ਪਰਮਾਤਮਾ ਦਾ ਕਿਰਤਮ ਨਾਮ “ਬੇਢੀ” ਭਗਤ ਨਾਮਦੇਵ ਜੀ ਦੁਆਰਾ “ਪੜੋਸਣ” ਗੋਸਟਿ ਕਰਦਿਆਂ ਉਚਾਰਤ ਸ਼ਬਦ ਦੇ ਅੰਦਰ ਅੱਠ ਵਾਰ ਆਇਆ ਹੈ , ਭਗਤ ਨਾਮਦੇਵ ਜੀ ਦੀ ਬੜੀ ਸੁੰਦਰ ਛੰਨ ਨੂੰ ਦੇਖ ਕੇ ਪੜੋਸਨ ਛੰਨ ਬਣਾਉਣ ਵਾਲੇ ਦੇ ਬਾਰੇ ਪੁੱਛਦੀ ਹੈ, ਤੇ ਭਗਤ ਜੀ ਨੂੰ ਕਹਿੰਦੀ ਹੈ ਮੈਂ ਤੁਹਾਡੇ ਨਾਲੋਂ ਦੁਗਣੀ ਮਜ਼ਦੂਰੀ ਦੇਵਾਂਗੀ ਬਸ ਮੈਨੂੰ ਬੇਢੀ ਦੇ ਬਾਰੇ ਦੱਸ ਦਿਓ!
ਭਗਤ ਨਾਮਦੇਵ ਜੀ ਆਪਣੀ ਮਜਬੂਰੀ ਦੱਸਦੇ ਨੇ ਕਿ, ਰੀ ਬਾਈ ਬੇਢੀ ਦੇਣ ਨ ਜਾਈ, ਧਿਆਨ ਦੇ ਨਾਲ ਦੇਖ, ਬੇਢੀ ਤੇ ਸਾਰੇ ਕਿਤੇ ਸਮਾਇਆ ਹੋਇਆ, ਸਾਡਾ ਤੇ ਉਹ ਪ੍ਰਾਨ ਦਾ ਆਧਾਰ ਹੈ। ਜਿਸ ਮਨੁੱਖ ਨੇ ਵੀ ਇਸ ਬੇਢੀ ਦੇ ਕੋਲੋਂ ਛੰਨ ਬਣਵਾਉਣੀ ਹੁੰਦੀ ਹੈ, ਉਹ ਕੇਵਲ ਪਿਆਰ ਦੀ ਮਜ਼ਦੂਰੀ ਹੀ ਮੰਗਦਾ ਹੈ। ਜਿਹੜਾ ਵੀ ਮਨੁੱਖ ਲੋਕ ਕੁਟੰਬ ਸਾਰਿਆਂ ਨਾਲੋਂ ਪ੍ਰੀਤ ਤੋੜ ਲੈਂਦਾ ਹੈ, ਫਿਰ ਉਹਨੂੰ ਬੇਢੀ ਲੱਭਣ ਜਾਣ ਦੀ ਲੋੜ ਨਹੀਂ ਪੈਂਦੀ, ਉਹ ਆਪ ਹੀ ਚੱਲ ਕੇ ਉਸ ਮਨੁੱਖ ਦੇ ਕੋਲ ਆ ਜਾਂਦਾ ਹੈ, ਪੂਰਨ ਤੌਰ ‘ਤੇ ਮੈਂ ਉਸ ਬੇਢੀ ਬਾਰੇ ਕੁਝ ਵੀ ਬਿਆਨ ਨਹੀਂ ਕਰ ਸਕਦਾ, ਉਹ ਬਾਹਰ ਸਾਰੀਆਂ ਥਾਵਾਂ ‘ਤੇ ਅਤੇ ਸਾਰਿਆਂ ਦੇ ਅੰਦਰ ਹੈ, ਉਸ ਬੇਢੀ ਦੇ ਤੂੰ ਗੁਣ ਸੁਣ ਉਹਨੇ ਪਾਣੀ ਦੇ ਉੱਪਰ ਪੁਲ ਬੰਨਿਆ, ਧਰੂ ਨੂੰ ਥਾਪਿਆ, ਲੰਕਾ ਦਾ ਰਾਜ ਭਭੀਖਣ ਨੂੰ ਦਿੱਤਾ:
ਪਾੜ ਪੜੋਸਣਿ ਪੂਛਿ ਲੇ ਨਾਮਾ
ਕਾ ਪਹਿ ਛਾਨਿ ਛਵਾਈ ਹੋ ।।
ਤੋ ਪਹਿ ਦੁਗਨੀ ਮਜੂਰੀ ਦੈਹਉ ਹੋ
ਮੋ ਕੋ ਬੇਢੀ ਦੇਹੁ ਬਤਾਈ ਹੋ ।।੧।।
ਰੀ ਬਾਈ ਬੇਢੀ ਦੇਨੁ ਨ ਜਾਈ ।।
ਦੇਖੁ ਬੇਢੀ ਰਹਿਓ ਸਮਾਈ ।।
ਹਮਾਰੈ ਬੇਢੀ ਪ੍ਰਾਨ ਅਧਾਰਾ ।।੧।। ਰਹਾਉ ।।
ਬੇਡੀ ਪ੍ਰੀਤਿ ਮਜੂਰੀ ਮਾਂਗੈ
ਜਉ ਕੋਊ ਛਾਨ ਛਵਾਵੈ ਹੋ ।।
ਲੋਗ ਕੁਟੰਬ ਸਭਹੁ ਤੇ ਤੋਰੈ
ਤਉ ਆਪਨ ਬੇਢੀ ਆਵੈ ਹੋ ।।੨।।
ਐਸੋ ਬੇਢੀ ਬਰਨਿ ਨ ਸਾਕਉ
ਸਭ ਅੰਤਰਿ ਸਭ ਠਾਂਈ ਹੋ ।।
ਗੂੰਗੈ ਮਹਾ ਅੰਮ੍ਰਿਤ ਰਸੁ ਚਾਖਿਆ
ਪੂਛੈ ਕਹਨੁ ਨ ਜਾਈ ਹੋ ।।੩।।
ਬੇਢੀ ਕੇ ਗੁਣ ਸੁਨਿ ਰੀ ਬਾਈ
ਜਲਧਿ ਬਾਂਧਿ ਧ੍ਰੂ ਥਪਿਓ ਹੋ।।
ਨਾਮੇ ਕੇ ਸੁਆਮੀ ਸੀਅ ਬਹੋਰੀ
ਲੰਕ ਭਭੀਖਣ ਆਪਿਓ ਹੋ ।।੪।।੨।। ( ਸੋਰਠਿ ਭਗਤ ਨਾਮਦੇਵ ਜੀ ,ਅੰਗ,657)
ਬੇਢੀ ਦੇ ਅਰਥ:
ਭਾਈ ਕਾਨ੍ਹ ਸਿੰਘ ਜੀ ਨਾਭਾ ਮਹਾਨ ਕੋਸ਼ ਦੇ ਵਿੱਚ ਬੇਢੀ ਨੂੰ ਸੰਗਯਾ ਲਿਖ ਕੇ ਅਰਥ : ਜੋ ਬੇਢਨ ਕਰੇ, ਰੱਸੀਆਂ ਨਾਲ ਘਾਸ ਫੂਸ ਨੂੰ ਲਪੇਟ ਬੰਨ ਕੇ ਛਾਨ ਰਚਣ ਵਾਲਾ ਕਾਰੀਗਰ, ਕਰਦੇ ਹਨ।
ਸਤਿਕਾਰਯੋਗ ਭਾਈ ਵੀਰ ਸਿੰਘ ਜੀ ‘ਗੁਰੂ ਗ੍ਰੰਥ ਸਾਹਿਬ ਕੋਸ਼’ ਦੇ ਅਨੁਸਾਰ “ਬੇਢੀ ਸੰਸਕ੍ਰਿਤ ਦਾ ਸ਼ਬਦ ਹੈ ਤੇ ਇਸ ਦੇ ਅਰਥ ਤਰਖਾਣ ਹਨ ।” ਪ੍ਰੋਫੈਸਰ ਸਾਹਿਬ ਸਿੰਘ ਜੀ ‘ਗੁਰਬਾਣੀ ਪਾਠ ਦਰਪਣ’ ਦੇ ਅਰਥ ਤਰਖਾਣ ਹੀ ਕਰਦੇ ਹਨ।
ਬੇਢੀ ਬਣਾਵੇ ਢਹਾਵੇ ਆਪ ਹੀ ਦਾ ਸੰਖੇਪ ਹੈ। ਸੰਸਾਰ ਦੇ ਅੰਦਰ ਇਮਾਰਤਾਂ ਨੂੰ ਕਾਰੀਗਰ ਬਣਾਉਂਦੇ ਹਨ, ਇਮਾਰਤਾਂ ਆਪਣੇ ਆਪ ਢਹਿ ਜਾਂਦੀਆਂ ਨੇ, ਜਾਂ ਫਿਰ ਮਜ਼ਦੂਰ ਉਹਨਾਂ ਨੂੰ ਢਾਉਂਦੇ ਹਨ, ਪਰਮਾਤਮਾ ਬਣਾਉਦਾ ਤੇ ਢਾਉਂਦਾ ਆਪ ਹੀ ਹੈ। ਸਿਰਜਣਾ ਤੇ ਢਾਉਣ ਲੱਗਿਆਂ ਉਹ ਕਿਸੇ ਦੀ ਸਲਾਹ ਵੀ ਨਹੀਂ ਲੈਂਦਾ:
ਪੁਛਿ ਨ ਸਾਜੇ ਪੁਛਿ ਨ ਢਾਹੇ ਪੁਛਿ ਨ ਦੇਵੈ ਲੇਇ ।। ( ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 53)
ਆਪਿ ਉਪਾਵਣਹਾਰ ਆਪੇ ਹੀ ਮਾਰਦਾ ।।
ਸਭ ਕਿਛੁ ਜਾਣੈ ਜਾਣੁ ਬੁਝਿ ਵੀਚਾਰਦਾ ।। ( ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 518)
ਜੋ ਉਸਾਰੇ ਸੋ ਢਾਹਸੀ ਤਿਸੁ ਬਿਨੁ ਅਵਰੁ ਨ ਕੋਇ ।।
ਗੁਰ ਪ੍ਰਸਾਦੀ ਤਿਸ ਸੰਮਲਾ ਤਾ ਤਨਿ ਦੂਖੁ ਨ ਹੋਇ ।। ( ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ, 934)
ਗਿਆਨੀ ਗੁਰਜੀਤ ਸਿੰਘ ਪਟਿਆਲਾ ਮੁੱਖ ਸੰਪਾਦਕ
