ਅਸੀਂ ਬਚਪਨ ਵਿਚ ਜਦੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਜਾਂਦੇ ਸਾਂ ਤਾਂ ਪਰਕਰਮਾ ਵਿਚ ਪ੍ਰਵੇਸ਼ ਕਰਨ ਵੇਲੇ ਸਾਹਮਣੇ ਇਕ ਬੋਰਡ ਲੱਗਾ ਨਜ਼ਰ ਆਉਂਦਾ ਸੀ, ਜਿਸ ‘ਤੇ ਲਿਖਿਆ ਹੁੰਦਾ ਸੀ— “ਸਾਧ ਸੰਗਤ ਜੀ ਪਰਕਰਮਾ ਵਿਚ ਚੁੱਪ ਦਾ ਦਾਨ ਬਖਸ਼ੋ ਅਤੇ ਗੁਰਬਾਣੀ ਕੀਰਤਨ ਸਰਵਣ ਕਰੋ।” ਇਹ ਸਿਰਫ਼ ਇਕ ਆਦੇਸ਼ ਨਹੀਂ ਸੀ, ਸਗੋਂ ਸਿੱਖ ਆਧਿਆਤਮਿਕਤਾ ਦੀ ਆਤਮਾ ਨਾਲ ਜੁੜੀ ਪਰੰਪਰਾ ਸੀ। ਸੰਗਤ ਅਕਸਰ ਪੂਰੇ ਸਤਿਕਾਰ ਅਤੇ ਨਿਮਰਤਾ ਨਾਲ ਮਰਿਆਦਾ ਦਾ ਪਾਲਣ ਕਰਦੀ, ਤੇ ਕੀਰਤਨ ਦੀਆਂ ਮਧੁਰ ਧੁਨਾਂ ਵਿਚ ਆਪਣੀ ਸੁਰਤ ਜੋੜ ਕੇ ਰੱਖਦੀ ਸੀ।
ਪਰ ਅੱਜਕੱਲ੍ਹ ਦੇ ਦ੍ਰਿਸ਼ ਇਸ ਤੋਂ ਕਾਫ਼ੀ ਵੱਖਰੇ ਨਜ਼ਰ ਆ ਰਹੇ ਹਨ। ਪਰਕਰਮਾ ਵਿਚ ਉਹ ਸਹਿਜਤਾ ਅਤੇ ਸ਼ਾਂਤੀ, ਜੋ ਕਦੇ ਇਸ ਪਵਿੱਤਰ ਅਸਥਾਨ ਦੀ ਵਿਲੱਖਣਤਾ ਸੀ, ਹੁਣ ਕਈ ਵਾਰ ਭੰਗ ਹੁੰਦੀ ਦਿਖਾਈ ਦਿੰਦੀ ਹੈ। ਸੰਗਤ ਵਲੋਂ ਉੱਚੀ ਆਵਾਜ਼ ਵਿਚ ਗੱਲਬਾਤ ਕਰਨੀ, ਮੋਬਾਇਲ ਫੋਨਾਂ ‘ਤੇ ਵੀਡੀਓ ਕਾਲਾਂ ਕਰਨਾ, ਜਾਂ ਮੀਡੀਆ ਵਲੋਂ ਕੈਮਰੇ ਅਤੇ ਮਾਈਕ ਲੈ ਕੇ ਸੰਗਤ ਵਿਚੋਂ ਜਾਂ ਵੀ.ਆਈ.ਪੀਜ਼ ਦੀ ਇੰਟਰਵਿਊ ਕਰਨਾ— ਇਹ ਸਭ ਕੁਝ ਉਸ ਰੂਹਾਨੀ ਆਭਾ-ਮੰਡਲ ਦੀ ਵਿਸ਼ੇਸ਼ਤਾ ਨੂੰ ਪ੍ਰਭਾਵਿਤ ਕਰ ਰਿਹਾ ਹੈ, ਜਿਸ ਲਈ ਇਹ ਅਸਥਾਨ ਵਿਸ਼ਵ ਭਰ ਵਿਚ ਵਿਲੱਖਣਤਾ ਰੱਖਦਾ ਹੈ।
ਬੇਸ਼ੱਕ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਬਹੁਤ ਸਾਰੇ ਆਨਮਤੀ ਯਾਤਰੂਆਂ ਲਈ ਮਹਾਰਾਜਾ ਰਣਜੀਤ ਸਿੰਘ ਵਲੋਂ ਬਣਾਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸੁੰਦਰ ਸੁਨਹਿਰੀ ਇਮਾਰਤ ਖਿੱਚ ਦਾ ਕੇਂਦਰ ਹੁੰਦੀ ਹੈ ਪਰ ਅਸਲ ਵਿਚ ਸਿੱਖੀ ਦੇ ਬੈਕੁੰਠ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਹਾਨਤਾ ਉਸ ਦੇ ਰੂਹਾਨੀ ਆਭਾ-ਮੰਡਲ ਵਿਚ ਹੀ ਮਹਿਫ਼ੂਜ਼ ਹੈ।
ਇਸ ਸੰਦਰਭ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹਾਲ ਹੀ ਦੌਰਾਨ ਲਿਆ ਗਿਆ ਫ਼ੈਸਲਾ ਮਹੱਤਵਪੂਰਨ ਹੈ। ਪਰਕਰਮਾ ਅੰਦਰ ਵੀਡੀਓਗ੍ਰਾਫੀ, ਵਲੋਗਿੰਗ ਅਤੇ ਮੀਡੀਆ ਇੰਟਰਵਿਊਜ਼ ‘ਤੇ ਪਾਬੰਦੀ ਲਗਾ ਕੇ ਇਸ ਧਾਰਮਿਕ ਤੇ ਰੂਹਾਨੀ ਆਭਾ-ਮੰਡਲ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ ਨੇ ਵੀ ਇਹ ਸਪਸ਼ਟ ਕੀਤਾ ਹੈ ਕਿ ਇਹ ਕਦਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰ ਮਰਯਾਦਾ ਦੀ ਬਹਾਲੀ ਅਤੇ ਸੰਗਤ ਦੀਆਂ ਪਵਿੱਤਰ ਭਾਵਨਾਵਾਂ ਦੇ ਮੱਦੇਨਜ਼ਰ ਲਿਆ ਗਿਆ ਹੈ।
ਇਹ ਵੀ ਯਾਦ ਰਹੇ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪਹਿਲਾਂ ਹੀ ਇਸ ਸਬੰਧੀ ਸਪਸ਼ਟ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ ਕਿ ਪਰਕਰਮਾ ਅੰਦਰ ਕਿਸੇ ਤਰ੍ਹਾਂ ਦੀ ਮੀਡੀਆ ਬਾਈਟ ਜਾਂ ਸਵਾਲ-ਜਵਾਬ ਨਾ ਕੀਤਾ ਜਾਵੇ। ਫਿਰ ਵੀ ਕੁਝ ਮੌਕਿਆਂ ‘ਤੇ ਨਿਯਮਾਂ ਦੀ ਉਲੰਘਣਾ ਕਰਨਾ ਮੀਡੀਆ ਦੀ ਸਮਝ ਅਤੇ ਜ਼ਿੰਮੇਵਾਰੀ ‘ਤੇ ਵੀ ਸਵਾਲ ਖੜ੍ਹੇ ਕਰਦਾ ਹੈ। ਧਾਰਮਿਕ ਅਸਥਾਨਾਂ ਦੀ ਪਵਿੱਤਰਤਾ ਸਿਰਫ਼ ਪ੍ਰਬੰਧਕੀ ਨਿਯਮਾਂ ਨਾਲ ਨਹੀਂ, ਸਗੋਂ ਸੰਗਤ ਅਤੇ ਸਮਾਜ ਦੇ ਸਾਂਝੇ ਸਹਿਯੋਗ ਨਾਲ ਹੀ ਕਾਇਮ ਰਹਿੰਦੀ ਹੈ।
ਅਸਲ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾ ਕੋਈ ਸੈਰਗਾਹ ਨਹੀਂ, ਸਗੋਂ ਇਕ ਐਸੀ ਰੂਹਾਨੀ ਜਗ੍ਹਾ ਹੈ ਜਿੱਥੇ ਮਨੁੱਖ ਆਪਣੇ ਅੰਦਰ ਦੀ ਅਵਾਜ਼ ਨਾਲ ਜੁੜਨ ਆਉਂਦਾ ਹੈ। ਇੱਥੇ ਦੀ ਸ਼ਾਂਤੀ, ਗੁਰਬਾਣੀ ਦੀ ਧੁਨ ਅਤੇ ਸੰਗਤ ਦਾ ਸਹਿਜ ਵਰਤਾਰਾ ਹੀ ਉਸ ਅਨੁਭਵ ਨੂੰ ਪੂਰਨ ਬਣਾਉਂਦਾ ਹੈ। ਜੇਕਰ ਇਹ ਮਾਹੌਲ ਸ਼ੋਰ, ਮੋਬਾਇਲ ਫੋਨ ਗਤੀਵਿਧੀਆਂ ਅਤੇ ਪ੍ਰਸਾਰਣ ਦੀ ਦੌੜ ਵਿਚ ਗੁੰਮ ਹੋ ਗਿਆ, ਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਰੂਹਾਨੀ ਵਿਲੱਖਣਤਾ ਨੂੰ ਠੇਸ ਪਹੁੰਚਣਾ ਸੁਭਾਵਿਕ ਹੈ।
– ਤਲਵਿੰਦਰ ਸਿੰਘ ਬੁੱਟਰ (ਪੱਤਰਕਾਰ)
