227 views 1 sec 0 comments

ਸ਼ੁਕਰਾਨੇ ਦੀ ਜਾਚ

Read more, ਲੇਖ
January 03, 2025

-ਡਾ. ਜਸਵੰਤ ਸਿੰਘ ਨੇਕੀ

ਸਾਡੇ ਕਾਲਜ ਦਾ ਇਕ ਵਿਦਿਆਰਥੀ ਪੀਰਜ਼ਾਦਾ ਸੀ। ਬੜਾ ਤਕੜਾ, ਸੁਡੌਲ ਤੇ ਸੁਨੱਖਾ ਉਸ ਦਾ ਸਰੀਰ ਸੀ। ਫੁੱਟਬਾਲ ਬਹੁਤ ਅੱਛਾ ਖੇਡਦਾ ਸੀ। ਯੂਨੀਵਰਸਿਟੀ ਟੀਮ ਵਿੱਚ ਫੁਲ ਬੈਕ ਸੀ। ਕਾਲਜ ਦੇ ਪ੍ਰਬੰਧਕਾਂ ਦਾ ਖਿਆਲ ਸੀ ਕਿ ਉਹ ਰਾਸ਼ਟਰੀ ਟੀਮ ਵਿੱਚ ਚੁਣਿਆ ਜਾ ਸਕਦਾ ਹੈ।

ਪਰ, ਦੇਵ ਨੇਤ ਉਸ ਦੀ ਸੱਜੀ ਟੰਗ ਇਕ ਐਕਸੀਡੈਂਟ ਵਿੱਚ ਟੁੱਟ ਗਈ। ਹਸਪਤਾਲ ਵਿੱਚ ਉਸ ਦੇ ਪਲੱਸਤਰ ਲਾਇਆ ਗਿਆ ਜੋ ਦੋ-ਤਿੰਨ ਮਹੀਨੇ ਬਾਅਦ ਹੀ ਖੁੱਲ੍ਹਣਾ ਸੀ। ਸੋ ਉਹ ਫੁੱਟਬਾਲ ਖੇਡਣੋਂ ਰਹਿ ਗਿਆ।

ਮੈਂ ਤੇ ਮੇਰਾ ਇਕ ਜਮਾਤੀ ਉਸ ਦੇ ਘਰ ਗਏ, ਇਸ ਗੱਲ ਦਾ ਅਫ਼ਸੋਸ ਕਰਨ। ਉਹ ਸਾਨੂੰ ਹੱਸ ਕੇ ਮਿਿਲਆ ਤੇ ਕਹਿਣ ਲੱਗਾ, “ਟੰਗ ਟੁੱਟਣ ਦਾ ਤਾਂ ਸੁਆਦ ਹੀ ਆ ਗਿਆ।”

ਅਸੀਂ ਬੜੇ ਹੈਰਾਨ ਹੋਏ। ਅਸਾਂ ਆਖਿਆ, “ਤੇਰੀ ਟੰਗ ਟੁੱਟ ਗਈ ਤੇ ਤੂੰ ਕਹਿੰਦਾ ਏ ਸੁਆਦ ਈ ਆ ਗਿਆ।”

ਉਹ ਕਹਿਣ ਲੱਗਾ, “ਮਿੱਤਰੋ! ਟੰਗ ਹੀ ਟੁੱਟੀ ਏ ਕੋਈ ਦਿਲ ਤਾਂ ਨਹੀਂ ਟੁੱਟਾ। ਟੰਗ ਵੀ ਪੂਰੀ ਉਮੀਦ ਹੈ ਜੁੜ ਜਾਏਗੀ-ਤੇ ਫੁਟਬਾਲ ਕੋਈ ਜ਼ਰੂਰੀ ਏ?” ਫੁਟਬਾਲ ਨਾਲੋਂ ਜ਼ਿੰਦਗੀ ਵੱਡੀ ਹੁੰਦੀ ਏ। ਮੈਂ ਜੋ ਦੋ ਦਿਨ ਹਸਪਤਾਲੁ ਰਿਹਾਂ, ਮੈਂ ਪਿਆ ਹੋਇਆ ਟੈਗੋਰ ਦੀਆਂ ਕਹਾਣੀਆਂ ਪੜ੍ਹਦਾ ਰਿਹਾ। ਮੈਂ ਤਾਂ ਸਮਝਨਾ ਟੈਗੋਰ ਨੂੰ ਪੜ੍ਹਨਾ ਫੁਟਬਾਲ ਖੇਡਣ ਨਾਲੋਂ ਕਿਤੇ ਵੱਧ ਫਾਇਦੇਮੰਦ ਸੀ। ਹਸਪਤਾਲੋਂ ਘਰ ਆਇਆ ਤਾਂ ਆਪਣੇ ਭੈਣ-ਭਰਾਵਾਂ ਨਾਲ ਬੈਠ ਕੇ ਪਿਆਰ ਦੀਆਂ ਗੱਲਾਂ ਕਰਨਾ। ਅੱਬਾ ਪਾਸੋਂ ਕੁਰਾਨ ਮਜੀਦ ਦੇ ਮਾਅਨੇ ਸੁਣਨਾ। ਮੇਰੀ ਤਾਂ ਟੰਗ ਟੁੱਟਣ ਨਾਲ ਜ਼ਿੰਦਗੀ ਹੀ ਸਉਰ ਗਈ ਏ।

ਮੇਰੇ ਮੂਹੋਂ ਤੁਰੰਤ ਨਿਕਲ ਗਿਆ, “ਸ਼ੁਕਰ ਗੁਜ਼ਾਰ ਤਾਂ ਬੇਸ਼ੱਕ ਹੋ ਰਹੀਂ, ਕਿਸੇ ਜੋਸ਼ ਵਿੱਚ ਆ ਕੇ ਦੂਜੀ ਟੰਗ ਦਾ ਟੁੱਟਣਾ ਵੀ ਨਾ ਮੰਗ ਬੈਠੀ।” ਕਹਿਣ ਲੱਗਾ, “ਫ਼ਿਕਰ ਨਾ ਕਰ ਕਿਤੇ ਦੂਜੀ ਵੀ ਟੁੱਟ ਜਾਂਦੀ ਤਾਂ ਰੱਬ ਜਾਣੇ ਮੈਨੂੰ ਕੀ ਕੁਝ ਹੋਰ ਪ੍ਰਾਪਤ ਹੋ ਜਾਂਦਾ। ਮੈਨੂੰ ਹੁਣ ਸ਼ੁਕਰਾਨੇ ਵਿੱਚ ਰਹਿਣ ਦੀ ਜਾਚ ਆ ਗਈ ਏ।”

(1944)