197 views 6 secs 0 comments

ਦੇਸ਼ ਦੀ ਵੰਡ ਤੋਂ ਪਹਿਲਾਂ ਦੇ ਕੁਝ ਪ੍ਰਮੁੱਖ ਹਜ਼ੂਰੀ ਰਬਾਬੀਆਂ ਬਾਰੇ

ਲੇਖ
April 10, 2025
-ਸ. ਤੀਰਥ ਸਿੰਘ ਢਿੱਲਵਾਂ

ਅਜੋਕੇ ਸਮੇਂ, ਸਿੱਖਾਂ ਦੀ ਸਰਬਉੱਚ ਧਾਰਮਿਕ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਸੁਯੋਗ ਪ੍ਰਬੰਧ ਹੇਠ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਕੀਰਤਨ ਸਮੇਂ ਦੌਰਾਨ ਕੀਰਤਨ ਗਾਇਨ ਕਰਨ ਵਾਲੇ ਰਾਗੀਆਂ ਦੀ ਕਾਫ਼ੀ ਤਾਦਾਦ ਹੈ। ਇਨ੍ਹਾਂ ਦੇ ਨਾਲ ਮੁਹਾਰਤ ਰੱਖਣ ਵਾਲੇ ਤੰਤੀ ਸਾਜ਼ ਵਾਦਕ ਸੰਗਤ ਕਰਕੇ ਮਾਹੌਲ ਨੂੰ ਹੋਰ ਵੀ ਰੂਹਾਨੀ ਬਣਾ ਦਿੰਦੇ ਹਨ। ਇਨ੍ਹਾਂ ਵਿਚ ਰਬਾਬ, ਸਾਰੰਦਾ, ਦਿਲਰੁਬਾ ਅਤੇ ਤਾਊਸ ਸ਼ਾਮਲ ਹਨ।

ਜੇ ਦੇਸ਼ ਦੀ ਵੰਡ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਕੀਰਤਨ ਕਰਨ ਵਾਲੇ ਕੀਰਤਨਕਾਰਾਂ ਦੀ ਗੱਲ ਕਰੀਏ ਤਾਂ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਕੁਝ ਕੁ ਗੁਰਸਿੱਖ ਰਾਗੀਆਂ ਨੂੰ ਛੱਡ ਕੇ ਬਾਕੀ ਸਾਰੇ ਮੁਸਲਮਾਨ ਰਬਾਬੀ ਜਥੇ ਹਜ਼ੂਰੀ ਰਾਗੀਆਂ ਵਜੋਂ ਕੀਰਤਨ ਕਰਦੇ ਸਨ। ਉਹ ਤੰਤੀ ਸਾਜ਼ਾਂ ਨਾਲ ਕੀਰਤਨ ਕਰਦੇ ਸਨ ਅਤੇ ਉਨ੍ਹਾਂ ਦੀ ਅਨੂਠੀ ਅਤੇ ਅਤਿਅੰਤ ਕਲਾਤਮਕ ਸ਼ੈਲੀ ਸੰਗਤ ਨੂੰ ਕੀਲ ਲੈਣ ਦੀ ਸਮਰੱਥਾ ਰੱਖਦੀ ਸੀ। ਉਨ੍ਹਾਂ ਰਬਾਬੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ-ਨਾਲ ਭਾਈ ਗੁਰਦਾਸ ਜੀ ਦੀਆਂ ਵਾਰਾਂ ਸਮੇਤ ਹੋਰ ਬਾਣੀਆਂ ਵੀ ਕੰਠ ਸਨ। ਸ੍ਰੀ ਦਰਬਾਰ ਸਾਹਿਬ ਤੋਂ ਬਾਹਰ ਸਜਦੇ ਵੱਖ-ਵੱਖ ਦੀਵਾਨਾਂ ਵਿਚ ਉਹ ਧਾਰਮਿਕ ਗੀਤ ਵੀ ਬੜੇ ਸੁਰ-ਮਈ ਤਰੀਕੇ ਨਾਲ ਗਾਇਨ ਕਰਦੇ ਸਨ, ਜਿਵੇਂ ਕਿ ਭਾਈ ਛੈਲਾ (ਪਟਿਆਲੇ ਵਾਲਾ), ਭਾਈ ਦੇਸਾ ਅਤੇ ਸਾਂਈ ਦਿੱਤਾ ਵੱਲੋਂ ਗਾਏ ਹੋਏ ਕੁਝ ਤਵੇ ਹੁਣ ਵੀ ਉਪਲਬਧ ਹਨ।

ਇਨ੍ਹਾਂ ਤਵਿਆਂ ਵਿਚਲੇ ਗੀਤ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤ ਵਿਚ ਗਾਇਨ ਕੀਤੇ ਗਏ ਹਨ। ਜਿਵੇਂ ਕਿ ਪਹਿਲਾਂ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਇਨ੍ਹਾਂ ਰਬਾਬੀਆਂ ਨੂੰ ਬਹੁਤ ਸਾਰੀ ਬਾਣੀ ਜ਼ਬਾਨੀ ਕੰਠ ਸੀ। ਇਸੇ ਲਈ ਭਾਈ ਲਾਲ ਜੀ (ਪਹਿਲੇ) ਅਤੇ ਭਾਈ ਚਾਂਦ ਜੀ (ਪਹਿਲੇ) ਵਰਗੇ ਉੱਚ ਕੋਟੀ ਦੇ ਰਬਾਬੀ ਗੁਰਬਾਣੀ ਦੇ ਇੱਕ-ਇੱਕ ਸ਼ਬਦ ਨੂੰ ਹੋਰਨਾਂ ਸ਼ਬਦਾਂ ਦੇ ਢੁਕਵੇਂ ਪ੍ਰਮਾਣਾਂ ਸਮੇਤ ਇੱਕ-ਇੱਕ ਘੰਟੇ ਵਿਚ ਗਾਇਨ ਕਰਦੇ ਸਨ। ਉਸ ਵੇਲੇ ਦੇ ਲੋਕ ਦੱਸਦੇ ਹਨ ਕਿ ਜਦੋਂ ਕਿਤੇ ਭਾਈ ਲਾਲ ਜੀ ਅਤੇ ਭਾਈ ਚਾਂਦ ਜੀ ਦੀ ਕੀਰਤਨ ਡਿਊਟੀ ਹੁੰਦੀ ਸੀ ਤਾਂ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਦੀ ਪਰਕਰਮਾ ਵਿਚ ਤਿਲ ਸੁੱਟਣ ਨੂੰ ਥਾਂ ਨਹੀਂ ਸੀ ਹੁੰਦੀ। ਸਪੀਕਰਾਂ ਦੀ ਆਮਦ ਤੋਂ ਪਹਿਲਾਂ ਰਾਗੀ ਤੇ ਰਬਾਬੀ ਉਂਞ ਹੀ ਕੀਰਤਨ ਕਰਦੇ ਸਨ। ਉਨ੍ਹਾਂ ਦੀ ਆਵਾਜ਼ ਵਿਚ ਬਹੁਤ ਦਮ ਹੁੰਦਾ ਸੀ ਅਤੇ ਦੂਰ ਤਕ ਸੁਣਾਈ ਦਿੰਦੀ ਸੀ। ਇਹ ਗੱਲ ਸ੍ਰੀ ਅੰਮ੍ਰਿਤਸਰ ਦੇ ਉਸ ਸਮੇਂ ਦੇ ਕੁਝ ਇੱਕ ਜਿਊਂਦੇ ਵਿਅਕਤੀ ਬੜੇ ਮਾਣ ਨਾਲ ਦੱਸਦੇ ਹਨ ਕਿ ਖ਼ਾਸਕਰ ਜਦੋਂ ਭਾਈ ਲਾਲ ਜੀ ਅਤੇ ਭਾਈ ਚਾਂਦ ਜੀ ਦੀ ਕੀਰਤਨ ਦੀ ਵਾਰੀ ਹੁੰਦੀ ਸੀ ਤਾਂ ਸ੍ਰੀ ਦਰਬਾਰ ਸਾਹਿਬ ਦੇ ਲਾਗੇ ਬੰਨੇ ਦੇ ਮੁਸਲਮਾਨ ਦੁਕਾਨਦਾਰ ਇੱਕ ਦੂਜੇ ਨੂੰ ਇਉਂ ਆਖਿਆ ਕਰਦੇ ਸਨ— “ਅੱਜ ਭਾਈ ਲਾਲ ਜੀ ਜਾਂ ਭਾਈ ਚਾਂਦ ਜੀ ਦੀ ਕੀਰਤਨ ਡਿਊਟੀ ਹੈ। ਇਹਨਾਂ ਨੂੰ ਸੁਣਨ ਨਾ ਚਲੇ ਜਾਇਓ, ਨਹੀਂ ਤਾਂ ਕਿਤੇ ਇਹ ਸਾਨੂੰ ਵੀ ਸਿੱਖ ਬਣਾ ਦੇਣ।” ਇਸ ਦਾ ਭਾਵ ਇਹ ਸੀ ਕਿ ਉਨ੍ਹਾਂ ਵੱਲੋਂ ਗਾਇਨ ਕੀਤੇ ਕੀਰਤਨ ਵਿਚ ਇੰਨਾ ਰਸ ਅਤੇ ਰਾਗਦਾਰੀ ਦੀ ਇੰਨੀਂ ਪਕੜ ਅਤੇ ਪ੍ਰਪੱਕਤਾ ਹੁੰਦੀ ਸੀ ਕਿ ਉਹ ਕਿਸੇ ਨੂੰ ਵੀ ਆਪਣੇ ਮਧੁਰ ਕੀਰਤਨ ਰਾਹੀਂ ਸਿੱਖੀ ਵੱਲ ਖਿੱਚ ਸਕਦੇ ਸਨ। ਰਬਾਬੀਆਂ ਬਾਰੇ ਇੱਕ ਖ਼ਾਸ ਗੱਲ ਇਹ ਹੈ ਕਿ ਬੰਬਈ (ਹੁਣ ਮੁੰਬਈ) ਦੀ ਉਸ ਵੇਲੇ ਦੀ ਫ਼ਿਲਮ ਇੰਡਸਟ੍ਰੀ ਦੇ ਮੰਨੇ-ਪ੍ਰਮੰਨੇ ਸੰਗੀਤ ਨਿਰਦੇਸ਼ਕ ਇਨ੍ਹਾਂ ਰਬਾਬੀਆਂ ਨੂੰ ਸੁਣਨ ਲਈ ਸ੍ਰੀ ਅੰਮ੍ਰਿਤਸਰ ਆਉਂਦੇ ਅਤੇ ਕਈ ਕਈ ਦਿਨ ਇਨ੍ਹਾਂ ਦਾ ਕੀਰਤਨ ਸੁਣਦੇ ਅਤੇ ਉਸ ਤੋਂ ਬਹੁਤ ਕੁਝ ਹਾਸਲ ਕਰਕੇ ਉਸੇ ਦੇ ਆਧਾਰ ‘ਤੇ ਫ਼ਿਲਮਾਂ ਲਈ ਗੀਤਾਂ ਦੀਆਂ ਤਰਜ਼ਾਂ ਬਣਾਇਆ ਕਰਦੇ ਸਨ।

ਇੱਥੇ ਇਹ ਗੱਲ ਵੀ ਕਾਬਿਲ-ਏ-ਜ਼ਿਕਰ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਉਸ ਵੇਲੇ ਦੇ ਰਬਾਬੀਆਂ ਵਿੱਚੋਂ ਦੋ ਬਹੁਤ ਹੀ ਖ਼ੂਬਸੂਰਤ ਰਬਾਬੀਆਂ ਭਾਈ ਦੇਸਾ ਅਤੇ ਭਾਈ ਛੈਲਾ ਨੇ ਦਰਜਨਾਂ ਫ਼ਿਲਮਾਂ ਵਿਚ ਬਤੌਰ ਅਦਾਕਾਰ ਕੰਮ ਕੀਤਾ। ਇਨ੍ਹਾਂ ਵਿੱਚੋਂ ਭਾਈ ਛੈਲਾ ਨੂੰ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਪਟਿਆਲੇ ਲੈ ਗਏ ਅਤੇ ਆਪਣਾ ਦਰਬਾਰੀ ਗਾਇਕ ਨਿਯੁਕਤ ਕੀਤਾ। ਉੱਥੇ ਵੀ ਭਾਈ ਸਾਹਿਬ ਨੇ ਕੀਰਤਨ ਕਰਨਾ ਜਾਰੀ ਰੱਖਿਆ। ਫ਼ਿਲਮਾਂ ਦੇ ਮੰਨੇ-ਪ੍ਰਮੰਨੇ ਸੰਗੀਤ ਨਿਰਦੇਸ਼ਕ ਜਨਾਬ ਗ਼ੁਲਾਮ ਮੁਹੰਮਦ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਵਰ੍ਹਿਆਂ-ਬੱਧੀ ਹਜ਼ੂਰੀ ਰਾਗੀ ਰਹੇ। ਇਸੇ ਕੀਰਤਨ ਦੀ ਖਿੱਚ ਸੀ ਕਿ ਮਹਾਂਕਵੀ ਰਾਬਿੰਦਰ ਨਾਥ ਟੈਗੋਰ ਆਪਣੇ ਪਿਤਾ ਜੀ ਨਾਲ ਅਕਸਰ ਹੀ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਆ ਕੇ ਕਈ-ਕਈ ਦਿਨ ਕੀਰਤਨ ਸਰਵਣ ਕਰ ਕੇ ਜਾਂਦੇ। ਆਪਣੇ ਸਮੇਂ ਦੇ ਪ੍ਰਸਿੱਧ ਸਿੱਖ ਰਬਾਬੀ ਭਾਈ ਬੁੱਧ ਸਿੰਘ ਤਾਨ ਅਣਵੰਡੇ ਭਾਰਤ ਦੇ ਮੋਹਰੀ ਲਾਹੌਰ ਰੇਡੀਓ ਸਟੇਸ਼ਨ ਦੇ ਸੰਗੀਤ ਵਿਭਾਗ ਦੇ ਉੱਪ ਮੁਖੀ ਦੇ ਉੱਚ ਅਹੁਦੇ ’ਤੇ ਕਾਫ਼ੀ ਸਾਲ ਰਹੇ।

ਦੇਸ਼ ਦੀ ਵੰਡ ਤੋਂ ਬਾਅਦ ਕਾਫ਼ੀ ਰਬਾਬੀ ਭਰੇ ਮਨ ਨਾਲ ਪਾਕਿਸਤਾਨ ਚਲੇ ਗਏ, ਜਿਨ੍ਹਾਂ ਵਿੱਚੋਂ ਭਾਈ ਚਾਂਦ ਨੇ ਪ੍ਰਕਾਸ਼-ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਪੁਰਾਣੇ ਸਮਿਆਂ ਨੂੰ ਚੇਤੇ ਕਰਦਿਆਂ ਵੈਰਾਗਮਈ ਅਵਸਥਾ ਵਿਚ ਸੱਚਖੰਡ ਪਿਆਨਾ ਕੀਤਾ। ਇਹ ਹਨ — ਪੁਰਾਤਨ ਰਬਾਬੀਆਂ ਨਾਲ ਜੁੜੀਆਂ ਕੁਝ ਅਭੁੱਲ ਯਾਦਾਂ।