156 views 3 secs 0 comments

ਲਾਵੇਰੀ

ਲੇਖ
April 25, 2025

ਗਿਆਨੀ ਗੁਰਜੀਤ ਸਿੰਘ ਪਟਿਆਲਾ
(ਮੁੱਖ ਸੰਪਾਦਕ)

ਪਿੰਡਾਂ ਦੇ ਵਿੱਚ ਆਮ ਬੋਲ ਚਾਲ ਦੇ ਅੰਦਰ ਵਰਤਿਆ ਜਾਣ ਵਾਲਾ ਸ਼ਬਦ ਲਾਵੇਰੀ ਦੁੱਧ ਦੇਣ ਵਾਲੇ ਜਾਨਵਰਾਂ ਦੇ ਪ੍ਰਤੀ ਵਰਤਿਆ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਲਾਵੇਰੀ ਤੇ ਲਵੇਰੀ ਦੋ ਰੂਪਾਂ ਦੇ ਵਿੱਚ ਇਹ ਸ਼ਬਦ ਮੌਜੂਦ ਹੈ, ਭਗਤ ਧੰਨਾ ਜੀ ਦੁਆਰਾ ਉਚਾਰਨ ਪਾਵਨ ਸ਼ਬਦ ਜਿਸ ਦਾ ਗਾਇਨ ਹਰ ਰੋਜ਼ ਰਹਰਾਸਿ ਸਾਹਿਬ, ਆਰਤੀ ਤੋਂ ਬਾਅਦ ਗੁਰੂ ਘਰਾਂ ਦੇ ਵਿੱਚ ਕੀਤਾ ਜਾਂਦਾ, ਦੇ ਵਿੱਚ ਇਸ ਲਾਵੇਰੀ ਸ਼ਬਦ ਦੀ ਵਰਤੋਂ ਕਰਦੇ ਹਨ:

ਗਊ ਭੈਸ ਮਗਉ ਲਾਵੇਰੀ ||ਇਕ ਤਾਜਨਿ ਤੁਰੀ ਚੰਗੇਰੀ ||( ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 695 )

ਭਗਤ ਧੰਨਾ ਜੀ ਪਰਮਾਤਮਾ ਦੇ ਕੋਲੋਂ ਆਟਾ, ਦਾਲ, ਘਿਓ, ਜੁੱਤੀ, ਕੱਪੜਾ ਆਦਿਕ ਦੇ ਨਾਲ ਦੁੱਧ ਪੀਣ ਵਾਸਤੇ ਗਾਂ ਤੇ ਮੱਝ ਦੀ ਮੰਗ ਵੀ ਵੀ ਕਰਦੇ ਹਨ। ਸਾਰੀਆਂ ਵਸਤੂਆਂ ਦੇ ਨਾਲ ਉਹਨਾਂ ਦੇ ਗੁਣਾਂ ਦਾ ਵੀ ਜ਼ਿਕਰ ਕਰਦੇ ਹਨ ਕਿ ਅਨਾਜ ਸਤ ਸੀ ਕਾ ਹੋਵੇ, ਘੋੜੀ ਚੰਗੀ ਹੋਵੇ ਤੇ ਗਊ ਮੱਝ ਲਵੇਰੀ ਹੋਵੇ।
ਭਾਈ ਕਾਨ੍ਹ ਸਿੰਘ ਨਾਭਾ ‘ਮਹਾਨ ਕੋਸ਼’ ਵਿੱਚ ਇਸ ਦੇ ਅਰਥ ਨਵਾਂ ਪ੍ਰਸੂਤ ਹੋਇਆ ਪਸ਼ੂ ਜੋ ਦੁੱਧ ਦਿੰਦਾ ਹੋਵੇ ਕਰਦੇ ਹਨ। ਪ੍ਰੋਫੈਸਰ ਸਾਹਿਬ ਸਿੰਘ ‘ਗੁਰਬਾਣੀ ਪਾਠ ਦਰਸ਼ਨ’ ਵਿੱਚ ਲਵੇਰੀ ਨੂੰ ਦੁੱਧ ਦੇਣ ਵਾਲੀ ਲਿਖਦੇ ਹਨ, ਸਾਰੇ ਵਿਦਵਾਨਾਂ ਦੇ ਅਰਥ ਠੀਕ ਨੇ ਪਰ ਫਿਰ ਵੀ ਸ਼ਬਦ ਨੂੰ ਪੂਰਨ ਤੌਰ ‘ਤੇ ਨਹੀਂ ਖੋਲਦੇ;
ਲਾਵੇਰੀ = ਲਾਭ ਸਵੇਰ ਰਾਤੀ ਦਾ ਸੰਖੇਪ ਹੈ।

ਹੇ ਪਰਮਾਤਮਾ! ਗਊ ਤੇ ਭੈਸ ਸਾਨੂੰ ਉਹ ਦੇਵੀਂ ਜਿਹੜੀ ਦੋਨੋਂ ਵਕਤ ਭਾਵ ਸਵੇਰ ਤੇ ਰਾਤ ਨੂੰ ਦੁੱਧ ਦੇਣ ਵਾਲੀ ਹੋਵੇ, ਭਗਤ ਕਬੀਰ ਜੀ ਆਪਣੇ ਪਾਵਨ ਬੋਲਾਂ ਦੇ ਵਿੱਚ ਪਰਮਾਤਮਾ ਦੇ ਕੋਲੋਂ ਭੋਜਨ ਵੀ ਦੋਨੋਂ ਵਕਤ ਦਾ ਮੰਗਦੇ ਨੇ:

ਦੁਇ ਸੇਰ ਮਾਂਗਉ ਚੂਨਾ ||ਪਾਉ ਘੀਉ ਸੰਗਿ ਲੂਨਾ ||
ਅਧ ਸੇਰੁ ਮਾਂਗਉ ਦਾਲੇ ||
ਮੋ ਕੋਉ ਦੋਨਉ ਵਖਤ ਜਿਵਾਲੇ|| ( ਸੋਰਠਿ ਭਗਤ ਕਬੀਰ ਜੀ ਅੰਗ, 656 )

ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਅਨੁਸਾਰ- “ਧੇਨ ਦੁਧੈ ਤੇ ਬਾਹਰੀ ਕਿਤੈ ਨ ਆਵੈ ਕਾਮ”, ਐਸੀਆਂ ਗਊ ਮੱਝਾਂ ਵੀ ਹੁੰਦੀਆਂ ਨੇ ਜੋ ਦੁੱਧ ਨਹੀਂ ਦਿੰਦੀਆਂ, ਉਹਨਾਂ ਦੇ ਕੋਲ ਹੋਣ ਦੇ ਬਾਵਜੂਦ ਵੀ ਮਨੁੱਖ ਨੂੰ ਕੋਈ ਲਾਭ ਪ੍ਰਾਪਤ ਨਹੀਂ ਹੁੰਦਾ।