
-ਡਾ. ਗੁਰਪ੍ਰੀਤ ਸਿੰਘ
ਡੱਲੇਵਾਲੀਆ ਮਿਸਲ ਦਾ ਮੋਢੀ ਗੁਲਾਬ ਸਿੰਘ ਸੀ ਜੋ ਡੇਰਾ ਬਾਬਾ ਨਾਨਕ ਦੇ ਲਾਗੇ ਡੱਲੇਵਾਲ ਨਾਂ ਦੇ ਪਿੰਡ ਦਾ ਸੀ। ਇਸ ਮੋਢੀ ਦੇ ਨਾਂ ਉਤੇ ਹੀ ਮਿਸਲ ਦਾ ਨਾਮ ਪੈ ਗਿਆ। ਗੁਲਾਬ ਸਿੰਘ ਦੇ ਨਜ਼ਦੀਕੀ ਭਾਈ ਗੁਰਦਿਆਲ ਸਿੰਘ, ਹਰਦਿਆਲ ਸਿੰਘ ਅਤੇ ਜੈ ਪਾਲ ਸਿੰਘ ਅੰਮ੍ਰਿਤ ਛਕ ਕੇ ਉਸਦੇ ਜਥੇ ਵਿਚ ਸ਼ਾਮਿਲ ਹੋ ਗਏ। ਛੋਟੇ ਘੱਲੂਘਾਰੇ ਸਮੇਂ ਹਰਦਿਆਲ ਸਿੰਘ ਤੇ ਜੈ ਪਾਲ ਸਿੰਘ ਰਾਵੀ ਵਿਚ ਰੁੜ੍ਹ ਗਏ ਸਨ। ਗੁਲਾਬ ਸਿੰਘ ਦਰਿਆ ਜਮਨਾਂ ਪਾਰ ਕਰ ਕੇ ਹਰਿਦੁਆਰ, ਮੇਰਠ, ਮੁਜ਼ਫਰਨਗਰ ਅਤੇ ਮੀਰਪੁਰ ਤਕ ਆਪਣੀਆਂ ਮੁਹਿੰਮਾਂ ਲੈ ਗਿਆ ਸੀ। ਗੁਲਾਬ ਸਿੰਘ ੧੭੫੫ ਈ. ਵਿਚ ਕਲਾਨੌਰ ਦੇ ਹਾਕਮ ਨਾਲ ਲੜਦਾ ਸ਼ਹੀਦ ਹੋ ਗਿਆ। ਗੁਲਾਬ ਸਿੰਘ ਤੋਂ ਬਾਅਦ ਗੁਰਦਿਆਲ ਸਿੰਘ ਇਸ ਮਿਸਲ ਦਾ ਲੀਡਰ ਬਣਿਆ, ਪਰ ਇਹ ਵੀ ਅਗਲੇ ਸਾਲ ਹੀ ਸ਼ਹੀਦ ਹੋ ਗਿਆ। ਫਿਰ ਸਰਦਾਰ ਤਾਰਾ ਸਿੰਘ ਘੇਬਾ ਇਸ ਮਿਸਲ ਦਾ ਲੀਡਰ ਬਣਿਆ।
੧੭੬੯ ਈ. ਤਕ ਇਸ ਮਿਸਲ ਕੋਲ ਰਾਹੋਂ, ਨਵਾਂ ਸ਼ਹਿਰ, ਫਿਲੌਰ, ਨਕੋਦਰ ਦੇ ਇਲਾਕੇ ਸਨ। ਤਾਰਾ ਸਿੰਘ ਘੇਬਾ ੧੮੦੭ ਈ. ਨੂੰ ਆਪਣੀ ਰਾਜਧਾਨੀ ਰਾਹੋਂ ਵਿਖੇ ਸੁਰਗਵਾਸ ਹੋ ਗਿਆ। ਤਾਰਾ ਸਿੰਘ ਦੇ ਇਲਾਕੇ ਉੱਪਰ ਮਹਾਰਾਜਾ ਰਣਜੀਤ ਸਿੰਘ ਨੇ ਕਬਜ਼ਾ ਕਰ ਕੇ ਵਾਰਿਸਾਂ ਦੇ ਨਾਮ ਜਾਗੀਰ ਲਾ ਦਿੱਤੀ। ਤਾਰਾ ਸਿੰਘ ਘੇਬਾ ਦੀ ਪਤਨੀ ਬੀਬੀ ਰਤਨ ਕੌਰ ਕੁਝ ਸਮੇਂ ਪਿਛੋਂ ਲੁਧਿਆਣੇ ਅੰਗਰੇਜ਼ਾਂ ਕੋਲ ਚਲੀ ਗਈ ਅਤੇ ਉਨ੍ਹਾਂ ਕੋਲੋਂ ਨਕਦ ਪੈਨਸ਼ਨ ਲੈਂਦੀ ਰਹੀ। ਇਸ ਤਰ੍ਹਾਂ ਇਹ ਮਿਸਲ ਖ਼ਤਮ ਹੋ ਗਈ।