ, ਉਤਭੁਜ) ਦਾ ਵਰਣਨ ਹੈ। ਪ੍ਰਭੂ ਨੂੰ ਆਦਿ ਜੁਗਾਦਿ ਸਰੂਪ ਸੁਯੰਭਵ ਕਿਹਾ ਹੈ। ਨਾਲ ਹੀ ਦ੍ਰਿੜ੍ਹ ਕਰਵਾਇਆ ਹੈ ਕਿ, ਹੇ ਪ੍ਰਭੂ! ਜੋ ਤੁਹਾਡੀ ਸ਼ਰਨੀਂ ਪੈਂਦੇ ਹਨ, ਤੁਸੀਂ ਉਨ੍ਹਾਂ ਦੇ ਦੁੱਖ ਦੂਰ ਕਰ ਦਿੰਦੇ ਹੋ। ਜਿਸ ਨੂੰ ਆਪਣੀ ਕਿਰਪਾ-ਦ੍ਰਿਸ਼ਟੀ ਨਾਲ ਦੇਖਦੇ ਹੋ, ਉਨ੍ਹਾਂ ਦੇ ਸਾਰੇ ਦੁੱਖ ਛਿਣ ਭਰ ਵਿਚ ਦੂਰ ਹੋ ਜਾਂਦੇ ਹਨ ਅਤੇ ਇਕ ਵਾਰ ਜਿਸ ਮਨੁੱਖ ਨੇ ਤੁਹਾਡਾ ਸਿਮਰਨ ਕੀਤਾ, ਤੁਸੀਂ ਉਸ ਨੂੰ ਕਾਲ ਦੀ ਫਾਹੀ ਤੋਂ ਬਚਾ ਲਿਆ। ਹੇ ਖੜਗਕੇਤ! (ਖੜਗਧਾਰੀ ਮਹਾਨ ਸ਼ਕਤੀ) ਮੈਂ ਤੁਹਾਡੀ ਸ਼ਰਨ ਵਿਚ ਹਾਂ ਤੇ ਮੈਨੂੰ ਆਪਣਾ ਹੱਥ ਦੇ ਕੇ ਬਚਾ ਲਵੋ।

ਇਹ ‘ਚੌਪਈ’ ਦਾ ਜਾਪ ਕਰ ਕੇ ਅਰਦਾਸ ਕਰਨ ਦੀ ਜੁਗਤ, ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਪੰਥ ਦੇ ਵਾਰਸਾਂ ਨੂੰ ਬਖਸ਼ੀ ਹੈ । ਸਤਿਗੁਰੂ ਜੀ ਤਾਂ ਅਕਾਲ ਰੂਪ ਹਨ। ਉਪਰੰਤ ‘ਚੌਪਈ ਸਾਹਿਬ’ ਬਾਣੀ ਦੀ ਸ਼ਕਤੀ ਦਾ ਵਰਣਨ ਹੈ। ਇਸੇ ਸਬੰਧ ਵਿਚ ਗੁਰੂ-ਪੰਥ ਦੇ
ਸਿਰਮੌਰ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਨੇ ‘ਮਹਾਨ ਕੋਸ਼’ ਵਿਚ ਹਵਾਲਾ ਦਿੱਤਾ ਹੈ, “ਇਸ ਚੌਪਈ ਦਾ ਪਾਠ ਰਹਰਾਸਿ ਵਿਚ ਗੁਰਸਿੱਖ ਨਿੱਤ ਕਰਦੇ ਹਨ, ਇਸ ਬਾਣੀ ਦੇ ਅੰਤ ਮਹਾਤਮਸਰੂਪ ਵਾਕ ਲਿਖਿਆ ਹੈ-

ਦੂਖ ਦਰਦ ਭੌ ਨਿਕਟ ਨ ਤਿਨ ਨਰ ਕੇ ਰਹੈ॥ ਹੋ ਜੋ ਯਾਕੀ ਏਕ ਬਾਰ ਚੌਪਈ ਕੋ ਕਹੈ॥

ਹੁਣ ਅਸੀਂ ਇਸ ਉੱਪਰ ਵਿਸਥਾਰ ਵਿਚ ਵਿਚਾਰ ਕਰਾਂਗੇ, ਸਿਰਲੇਖ ਹੈ ‘ਅੜਿੱਲ’ ਜੋ ਛੰਦ ਦਾ ਇਕ ਰੂਪ ਹੈ। ਕਲਗੀਧਰ ਪਾਤਸ਼ਾਹ ‘ਚੌਪਈ’ ਬਾਣੀ ਦੀ ਮਹਿਮਾ ਬਿਆਨ ਕਰਦੇ ਹਨ:

ਸੁਨੈ ਗੁੰਗ ਜੋ ਯਾਹਿ ਸੁ ਰਸਨਾ ਪਾਵਈ॥ ਸੁਨੈ ਮੂੜ੍ਹ ਚਿਤ ਲਾਇ ਚਤੁਰਤਾ ਆਵਈ॥ ਦੂਖ ਦਰਦ ਭੌ ਨਿਕਟ ਨ ਤਿਨ ਨਰ ਕੇ ਰਹੈ॥ ਹੋ ਜੋ ਯਾਕੀ ਏਕ ਬਾਰ ਚੌਪਈ ਕੋ ਕਹੈ॥

(ਸ੍ਰੀ ਦਸਮ ਗ੍ਰੰਥ)

ਭਾਵ ਕਿ ਪ੍ਰਭੂ ਉਸਤਤ ਦੀ ਇਹ ਬਾਣੀ ਜੇਕਰ ਗੂੰਗਾ ਸੁਣੇਗਾ ਤਾਂ ਰਸਨਾ ਪਾ ਲਵੇਗਾ। ਦੂਜੇ ਪਾਸੇ ਆਤਮਿਕ ਤੌਰ ‘ਤੇ ਗੂੰਗਾ ਸਮਾਜ ਜੋ ਰੱਬ ਦਾ ਨਾਂ ਨਹੀਂ ਲੈਂਦਾ ਉਹ ਜਸ ਗਾਇਨ ਕਰਨ ਲੱਗ ਪਵੇਗਾ। ਜੇਕਰ ਮੂੜ੍ਹ (ਮੂਰਖ) ਚਿੱਤ ਲਾ ਕੇ ਸੁਣੇਗਾ ਤਾਂ ਸਿਆਣਪ (ਚਤੁਰਤਾ) ਆਵੇਗੀ। ਅਜਿਹੇ ਸਿਮਰਨ ਕਰਨ ਵਾਲੇ ਮਨੁੱਖ ਦੇ ਪਾਸ ਦੁੱਖ, ਦਰਦ, ਡਰ ਨਹੀਂ ਆਵੇਗਾ ਜੋ ਇਕ ਵਾਰ ‘ਚੌਪਈ’ ਬਾਣੀ ਦਾ ਪਾਠ ਕਰੇਗਾ। ਜੁਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਵੀ ਇਸੇ ਭਾਵ ਦਾ ਇਹ ਸ਼ਬਦ ਇਸ ਤਰ੍ਹਾਂ ਹੈ:

ਪਿੰਗੁਲ ਪਰਬਤ ਪਾਰਿ ਪਰੇ ਖਲ ਚਤੁਰ ਬਕੀਤਾ॥ ਅੰਧੁਲੇ ਤ੍ਰਿਭਵਣ ਸੁਝਿਆ ਗੁਰ ਭੇਟਿ ਪੁਨੀਤਾ॥੧॥ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ॥ ਮੈਲੁ ਖੋਈ ਕੋਟਿ ਅਘ ਹਰੇ ਨਿਰਮਲ ਭਏ ਚੀਤਾ॥

(ਪੰਨਾ ੮੦੯)

ਪ੍ਰੋ. ਸਾਹਿਬ ਸਿੰਘ ਦੇ ਟੀਕੇ ਅਨੁਸਾਰ ਹੇ ਮਿੱਤਰ! ਗੁਰੂ ਨੂੰ ਮਿਲ ਕੇ ਮਨੁੱਖ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ। ਲੂਲ੍ਹੇ (ਪਿੰਗੁਲ) ਮਨੁੱਖ ਪਹਾੜਾਂ ਤੋਂ ਪਾਰ ਲੰਘ ਜਾਂਦੇ ਹਨ, ਮੂਰਖ ਬੰਦੇ (ਖਲ) ਸਿਆਣੇ (ਚਤੁਰ) ਵਖਿਆਨ-ਕਰਤਾ ਬਣ ਜਾਂਦੇ ਹਨ। ਅੰਨ੍ਹੇ ਨੂੰ ਤਿੰਨਾਂ ਭਵਨਾਂ ਦੀ ਸੋਝੀ ਪੈ ਜਾਂਦੀ ਹੈ। ਹੇ ਮੇਰੇ ਮਿੱਤਰ! ਗੁਰ ਸੰਗਤਿ ਦੀ ਵਡਿਆਈ ਧਿਆਨ ਨਾਲ ਸੁਣ, ਵਿਚਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ ਤੇ ਕਰੋੜਾਂ ਪਾਪ (ਕੋਟਿ ਅਘ) ਨਾਸ਼ ਹੋ ਜਾਂਦੇ ਹਨ।

ਇਸ ਲਈ ‘ਚੌਪਈ ਸਾਹਿਬ’ ਬਾਣੀ ਦਾ ਪਾਠ ਗੁਰਮੁਖ-ਜਨ ਗੁਰੂ ਸਾਹਿਬਾਨ ਦੇ ਸਮੇਂ ਤੋਂ ਕਰਦੇ ਆ ਰਹੇ ਹਨ। ‘ਚੌਪਈ ਸਾਹਿਬ ਨਿੱਤਨੇਮ ਦੀ ਬਾਣੀਆਂ ਵਿਚ ਵੀ ਹੈ ਅਤੇ ਅੰਮ੍ਰਿਤ-ਸੰਚਾਰ ਦੀਆਂ ਬਾਣੀ ਵੀ ਹੈ। ਕੁਝ ਦਿਨ ਨੇਮ ਨਾਲ ਪਾਠ ਕੀਤਿਆਂ ਇਹ ਬਾਣੀ ਕੰਠ ਹੋ ਜਾਂਦੀ ਹੈ। ਇਸ ਦਾ ਰਸ, ਸ਼ਕਤੀ ਤੇ ਬਖ਼ਸ਼ਿਸ਼ ਇਸ ਦਾ ਜਾਪ ਕਰਨ ਵਾਲੇ ਹੀ ਜਾਣਦੇ ਹਨ। ਇਹ ਗੁਰਮਤਿ ਫ਼ਲਸਫ਼ੇ ਦੀ ਦੀਰਘ ਵਿਆਖਿਆ ਵੀ ਹੈ, ਅਰਦਾਸ ਵੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੇ ਪੰਥ ਉੱਤੇ ਮਹਾਨ ਬਖ਼ਸ਼ਿਸ਼ ਵੀ ਹੈ। ਇਸ ਬਖ਼ਸ਼ਿਸ਼ ਦੇ ਪਾਤਰ ਬਣਨਾ ਹੀ ਇਸ ਬਾਣੀ ਦਾ ਸੰਦੇਸ਼ ਹੈ।

-ਡਾ. ਇੰਦਰਜੀਤ ਸਿੰਘ ਗੋਗੋਆਣੀ