ਫਰੀਦਕੋਟ, 9 ਜਨਵਰੀ- ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖ਼ਾਲਸਾ ਨੇ ਖਡੂਰ ਸਾਹਿਬ ਤੋਂ ਐਮ.ਪੀ. ਭਾਈ ਅੰਮ੍ਰਿਤਪਾਲ ਸਿੰਘ ਉੱਪਰ ਮੁੜ ਯੂਏਪੀਏ ਲਗਾਉਣ ਨੂੰ ਭਗਵੰਤ ਮਾਨ ਦੀ ਸਾਜ਼ਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਪੰਜਾਬੋਂ ਬਾਹਰ ਜੇਲ੍ਹ ਵਿਚ ਪਹਿਲਾਂ ਹੀ ਬੰਦ ਹਨ ਇਸ ਲਈ ਉਨ੍ਹਾਂ ਦਾ ਸ. ਗੁਰਪ੍ਰੀਤ ਸਿੰਘ ਹਰੀ ਨੌ ਦੇ ਕਤਲ ਵਿਚ ਸ਼ਾਮਲ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਪਰੰਤੂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਉਸ ਕਤਲ ਮਾਮਲੇ ਵਿਚ ਭਾਈ ਸਾਹਿਬ ਉੱਪਰ ਯੂਏਪੀਏ ਲਗਵਾਇਆ ਗਿਆ ਹੈ।
ਐਮ.ਪੀ. ਭਾਈ ਖ਼ਾਲਸਾ ਨੇ ਕਿਹਾ ਕਿ 14 ਜਨਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਐਮ.ਪੀ. ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਡੇ ਵੱਲੋਂ ਇੱਕ ਨਵੀਂ ਖੇਤਰੀ ਪਾਰਟੀ ਦੀ ਸਥਾਪਨਾ ਕੀਤੀ ਜਾਣੀ ਹੈ ਜਿਸ ਤੋਂ ਘਬਰਾ ਕੇ ਭਗਵੰਤ ਮਾਨ ਵੱਲੋਂ ਅਜਿਹੀਆਂ ਸਾਜ਼ਿਸ਼ਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਮੈਂਬਰ ਪਾਰਲੀਮੈਂਟ ਚੁਣਿਆ ਹੈ ਇਸ ਲਈ ਉਨ੍ਹਾਂ ਦੀ ਰਿਹਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਉਹ ਆਪਣੇ ਹਲਕੇ ਵਿਚ ਕੰਮ ਕਰ ਸਕਣ। ਉਨ੍ਹਾਂ ਕਿਹਾ ਕਿ ਤਾਨਾਸ਼ਾਹੀ ਦੀਆਂ ਸਿਖ਼ਰਾਂ ਉੱਪਰ ਪਹੁੰਚ ਚੁੱਕੇ ਭਗਵੰਤ ਮਾਨ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਹੰਕਾਰੀ ਬੰਦੇ ਦਾ ਅਰਸ਼ ਤੋਂ ਫਰਸ਼ ’ਤੇ ਆਉਣਾ ਯਕੀਨੀ ਹੁੰਦਾ ਹੈ।