ਗੁਰੂ ਨਾਨਕ ਦੇਵ ਜੀ ਨੇ ਵਿਤਰੇਕ ਬੁੱਧੀ ਤਾਂ ਸਿਖਾਈ ਹੈ ਪਰ ਨਿੰਦਾ ਤੋਂ ਬੜਾ ਹੋੜਿਆ ਹੈ। ਗੁਰੂ ਜੀ ਨੇ ਸਾਈਂ ਨਾਲ ਪ੍ਰੇਮਾ ਭਗਤੀ ਤੇ ਇਨਸਾਨ ਨਾਲ ਸਰਬੱਤ ਦਾ ਭਲਾ ਸਿਖਾਇਆ ਹੈ।
ਜਿਥੋਂ ਤਕ ਵੀਚਾਰ ਕੀਤੀ ਹੈ ਗੁਰੂ ਨਾਨਕ ਦੇਵ ਜੀ ਸਭ ਤੋਂ ਪਹਿਲੇ ਮਹਾਂਪੁਰਖ ਹੋਏ ਹਨ ਜਿਨ੍ਹਾਂ ਨੇ ਜਗਤ ਨੂੰ ਸਿਖਾਇਆ ਕਿ ਮਜ਼ਹਬ ਤੋਂ ਮਜ਼ਹਬੀ ਤਅੱਸਬ ਦੂਰ ਕਰਕੇ ਮਜ਼ਹਬਾਂ ਦੀ ਵੀਚਾਰ ਕਰੋ ਤੇ ਮੱਤ ਦਿਤੀ ਕਿ ਹਰ ਮਜ਼ਹਬ ਨੂੰ ਉਸ ਦੇ ਨੁਕਤਾ ਨਿਗਾਹ ਤੋਂ ਦੇਖੋ ਤੇ ਉਸ ਦੀਆਂ ਖੂਬੀਆਂ ਤਕੋ ਤੇ ਉਸ ਦੇ ਪੈਰੋਕਾਰਾਂ ਨੂੰ ਉਸ ਦੇ ਆਦਰਸ਼ ਪਰ ਅਮਲ ਕਰਨ ਦੀ ਤੱਕੜੀ ਨਾਲ ਤੋਲੋ। ਆਪ ਨੇ ਨਹੀਂ ਕਿਹਾ ਕਿ ਮੁਸਲਮਾਨ ਕਾਫ਼ਰ ਹਨ ਪਰ ਕਿਹਾ ਕਿ ‘ਮੁਸਲਮਾਣੁ ਕਹਾਵਣੁ ਮੁਸਕਲੁ…’। ਫੇਰ ਮੁਸਲਮਾਨ ਦਾ ਆਦਰਸ਼ ਦਸਿਆ ਤੇ ਮੱਤ ਇਹ ਦਿੱਤੀ ਕਿ ਦੇਖੋ ਤੁਸੀਂ ਇਸ ਤੋਂ ਕਿੰਨੀ ਦੂਰ ਹੋ। ਨਿਮਾਜ਼ ਨੂੰ ਗਾਲ੍ਹ ਨਹੀਂ ਦਿਤੀ ਪਰ ਬੇਹਜ਼ੂਰੀ ਦੀ ਨਿਮਾਜ਼ ਪੜ੍ਹਨ ਵਾਲੇ ਨੂੰ ਕਿਹਾ ਕਿ ਤੂੰ ਮੁਸਲਮਾਨ ਨਹੀਂ, ਇਸੀ ਤਰਾਂ ਹਰੇਕ ਨਾਲ। ਉਹਨਾਂ ਦੇ ਇਸ ਨਵੇਂ ਵਤੀਰੇ ਤੋਂ ‘ਧਾਰਮਕ ਸਹਾਰਾ’ ਤੇ ਮਜ਼ਹਬਾਂ ਦੀ ਕੂਤ ਨੂੰ ਮੁਕਾਬਲੇ ਨਾਲ ਜਾਚਣ ਦੀ ਰਵਸ਼ ਟੁਰੀ। ਡਾ. ਖ਼ੁਦਾਦਾਦ ਜੀ ਡਿਹਰਾਦੂਨ ਵਾਲੇ ਕਿਹਾ ਕਰਦੇ ਸਨ ਕਿ ਗੁਰੂ ਨਾਨਕ ਦੇਵ ਜੀ ਦੇ ਇਸ ਅਸੂਲ ਨੂੰ ਕਾਇਮ ਕਰਨ ਬਾਦ ਇਸ ਤੇ ਟੁਰਨ ਵਾਲੇ ਦੂਸਰੇ ਸ਼ਖਸ਼ ਅਬੁੱਲ ਫਜ਼ਲ ਜੀ ਹੋਏ। ਸ਼ਾਇਦ ਇਸੇ ਕਰਕੇ ਅਸੀਂ ਅਕਬਰ ਵਿਚ ‘ਦੀਨੀ ਬਰਦਾਸ਼ਤ’ ਯਾ ‘ਧਾਰਮਕ ਸਹਾਰਾ’ ਵੇਖਦੇ ਹਾਂ। ਇਸ ਧਾਰਮਕ ਸਹਾਰੇ ਨਾਲ ਜਗਤ ਵਿਚ ਦੀਨ ਦੇ ਨਾਮ ਹੇਠ ਨਫ਼ਰਤ, ਵੈਰ ਤੇ ਕਤਲਾਂ ਦੀ ਮੰਦੀ ਰਵਸ਼ ਦੂਰ ਹੁੰਦੀ ਹੈ। ਇਸੇ ਕਰਕੇ ਇਤਿਹਾਸ ਖੋਜੀ ਤੇ ਇਤਰ ਮਤਾਂ ਵਾਲੇ ਗੁਰੂ ਨਾਨਕ ਦੇਵ ਜੀ ਨੂੰ ਸੁਲਹ ਦਾ ਪੈਗੰਬਰ (ਪ੍ਰੋਫਟ ਔਫ ਪੀਸ) ਕਿਹਾ ਕਰਦੇ ਸਨ।
ਭਾਈ ਸਾਹਿਬ ਭਾਈ ਵੀਰ ਸਿੰਘ
