
ਤੰਤੁ ਮੰਤੁ ਪਾਖੰਡੁ ਨ ਜਾਣਾ ਰਾਮੁ ਰਿਦੈ ਮਨੁ ਮਾਨਿਆ॥ ਅੰਜਨੁ ਨਾਮੁ ਤਿਸੈ ਤੇ ਸੂਝੈ ਗੁਰ ਸਬਦੀ ਸਚੁ ਜਾਨਿਆ॥
(ਅੰਗ ੭੬੬)
ਭਾਰਤੀ ਸੱਭਿਆਚਾਰ ਵਿਚ ਅਨੇਕ ਪ੍ਰਕਾਰ ਦੇ ਮਾਨਸਿਕ ਡਰ ਹਨ, ਜਿਨ੍ਹਾਂ ਵਿਚ ਇਕ ਸ਼ਬਦ ‘ਕਾਲਾ ਇਲਮ ਹੈ। ਇਹ ਇਲਮ ਸਧਾਰਨ ਲੋਕਾਈ ਨੂੰ ਵੱਡੇ ਪੱਧਰ ‘ਤੇ ਡਰਾਉਂਦਾ, ਧਮਕਾਉਂਦਾ ਤੇ ਔਝੜ ਰਾਹੇ ਪਾਉਂਦਾ ਹੈ। ਇਹ ਧਰਤੀ ਦਾ ਸੱਚ ਹੈ ਕਿ ਜਿੰਨੀ ਕਿਸੇ ਸਮਾਜ ਵਿਚ ਅਗਿਆਨਤਾ ਹੋਵੇਗੀ, ਉਨੀ ਹੀ ਭਰਮਾਂ, ਪਖੰਡਾਂ ਤੇ ਅੰਧ-ਵਿਸ਼ਵਾਸਾਂ ਦੀ ਕਤਾਰ ਲੰਬੀ ਹੋਵੇਗੀ। ਗਿਆਨ ਵਿਹੂਣਾ ਸਮਾਜ ਇਸੇ ਹੀ ਮੱਕੜੀ ਜਾਲ ਵਿਚ ਉਲਝਿਆ ਰਹਿੰਦਾ ਹੈ।
ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦ ਸੰਸਾਰ ਦਾ ਭ੍ਰਮਣ ਕੀਤਾ ਤਾਂ ਇੱਥੋਂ ਦੀਆਂ ਫੋਕਟ ਕਦਰਾਂ-ਕੀਮਤਾਂ, ਅੰਧ-ਵਿਸ਼ਵਾਸਾਂ ਤੇ ਭਰਮ-ਪਖੰਡਾਂ ਨੂੰ ਕਿਧਰੇ ਵੀ ਪ੍ਰਵਾਨ ਨਹੀਂ ਕੀਤਾ। ਸਤਿਗੁਰਾਂ ਨੇ ਗੁਰਬਾਣੀ ਰਾਹੀਂ ਲੋਕ ਮਨਾਂ ਵਿੱਚੋਂ ਸਭ ਡਰ ਦੂਰ ਕੀਤੇ ਅਤੇ ਨਿਰਭਉ ਪ੍ਰਭੂ ਦੀ ਬੰਦਗੀ ਕਰਨ ਲਈ ਪ੍ਰੇਰਿਆ ਤਾਂ ਕਿ ਨਿਰਭਉ ਦਾ ਸਿਮਰਨ ਕਰਦਿਆਂ ਸਮਾਜ ਡਰ-ਮੁਕਤ ਹੋਵੇ।
ਕਾਲਾ ਇਲਮ ਦਾ ਮੂਲ ਆਧਾਰ ਤਿੰਨ ਪ੍ਰਕਾਰ ਦੀ ਵਿੱਦਿਆ ਮੰਨੀ ਜਾਂਦੀ ਹੈ, ‘ਜੰਤਰ ਵਿੱਦਿਆ, ਮੰਤਰ ਵਿੱਦਿਆ ਅਤੇ ਤੰਤਰ ਵਿੱਦਿਆ।’ ‘ਮਹਾਨ ਕੋਸ਼ ਅਨੁਸਾਰ ਜੰਤੁ ਜਾਂ ਯੰਤ੍ਰ ਤੋਂ ਭਾਵ ਤੰਤ੍ਰ ਸ਼ਾਸਤ੍ਰ ਅਨੁਸਾਰ ਟੂਣਾ ਹੈ ਅਤੇ ਟੂਣਾ ਟਾਮਣ ਜਾਣਨ ਤੇ ਕਰਨ ਵਾਲੇ ਨੂੰ ਜੰਤ੍ਰੀ ਕਿਹਾ ਜਾਂਦਾ ਹੈ। ਇਸ ਦਾ ਹੋਰ ਸਪੱਸ਼ਟ ਉੱਤਰ ਹੈ ਕਾਬੂ ਰੱਖਣ ਦੀ ਕ੍ਰਿਯਾ ਜਾਂ ਆਪਣੀ ਇੱਛਾ ਅਨੁਸਾਰ ਚਲਾਉਣਾ (ਯੰਤ੍ਰਣਾ) ਹੈ। ਕਿਸੇ ਦੇਵਤਾ ਗ੍ਰਹ ਆਦਿ ਦਾ ਲੀਕਾਂ ਖਿੱਚ ਕੇ ਬਣਾਇਆ ਗੋਲ, ਚਕੋਣਾ, ਅੱਠ ਪਹਿਲੂ ਆਦਿ ਘੇਰਾ ਜਿਵੇਂ ਜਨਮ ਕੁੰਡਲੀ ਦਾ ਬਾਰਾਂ ਖਾਨੇ ਦਾ ਯੰਤ੍ਰ ਹੁੰਦਾ ਹੈ। ਗੁਰਮਤਿ ਮਾਰਤੰਡ ਵਿਚ ਭਾਈ ਕਾਨ ਸਿੰਘ ਨਾਭਾ ਜੀ ਨੇ ਜੰਤੁ ਦਾ ਹੋਰ ਵਿਸਥਾਰ ਦਿੱਤਾ ਹੈ ਕਿ ‘ਭੋਜ ਪੱਤਰਾਂ ਕਾਗਜ਼ਾਂ ਆਦਿ ਪਰ ਲੇਖ ਦਾ ਨਾਉਂ ਜੰਤ੍ਰ ਹੈ। ਅਕਸਰ ਇਸ ਨੂੰ ਕਿਸੇ ਤਾਵੀਜ਼ (ਤਵੀਤ) ਵਿਚ ਮੜ ਕੇ ਵੀ ਗਲ ਜਾਂ ਬਾਂਹ ਉੱਪਰ ਬੰਨ੍ਹਿਆ ਜਾਂਦਾ ਹੈ। ਸੌਖੇ ਸ਼ਬਦਾਂ ਵਿਚ ਕਿਸੇ ਭਰਮ ਪਖੰਡ ਦਾ ਇਲਾਜ ਭਰਮ ਨਾਲ ਹੀ ਕੀਤਾ ਜਾਂਦਾ ਹੈ ਅਤੇ ਇਸੇ ਲਈ ਧਾਗੇ-ਤਵੀਤਾਂ ਦਾ ਧੰਦਾ ਬਹੁਤ ਹੀ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ।
ਇਸੇ ਤਰ੍ਹਾਂ ਮਹਾਨ ਕੋਸ਼ ਅਨੁਸਾਰ ਮੰਤਰ ਤੋਂ ਭਾਵ- ਤੰਤ੍ਰ ਸ਼ਾਸਤ੍ਰ ਅਨੁਸਾਰ ਕਿਸੇ ਦੇਵਤਾ ਨੂੰ ਰਿਝਾਉਣਾ ਅਥਵਾ ਕਾਰਯਸਿੱਧੀ ਲਈ ਜਪਣਯੋਗ ਸ਼ਬਦ ਹੈ। ਇਸ ਵਿਚ ਕੋਈ ਖ਼ਾਸ ਸ਼ਬਦ, ਵਾਕ ਆਦਿ ਦਿੱਤਾ ਜਾਂਦਾ ਹੈ। ਦਰਅਸਲ ਇਹ ਇਕ ਡਰੇ ਅਤੇ ਵਹਿਮੀ ਮਨੁੱਖ ਨੂੰ ਰੀਝਾਉਣ ਦਾ ਢੰਗ ਹੈ। (ਇਹੀ ਢੰਗ ਦੇਹਧਾਰੀ ਗੁਰੂ ਡੰਮੂ ਨੇ ਸਧਾਰਨ ਲੋਕਾਂ ਨੂੰ ਤਿੰਨ-ਪੰਜ ਅੱਖਰਾਂ ਦੇ ਭਰਮ ‘ਚ ਪਾ ਕੇ ਆਪਣੀਆਂ ਫੋਟੋਆਂ ਦਾ ਧਿਆਨ ਧਰਨ ਲਾ ਦਿੱਤਾ ਹੈ।) ਇਸ ਤਰ੍ਹਾਂ ਵੱਖ-ਵੱਖ ਸਮੱਸਿਆਵਾਂ ਲਈ ਵੱਖ-ਵੱਖ ਮੰਤਰ ਹਨ ਜੋ ਭਰਮ ਦਾ ਸਹਾਰਾ ਤਾਂ ਹਨ ਪਰ ਕਿਸੇ ਸਮੱਸਿਆ ਦਾ ਹੱਲ ਨਹੀਂ ਹਨ।
ਤੀਸਰਾ ਤੰਤਰ ਤੋਂ ਭਾਵ ਵੀ ਟੂਣੇ ਟਾਮਣ ਕਰਨ ਦਾ ਨਾਉਂ ਹੈ। ਜਿਵੇਂ ਚੁਰਾਹੇ ਜਾਂ ਪਾਣੀਆਂ ਵਿਚ ਕਿਸੇ ਵਿਸ਼ੇਸ਼ ਦਿਨ ਮੰਗਲ, ਵੀਰ ਜਾਂ ਸ਼ਨੀ, ਵਿਸ਼ੇਸ਼ ਸਮੇਂ ਉਤਾਰਾ ਕਰਨਾ। ਉਸ ਵਿਚ ਸ਼ਰਾਬ, ਕਬਾਬ, ਸ਼ਿੰਗਾਰ ਦੇ ਸਾਮਾਨ ਤੋਂ ਲੈ ਕੇ ਹਰ ਖਾਣ ਵਾਲੀ ਵਸਤੂ ਤੇ ਧਾਗੇ, ਸੰਧੂਰ ਕੁਝ ਵੀ ਵਰਤਣ ਦਾ ਪਖੰਡ ਕਰਾਇਆ ਜਾ ਸਕਦਾ ਹੈ। ਸਾਡੇ ਦੇਸ਼ ਦੀ ਬਦਕਿਸਮਤੀ ਹੈ ਕਿ ਇੱਥੋਂ ਦੇ ਲੋਕ ਰੋਜ਼ਾਨਾ ਦਸ ਕਰੋੜ ਰੁਪਏ ਦੇ ਸੂਟੇ ਲਾ ਕੇ ਤੰਮਾਕੂ ਤੇ ਸਿਗਰਟਾਂ ਹੀ ਫੂਕ ਦਿੰਦੇ ਹਨ ਜੋ ਮਨੁੱਖੀ ਸਿਹਤ ਲਈ ਅਤਿ ਖ਼ਤਰਨਾਕ ਹੈ ਅਤੇ ਦੂਜੇ ਪਾਸੇ ਕਰੋੜਾਂ ਰੁਪਏ ਦੇ ਨਾਰੀਅਲ ਟੂਣੇ-ਟਾਮਣ ਦੇ ਨਾਉਂ ਉਤੇ ਨਦੀਆਂ, ਨਹਿਰਾਂ, ਚੌਰਾਹਿਆਂ ਵਿਚ ਵਗਾਹ ਮਾਰਦੇ ਹਨ ਜੋ ਮਨੁੱਖੀ ਸਿਹਤ ਲਈ ਬਹੁਤ ਹੀ ਸ਼ਕਤੀ ਵਰਧਕ ਤੇ ਲਾਭਦਾਇਕ ਹਨ। ਇਸ ਪਖੰਡ ਕਰਮ ਵਿਚ ਵਪਾਰੀ ਤੇ ਸ਼ੈਤਾਨ ਵਰਗ ਇਸ ਸਮਾਜ ਦਾ ਆਰਥਿਕ, ਮਾਨਸਿਕ ਤੇ ਬੌਧਿਕ ਸ਼ੋਸ਼ਣ ਕਰ ਰਿਹਾ ਹੈ ਜੋ ਇੱਕੀਵੀਂ ਸਦੀ ਵਿਚ ਹੋਰ ਵੀ ਦਿਨੋਂ ਦਿਨ ਖਤਰਨਾਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਮੁੱਖ ਕਾਰਨ ਮਹਿੰਗਾਈ ਤੇ ਪਦਾਰਥਵਾਦੀ ਦੌੜ ਨੇ ਸਮਾਜ ਦੀਆਂ ਮਾਨਸਿਕ ਪਰੇਸ਼ਾਨੀਆਂ ਵਧਾ ਦਿੱਤੀਆਂ ਹਨ ਤੇ ਸਧਾਰਨ ਵਰਗ ਇਨ੍ਹਾਂ ਦਾ ਹੱਲ ਜੰਤਰਾਂ-ਮੰਤਰਾਂ-ਤੰਤਰਾਂ ਵਾਲਿਆਂ ਤੋਂ ਲੱਭ ਰਿਹਾ ਹੈ।
ਇਸ ਲੇਖ ਦੇ ਅਰੰਭ ਵਿਚ ਦਿੱਤੀਆਂ ਪੰਕਤੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਹਨ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸੁਭਾਇਮਾਨ ਹਨ। ਪੂਰੇ ਸ਼ਬਦ ਦਾ ਪ੍ਰਕਰਣ ਲੰਮੇਰਾ ਹੈ। ਇਨ੍ਹਾਂ ਪੰਕਤੀਆਂ ਵਿਚ ਤੰਤਰ-ਮੰਤਰ ਨੂੰ ਪਖੰਡ ਕਰਮ ਕਹਿ ਕੇ ਸਤਿਗੁਰਾਂ ਨੇ ਸਮਾਜ ਦਾ ਭਰਮ ਦੂਰ ਕੀਤਾ ਹੈ। ਇਸ ਸ਼ਬਦ ਵਿਚ ਜੀਵ ਰੂਪ ਇਸਤਰੀ ਦੀ ਵੇਦਨਾ ਹੈ ਕਿ ਪ੍ਰਭੂ ਪਿਆਰ ਪ੍ਰਾਪਤ ਕਰਨ ਲਈ ਮੈਂ ਕੋਈ ਜਾਦੂ-ਟੂਣਾ ਜਾਂ ਮੰਤਰ ਆਦਿ ਦਾ ਪਖੰਡ ਕਰਮ ਨਹੀਂ ਜਾਣਦੀ, ਮੈਂ ਤਾਂ ਕੇਵਲ ਉਸ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੈ ਭਾਵ ਮੇਰਾ ਮਨ ਉਸ ਦੀ ਬੰਦਗੀ ਵਿਚ ਲੱਗ ਗਿਆ ਹੈ। ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਵਾਸਤੇ ਸ਼ਿੰਗਾਰ ਲਈ ਉਸ ਦਾ ਨਾਮ ਹੀ ਸੁਰਮਾ ਹੈ ਅਤੇ ਇਸ ਨਾਮ ਰੂਪੀ ਸੁਰਮੇ ਦੀ ਸੂਝ ਵੀ ਉਸ ਪ੍ਰਭੂ ਪਾਸੋਂ ਮਿਲਦੀ ਹੈ। ਜਦ ਜੀਵ ਨੂੰ ਇਹ ਸੂਝ ਆ ਜਾਂਦੀ ਹੈ ਤਾਂ ਉਹ ਗੁਰ-ਸ਼ਬਦ ਨਾਲ ਜੁੜਦਾ ਹੈ ਤੇ ਤੰਤਰ/ਮੰਤਰ ਜੈਸੇ ਪਖੰਡ ਕਰਮਾਂ ਵਿਚ ਨਹੀਂ ਉਲਝਦਾ।
ਇਸੇ ਪਖੰਡ ਕਰਮ ਤੋਂ ਵਰਜਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਫਿਰ ਦਸਮੇ ਜਾਮੇ ਵਿਚ ‘ਜਾਪੁ ਸਾਹਿਬ ਵਿਚ ਦ੍ਰਿੜ ਕਰਵਾਉਂਦੇ ਹਨ :
“ਨਮੋ ਮੰਤ੍ਰ ਮੰਤ੍ਰੀ॥ ਨਮੋ ਜੰਤ੍ਰ ਜੰਤੂੰ॥
ਨਮੋ ਇਸਟ ਇਸਟੇ॥ ਨਮੋ ਤੰਤ੍ਰ ਤੰਤ੍ਰੈ॥
ਭਾਵ – ਹੇ ਪ੍ਰਭੂ ! ਤੇਰਾ ਨਾਮ ਹੀ ਸਭ ਮੰਤਰਾਂ, ਜੰਤਰਾਂ, ਤੰਤਰਾਂ ਤੋਂ ਸਿਰਮੌਰ ਹੈ।
ਤੱਤਸਾਰ ਵਜੋਂ ਨਾਨਕ ਨਿਰਮਲ ਪੰਥ ਦੇ ਵਾਰਸਾਂ ਨੇ ਅਜਿਹੇ ਪਖੰਡ ਕਰਮ ਨੂੰ ਬਿਲਕੁਲ ਨਹੀਂ ਮੰਨਣਾ ਅਤੇ ਗੁਰਬਾਣੀ ਉੱਪਰ ਪੂਰਨ ਭਰੋਸਾ ਰੱਖਣਾ ਹੈ।
ਡਾ. ਇੰਦਰਜੀਤ ਸਿੰਘ ਗੋਗੋਆਣੀ