ਸਨੌਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ‘ਤੇ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤਾ ਬਿਆਨ

ਪਟਿਆਲਾ-ਕੱਲ੍ਹ ਪਟਿਆਲਾ ਦੇ ਸਨੌਰ ਵਿੱਚ ਵਾਪਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਮੰਦਭਾਗੀ ਘਟਨਾ ਨੇ ਸਮੂਹ ਸਿੱਖ ਕੌਮ ਨੂੰ ਗਹਿਰੇ ਦੁੱਖ ਅਤੇ ਰੋਸ ਵਿੱਚ ਧੱਕ ਦਿੱਤਾ ਹੈ। ਇਹ ਕੋਈ ਇਕੱਲੀ ਘਟਨਾ ਨਹੀਂ, ਸਗੋਂ ਪੰਜਾਬ ਦੀ ਧਰਤੀ ‘ਤੇ 2015 ਤੋਂ ਲਗਾਤਾਰ ਵਾਪਰ ਰਹੀਆਂ ਬੇਅਦਬੀਆਂ ਇੱਕ ਸੋਚੀ-ਸਮਝੀ ਸਾਜ਼ਿਸ਼ ਦਾ ਹਿੱਸਾ ਰਹੀਆਂ ਹਨ।

ਮੌਜੂਦਾ ਸਰਕਾਰ ਤੋਂ ਅਸੀਂ ਸਿਰਫ਼ ਕੱਲ੍ਹ ਦੀ ਘਟਨਾ ‘ਤੇ ਤੁਰੰਤ ਅਤੇ ਸਖ਼ਤ ਕਾਰਵਾਈ ਦੀ ਮੰਗ ਹੀ ਨਹੀਂ ਕਰਦੇ, ਸਗੋਂ ਇਹ ਵੀ ਯਾਦ ਦਿਵਾਉਂਦੇ ਹਾਂ ਕਿ ਪੰਜਾਬੀਆਂ ਨੇ ਇਹ ਸਰਕਾਰ ਉਸ “ਗਾਰੰਟੀ” ‘ਤੇ ਬਣਾਈ ਸੀ, ਜਿਸ ਅਧੀਨ ਅਰਵਿੰਦ ਕੇਜਰੀਵਾਲ ਨੇ ਸਿੱਖ ਕੌਮ ਨੂੰ ਬੇਅਦਬੀ ਕੇਸਾਂ ਵਿੱਚ 24 ਘੰਟਿਆਂ ਅੰਦਰ ਇਨਸਾਫ਼ ਦੇਣ ਦਾ ਵਾਅਦਾ ਕੀਤਾ ਸੀ।

2015 ਦੀਆਂ ਬੇਅਦਬੀਆਂ ‘ਤੇ ਪਿਛਲੀਆਂ ਸਰਕਾਰਾਂ ਵਾਂਗ ਅੱਜ ਵੀ ਚੁੱਪੀ ਧਾਰਨ ਕਰਨਾ, ਸਰਕਾਰ ਦੀ ਨੀਅਤ ਅਤੇ ਨੀਤੀਆਂ ‘ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਨਵੇਂ ਕਾਨੂੰਨਾਂ ਦੇ ਨਾਂ ‘ਤੇ ਮਹਿਜ਼ ਖ਼ਾਨਾਪੂਰਤੀ ਵਾਲੇ ਡਰਾਮਿਆਂ ਦੀ ਬਜਾਏ ਸਰਕਾਰ ਨੂੰ ਚਾਹੀਦਾ ਹੈ ਕਿ ਬੇਅਦਬੀਆਂ ਪਿੱਛੇ ਦੀ ਪੂਰੀ ਸਾਜ਼ਿਸ਼ ਨੰਗੀ ਕਰੇ ਅਤੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦੇ ਕੇ ਸਿੱਖ ਕੌਮ ਨੂੰ ਸੱਚਾ ਇਨਸਾਫ਼ ਦੇਵੇ।