-ਸ. ਰਣਜੀਤ ਸਿੰਘ
ਕੁਦਰਤ ਨੇ ਹਰ ਚੀਜ਼ ਦੀ ਪਛਾਣ ਵਾਸਤੇ ਕੁਝ ਚਿੰਨ੍ਹ ਬਣਾ ਰੱਖੇ ਹਨ। ਅਸੀਂ ਉਨ੍ਹਾਂ ਦੇ ਰੰਗ, ਰੂਪ ਜਾਂ ਦਿੱਖ ਤੋਂ ਉਨ੍ਹਾਂ ਦੀ ਪਹਿਚਾਣ ਕਰ ਸਕਦੇ ਹਾਂ। ਵੱਖ-ਵੱਖ ਜੀਵਾਂ ਦੀ ਜਾਂ ਬਨਸਪਤੀ ਦੀ ਪਛਾਣ ਉਨ੍ਹਾਂ ਦੀ ਬਾਹਰੀ ਦਿੱਖ ਤੋਂ ਹੀ ਹੁੰਦੀ ਹੈ। ਮਨੁੱਖ ਦੁਆਰਾ ਉਸਾਰੇ ਹੋਏ ਧਰਮ ਅਸਥਾਨਾਂ ਦਾ ਅੰਦਾਜ਼ਾ ਵੀ ਉਨ੍ਹਾਂ ਦੀ ਬਾਹਰੀ ਦਿੱਖ ਤੋਂ ਹੀ ਲਗਾਇਆ ਜਾਂਦਾ ਹੈ। ਜਿਸ ਇਮਾਰਤ ’ਤੇ ਕਰਾਸ ਬਣਿਆ ਹੋਵੇ ਉਸ ਤੋਂ ਸਹਿਜੇ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਗਿਰਜਾ ਘਰ ਹੈ। ਮਸਜਿਦ ਦੀ ਆਪਣੀ ਹੀ ਵਿਸ਼ੇਸ਼ ਬਣਤਰ ਹੈ। ਕੇਸਰੀ ਨਿਸ਼ਾਨ ਝੂਲਦਾ ਵੇਖ ਕੇ ਗੁਰਦੁਆਰਾ ਸਾਹਿਬ ਦਾ ਅਹਿਸਾਸ ਹੁੰਦਾ ਹੈ, ਸੋ ਹਰ ਧਾਰਮਿਕ ਅਸਥਾਨ ਦੇ ਆਪਣੇ ਖਾਸ ਪਹਿਚਾਣ ਚਿੰਨ੍ਹ ਹਨ।
ਇਸੇ ਤਰ੍ਹਾਂ ਪੁਲਿਸ ਅਫਸਰਾਂ ਜਾਂ ਫ਼ੌਜ ਵਾਲਿਆਂ ਦੀ ਵਰਦੀ ‘ਤੇ ਲੱਗੇ ਹੋਏ ਚਿੰਨ੍ਹ ਜਾਂ ਸਟਾਰ ਤੋਂ ਪਤਾ ਲੱਗ ਜਾਂਦਾ ਹੈ ਕਿ ਇਸ ਅਫਸਰ ਦਾ ਰੈਂਕ ਕੀ ਹੈ। ਧਾਰਮਿਕ ਚਿੰਨ੍ਹ ਤੋਂ ਜਾਂ ਬਾਹਰੀ ਲਿਬਾਸ ਤੋਂ ਮਨੁੱਖ ਦੇ ਧਰਮ ਦਾ ਪਤਾ ਲੱਗ ਜਾਂਦਾ ਹੈ। ਸਿੱਖ ਦੀ ਪਛਾਣ ਕੇਸ ਅਤੇ ਦਸਤਾਰ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਤਿਆਰ ਕਰਨਾ ਸ਼ੁਰੂ ਕੀਤਾ। ਜਦੋਂ ਮਨੁੱਖ ਸੰਪੂਰਨ ਰੂਪ ਵਿਚ ਤਿਆਰ ਹੋ ਗਿਆ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਕਕਾਰੀ ਰਹਿਤ ਨਿਰਧਾਰਿਤ ਕਰ ਦਿੱਤੀ। ਇਹ ਕਕਾਰ ਕੇਵਲ ਬਾਹਰੀ ਦਿਖਾਵੇ ਲਈ ਨਹੀਂ, ਸਗੋਂ ਇਨ੍ਹਾਂ ਦੇ ਪਿੱਛੇ ਬੜੀ ਡੂੰਘੀ ਫ਼ਿਲਾਸਫ਼ੀ ਹੈ।
ਸੰਨ ੧੬੯੯ ਦੀ ਵੈਸਾਖੀ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਵੱਲੋਂ ਚਲਾਈ ਹੋਈ ਸਿੱਖੀ ਦੀ ਲਹਿਰ ਨੂੰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਸੰਪੂਰਨਤਾ ਬਖ਼ਸ਼ਿਸ਼ ਕੀਤੀ। ਜੋ ਕ੍ਰਾਂਤੀ ਗੁਰੂ ਸਾਹਿਬ ਨੇ ਇਸ ਦਿਨ ਲਿਆਂਦੀ ਉਹ ਸਮੁੱਚੇ ਮਨੁੱਖਾ ਜੀਵਨ ਦੀ ਕ੍ਰਾਂਤੀ ਸੀ। ਗੁਰੂ ਸਾਹਿਬ ਨੇ ਖਾਲਸੇ ਨੂੰ ਵੀ ਖੰਡੇ ਦੀ ਪਾਹੁਲ ਵਿਚ ਬਦਲ ਕੇ ਸਿੱਖਾਂ ਨੂੰ ਹਰ ਸਮੇਂ ਪੰਜ ਕਕਾਰ ਧਾਰਨ ਕਰਨ ਦਾ ਵੀ ਉਪਦੇਸ਼ ਦਿੱਤਾ। ਭਾਈ ਨੰਦ ਲਾਲ ਸਿੰਘ ਜੀ ਨੇ ਪੂਰਨ ਸਿੱਖ ਦਾ ਨਕਸ਼ਾ ਪੇਸ਼ ਕਰਦੇ ਹੋਏ ਲਿਖਿਆ ਹੈ:
ਨਿਸ਼ਾਨ-ਏ-ਸਿਖੀ ਈਂ ਪੰਜ ਹਰਫ ਕਾਫ਼
ਹਰਗਿਜ਼ ਨਾ ਬਾਸ਼ਿਦ ਈਂ ਪੰਜ ਮੁਆਫ
ਇਹ ਪੰਜ ਕਾਫ਼ (ਕੱਕੇ) ਕਿਹੜੇ ਹਨ? ਇਸ ਦਾ ਜੁਆਬ ਦਿੰਦੇ ਹੋਏ ਉਹ ਲਿਖਦੇ ਹਨ:
ਕੜਾ ਕਾਰਦੋ ਕੱਛ ਕੰਘਾ ਬਿਦਾਂ।
ਬਿਨਾ ਕੇਸ ਹੇਠ ਅਸਤ ਜੁਮਲਾ ਨਿਸ਼ਾ ਕੜਾ, ਕਿਰਪਾਨ, ਕਛਹਿਰਾ, ਕੰਘਾ ਤੇ ਕੇਸ ਇਹ ਸਿੱਖੀ ਦੀਆਂ ਨਿਸ਼ਾਨੀਆਂ ਹਨ। ਇਨ੍ਹਾਂ ਨਿਸ਼ਾਨੀਆਂ ਤੋਂ ਸਿੱਖੀ ਦੀ ਪਹਿਚਾਣ ਹੁੰਦੀ ਹੈ, ਪਰ ਨਾਲ ਹੀ ਹਰ ਨਿਸ਼ਾਨੀ ਵਿਚ ਬੜੀ ਡੂੰਘੀ ਵਿਚਾਰਧਾਰਾ ਰਹੱਸ ਤੇ ਰਮਜ਼ ਹੈ।
ਕੇਸ: ਪਰਮਾਤਮਾ ਵੱਲੋਂ ਸੰਸਾਰ ਦੇ ਹਰ ਮਨੁੱਖ ਨੂੰ ਬਖ਼ਸ਼ਿਆ ਹੋਇਆ ਇਹ ਕੁਦਰਤੀ ਤੋਹਫ਼ਾ ਹੈ। ਸਮੇਂ ਦੇ ਨਾਲ-ਨਾਲ ਜਿਵੇਂ ਸਰੀਰ ਵਿਕਾਸ ਕਰਦਾ ਹੈ ਤਿਵੇਂ-ਤਿਵੇਂ ਕੇਸਾਂ ਦੀ ਲੰਬਾਈ ਵੀ ਵਧਦੀ ਜਾਂਦੀ ਹੈ। ਅੱਜ ਕੁਝ ਭੁੱਲੜ ਵੀਰ ਜਿਨ੍ਹਾਂ ਨੂੰ ਬਜ਼ੁਰਗਾਂ ਨੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਨਹੀਂ ਦਿੱਤੀ, ਉਹ ਦਾੜ੍ਹੀ ਤੇ ਕੇਸਾਂ ਬਾਰੇ ਕਈ ਤਰ੍ਹਾਂ ਦੇ ਅਜੀਬ-ਓ-ਗਰੀਬ ਪ੍ਰਸ਼ਨ ਕਰਦੇ ਹਨ। ਕਈ ਨੌਜਵਾਨ ਕਹਿੰਦੇ ਸੁਣੇ ਜਾਂਦੇ ਹਨ ਕਿ ਦਾੜ੍ਹੀ ਕੇਸ ਰੱਖਣ ਦਾ ਕੀ ਫ਼ਾਇਦਾ ਹੈ, ਸਿੱਖੀ ਤਾਂ ਮਨ ਦੀ ਚਾਹੀਦੀ ਹੈ। ਅਜਿਹੇ ਨੌਜਵਾਨਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਮਨ ਦੀ ਸਿੱਖੀ ਨਿਭਾਉਣੀ, ਤਨ ਦੀ ਸਿੱਖੀ ਨਿਭਾਉਣ ਨਾਲੋਂ ਕਿਤੇ ਔਖੀ ਹੈ। ਜੇ ਅਸੀਂ ਗੁਰੂ ਦਾ ਹੁਕਮ ਮੰਨ ਕੇ ਪੰਜ ਕਕਾਰ ਨਹੀਂ ਧਾਰਨ ਕਰ ਸਕਦੇ ਤਾਂ ਮਨ ਦੀ ਸਿੱਖੀ ਜਿਸ ਵਿਚ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਬਾਣੀ ਪੜ੍ਹਨੀ, ਗੁਰਦੁਆਰਾ ਸਾਹਿਬ ਜਾਣਾ, ਸਦਾ ਸੱਚ ਬੋਲਣਾ, ਸੱਚ ਸੁਣਨਾ ਤੇ ਸੱਚ ਵੇਖਣਾ, ਧਰਮ ਦੀ ਕਿਰਤ ਕਰਨੀ ਤੇ ਸਭ ਦੇ ਅੰਦਰ ਇਕ ਅਕਾਲ ਪੁਰਖ ਦੀ ਜੋਤ ਨੂੰ ਵੇਖਣ ਵਿੱਚ ਕਿਵੇਂ ਪ੍ਰਪੱਕ ਰਹਿ ਸਕਦੇ ਹਾਂ?
ਜਿਵੇਂ ਕਿਸੇ ਖੇਤ ਵਿਚ ਫ਼ਸਲ ਦੀ ਪੈਦਾਵਰ ਲਈ ਬੀਜ ਪਾਉਣਾ ਨਿਹਾਇਤ ਜ਼ਰੂਰੀ ਹੈ, ਉੱਥੇ ਫ਼ਸਲ ਦੀ ਰਾਖੀ ਲਈ ਵਾੜ ਲਾਉਣੀ ਵੀ ਕੋਈ ਘੱਟ ਜ਼ਰੂਰੀ ਨਹੀਂ। ਆਪਣੇ ਅੰਦਰ ਖਾਲਸੇ ਵਾਲੇ ਗੁਣ ਪੈਦਾ ਕਰਨੇ ਜਿੱਥੇ ਅਤੀ ਜ਼ਰੂਰੀ ਹਨ, ਉੱਥੇ ਪੰਜ ਕਕਾਰਾਂ ਰੂਪੀ ਜੋ ਸਿੱਖੀ ਦੀ ਵਾੜ ਹੈ, ਲਗਾਉਣੀ ਵੀ ਅਤਿਅੰਤ ਜ਼ਰੂਰੀ ਹੈ। ਜੇ ਕਿਤੇ ਕਲਗੀਧਰ ਪਾਤਸ਼ਾਹ ਸਾਨੂੰ ਇਹ ਨਿਆਰਾ ਸਰੂਪ ਨਾ ਬਖ਼ਸ਼ਦੇ ਤਾਂ ਸਿੱਖ ਮਤ ਵੀ ਹੋਰਨਾਂ ਮਤਾਂ ਦੀ ਤਰ੍ਹਾਂ ਮਿਲਗੋਭਾ ਹੋ ਜਾਂਦਾ ਤੇ ਅਸਲੀ ਮਤ ਦਾ ਥਾਂ ਟਿਕਾਣਾ ਨਹੀਂ ਸੀ ਲੱਭਣਾ। ਜੇ ਅੱਜ ਸਿੱਖ ਧਰਮ ਹੋਰਨਾਂ ਮਤਾਂ ਵਾਂਗ ਬ੍ਰਾਹਮਣੀ ਮਤ ਦੇ ਅੰਦਰ ਗਰਕ ਨਹੀਂ ਹੋਇਆ ਤਾਂ ਇਸ ਦਾ ਕਾਰਨ ਸਾਡਾ ਨਿਆਰਾ ਸਰੂਪ ਹੈ। ਦੁਨੀਆ ਦੇ ਕਿਸੇ ਵੀ ਕੋਨੇ ਵਿਚ ਜਿੱਥੇ ਸਿੱਖਾਂ ਨੇ ਆਪਣੇ ਨਿਆਰੇ ਸਰੂਪ ਨੂੰ ਸੰਭਾਲ ਕੇ ਰੱਖਿਆ ਹੈ, ਉੱਥੇ ਉਨ੍ਹਾਂ ਦੀ ਹੋਂਦ ਇੱਕ ਵੱਖਰੀ ਕੌਮ ਦੇ ਸਥਾਈ ਰੂਪ ਵਿਚ ਪ੍ਰਗਟ ਹੋਈ ਹੈ।
ਮੇਰੇ ਕੇਸ, ਮੇਰੀ ਦਾੜ੍ਹੀ ਤੇ ਸੀਸ ‘ਤੇ ਸਜਾਈ ਹੋਈ ਦਸਤਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮੋਹਰ ਹੈ। ਇਹ ਗੁਰੂ ‘ ਸਾਹਿਬ ਵੱਲੋਂ ਬਖ਼ਸ਼ਿਸ਼ ਕੀਤਾ ਹੋਇਆ ਵਿਸ਼ੇਸ਼ ਪਛਾਣ-ਪੱਤਰ ਹੈ। ਇਹ ਪ੍ਰਗਟ ਕਰਦਾ ਹੈ ਕਿ ਖਾਲਸੇ ਦੀ ਵਿਚਾਰਧਾਰਾ ਬਿਲਕੁਲ ਨਿਆਰੀ ਤੇ ਨਵੀਨ ਹੈ। ਜੇਕਰ ਅਸੀਂ ਗੁਰੂ ਸਾਹਿਬ ਦੇ ਬਖ਼ਸ਼ੇ ਹੋਏ ਇਸ ਸਰੂਪ ਦਾ ਤ੍ਰਿਸਕਾਰ ਕਰਦੇ ਹਾਂ ਤਾਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਦਾੜ੍ਹੀ, ਕੇਸਾਂ ਦੀ ਹੀ ਬੇਅਦਬੀ ਨਹੀਂ ਕਰ ਰਹੇ, ਸਗੋਂ ਗੁਰੂ ਸਾਹਿਬ ਦਾ ਵੀ ਤ੍ਰਿਸਕਾਰ ਕਰ ਰਹੇ ਹਾਂ। ਜਿਵੇਂ ਕਿਸੇ ਫੌਜ ਜਾਂ ਪੁਲਿਸ ਦੇ ਅਫ਼ਸਰ ਦਾ ਸਤਿਕਾਰ ਉਸ ਦੀ ਵਰਦੀ ਕਰਕੇ ਹੈ ਇਸੇ ਤਰ੍ਹਾਂ ਸਿੱਖ ਦਾ ਮਾਣ ਸਤਿਕਾਰ ਕੇਸ, ਦਾੜ੍ਹੀ ਤੇ ਦਸਤਾਰ ਕਰਕੇ ਹੈ।
ਕਈ ਭੁੱਲੜ ਵੀਰ ਇਹ ਕਹਿ ਦਿੰਦੇ ਹਨ ਕਿ ਜੇ ਸਿੱਖੀ ਵਾਸਤੇ ਕੇਸ, ਦਾੜ੍ਹੀ ਸਾਬਤ-ਸੂਰਤ ਰੱਖਣ ਦੀ ਬੰਦਿਸ਼ ਨਾ ਹੋਵੇ ਤਾਂ ਸਾਰੇ ਹੀ ਸਿੱਖ ਬਣ ਜਾਣ। ਅਜਿਹੀ ਸੋਚਣੀ ਹੀ ਬੜੀ ਬੇਸਮਝੀ ਤੇ ਹਾਸੋਹੀਣੀ ਹੈ। ਜੇਕਰ ਅਸੀਂ ਕੇਸ ਦਾੜ੍ਹੀ ਵਾਲਾ ਆਪਣਾ ਸਰੂਪ ਹੀ ਖ਼ਤਮ ਕਰ ਲਿਆ ਤਾਂ ਸਿੱਖੀ ਕਿਸ ਨੂੰ ਸਮਝਿਆ ਜਾਵੇਗਾ? ਬਾਕੀ ਲੋਕਾਂ ਨਾਲੋਂ ਸਾਡੀ ਅੱਡਰੀ ਪਛਾਣ ਕਿਵੇਂ ਹੋ ਸਕੇਗੀ। ਜਿਸ ਦਿਨ ਸਾਡਾ ਸਿੱਖੀ ਸਰੂਪ ਹੀ ਖ਼ਤਮ ਹੋ ਗਿਆ ਤਾਂ ਸਾਡੀ ਸਰਦਾਰੀ ਹੀ ਖ਼ਤਮ ਹੋ ਜਾਵੇਗੀ। ਜੇਕਰ ਖਾਲਸਾ ਪੰਥ ਦੀ ਜਥੇਬੰਦੀ ਹੁਣ ਤਕ ਬਚੀ ਹੋਈ ਹੈ ਤਾਂ ਉਹ ਸਾਡੇ ਨਿਆਰੇ ਸਰੂਪ ਕੇਸ, ਦਾੜ੍ਹੀ ਕਰਕੇ ਹੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੇਸ ਇੱਕ ਐਸੀ ਕਸਵੱਟੀ ਬਣਾ ਦਿੱਤੀ ਜਿਸ ਤੋਂ ਪਤਾ ਲੱਗ ਜਾਂਦਾ ਹੈ ਕਿ ਕੌਮ ਵਿਚ ਕਿੱਥੇ ਤੇ ਕਿੰਨੀ ਗਿਰਾਵਟ ਆ ਰਹੀ ਹੈ।ਕੇਸਾਂ ਨਾਲ ਹੀ ਸਾਡੀ ਜਥੇਬੰਦੀ ਕਾਇਮ ਹੈ। ਅੱਜ ਜੇ ਇਸ ਪਾਸੇ ਸਾਡੀ ਕੌਮ ਵਿਚ ਕੋਈ ਢਿੱਲ ਆਈ ਹੈ ਤਾਂ ਦਾੜ੍ਹੀ ਕੇਸਾਂ ਨੇ ਹੀ ਸਾਨੂੰ ਸੁਚੇਤ ਕੀਤਾ ਹੈ।
‘ਗਿਆਨ ਰਤਨਵਾਲੀ’ ਵਿਚ ਅੰਕਿਤ ਹੈ ਕਿ ਇਕ ਦਿਨ ਭਾਈ ਮਰਦਾਨਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਬੇਨਤੀ ਕੀਤੀ ਕਿ, ਸੱਚੇ ਪਾਤਸ਼ਾਹ! ਤੁਸੀਂ ਸਾਰੀ ਦੁਨੀਆ ਨੂੰ ਉਪਦੇਸ਼ ਦਿੱਤਾ ਹੈ ਤੇ ਇਸ ਤਰ੍ਹਾਂ ਦਾ ਕੋਈ ਉਪਦੇਸ਼ ਮੈਨੂੰ ਵੀ ਦਿਓ। ਗੁਰੂ ਸਾਹਿਬ ਨੇ ਫੁਰਮਾਇਆ ਕਿ, ਮਰਦਾਨਿਆ! ਤੂੰ ਤਾਂ ਪਹਿਲਾਂ ਹੀ ਉਪਦੇਸ਼ ਕਮਾ ਰਿਹਾ ਹੈਂ। ਫਿਰ ਵੀ ਜੇ ਤੂੰ ਮੰਗਿਆ ਹੈ ਤਾਂ ਸੁਣ ਪਹਿਲਾ ਉਪਦੇਸ਼ ਤਾਂ ਇਹ ਹੈ ਕਿ ਕੇਸਾਂ ਨੂੰ ਨਹੀਂ ਕਟਵਾਉਣਾ। ਦੂਜਾ, ਆਏ ਗਏ ਲੋੜਵੰਦ ਅਤਿਥੀ ਦੀ ਸੇਵਾ ਕਰਨੀ ਤੇ ਤੀਜਾ, ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ। ਭਾਈ ਮਰਦਾਨਾ ਜੀ ਨੇ ਸਾਰੀ ਜ਼ਿੰਦਗੀ ਇਨ੍ਹਾਂ ਅਸੂਲਾਂ ’ਤੇ ਪਹਿਰਾ ਦਿੱਤਾ।
੨੬ ਦਸੰਬਰ, ੧੯੬੩ ਈ. ਦੀ ਘਟਨਾ ਹੈ ਕਿ ਸ੍ਰੀ ਨਗਰ ਵਿਖੇ ਹਜ਼ਰਤ ਮੁਹੰਮਦ ਸਾਹਿਬ ਦਾ ਇੱਕ ਪਵਿੱਤਰ ਕੇਸ (ਮੂਏ ਮੁਬਾਰਕ) ਜੋ ਲੰਬੇ ਸਮੇਂ ਤੋਂ ਸੰਭਾਲਿਆ ਹੋਇਆ ਸੀ, ਗਾਇਬ ਹੋ ਗਿਆ। ਸਮੁੱਚੀ ਭਾਰਤ ਸਰਕਾਰ ਹਿੱਲ ਗਈ। ਉਸ ਸਮੇਂ ਦੇ ਪ੍ਰਧਾਨ ਮੰਤਰੀ ਨੂੰ ਵੀ ਇਹ ਕੇਸ ਲੱਭਣ ਲਈ ਅਪੀਲ ਕਰਨੀ ਪਈ। ਅਖੀਰ ਕੁਝ ਦਿਨਾਂ ਦੀ ਭੱਜ-ਨੱਠ ਤੋਂ ਬਾਅਦ ਫੌਜ ਤੇ ਪੁਲਿਸ ਨੂੰ ਸਫ਼ਲਤਾ ਪ੍ਰਾਪਤ ਹੋਈ ਤੇ ਮਹੌਲ ਸ਼ਾਂਤ ਹੋਇਆ। ਸਿੱਖਾਂ ਲਈ ਕੇਸ ਸਭ ਤੋਂ ਪਵਿੱਤਰ ਹਨ ਤੇ ਗੁਰੂ ਸਾਹਿਬ ਦੀ ਨਿਸ਼ਾਨੀ ਹਨ। ਭਾਈ ਤਾਰੂ ‘ ਸਿੰਘ ਜੀ ਨੇ ਆਪਣਾ ਖੋਪਰ ਲਹਾਉਣਾ ਤਾਂ ਪ੍ਰਵਾਨ ਕਰ ਲਿਆ, ਪਰ ਗੁਰੂ ਸਾਹਿਬ ਵੱਲੋਂ ਬਖ਼ਸ਼ਿਸ਼ ਹੋਏ ਕੇਸਾਂ ਨੂੰ ਆਂਚ ਤਕ ਨਾ ਆਉਣ ਦਿੱਤੀ।
ਭੰਗਾਣੀ ਦੇ ਯੁੱਧ ਵਿਚ ਪੀਰ ਬੁੱਧੂ ਸ਼ਾਹ ਦੇ ਅਨੇਕਾਂ ਮੁਰੀਦ ਤੇ ਦੋ ਪੁੱਤਰ ਸ਼ਹੀਦ ਹੋ ਗਏ ਸਨ। ਜੰਗ ਦੀ ਸਮਾਪਤੀ ਉਪਰੰਤ ਜਦੋਂ ਪੀਰ ਜੀ ਨੇ ਘਰ ਜਾਣ ਲਈ ਆਗਿਆ ਮੰਗੀ ਤਾਂ ਗੁਰੂ ਸਾਹਿਬ ਨੇ ਪੀਰ ਜੀ ਨਾਲ ਹਮਦਰਦੀ ਕਰਨ ਉਪਰੰਤ ਵਿਦਾ ਕੀਤਾ ਤੇ ਇੱਕ ਕਟਾਰ, ਇੱਕ ਪੋਸ਼ਾਕ, ਇੱਕ ਹੁਕਮਨਾਮਾ ਤੇ ਦਸਤਾਰ ਬਖ਼ਸ਼ਿਸ਼ ਕੀਤੀ। ਜਦੋਂ ਗੁਰੂ ਸਾਹਿਬ ਨੇ ਪ੍ਰਸੰਨ ਹੋ ਕੇ ਕੁਝ ਮੰਗਣ ਲਈ ਕਿਹਾ ਤਾਂ ਪੀਰ ਜੀ ਆਪਣੇ ਹੱਥ ਜੋੜ ਕੇ ਬੇਨਤੀ ਕੀਤੀ ਕਿ, ਸੱਚੇ ਪਾਤਸ਼ਾਹ! ਮੈਨੂੰ ਆਪਣਾ ਕੰਘਾ ਜੋ ਤੁਸੀਂ ਹੁਣੇ ਕੇਸਾਂ ਵਿਚ ਫੇਰ ਕੇ ਹਟੇ ਹੋ ਤੇ ਜਿਸ ਵਿਚ ਆਪ ਦੇ ਕੇਸ ਅੜੇ ਹੋਏ ਹਨ, ਮੈਨੂੰ ਬਖ਼ਸ਼ਿਸ਼ ਕਰ ਦਿਓ। ਇਸ ਤੋਂ ਸਾਨੂੰ ਕੇਸਾਂ ਦੀ ਮਹਾਨਤਾ ਦਾ ਪਤਾ ਲੱਗਦਾ ਹੈ।
ਕੰਘਾ: ਕੇਸਾਂ ਵਿਚ ਸਾਂਭਿਆ ਹੋਇਆ ਕੰਘਾ ਸਾਨੂੰ ਹਰ ਵੇਲੇ ਚਿਤਾਵਨੀ ਦਿੰਦਾ ਹੈ ਕਿ ਸਿੱਖ ਕਦੇ ਢਿੱਲੜ ਨਹੀਂ ਹੋ ਸਕਦਾ। ਸਿੱਖ ਨੂੰ ਦੋ ਵੇਲੇ ਭਾਵ ਸਵੇਰੇ ਤੇ ਸ਼ਾਮ ਕੰਘਾ ਕਰਨ ਦੀ ਹਦਾਇਤ ਹੈ। ਭਾਈ ਨੰਦ ਲਾਲ ਸਿੰਘ ਜੀ ਲਿਖਦੇ ਹਨ :
ਕੰਘਾ ਦੋਨੋ ਵਕਤ ਕਰ ਪਾਗ ਚੁਨਹਿ ਕਰ ਬਾਂਧਈ।
ਕੰਘਾ ਰੱਖਣ ਦੇ ਮਨੋਰਥ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਹੁਤ ਦੂਰ-ਅੰਦੇਸ਼ੀ ਇਹ ਸੀ ਕਿ ਕਿਤੇ ਸਿੱਖ ਕੇ ਰੱਖ ਕੇ ਜਟਾਧਾਰੀ ਨਾ ਹੋ ਜਾਵੇ। ਕੰਘਾ ਉਸ ਨੂੰ ਚਿਤਾਵਨੀ ਦਿੰਦਾ ਰਹੇ ਕਿ ਸਿੱਖ ਨੇ ਇਸ ਦੀ ਵਰਤੋਂ ਕੇਸਾਂ ਨੂੰ ਸਿਹਤਮੰਦ ਰੱਖਣ ਲਈ ਕਰਨੀ ਹੈ।
ਕੜਾ: ਸਾਡੀ ਬਾਂਹ ਵਿਚ ਪਾਇਆ ਹੋਇਆ ਕੜਾ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਅਜਿਹਾ ਕੜਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਵੀਣੀ ਦੇ ਦੁਆਲੇ ਸ਼ੋਭਦਾ ਸੀ। ਜੋ ਬਾਂਹ ਦੀਨ-ਦੁਖੀਆਂ ਦੀ ਰੱਖਿਆ ਲਈ ਉੱਪਰ ਉੱਠਦੀ ਸੀ ਅਤੇ ਜਿਸ ਬਾਂਹ ਦੇ ਅੰਦਰ ਦੁਸ਼ਟਾਂ ਨੂੰ ਜੜ੍ਹੋਂ ਉਖੇੜ ਸਕਣ ਦਾ ਨਿਰਭੈ ਬਲ ਸੀ। ਪ੍ਰੋਫ਼ੈਸਰ ਪੂਰਨ ਸਿੰਘ ਜੀ ਲਿਖਦੇ ਹਨ ਕਿ ਕੜਾ ਗੁਰੂ ਵੱਲੋਂ ਬਖ਼ਸ਼ਿਆ ਹੋਇਆ ਇੱਕ ਮਹਾਨ ਤੋਹਫ਼ਾ ਹੈ। ਇਹ ਯਾਦ ਦਿਵਾਉਂਦਾ ਹੈ ਗੁਰੂ-ਇਤਿਹਾਸ ਦੇ ਉਸ ਕਾਂਡ ਦੀ ਜਦੋਂ ਸਿੱਖ ਗੁਰਮਤਿ ਅਸੂਲਾਂ ਵਿਚ ਪ੍ਰਪੱਕ ਹੋ ਕੇ ਵਹਿਮਾਂ-ਭਰਮਾਂ ਦੇ ਸ਼ੰਕਿਆਂ ਤੋਂ ਉੱਪਰ ਉੱਠ ਚੁੱਕੇ ਸਨ। ਗੁਰੂ ਸਾਹਿਬ ਨੇ ੧੬੯੯ ਈ. ਦੀ ਵੈਸਾਖੀ ਵਾਲੇ ਦਿਨ ਅੰਮ੍ਰਿਤ ਛਕਾਉਣ ਸਮੇਂ ਕੜੇ ਨੂੰ ਪੰਜ ਕਕਾਰਾਂ ਵਿਚ ਸ਼ਾਮਲ ਕਰ ਦਿੱਤਾ। ਕੜਾ ਇਸ ਗੱਲ ਦਾ ਸੂਚਕ ਹੈ ਕਿ ਸਿੱਖ ਵਹਿਮਾਂ-ਭਰਮਾਂ ਤੇ ਕਰਮ-ਕਾਂਡਾਂ ਤੋਂ ਮੁਕਤ ਹੈ। ਜੇ ਅਸੀਂ ਕੜਾ ਪਾ ਕੇ ਵੀ ਉਸੇ ਹੱਥ ਨਾਲ ਬੇਈਮਾਨੀ ਕਰੀਏ, ਉਸ ਹੱਥ ਵਿਚ ਕਲਮ ਫੜ ਕੇ ਕਿਸੇ ਦਾ ਬੁਰਾ ਕਰੀਏ ਤਾਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਾਨੂੰ ਗੁਰੂ ਸਾਹਿਬ ਵੱਲੋਂ ਬਖ਼ਸ਼ੇ ਕੜੇ ਦੀ ਅਹਿਮੀਅਤ ਦੀ ਸਮਝ ਨਹੀਂ ਆਈ।
ਕਛਹਿਰਾ: ਲੱਕ ਦੁਆਲੇ ਪਹਿਨਿਆ ਹੋਇਆ ਕਛਹਿਰਾ ਜਿੱਥੇ ਨੰਗੇਜ਼ ਨੂੰ ਪੂਰੀ ਤਰ੍ਹਾਂ ਢਕਦਾ ਹੈ, ਉੱਥੇ ਇਸ ਗੱਲ ਦਾ ਵੀ ਪ੍ਰਤੀਕ ਹੈ ਕਿ ਸਿੱਖ ਨੇ ਆਪਣਾ ਆਚਰਨ ਉੱਚਾ ਦੇ ਸੁੱਚਾ ਰੱਖਣਾ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸਿੱਖ ਨੂੰ ਆਪਣਾ ਕਿਰਦਾਰ ਉੱਚਾ ਰੱਖਣ ਦਾ ਉਪਦੇਸ਼ ਦਿੰਦੇ ਹੋਏ ਫੁਰਮਾਇਆ ਸੀ:
ਅਖੀ ਸੂਤਕੁ ਵੇਖਣਾ ਪਰ ਤ੍ਰਿਅ ਪਰ ਧਨ ਰੂਪੁ
(ਪੰਨਾ ੪੭੨) ਭਾਈ ਗੁਰਦਾਸ ਜੀ ਵੀ ਆਪਣੀਆਂ ਵਾਰਾਂ ਵਿਚ ਸਿੱਖਾਂ ਨੂੰ ਆਪਣਾ ਆਚਰਨ ਆਦਰਸ਼ਕ ਬਣਾਉਣ ਦਾ ਉਪਦੇਸ਼ ਦਿੰਦੇ ਹੋਏ ਫੁਰਮਾਉਂਦੇ ਹਨ :
ਦੇਖਿ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ॥
(ਵਾਰ ੨੯:੧੧)
ਸੰਸਾਰ ਦੇ ਬਹੁਤੇ ਸਾਰੇ ਅਵਤਾਰੀ ਪੁਰਸ਼ ਯੋਧੇ ਵੀ ਆਪਣੇ ਚਰਿੱਤਰ ਤੋਂ ਡਿੱਗ ਕੇ ਵਿਕਾਰੀ ਹੋ ਗਏ ਤੇ ਆਪਣਾ ਜੀਵਨ ਮਨੋਰਥ ਹੀ ਭੁੱਲ ਗਏ। ਕੁਝ ਗ੍ਰਿਹਸਥੀ ਜੀਵਨ ਤੋਂ ਭੱਜ ਗਏ ਤੇ ਉਨ੍ਹਾਂ ਨੇ ਲੰਗੋਟੇ ਪਹਿਨ ਕੇ ਜੰਗਲਾਂ ਵਿਚ ਡੇਰੇ ਲਾ ਲਏ ਤੇ ਦੂਜੇ ਉਹ ਸਨ ਜਿਹੜੇ ਧੋਤੀਆਂ ਪਹਿਨ ਕੇ ਧੋਤੀ ਵਾਂਗੂ ਹੀ ਢਿੱਲੇ ਤੇ ਬੇਤਰਤੀਬੇ ਜੀਵਨ ਵਾਲੇ ਹੋ ਗਏ, ਪਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਣ ਸਮੇਂ ਸਿੱਖ ਦੀ ਜ਼ਿੰਦਗੀ ਹੀ ਕੁਝ ਵੱਖਰੀ ਕਰ ਦਿੱਤੀ। ਨਾ ਤਾਂ ਸਿੱਖ ਗ੍ਰਿਹਸਥ ਜੀਵਨ ਤੋਂ ਭੱਜਿਆ ਤੇ ਨਾ ਹੀ ਵਿਕਾਰਾਂ ਵਿਚ ਫਸਿਆ।
ਇਤਿਹਾਸ ਵਿਚ ਜ਼ਿਕਰ ਆਉਂਦਾ ਹੈ ਕਿ ਇਕ ਵਾਰ ਜੰਗ ਦੇ ਦੌਰਾਨ ਸਿੱਖਾਂ ਦੇ ਹੱਥ ਮੁਸਲਮਾਨੀ ਇਸਤਰੀ ਦਾ ਡੋਲਾ ਆ ਗਿਆ। ਮਨ ਵਿਚ ਵਿਚਾਰ ਆਇਆ ਕਿ ਇਸ ਨਾਲ ਓਹੀ ਸਲੂਕ ਕੀਤਾ ਜਾਵੇ ਜੋ ਮੁਸਲਮਾਨ, ਹਿੰਦੂ ਇਸਤਰੀਆਂ ਨਾਲ ਕਰਦੇ ਹਨ, ਪਰ ਇਹ ਵਿਚਾਰ ਆਉਂਦਿਆਂ ਹੀ ਗੁਰਬਾਣੀ ਦੇ ਅਸੂਲ ਚੇਤੇ ਆ ਗਏ ਅਤੇ ਸ਼ੰਕਾ ਨਵਿਰਤ ਕਰਨ ਲਈ ਗੁਰੂ ਸਾਹਿਬ ਕੋਲ ਪਹੁੰਚੇ। ਗੁਰੂ ਸਾਹਿਬ ਨੇ ਸਖ਼ਤ ਤਾੜਨਾ ਕਰਦੇ ਹੋਏ ਸਮਝਾਇਆ ਕਿ ਅਸੀਂ ਪੰਥ ਨੂੰ ਉੱਚਾ ਸਿਖਰ ‘ਤੇ ਪਹੁੰਚਾਉਣਾ ਹੈ, ਕਿਸੇ ਡੂੰਘੀ ਖੱਡ ਵਿਚ ਨਹੀਂ ਡੇਗਣਾ। ਸਭ ਤੋਂ ਪਹਿਲਾਂ ਇਸ ਇਸਤਰੀ ਨੂੰ ਸਤਿਕਾਰ ਨਾਲ ਇਸ ਦੇ ਘਰ ਪਹੁੰਚਾ ਕੇ ਆਉ ਤੇ ਫਿਰ ਆ ਕੇ ਸ਼ੰਕਾ ਨਵਿਰਤ ਕਰੋ। ਇਸ ਸਾਰੀ ਵਾਰਤਾ ਨੂੰ ਕਵੀ ਸੰਤੋਖ ਸਿੰਘ ਨੇ ‘ਸੂਰਜ ਪ੍ਰਕਾਸ਼ ਗ੍ਰੰਥ’ ਵਿਚ ਇਸ ਤਰ੍ਹਾਂ ਬਿਆਨ ਕੀਤਾ ਹੈ: ਪੁੰਨ ਸਿੰਘਣ ਬੂਝੇ ਗੁਣਖਾਣੀ। ਸਗਲ ਤੁਰਕ ਭੁਗਵਹਿਂ ਹਿੰਦਵਾਨੀ।
ਸਿੱਖ ਬਦਲਾ ਲੈ ਭਲਾ ਜਣਾਵੈ। ਗੁਰੂ ਸ਼ਾਸਤਰ ਕਿਉਂ ਵਰਜ ਹਟਾਵੈ। ਸੁਣਿ ਸਤਿਗੁਰੂ ਬੋਲੇ ਤਿਸ ਬੇਰੇ। ਹਮ ਲੈ ਜਾਣਹੁ ਪੰਥ ਉਚੇਰੇ ਨਹ ਅਧੋਗਤ ਬਿਖਹਿ ਪਹੁੰਚਾਵਹਿ।ਤਾ ਤੇ ਕਲਮਲ ਕਰਮ ਹਟਾਵੈਂ।
ਇਸੇ ਹੁਕਮ ਸਦਕਾ ਹੀ ਆਉਣ ਵਾਲੇ ਸਮਿਆਂ ਵਿਚ ਸਿੱਖਾਂ ਨੇ ਆਪਣੇ ਆਚਰਨ ਨੂੰ ਸਿਖਰਾਂ ’ਤੇ ਛੂਹਿਆ। ਕੱਟੜ ਤੇ ਜਨੂੰਨੀ ਮੁਸਲਮਾਨ ਇਤਿਹਾਸਕਾਰ ਕਾਜ਼ੀ ਨੂਰ ਮੁਹੰਮਦ ਜੋ ਸਿੱਖਾਂ ਦਾ ਵੈਰੀ ਸੀ, ਜੰਗ ਦੇ ਮੈਦਾਨ ਵਿਚ ਵੀ ਸਿੱਖਾਂ ਦਾ ਉੱਚਾ ਤੇ ਸੁੱਚਾ ਜੀਵਨ ਵੇਖ ਕੇ ਲਿਖਣ ਲਈ ਮਜਬੂਰ ਹੋ ਗਿਆ। ਉਹ ਲਿਖਦਾ ਹੈ:-
“ਇਹ ਕਿਸੇ ਭੱਜੇ ਜਾਂਦੇ ਉੱਤੇ ਵਾਰ ਨਹੀਂ ਕਰਦੇ। ਇਸਤਰੀ ਭਾਵੇਂ ਕਿਸੇ ਉਮਰ ਦੀ ਹੋਵੇ ਉਸ ਨੂੰ ਬੁਢੀਆ ਕਹਿ ਕੇ ਬੁਲਾਉਂਦੇ ਹਨ। ਇਸਤਰੀ ਦੇ ਗਹਿਣੇ ਗੱਟੇ ਨੂੰ ਹੱਥ ਤਕ ਨਹੀਂ ਲਾਉਂਦੇ। ਅਸਲ ਵਿਚ ਇਹ ਸ਼ੇਰ ਹਨ।
ਇਹ ਕਛਹਿਰਾ ਜਿੱਥੇ ਸਾਡੀ ਸਰੀਰਕ ਲੋੜ ਨੂੰ ਪੂਰੀ ਕਰਦਾ ਹੈ, ਉੱਥੇ ਹਰ ਵੇਲੇ ਆਪਣਾ ਚਰਿੱਤਰ ਉੱਚਾ ਰੱਖਣ ਦੀ ਯਾਦ ਵੀ ਦਿਵਾਉਂਦਾ ਹੈ।
ਕਿਰਪਾਨ: ਕਿਰਪਾਨ ਮਨੁੱਖ ਦੀ ਗ਼ੈਰਤ ਅਤੇ ਸੂਰਬੀਰਤਾ ਦੀ ਪ੍ਰਤੀਕ ਹੈ। ਮਨੁੱਖ ਦੇ ਅੰਦਰੋਂ ਕਿਤੇ ਸੂਰਬੀਰਤਾ ਜਾਂ ਗ਼ੈਰਤ ਮਿਟ ਨਾ ਜਾਵੇ, ਇਸ ਲਈ ਕਿਰਪਾਨ ਨੂੰ ਹਰ ਵੇਲੇ ਧਾਰਨ ਕਰਨ ਦਾ ਉਪਦੇਸ਼ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਹੈ। ਇਹ ਗੁਰੂ ‘ ਦੀ ਬਖ਼ਸ਼ੀ ਹੋਈ ਪਿਆਰ ਭਰੀ ਸੌਗਾਤ ਹੈ। ਜਿਸ ਮਨੁੱਖ ਦਾ ਗੁਰੂ ਦੀ ਬਖ਼ਸ਼ੀ ਹੋਈ ਕਿਰਪਾਨ ਨਾਲ ਪਿਆਰ ਨਹੀਂ, ਉਸ ਦਾ ਗੁਰੂ ਨਾਲ ਪਿਆਰ ਕਿਵੇਂ ਹੋਵੇਗਾ? ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਉਹ ਕਿਰਪਾਨ ਹੈ ਜੋ ਮੇਰੇ ਕਲਗੀਧਰ ਪਾਤਸ਼ਾਹ ਨੇ ਦੀ ਸਾਹਿਬਜ਼ਾਦਿਆਂ ਨੂੰ ਪਹਿਨਾਉਂਦਿਆਂ ਹੋਇਆਂ ਇਹ ਕਿਹਾ ਸੀ ਕਿ, ਬੇਟਾ! ਇਹ ਦੁਸ਼ਟ-ਦਮਨੀ ਹੈ। ਧਰਮ ਦੇ ਦੋਖੀਆਂ ਦੇ ਸੰਘਾਰ ਸੂਚਕ ਹੈ। ਇਸ ਨੂੰ ਪੂਰੇ ਬਲ ਨਾਲ ਵਾਹੋ ਅਤੇ ਨਿਸ਼ਚੇ ਨਾਲ ਹੀ ਅਧਰਮ ਦਾ ਨਾਸ਼ ਹੋਵੇਗਾ ਅਤੇ ਧਰਮੀਆਂ ਦੀ ਜੈ-ਜੈ-ਕਾਰ ਹੋਵੇਗੀ। ਗਾਤਰੇ ਵਿਚ ਪਾਈ ਹੋਈ ਕਿਰਪਾਨ ਉਸ ਕ੍ਰਾਂਤੀ ਦੀ ਯਾਦਗਾਰ ਹੈ ਜੋ ਕਲਗੀਧਰ ਪਾਤਸ਼ਾਹ ਨੇ ੭੦੦ ਸਾਲ ਦੇ ਮੁਰਦਾ ਹੋ ਚੁੱਕੇ ਭਾਰਤ ਅੰਦਰ ਲਿਆਂਦੀ ਸੀ। ਦੁਨੀਆ ਦੇ ਲੋਕਾਂ ਨੇ ਅਨੇਕਾਂ ਕ੍ਰਾਂਤੀਆਂ ਦੇਖੀਆਂ ਹਨ ਜੋ ਦੇਸ਼ਵਾਸੀਆਂ ਦੀਆਂ ਲੋੜਾਂ ਤੇ ਹਾਲਾਤਾਂ ਅਨੁਸਾਰ ਵੱਖ-ਵੱਖ ਰੂਪ ‘ ਲੈਂਦੀਆਂ ਰਹੀਆਂ ਹਨ। ਭਾਵੇਂ ਉਹ ਫਰਾਂਸ ਦੀ ਰਾਜਨੀਤਿਕ ਕ੍ਰਾਂਤੀ ਸੀ ਜਾਂ ਰੂਸ ਦੀ ਆਰਥਿਕ ਤੇ ਸਮਾਜਿਕ ਕ੍ਰਾਂਤੀ ਸੀ। ਹਰ ਕ੍ਰਾਂਤੀ ਦੀ ਆਪਣੀ ਆਪਣੀ ਵਿਚਾਰਧਾਰਾ ਤੇ ਰੂਪ- ਪ-ਰੇਖਾ ਹੁੰਦੀ ਹੈ।
ਜੋ ਕ੍ਰਾਂਤੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਸਾਰ ਅੰਦਰ ਲਿਆਂਦੀ ਸੀ, ਉਹ ਸੀ ਮਨੁੱਖਾ ਜੀਵਨ ਦੀ ਕ੍ਰਾਂਤੀ। ਆਪ ਨੇ ਸੰਸਾਰ ਨੂੰ ਐਸੀ ਜੀਵਨ-ਜਾਚ ਦਿੱਤੀ ਜੋ ਸੁਮੇਲ ਸੀ— ਨਵਿਰਤੀ ਅਤੇ ਪਰਵਿਰਤੀ ਦਾ, ਤਿਆਗ ਅਤੇ ਗ੍ਰਹਿਣ ਦਾ, ਰਾਜ ਅਤੇ ਜੋਗ ਦਾ, ਧਰਮ ਅਤੇ ਸੂਰਮਗਤੀ ਦਾ, ਅਹਿੰਸਕ ਅਤੇ ਦੁਸ਼ਟਦਮਨ ਹੋਣ ਦਾ। ਅਜਿਹੀ ਕ੍ਰਾਂਤੀ ਦਾ ਚਿੱਤਰ ਖਿੱਚਦੇ ਹੋਏ ਦਸਮੇਸ਼ ਪਿਤਾ ਨੇ ਫੁਰਮਾਇਆ ਸੀ ਕਿ ਇਸ ਕ੍ਰਾਂਤੀ ਨੂੰ ਕਬੂਲਣ ਵਾਲਾ ਸਿਪਾਹੀ ਜੰਗ ਦੇ ਮੈਦਾਨ ਵਿਚ ਤਲਵਾਰ ਵਾਹੁੰਦਾ ਹੋਇਆ ਵੀ ਵਾਹਿਗੁਰੂ ਦੇ ਭੈਅ ਵਿਚ ਰਹੇਗਾ। ਉਹ ਦੁਨੀਆ ਦੇ ਅੰਦਰ ਜਸ ਖੱਟਦਾ ਹੋਇਆ ਵੀ ਸਰੀਰ ਨੂੰ ਨਾਸ਼ਵਾਨ ਸਮਝ ਕੇ ਸੰਸਾਰਕ ਮਾਨ-ਅਪਮਾਨ ਤੋਂ ਉਤਾਂਹ ਰਹੇਗਾ। ਧੀਰਜ ਤੇ ਬਿਬੇਕ-ਬੁੱਧੀ ਵਾਲੇ ਗਿਆਨ ਦੁਆਰਾ ਉਹ ਆਪਣੀਆਂ ਅੰਦਰਲੀਆਂ ਕਮਜ਼ੋਰੀਆਂ ਤੋਂ ਬਚਿਆ ਰਹੇਗਾ।
ਇਕ ਵਾਰ ਜਦੋਂ ਬਾਦਸ਼ਾਹ ਬਹਾਦਰ ਸ਼ਾਹ ਦੇ ਇਕ ਦਰਬਾਰੀ ਨੇ ਗੁਰੂ ਸਾਹਿਬ ਨੂੰ ਬਾਰ-ਬਾਰ ਕਰਾਮਾਤ ਦਿਖਾਉਣ ਲਈ ਕਿਹਾ ਤਾਂ ਆਪ ਨੇ ਮਿਆਨ ਵਿੱਚੋਂ ਕਿਰਪਾਨ ਕੱਢ ਕੇ ਉੱਤਰ ਦਿੱਤਾ ਸੀ ਕਿ ਸਭ ਤੋਂ ਵੱਡੀ ਕਰਾਮਾਤ ਇਹ ਕਿਰਪਾਨ ਹੀ ਹੈ ਜੋ ਦੇਸ਼ਾਂ ਅਤੇ ਕੌਮਾਂ ਦੀਆਂ ਕਿਸਮਤਾਂ ਪਲਟ ਕੇ ਰੱਖ ਦਿੰਦੀ ਹੈ। ਕਿਰਪਾਨਧਾਰੀ ਹੋਣਾ ਸੁਤੰਤਰਤਾ ਦਾ ਚਿੰਨ੍ਹ ਹੈ। ਇਹ ਸਿੱਖ ਦੇ ਸੁਤੰਤਰ ਜੀਵਨ ਦੀ ਪ੍ਰਤੀਕ ਹੈ। ਇਹ ਸਿੱਖ ਨੂੰ ਹਮੇਸ਼ਾਂ ਉਸ ਗੁਰੂ ਦੀ ਯਾਦ ਦਿਵਾਉਂਦੀ ਹੈ ਜਿਸ ਨੇ ਅਕਾਲ ਪੁਰਖ ਤੋਂ ਛੁੱਟ ਹੋਰ ਕਿਸੇ ਦੀ ਕਦੇ ਈਨ ਨਹੀਂ ਮੰਨੀ। ਸਿੱਖ ਦੀ ਕਿਰਪਾਨ ਇਸ ਗੱਲ ਦੀ ਨਿਸ਼ਾਨੀ ਹੈ ਕਿ ਉਹ ਗ਼ੁਲਾਮੀ ਵਾਲਾ ਜੀਵਨ ਕਬੂਲ ਨਹੀਂ ਕਰਦਾ। ਜਦੋਂ ਦਸਮੇਸ਼ ਪਿਤਾ ਨੇ ਖਾਲਸੇ ਨੂੰ ਅੰਮ੍ਰਿਤ ਛਕਾਇਆ ਸੀ ਤਾਂ ਉਸ ਸਮੇਂ ਸ਼ਸਤਰ ਧਾਰਨ ਕਰਨ ਦੇ ਹੁਕਮ ਨੂੰ ਬਿਆਨ ਕਰਦੇ ਹੋਏ ਕਵੀ ਸੰਤੋਖ ਸਿੰਘ ਜੀ ਲਿਖਦੇ ਹਨ:
ਜਬ ਹਮਰੇ ਦਰਸ਼ਨ ਕੋ ਆਵੋ ਬਣ ਸੁਚੇਤ ਹੁਇ ਸ਼ਸਤਰ ਸਜਾਵੋ।
ਕਮਰਕੱਸਾ ਕਰ ਦਿੳ ਦਿਖਾਈ ਹਮਰੀ ਖੁਸ਼ੀ ਹੋਇ ਅਧਿਕਾਈ।
ਸੰਨ ੧੬੯੯ ਤੋਂ ਲੈ ਕੇ ਸਿੱਖ ਰਾਜ ਦੇ ਅੰਤ ਭਾਵ ੧੮੪੯ ਤਕ ਸਿੱਖਾਂ ਨੇ ਕਦੇ ਵੀ ਕਿਰਪਾਨ ਨੂੰ ਹੱਥੋਂ ਨਹੀਂ ਛੱਡਿਆ। ਅੰਗਰੇਜ਼ ਸਰਕਾਰ ਦਾ ਦਬਦਬਾ ਹੋਇਆ ਉਨ੍ਹਾਂ ਨੇ ਦੇਸ਼ ਅੰਦਰ ਆਰਮਜ਼ ਐਕਟ ਲਾਗੂ ਕਰ ਦਿੱਤਾ, ਜਿਸ ਤਹਿਤ ਸਿੱਖਾਂ ਨੂੰ ਕਿਰਪਾਨ ਪਹਿਨਣ ‘ਤੇ ਰੋਕ ਲੱਗ ਗਈ। ਪਰੰਤੂ ਕਿਰਪਾਨ ਜੋ ਸਿੱਖਾਂ ਦੇ ਅਜ਼ਾਦ ਜੀਵਨ ਦੀ ਪ੍ਰਤੀਕ ਸੀ ਅਤੇ ਗ਼ੁਲਾਮੀ ਦੀਆਂ ਜ਼ੰਜੀਰਾਂ ਨੂੰ ਕੱਟਣ ਵਾਲੀ ਕਲਗੀਧਰ ਪਾਤਸ਼ਾਹ ਦੀ ਪਿਆਰੀ ਬਖ਼ਸ਼ਿਸ਼ ਸੀ ਉਸ ਕਿਰਪਾਨ ਨੂੰ ਸਿੱਖ ਕਿਵੇਂ ਭੁੱਲ ਸਕਦੇ ਸਨ। ਸਿੱਖਾਂ ਨੇ ਅਕਾਲੀ ਲਹਿਰ ਸਮੇਂ ਕਿਰਪਾਨ ਦੀ ਅਜ਼ਾਦੀ ਹਿੱਤ ਮੋਰਚਾ ਲਾ ਦਿਤਾ। ਅਖੀਰ ਮਜਬੂਰ ਹੋ ਕੇ ਬ੍ਰਿਟਿਸ਼ ਸਰਕਾਰ ਨੇ ਸਿੱਖਾਂ ਲਈ ਕਿਰਪਾਨ ਪਹਿਨਣ ਦੀ ਖੁੱਲ੍ਹ ਦੇ ਦਿੱਤੀ। ਇਹ ਹੈ ਕਿਰਪਾਨ ਦਾ ਮਹੱਤਵਪੂਰਨ ਤੇ ਸ਼ਾਨਾਂਮੱਤਾ ਇਤਿਹਾਸ। ਜੇਕਰ ਸਾਨੂੰ ਇਸ ਦੀ ਮਹੱਤਤਾ ਦਾ ਅਹਿਸਾਸ ਹੋ ਜਾਵੇ ਫਿਰ ਅਸੀਂ ਇਸ ਨੂੰ ਪਹਿਨਣ ਤੋਂ ਕਿਵੇਂ ਇਨਕਾਰੀ ਹੋ ਸਕਦੇ ਹਾਂ?
ਗੁਰੂ ਸਾਹਿਬ ਵੱਲੋਂ ਬਖ਼ਸ਼ੇ ਹੋਏ ਇਨ੍ਹਾਂ ਕਕਾਰਾਂ ਵਿਚ ਬਹੁਤ ਰਹੱਸ ਲੁਕਿਆ ਹੋਇਆ ਹੈ। ਇਨ੍ਹਾਂ ਕਕਾਰਾਂ ਦੇ ਪਿਆਰ ਨੂੰ ਕੋਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਿਆਰਾ ਹੀ ਪ੍ਰਾਪਤ ਕਰ ਸਕਦਾ ਹੈ।ਸਿੱਖਾਂ ਨੂੰ ਕਲਗੀਧਰ ਪਿਤਾ ਨੇ ਪੰਜ ਕਕਾਰਾਂ ਦੀ ਸੋਹਣੀ ਵਰਦੀ ਦੇ ਕੇ ਕਿਸੇ ਅਦੁੱਤੀ ਸ਼ਿੰਗਾਰ ਵੱਲ ਬੰਨ੍ਹ ਦਿੱਤਾ ਹੈ:
ਕੱਛ, ਕੇਸ, ਕੰਘਾ, ਕਿਰਪਾਨ, ਕੜਾ ਔਰ ਜੋ ਕਰੋ ਬਖਾਨ।
ਇਹ ਕੱਕੇ ਪੰਜ ਤੁਮ ਜਾਣੋ। ਗੁਰੂ ਗ੍ਰੰਥ ਕੋ ਤੁਮ ਸਭ ਮਾਨੋ।
ਮਾਸਟਰ ਤਾਰਾ ਸਿੰਘ ਜੀ ਲਿਖਦੇ ਹਨ ਕਿ ਮੈਨੂੰ ਇਨ੍ਹਾਂ ਕਕਾਰਾਂ ਵਿੱਚੋਂ ਗੁਰੂ ਦੇ ਦਰਸ਼ਨ ਹੁੰਦੇ ਹਨ।
ਸਿੱਖ ਕੌਮ ਨੂੰ ਇਹ ਗੱਲ ਵੀ ਚੰਗੀ ਤਰ੍ਹਾਂ ਯਾਦ ਰੱਖਣੀ ਚਾਹੀਦੀ ਹੈ ਕਿ ਬੜੇ-ਬੜੇ ਬਿਖੜੇ ਤੇ ਭਿਆਨਕ ਸਮਿਆਂ ਵਿੱਚ ਵੀ ਸਾਨੂੰ ਸਹੀ-ਸਲਾਮਤ ਰੱਖਣ ਵਾਲੇ ਕਾਰਨਾਂ ਵਿਚ ਇੱਕ ਵੱਡਾ ਕਾਰਨ ਸਾਡੇ ਕਕਾਰ ਵੀ ਸਨ। ਜਿੱਥੇ ਗੁਰੂ ਕੀ ਬਾਣੀ ਨੇ ਸਿੱਖਾਂ ਨੂੰ ਹਰ ਮੁਸ਼ਕਲ ਸਮੇਂ ਯੋਗ ਅਗਵਾਈ ਦੇਣੀ ਹੈ, ਉੱਥੇ ਕੌਮ ਨੂੰ ਇਕੱਠਿਆਂ ਰੱਖਣ ਵਿਚ ਇਨ੍ਹਾਂ ਕਕਾਰਾਂ ਦਾ ਹੀ ਵੱਡਾ ਯੋਗਦਾਨ ਹੈ।
