-ਵਿਧਾਤਾ ਸਿੰਘ ਤੀਰ
ਇਹ ਝੰਡਾ ਝੁਲੇ ਪੰਥ ਦਾ, ਉੱਚਾ ਲਾਸਾਨੀ।
ਪਈ ਇਸ ਵਿੱਚ ਚਮਕਾਂ ਮਾਰਦੀ, ਕਲਗੀ ਨੂਰਾਨੀ।
ਫੜ ਇਸ ਨੂੰ ਉੱਚਾ ਕਰ ਗਿਆ, ਪੁੱਤਰਾਂ ਦਾ ਦਾਨੀ ।
ਜਿਸ ਰੱਖੀ ਮੂਲ ਨਾ ਆਪਣੀ, ਜਗ ਵਿੱਚ ਨਿਸ਼ਾਨੀ।
ਜਿਸ ਪੂਜੀ ਕੁਲ ਦੀ ਰੱਤ ਪਾ, ਸ੍ਰੀ ਮਾਤਾ ਭਾਨੀ।
ਜਿਸ ਦਿੱਤੀ ਸਾਰੀ ਬੰਸ ਦੀ, ਹੱਸ ਕੇ ਕੁਰਬਾਨੀ।
ਉਸ ਕਲਗੀਧਰ ਦੀ ਰੀਝ ਦਾ, ਸੂਰਜ ਅਸਮਾਨੀ।
ਕੀ ਕਲਮ ਕਵੀ ਦੀ ਏਸ ਦਾ, ਯੱਸ ਕਰੇ ਜ਼ਬਾਨੀ।
ਅਕਾਲੀ ਝੰਡੇ ਦੇ ਕਾਰਨਾਮੇ
ਇਸ ਉੱਚੇ ਹੋ ਲਹਿਰਾਂਦਿਆਂ, ਹਨ ਯੁੱਗ ਪਲੱਟੇ।
ਇਸ ਖੱਟੇ-ਰੰਗ, ਜ਼ੁਲਮ ਦੇ, ਦੰਦ ਕੀਤੇ ਖੱਟੇ।
ਇਸ ਡੋਬੀ ਬੇੜੀ ਪਾਪ ਦੀ, ਭਰ ਭਰ ਕੇ ਵੱਟੇ।
ਇਸ ਹੇਠਾਂ ਨੱਥੇ ਪੰਥ ਨੇ, ਜਰਵਾਣੇ ਢੱਟੇ।
ਇਹ ਲਿੱਸਿਆਂ ਨੂੰ ਗਲ ਲਾਂਵਦਾ, ਜੋ ਰੁਲਦੇ ਘੱਟੇ।
ਇਸ ਕੀੜੇ ਕੀਤਾ ਪਾਤਸ਼ਾਹ, ਫੜ ਤਖ਼ਤ ਉਲੱਟੇ।
ਉਹ ਤੇਗ਼ ਜੀਭ ਸੀ ਏਸ ਦੀ, ਜਿਸ ਜ਼ਾਲਮ ਚੱਟੇ।
ਇਹ ਲਾਹਵੇ ਗਲੋਂ ਗੁਲਾਮੀਆਂ, ਸਭ ਸੰਗਲ ਕੱਟੇ।
ਇਸ ਨੂੰ ਚੁੱਕ ਕੇ ਤੁਰਨ ਵਾਲੇ
ਇਹ ਝੰਡਾ ਚੁੱਕ ਨੰਦੇੜ ਤੋਂ, ਇੱਕ ‘ਬੰਦਾ’ ਚੜ੍ਹਿਆ ।
ਉਹ ਘੜਿਆ ਜਿਵੇਂ ਫੁਲਾਦ ਦਾ, ਲੋਹ-ਬਖ਼ਤਰ ਜੜ੍ਹਿਆ।
ਉਹ ਅੱਖੋਂ ਅੱਗ ਉਗਲੱਛਦਾ, ਰੋਹ ਅੰਦਰ ਸੜਿਆ।
ਉਸ ਮੰਤਰ ਗੁਰ ਦਸਮੇਸ਼ ਤੋਂ, ਸਿੱਖੀ ਦਾ ਪੜ੍ਹਿਆ।
ਉਸ ਖੰਡਾ ਖੋਹ ਕੇ ਮੌਤ ਦਾ, ਹੱਥ ਸੱਜੇ ਫੜਿਆ।
ਉਹ ਅੰਦਰ ਖੂਨੀ ਸ਼ਹਿਰ ਦੇ, ਜਦ ਆ ਕੇ ਵੜਿਆ।
ਤਦ ਹਿੱਲੀ ਨੀਂਹ ਸਰਹੰਦ ਦੀ, ਹੋ ਇੱਟ ਇੱਟ ਝੜਿਆ।
ਸੀ ਖੂਬ ਫਰਾਟੇ ਮਾਰਦਾ, ਸਿੰਘਾਂ ਹੱਥ ਫੜਿਆ।
ਦੂਜਾ ਅਣਖੀ
ਫਿਰ ਸੀਸ ਤਲੀ ‘ਤੇ ਰੱਖ ਕੇ, ਇੱਕ ਗੁਰੂ-ਦੁਲਾਰਾ।
ਇਹ ਝੰਡਾ ਫੜਕੇ ਜੂਝਿਆ, ਕਰ ਸਿਦਕੀ ਕਾਰਾ।
ਉਸ ਤੇਰ੍ਹਾਂ ਕੋਹ ਵਿੱਚ ਫੇਰਿਆ, ਖੰਡਾ ਦੋ-ਧਾਰਾ।
ਉਹ ਧੋਤਾ ਆਪਣੀ ਰੱਤ ਪਾ, ਰਾਹ ਪੈਂਡਾ ਸਾਰਾ।
ਉਹ ‘ਦੀਪ ਸਿੰਘ’ ਕੁਲ-ਦੀਪ ਸੀ, ਵਰਿਆਮ ਕਰਾਰਾ।
ਉਸ ਸੀਸ ਤਲੀ ’ਤੇ ਰੱਖਿਆ, ਸੀ ਅਜਬ ਨਜ਼ਾਰਾ।
ਧੜ ਰਣ ਵਿੱਚ ਲੜਦਾ ਸਿਰ ਨਹੀਂ, ਵੇਖੇ ਜੱਗ ਸਾਰਾ।
ਤਦ ਝੂਲ ਝੂਲ ਸੀ ਆਖਦਾ, ਇਹ ਝੰਡਾ ਪਿਆਰਾ:
ਵਾਹ! ਰੱਖ ਵਿਖਾਈ ਅਣਖ ਤੂੰ, ਸਿੰਘਾ! ਸਰਦਾਰਾ!
ਦੋ ਦਲੇਰ
ਫਿਰ ਉੱਠਿਆ ਬੀਕਾਨੇਰ ਤੋਂ, ਇੱਕ ਜੋੜ ਹਠੀਲਾ।
ਇਹ ਝੰਡਾ ਉਸ ਨੇ ਚੁੱਕਿਆ, ਫਿਰ ਕਰ ਕੇ ਹੀਲਾ।
ਇਕ ਅਣਖੀ ‘ਮੀਰਾਂ-ਕੋਟੀਆ’ ਹੈ ਸੀ ਫੁਰਤੀਲਾ।
ਇਕ ਸਿੰਘ ‘ਮਾੜੀ ਕੰਬੋ’ ਦਾ, ਸਿਰਲੱਥ ਰੰਗੀਲਾ।
ਉਨ੍ਹਾਂ ‘ਹਰਿਮੰਦਰ’ ਵਿੱਚ ਜਾਣ ਦਾ, ਰੱਚ ਲਿਆ ਵਸੀਲਾ।
ਉਨ੍ਹਾਂ ਇਕੋ ਚਾਲੇ ਮਾਰਿਆ, ਮੁਗ਼ਲਾਂ ਦਾ ਫੀਲਾ।
ਉਨ੍ਹਾਂ ਪੁਟਿਆ ਅੰਮ੍ਰਿਤਸਰ ਵਿੱਚੋਂ, ਜਰਵਾਣਾ ਡੀਲਾ।
ਉਨ੍ਹਾਂ ਸਿਰ ਮੱਸੇ ਦਾ ਲਾਹ ਲਿਆ,
ਰਚ ਅਚਰਜ ਲੀਲ੍ਹਾ।
ਜਿਉਂ ਜੱਟੀ ਲਾਹਵੇ ਚੁਲ੍ਹ ਤੋਂ, ਰਿਝ ਰਿਹਾ ਪਤੀਲਾ।
ਦੋ ਹੋਰ
ਫਿਰ ਚੜ੍ਹਿਆ ਲਾਟਾਂ ਛੱਡਦਾ ਇੱਕ ਮਰਦ *ਅਕਾਲੀ ।
ਸਨ ਖੂਬ ਦੁਮਾਲੇ ’ਤੇ ਜੜੇ, ਉਸ ਚੱਕਰ ਚਾਲੀ।
ਸੀ ‘ਨਲੁਆ’ ਸਾਥੀ ਓਸ ਦਾ, ਅਣਖਾਂ ਦਾ ਵਾਲੀ।
ਰਲ ਦੋਹਾਂ ਝੰਡੇ ਏਸ ਦੀ, ਲਜ ਵਾਹ ਵਾਹ ਪਾਲੀ।
ਉਨ੍ਹਾਂ ਪਾਈ ਗਲੇ ਪਠਾਣ ਦੇ, ਬਲ ਨਾਲ ਪੰਜਾਲੀ ।
ਉਨ੍ਹਾਂ ਵਾਹੀ ਵਿੱਚ ਰਣ-ਖੇਤ ਦੇ, ਹਲ-ਤੇਗ਼ ਨਿਰਾਲੀ।
ਉਨ੍ਹਾਂ ‘ਬਰੂਓਂ ਦੱਭੋ’ ਖੇਤ ਨੂੰ, ਕਰ ਸੁੱਟਿਆ ਖ਼ਾਲੀ।
ਇਸ ਝੰਡੇ ਨੇ ਜਮਰੌਦ ‘ਤੇ, ਤਦ ਸ਼ਾਨ ਵਿਖਾਲੀ।
ਹੁਣ ਵੀ ਰੰਗ ਵਿਖਾਏਗਾ
ਇਸ ਝੰਡੇ ਹੇਠਾਂ ਖ਼ਾਲਸਾ, ਫਲਿਆ ਤੇ ਫੁਲਿਆ।
ਇਸ ਝੰਡੇ ਹੇਠਾਂ ਖ਼ਾਲਸਾ, ਤੇਗਾਂ ‘ਤੇ ਤੁਲਿਆ।
ਇਸ ਝੰਡੇ ਹੇਠਾਂ ਖ਼ਾਲਸਾ, ਰਾਹ ਕਦੇ ਨਾ ਭੁਲਿਆ।
ਇਸ ਝੰਡੇ ਹੇਠਾਂ ਪੰਥ ਦਾ, ਰਲ ਕੇ ਲਹੂ ਡੁਲ੍ਹਿਆ।
ਹੈ ਨਿਸਚਾ ਹੁਣ ਵੀ ਜੇ ਕਦੇ, ਕੁਈ ਝਖੜ ਝੁਲਿਆ।
ਜੇ ਰਾਖ਼ਸ਼ ਕਿਸੇ ਸ਼ੈਤਾਨ ਦਾ, ਮੂੰਹ ਏਧਰ ਖੁਲ੍ਹਿਆ।
ਇਹ ਭੰਨੇਗਾ ਦੰਦ ਓਸ ਦੇ, ਕਰਨੀ ਨਹੀਂ ਭੁਲਿਆ।
ਅਕਾਲੀ ਫੂਲਾ ਸਿੰਘ
