
ਆਮ ਬੋਲ ਚਾਲ ਦੇ ਵਿੱਚ ਵਰਤਿਆ ਜਾਣ ਵਾਲਾ ਸ਼ਬਦ ਰੀਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ‘ ਕਈ ਵਾਰ ਆਇਆ ਹੈ , ਸਿੱਖ ਹਰ ਰੋਜ਼ ਜਪੁਜੀ ਸਾਹਿਬ ਦੀ ਬਾਣੀ ਦਾ ਪਾਠ ਕਰਦਿਆਂ 32ਵੀਂ ਪਉੜੀ ਵਿੱਚ ਰੀਸ ਸ਼ਬਦ ਨੂੰ ਪੜ੍ਹਦੇ ਹਨ:-
ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ।।
( ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 7)
ਇਹ ਸਮਝ ਸਰੋਤੇ ਨੂੰ ਪੰਕਤੀ ਪੜ੍ਹ ਕੇ ਲਗ ਜਾਦੀ ਕਿ ਰੀਸ, ਦੂਸਰੇ ਦੇ ਬਾਰੇ ਸੁਣ ਕੇ ਜਾਂ ਉਸ ਨੂੰ ਦੇਖ ਕੇ ਆਉਂਦੀ ਹੈ, ਬੱਚੇ ਵੀ ਅਕਸਰ ਇੱਕ ਦੂਸਰੇ ਨੂੰ ਆਖਦੇ ਨੇ ਵੀ ਤੂੰ ਮੇਰੀ ਰੀਸ ਕਰ ਰਿਹਾ ਹੈਂ ਤੇ ਮੇਰੀ ਰੀਸ ਦੰਦ ਘੜੀਸ।
ਭਾਈ ਕਾਨ੍ਹ ਸਿੰਘ ਨਾਭਾ ‘ਮਹਾਨ ਕੋਸ਼’ ਦੇ ਵਿੱਚ ਕਿਸੇ ਨੂੰ ਦੇਖ ਕੇ ਉਸ ਤੁਲ ਕਰਮ ਕਰਨ ਦੀ ਕਿਰਿਆ, ਬਰਾਬਰੀ ਦੀ ਅਭਿਲਾਸ਼ਾ ਨੂੰ ਰੀਸ ਆਖਦੇ ਹਨ। ਭਾਈ ਵੀਰ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼ ਦੇ ਵਿੱਚ ਰੀਸ ਦੇ ਅਰਥ ਬਰਾਬਰੀ ਦੀ ਚਾਹਾ, ਈਰਖਾ ਦੇ ਸਾੜੇ ਦਾ ਖਿਆਲ ਹੈ ਪਰ ਰੀਸ ਦੇ ਵਿੱਚ ਬਰਾਬਰ ਉੱਠਣ ਦੀ ਇੱਛਾ ਹੈ, ਪ੍ਰੋਫੈਸਰ ਸਾਹਿਬ ਸਿੰਘ ਗੁਰਬਾਣੀ ਪਾਠ ਦਰਪਣ ਦੇ ਵਿੱਚ ਰੀਸ ਦੇ ਅਰਥ ਰੀਸ ਹੀ ਕਰਦੇ ਹਨ :-
ਰੀਸ = ਰਹਣੀ ਦੀਸ ਦਾ ਸੰਖੇਪ ਹੈ, ਭਾਵ ਕਿਸੇ ਨੂੰ ਦੇਖ ਕੇ, ਸੁਣ ਕੇ ਬਾਹਰੀ ਤੌਰ ਤੇ ਉਸ ਦੇ ਜੈਸਾ ਬਣ ਜਾਣਾ, ਅੰਗਰੇਜ਼ੀ ਦੇ ਵਿੱਚ ਇਸ ਨੂੰ mimic ਆਖਦੇ ਨੇ, ਤੇ ਕਿਸੇ ਕਲਾਕਾਰ ਦੀ ਰੀਸ ਕਰਨ ਵਾਲੇ ਨੂੰ mimicry artist ਕਿਹਾ ਜਾਂਦਾ ਹੈ, ਜੋ ਉਸ ਦੀ ਦੀ ਆਵਾਜ਼ ਤੇ ਕਲਾ ਦੀ ਨਕਲ ਕਰ ਲੈਂਦੇ ਹਨ।
ਧਾਰਮਿਕ ਜਗਤ ਦੇ ਵਿੱਚ ਪਰਮ ਪਦ ‘ਤੇ ਪਹੁੰਚੇ ਹੋਇਆਂ ਨੂੰ ਦੇਖ ਕੇ ਮਨੁੱਖ ਉਹਨਾਂ ਦੀ ਰੀਸ ਕਰ ਲੈਂਦੇ ਨੇ, ਸਤਿਗੁਰ ਐਸਾ ਕਰਨ ਵਾਲੇ ਨੂੰ ਮੂਰਖ ਆਖਦੇ ਨੇ, ਬਾਹਰੋਂ ਤੇ ਉਹ ਮਨੁੱਖ ਸੰਤ ਦੀ ਤਰ੍ਹਾਂ ਦਿਖਾਈ ਦੇਣ ਲੱਗ ਪੈਂਦੇ ਹਨ, ਪਰ ਫਿਰ ਵੀ ਸੰਤ ਤੇ ਉਹਨਾਂ ਦੇ ਵਿੱਚ ਅੰਤਰ ਆਕਾਸ਼ ਦੇ ਪੰਛੀ ਤੇ ਧਰਤੀ ਦੇ ਵਿੱਚ ਕੀੜਿਆਂ ਦੀ ਤਰ੍ਹਾਂ ਹੁੰਦਾ ਹੈ, ਭਾਈ ਗੁਰਦਾਸ ਜੀ ਕਬਿਤ ਦੇ ਵਿੱਚ ਉਦਾਹਰਨਾਂ ਦਿੰਦੇ ਨੇ ਜੈਸੇ ਖੰਡ ਤੇ ਆਟਾ ਦੋਵੇਂ ਸਵੇਤ (ਚਿੱਟੇ )ਹੀ ਦਿਖਾਈ ਪੈਂਦੇ ਨੇ ਸੋਨਾ ਤੇ ਪਿੱਤਲ ਦੋਨੋਂ ਪੀਲੇ ਰੰਗ ਦੇ ਹੁੰਦੇ ਨੇ , ਜਿਵੇਂ ਕਾਂ ਤੇ ਕੋਇਲ ਦੋਨੋਂ ਪੰਛੀ ਕਾਲੇ ਹੀ ਦਿਖਾਈ ਪੈਂਦੇ ਨੇ ਪਰ ਖੰਡ ਤੇ ਆਟੇ ਦੇ ਸੁਆਦ ਦੇ ਵਿੱਚ,ਸੋਨੇ ਤੇ ਪਿੱਤਲ ਦੇ ਗੁਣਾਂ ਦੇ ਵਿੱਚ, ਕਾਂ ਤੇ ਕੋਇਲ ਦੇ ਬੋਲਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਭੇਦ ਹੁੰਦਾ ਹੈ:-
ਜੈਸੇ ਚੂਨੋ ਖਾਡ ਸਵੇਤ ਏਕਸੇ ਦਿਖਾਈ ਦੇਤ,
ਪਾਈਏ ਤਾਂ ਸਵਾਦ ਰਸ
ਰਸਨਾ ਕੈ ਚਾਖੀਏ ||
ਜੈਸੇ ਪੀਤ ਬਰਨ ਹੀ
ਹੇਮ ਅਰ ਪੀਤਰ ਹੈ
ਜਾਨੀਐ ਮਹਤ ਪਾਰਖਦ
ਅਗ੍ਰ ਰਾਖੀਐ ||
ਜੈਸੇ ਕਊਆ ਕੋਕਿਲਾ ਹੈ
ਦੋਨੋਂ ਖਗ ਸਯਾਮ ਤਨ
ਬੂਝੀਐ ਅਸਭ ਸੁਭ ਬਚਨ ਸੁ ਭਾਖੀਐ ||
ਤੈਸੇ ਹੀ ਅਸਾਧ ਸਾਧ ਚਿਹਨ ਕੈ ਸਮਾਨ ਹੋਤ
ਕਰਨੀ ਕਰਤੂਤ ਲਗ ਲਛਨ ਕੈ ਲਾਖੀਐ ||
( ਭਾਈ ਗੁਰਦਾਸ ਜੀ ਕਬਿਤ 496)
ਗਿਆਨੀ ਗੁਰਜੀਤ ਸਿੰਘ ਪਟਿਆਲਾ , ਮੁੱਖ ਸੰਪਾਦਕ