views 39 secs 0 comments

ਸੇਵਾ ਸੁਰਤਿ ਦੇ ਪਾਵਨ ਪੁੰਜ ਗੁਰੂ ਅਮਰਦਾਸ ਜੀ

ਲੇਖ
April 29, 2026

ਗੁਰੂ ਅਮਰਦਾਸ ਸਾਹਿਬ ਮਨ ਦੀ ਪਰਮ ਨਿਰਮਲ ਅਵਸਥਾ ਦੇ ਅਦੁੱਤੀ ਪ੍ਰਤੀਕ ਸਨ ਜਿੱਥੇ ਪੁੱਜ ਕੇ ਜੀਵਨ ਪਰਮਾਤਮਾ ਜਿਹਾ ਹੀ ਹੋ ਜਾਂਦਾ ਹੈ, ਕੋਈ ਭੇਦ ਨਹੀਂ ਰਹਿੰਦਾ । ਉਨ੍ਹਾਂ ਲਈ ਸੇਵਾ ਜੀਵਨ ਅਵਸਥਾ ਤੇ ਪਰਮਾਤਮਾ ਭਗਤੀ ਦਾ ਮਾਰਗ ਬਣ ਗਈ ਸੀ। ਇਸ ਅਵਸਥਾ ਨੂੰ ਕੋਈ ਵਿਰਲਾ ਹੀ ਪ੍ਰਾਪਤ ਕਰ ਸਕਿਆ ਹੈ ਕਿਉਂਕਿ ਸੰਸਾਰ ਅੰਦਰ ਰਹਿੰਦੀਆਂ ਵਿਕਾਰ ਤੇ ਮਾਇਆ ਦੇ ਬੰਧਨ ਮਨ ਨੂੰ ਕਠੋਰ ਬਣਾ ਦਿੰਦੇ ਹਨ I ਸਚ ਜੋ ਪਰਮਾਤਮਾ ਦਾ ਪ੍ਰਗਟ ਰੂਪ ਹੈ, ਦੂਰ ਹੁੰਦਾ ਜਾਂਦਾ ਹੈ I ਜੀਵਨ ਭਰਮਾਂ ਤੇ ਭਟਕਨ ਦਾ ਪ੍ਰਤੀਕ ਬਣ ਜਾਂਦਾ ਹੈ I ਪਰਮਾਤਮਾ ਦੀ ਮਿਹਰ ਹੀ ਇਸ ਹਨੇਰੇ ਭਰੀ ਅਵਸਥਾ ਤੋਂ ਉਬਾਰ ਕੇ ਚਾਨਣ ਵਿੱਚ ਲਿਆਉਣ ‘ਚ ਸਹਾਈ ਹੁੰਦੀ ਹੈ I ਜੋ ਚਾਨਣ ਦੀ ਕਾਮਨਾ ਲੈ ਕੇ ਪਰਮਾਤਮਾ ਦੀ ਸ਼ਰਨ ‘ਚ ਆਇਆ , ਪਰਾਮਤਮਾ ਨੇ ਸਦਾ ਹੀ ਉਸ ਦੀ ਲਾਜ ਰੱਖੀ ਹੈ I ਗੁਰੂ ਅਮਰਦਾਸ ਜੀ ਨੂੰ ਬਿਰਧ ਅਵਸਥਾ ਵਿੱਚ ਗੁਰੂ ਸ਼ਬਦ ਰਾਹੀਂ ਅੰਤਰ ਪ੍ਰੇਰਨਾ ਮਿਲੀ I ੬੧ ਵਰ੍ਹਿਆਂ ਤੋਂ ਭਟਕਦਾ ਮਨ ਗੁਰੂ ਅੰਗਦ ਸਾਹਿਬ ਦੇ ਪ੍ਰੇਮ ਵਿੱਚ ਸਿੰਝ ਕੇ ਸ਼ਾਂਤ ਹੋ ਗਿਆ . ਮਨ ਨਿਰਮਲ ਤੇ ਸਹਿਜ ਹੋ ਗਿਆ I
ਮਨ ਮੇਰੇ ਹਰਿ ਰਸੁ ਚਾਖੁ ਤਿਖ ਜਾਇ II
( ਪੰਨਾ ੨੬ )
ਮਨ ਦੀਆਂ ਤ੍ਰਿਸ਼ਨਾਵਾਂ , ਵਾਸਨਾਵਾਂ ਸੋਚ ਤੇ ਭਰੋਸੇ ਨੂੰ ਕਦੇ ਵੀ ਥਿਰ ਨਹੀ ਹੋਣ ਦਿੰਦਿਆਂ I ਲੋਭ , ਕ੍ਰੋਧ , ਕਾਮ , ਮੋਹ ਵੱਸ ਜੀਵਨ ਕੂੜ੍ਹ ਕਿਰਿਆਵਾਂ ਨਾਲ ਭਰ ਜਾਂਦਾ ਹੈ I ਗੁਰੂ ਅਮਰਦਾਸ ਜੀ ਨੇ ਵਚਨ ਕੀਤੇ ਕਿ ਮਨੁੱਖ ਦਾ ਭੇਖ ਭਾਵੇਂ ਧਰਮੀਆਂ ਵਾਲਾ ਹੁੰਦਾ ਹੈ ਪਰ ਮਨ ਕਪਟ ਨਾਲ ਭਰਿਆ ਹੁੰਦਾ ਹੈ I ਮਨੁੱਖ ਭੋਗ ਵਿਲਾਸ ਦੇ ਜਿੰਨੇ ਵੀ ਸਾਧਨ ਸੰਚਿਤ ਕਰ ਲਵੇ , ਵਡਾ ਰਾਜ ਪਾਟ ਕਾਇਮ ਕਰ ਲਵੇ ਪਰ ਵਾਹਿਗੁਰੂ ਦੀ ਕਿਰਪਾ ਬਿਨਾ ਸੁੱਖ ਤੋਂ ਦੂਰ ਰਹਿੰਦਾ ਹੈ I ਕਈ ਲੋਗ ਗ੍ਰੰਥ ਪੜ੍ਹ ਪੜ੍ਹ ਕੇ ਗਿਆਨੀ , ਵਿਦਵਾਨ ਸ੍ਰੇਸ਼ਟ ਧਰਮ ਚਰਚਾ ਕਰਨ ਲਾਇਕ ਤਾਂ ਹੋ ਜਾਂਦੇ ਹਨ ਮਨ ਅੰਦਰ ਲੋਭ , ਵਿਕਾਰਾਂ ਕਾਰਨ ਭਰਮਦੇ ਰਹਿੰਦੇ ਹਨ ਤੇ ਜੀਵਨ ਨਿਹਫਲ ਕਰਦੇ ਹਨ I ਗੁਰੂ ਸਾਹਿਬ ਨੇ ਕਿਹਾ ਕਿ ਜਿਸ ਮਨ ਅੰਦਰ ਪਰਮਾਤਮਾ ਦੀ ਭਗਤੀ ਹੁੰਦੀ ਹੈ ਉਹ ਸਹਿਜ ਹੀ ਪਰਮਾਤਮਾ ਦੇ ਹੁਕਮ ਅੰਦਰ ਆ ਜਾਂਦਾ ਹੈ I ਪਰਮਾਤਮਾ ਦੇ ਹੁਕਮ ਅੰਦਰ ਆਉਣਾ ਹੀ ਮਨ ਦੀ ਤਿਖ ਦਾ ਮਿੱਟ ਜਾਣਾ ਤੇ ਨਿਰਲੇਪ ਹੋ ਜਾਣਾ ਹੈ I ਗੁਰੂ ਅਮਰਦਾਸ ਜੀ ਲਗਾਤਾਰ ੧੨ ਸਾਲ ਤੱਕ ਗੁਰੂ ਅੰਗਦ ਸਾਹਿਬ ਦੀ ਦਿਨ ਰਾਤ ਸੇਵਾ ਵਿੱਚ ਰਤ ਰਹੇ I ਇਹ ਸੇਵਾ ਬਹੁਤ ਹੀ ਕਠਿਨ ਸੀ I ਉਨ੍ਹਾਂ ਨੂੰ ਲੋਕ ਉਪਹਾਸ ਦਾ ਪਾਤਰ ਵੀ ਬਣਨਾ ਪਿਆ I ਨਿਤ ਵਿਘਨ ਵੀ ਆਉਂਦੇ ਰਹੇ I ਪਰ ਗੁਰੂ ਅਮਰਦਾਸ ਜੀ ਕਦੇ ਵੀ , ਖਿਨ ਮਾਤਰ ਵੀ ਵਿਚਲਿਤ ਨਾ ਹੋਏ I ਗੁਰੂ ਅੰਗਦ ਸਾਹਿਬ ਤੇ ਸਿੱਖ ਸੰਗਤ ਲਈ ਉਨ੍ਹਾਂ ਦਾ ਪ੍ਰੇਮ ਤੇ ਸਮਰਪਣ ਕਦੇ ਵੀ ਘੱਟ ਨਹੀ ਹੋਇਆ ਸਗੋਂ ਵੱਧਦਾ ਹੀ ਗਿਆ I ਕਿਉਂਕਿ ਗੁਰ ਸ਼ਬਦ ਜਰੀਏ ਮਨ ਦੀ ਤਿਖ ਬੁਝ ਗਈ ਸੀ I ਮਨ ਅੰਦਰ ਸਹਿਜ ਸੀ ਤੇ ਬਾਹਰ ਵੀ ਸਹਿਜ ਹੀ ਪਰਗਟ ਹੋ ਰਿਹਾ ਸੀ I ਮਨ ਅੰਦਰ ਪੈਦਾ ਹੋਈ ਨਿਰਮਲ ਗੁਣਾਂ ਦੀ ਸ਼ਕਤੀ ਨੇ ਅਡੋਲ ਕਰ ਦਿੱਤਾ ਸੀ। ਕਹਿੰਦੇ ਹਨ ਕਿ ਗੁਰੂ ਅੰਗਦ ਸਾਹਿਬ ਹਰ ਸਾਲ਼ ਆਪਨੇ ਸਿੱਖਾਂ ਦੀ ਸੇਵਾ ਤੇ ਭਗਤੀ ਤੇ ਪ੍ਰਸੰਨ ਹੋ ਸਿਰੋਪਾ ਵੰਡਿਆ ਕਰਦੇ ਸਨ I ਗੁਰੂ ਅਮਰਦਾਸ ਜੀ ਉਸ ਸਿਰੋਪੇ ਨੂੰ ਕਦੇ ਵੀ ਸਿਰ ਤੋਂ ਨਾ ਉਤਾਰਦੇ ਤੇ ਉੱਪਰ ਮੁੜਾਸਾ ਬੰਨ ਲੈਂਦੇ ਸਨ I ਲੋਗ ਉਨ੍ਹਾਂ ਬਾਰੇ ਤਰਹ ਤਰਹ ਦੀਆਂ ਗੱਲਾਂ ਕਰਦੇ ਪਰ ਆਪ ਸਦਾ ਸਹਿਜ ਰਹਿੰਦੇ . ਗੁਰਗੱਦੀ ਤੇ ਵਿਰਾਜਮਾਨ ਹੋਣ ਤੱਕ ਆਪ ਦੇ ਸਿਰ ਤੇ ੧੨ ਸਿਰੋਪੇ ਬੰਨੇ ਜਾ ਚੁਕੇ ਸਨ I ਇਹ ਲੋਗਾਂ ਨੂੰ ਵੱਡਾ ਭਾਰ ਲੱਗਦਾ ਸੀ ਪਰ ਗੁਰੂ ਅਮਰਦਾਸ ਸਾਹਿਬ ਲਈ ਇਹ ਆਨੰਦ ਤੇ ਮਾਨ ਦੀ ਪੰਡ ਸੀ . ਲੋਗਾਂ ਤੇ ਤਾਹਨੇ ਉਨ੍ਹਾਂ ਦੇ ਸਹਿਜ ਮਨ ਦੇ ਨੇੜੇ ਵੀ ਨਾ ਆ ਪਾਉਂਦੇ I ਆਪ ਜਾਣਦੇ ਸਨ ਕਿ ਹੰਕਾਰ ਹੀ ਮਨ ਦੀ ਅਵਸਥਾ ਭੰਗ ਕਰਨ ਵਾਲਾ ਹੈ . ਹੰਕਾਰੀ ਮਨ ਦੀ ਭਗਤੀ ਪ੍ਰਵਾਨ ਨਹੀ ਹੁੰਦੀ I
ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ II
( ਪੰਨਾ ੫੬੦ )
ਹੰਕਾਰ ਹੀ ਵਾਦ ਵਿਵਾਦ ਤੇ ਕ੍ਰੋਧ ਦਾ ਜਨਕ ਹੈ I ਵਿਕਾਰ ਵਿਹੀਨ ਮਨ ਹੀ ਪਰਮਾਤਮਾ ਦੀ ਭਗਤੀ ਜੋਗ ਬਣਦਾ ਹੈ I ਗੁਰੂ ਅਮਰਦਾਸ ਸਾਹਿਬ ਦਾ ਜੀਵਨ ਇਸ ਦੀ ਸਰੇਵ ਸ੍ਰੇਸ਼ਟ ਮਿਸਾਲ ਸੀ I ਆਪ ਦਾ ਸਾਰਾ ਧਿਆਨ ਗੁਰੂ ਅੰਗਦ ਸਾਹਿਬ ਦੀ ਸੇਵਾ ਵਿੱਚ ਕੇਂਦ੍ਰਿਤ ਰਹਿੰਦਾ I ਕੋਈ ਕੀ ਕਹਿ ਰਿਹਾ ਹੈ , ਕੀ ਕਰ ਰਿਹਾ ਹੈ ਇਹ ਆਪ ਦੀ ਸੋਚ ਦਾ ਵਿਸ਼ਾ ਕਦੇ ਵੀ ਨਾ ਬਣਿਆ I ਆਪ ਸਾਰੀਆਂ ਨੂੰ ਖਿਮਾ ਕਰਦੇ ਰਹੇ ਤੇ ਮਨ ਅੰਦਰ ਪਰਮਾਤਮਾ ਲਈ ਪ੍ਰੇਮ ਦੇ ਰਸ ਨੂੰ ਗੂੜ੍ਹਾ ਤੋਂ ਗੂੜ੍ਹਾ ਕਰਦੇ ਗਏ I

ਗੁਰਗੱਦੀ ਤੇ ਵਿਰਾਜਮਾਨ ਹੋਣ ਤੋਂ ਬਾਅਦ ਵੀ ਗੁਰੂ ਅਮਰਦਾਸ ਸਾਹਿਬ ਨੂੰ ਕਈ ਅਨ ਸੁਖਾਵੀਆਂ ਸਥਿਤੀਆਂ ਦੇ ਦਰਪੇਸ਼ ਹੋਣਾ ਪਿਆ ਪਰ ਆਪ ਦਾ ਸਹਿਜ ਸਦਾ ਬਣਿਆ ਰਿਹਾ I ਸਿੱਖ ਸੰਗਤਾਂ ਨੂੰ ਵੀ ਗੁਰੂ ਸਾਹਿਬ ਸਦਾ ਹੀ ਸਹਿਜ ਤੇ ਸਹਿਨਸ਼ੀਲ ਬਣੇ ਰਹਿਣ ਦੀ ਪ੍ਰੇਰਨਾ ਦਿੰਦੇ I ਗੁਰੂ ਅੰਗਦ ਸਾਹਿਬ ਦੇ ਹੁਕਮ ਅਨੁਸਾਰ ਗੁਰਗੱਦੀ ਤੇ ਆਸੀਨ ਹੋਣ ਤੋਂ ਬਾਅਦ ਆਪ ਗੋਇੰਦਵਾਲ ਸਾਹਿਬ ਆ ਗਏ ਸਨ I ਗੁਰੂ ਸਾਹਿਬ ਦੇ ਆਉਣ ਨਾਲ ਇਸ ਨਗਰ ਦੀ ਰੌਨਕ ਵੱਧ ਗਈ I ਜਨ ਜੀਵਨ ਬੜਾ ਹੀ ਆਨੰਦਮਈ ਸੀ I ਕੁੱਝ ਅਮੀਰ ਮੁਸਲਮਾਨ ਵੀ ਆ ਕੇ ਇੱਥੇ ਰਹਿਣ ਲੱਗ ਪਏ I ਉਨ੍ਹਾਂ ਅੰਦਰ ਗੁਰੂ ਸਾਹਿਬ ਦਾ ਆਦਰ ਮਾਣ ਵੇਖ ਕੇ ਈਰਖਾ ਪੈਦਾ ਹੋ ਗਈ I ਮੁਸਲਮਾਨਾਂ ਨੇ ਸਿੱਖਾਂ ਨੂੰ ਤੰਗ ਕਰਣਾ ਸ਼ੁਰੂ ਕਰ ਦਿੱਤਾ I ਸਿੱਖ ਜਦੋਂ ਗੁਰੂ ਘਰ ਦੇ ਲੰਗਰ ਲਈ ਪਾਨੀ ਲੈ ਕੇ ਆਉਂਦੇ ਤਾਂ ਮੁਸਲਮਾਨਾਂ ਦੇ ਮੁੰਡੇ ਗੁਲੇਲਾਂ ਨਾਲ ਉਨ੍ਹਾਂ ਦੀਆਂ ਮਿੱਟੀ ਦੀਆਂ ਗਾਗਰਾਂ ਤੋੜ ਦਿੰਦੇ ਤੇ ਬਦਸਲੂਕੀ ਕਰਦੇ I ਸਿੱਖਾਂ ਨੇ ਗੁਰੂ ਸਾਹਿਬ ਨੂੰ ਸ਼ਿਕਾਇਤ ਕੀਤੀ I ਗੁਰੂ ਸਾਹਿਬ ਨੇ ਉਨ੍ਹਾਂ ਨੂੰ ਸ਼ਾਂਤ ਕਰਦਿਆਂ ਚਮੜੇ ਦੀਆਂ ਮਸ਼ਕਾਂ ਵਰਤਨ ਲਈ ਕਿਹਾ I ਮੁਸਲਮਾਨਾਂ ਦੇ ਬਦਦਿਮਾਗ ਮੁੰਡੇ ਤੀਰ ਮਾਰ ਕੇ ਮਸ਼ਕਾਂ ਨੂੰ ਵਿਨ੍ਹਨ ਲੱਗ ਪਏ I ਹੁਣ ਗੁਰੂ ਅਮਰਦਾਸ ਸਾਹਿਬ ਸਿੱਖਾਂ ਨੂੰ ਪਿੱਤਲ ਦੀਆਂ ਗਾਗਰਾਂ ਵਰਤਨ ਲਈ ਕਿਹਾ I ਹੰਕਾਰੇ ਮੁਸਲਮਾਨ ਮੁੰਡੇ ਪਿੱਤਲ ਦੀਆਂ ਗਾਗਰਾਂ ਨੂੰ ਪੱਥਰ ਮਾਰ ਕੇ ਡੇਗਣ ਲੱਗ ਪਏ I ਸਿੱਖਾਂ ਨੇ ਅੱਕ ਕੇ ਗੁਰੂ ਸਾਹਿਬ ਨੂੰ ਕਿਹਾ ਕਿ ਅਸੀਂ ਕਦੋਂ ਤੱਕ ਮੁਸਲਮਾਨਾਂ ਦੇ ਜੁਲਮ ਸਹਿਣ ਕਰਦੇ ਰਹਿਏ I ਗੁਰੂ ਅਮਰਦਾਸ ਜੀ ਨੇ ਵਚਨ ਕੀਤੇ ਕਿ ਧਰਮੀਆਂ ਅੰਦਰ ਕਦੇ ਵੀ ਬਦਲੇ ਦੀ ਭਾਵਨਾ ਨਹੀ ਹੋਣੀ ਚਾਹੀਦੀ . ਸਦਾ ਸਬਰ , ਸੰਤੋਖ ਬਣਿਆ ਰਹਿਣਾ ਚਾਹੀਦੇ . ਸਿੱਖ ਸੰਗਤ ਗੁਰੂ ਸਾਹਿਬ ਦਾ ਹੁਕਮ ਮੰਨ ਸ਼ਾਂਤ ਰਹੀ I ਬਾਅਦ ਵਿੱਚ ਅਜਿਹੇ ਹਾਲਾਤ ਬਣੇ ਕਿ ਮੁਸਲਮਾਨਾਂ ਦੀ ਈਰਖਾ ਤੇ ਬਦਦਿਮਾਗੀ ਨੂੰ ਸੰਨਿਆਸੀਆਂ ਤੇ ਫੌਜੀਆਂ ਤੋਂ ਕਰਾਰਾ ਜਵਾਬ ਮਿਲਿਆ ਤੇ ਉਹ ਸਾਰੇ ਕੈਦ ਕਰ ਲਏ ਗਏ I ਉਨ੍ਹਾਂ ਦੇ ਘਰ ਮਿੱਟੀ ਵਿੱਚ ਮਿਲਾ ਦਿੱਤੇ ਗਏ . ਧਰਮੀ ਨੂੰ ਆਪਣਾ ਸਹਿਜ ਤੇ ਸੰਜਮ ਸਦਾ ਕਾਇਮ ਰੱਖਣਾ ਚਾਹੀਦੇ I ਇਹ ਉਸ ਦੀ ਭਗਤੀ ਦਾ ਅਹਿਮ ਹਿੱਸਾ ਹਨ I

ਸਤੁ ਸੰਤੋਖੁ ਪਤੁ ਕਰਿ ਝੋਲੀ ਜੋਗੀ ਅੰਮ੍ਰਿਤ ਨਾਮੁ ਭੁਗਤਿ ਪਾਈ II
ਧਿਆਨ ਕਾ ਕਰਿ ਡੰਡਾ ਜੋਗੀ ਸਿੰਙੀ ਸੁਰਤਿ ਵਜਾਈ II ੨ II
ਮਨੁ ਦ੍ਰਿੜੁ ਕਰਿ ਆਸਣਿ ਬੈਸੁ ਜੋਗੀ ਤਾ ਤੇਰੀ ਕਲਪਣਾ ਜਾਈ II
ਕਾਇਆ ਨਗਰੀ ਮਹਿ ਮੰਗਣਿ ਚੜਹਿ ਜੋਗੀ ਤਾ ਨਾਮੁ ਪਲੈ ਪਾਈ II ੩ II
( ਪੰਨਾ ੯੦੮ )
ਪੁਰਾਤਨ ਕਾਲ ਵਿੱਚ ਆਪਨੇ ਧਰਮੀ ਹੋਣ ਦਾ ਪ੍ਰਮਾਣ ਦੇਣ ਲਈ ਖਾਸ ਭੇਖ ਧਾਰਨ ਕਰਦੇ ਸਨ I ਆਪਨੇ ਭੇਖ ਕਾਰਨ ਹੀ ਉਹ ਧਰਮੀ ਹੋਣ ਦਾ ਸਨਮਾਨ ਪ੍ਰਾਪਤ ਕਰਦੇ ਸਨ I ਗੁਰੂ ਅਮਰਦਾਸ ਜੀ ਨੇ ਵਚਨ ਕੀਤੇ ਕਿ ਭੇਖ ਨਹੀ ਗੁਣ ਧਾਰਨ ਕਰਣਾ ਹੀ ਭਗਤੀ ਦਾ ਸੱਚਾ ਮਾਰਗ ਹੈ I ਜੋਗੀ ਆਪਨੇ ਹੱਥ ਵਿੱਚ ਇੱਕ ਭਿਖਿਆ ਦਾ ਪਾਤਰ ਰੱਖਦੇ ਸਨ ਜਿਸ ਵਿੱਚ ਉਨ੍ਹਾਂ ਨੂੰ ਦਾਨ ਮਿਲਦਾ ਸੀ I ਗੁਰੂ ਸਾਹਿਬ ਨੇ ਕਿਹਾ ਕਿ ਸੱਚਾ ਪਾਤਰ , ਕਮੰਡਲ ਤਾਂ ਸਤ ਤੇ ਸੰਤੋਖ ਦਾ ਹੈ ਜਿਸ ਵਿੱਚ ਨਾਮ ਦੀ ਅੰਮ੍ਰਿਤਮਈ ਦਾਤ ਪ੍ਰਾਪਤ ਹੁੰਦੀ ਹੈ . ਸਤ ਤੇ ਸੰਤੋਖ ਬਿਨਾ ਭਗਤੀ ਨਹੀ ਹੋ ਸੱਕਦੀ I ਮਨ ਵੀ ਤਾਂ ਹੀ ਟਿਕਦਾ ਹੈ I ਮਨ ਅੰਦਰ ਸੰਤੋਖ ਤੇ ਸਹਿਜ ਹੋਵੇ ਤਾਂ ਹੀ ਸਾਰੇ ਭਰਮ ਜਾਂਦੇ ਹਨ I ਮਨ ਅੰਦਰ ਤਾਂ ਦਰਅਸਲ ਨਾਮ ਹੀ ਹੈ I ਮਨ ਪਰਮਾਤਮਾ ਦੀ ਭਾਵਨਾ ਲਈ ਹੀ ਹੈ . ਇਸ ਵਿੱਚ ਵਿਕਾਰਾਂ , ਮਾਇਆ ਲਈ ਕੋਈ ਜਗਹ ਨਹੀ ਹੈ I ਗੁਰੂ ਅਮਰਦਾਸ ਜੀ ਦੀ ਸਹਿਨਸ਼ੀਲਤਾ ਸੁਭਾਵਕ ਸੀ I ਸਹਿਜ , ਸੰਤੋਖ , ਸੰਜਮ ਬਿਨਾ ਪਰਮਾਤਮਾ ਦਾ ਨਾਮ ਨਹੀ ਜਪਿਆ ਜਾ ਸਕਦਾ I ਗੁਰੂ ਅਮਰਦਾਸ ਜੀ ਨੇ ਇਸ ਨੂੰ ਜੀਵਨ ਅੰਦਰ ਵਰਤ ਕੇ ਵਿਖਾਇਆ I ਆਪ ਨੂੰ ਜਦੋਂ ਗੁਰੂ ਅੰਗਦ ਸਾਹਿਬ ਨੇ ਗੁਰਗੱਦੀ ਬਖਸ਼ੀ ਤਾਂ ਉਨ੍ਹਾਂ ਦੇ ਪੁੱਤਰ ਦਾਸੂ ਜੀ ਤੇ ਦਾਤੂ ਜੀ ਬਹੁਤ ਨਾਰਾਜ ਹੋਏ I ਇੱਕ ਵਾਰ ਕ੍ਰੋਧ ਨਾਲ ਭਰੇ ਦਾਤੂ ਜੀ ਨੇ ਗੁਰੂ ਅਮਰਦਾਸ ਜੀ ਨਾਲ ਬੇਅਦਬੀ ਦਾ ਵਿਉਹਾਰ ਕੀਤਾ ਤੇ ਉਨ੍ਹਾਂ ਦੇ ਆਸਨ ਤੇ ਬੈਠ ਗਏ I ਗੁਰੂ ਅਮਰਦਾਸ ਜੀ ਪੂਰੀ ਤਰਹ ਸ਼ਾਂਤ ਬਣੇ ਰਹੇ ਤੇ ਦਾਤੂ ਜੀ ਨੂੰ ਖਿਮਾ ਕਰ ਦਿੱਤਾ I ਸਹਿਨਸ਼ੀਲਤਾ ਜਿਹੇ ਗੁਣਾਂ ਕਾਰਨ ਹੀ ਗੁਰੂ ਅਮਰਦਾਸ ਜੀ ਨੂੰ ਭਗਤੀ ਤੇ ਗੁਰੂ ਦੀ ਕਿਰਪਾ ਪ੍ਰਾਪਤ ਹੋਈ I ਆਪ ਗੁਰਗੱਦੀ ਤੇ ਆਸੀਨ ਹੋਏ I ਭੱਟ ਸਾਹਿਬਾਨ ਨੇ ਤਾਂ ਆਪ ਅੰਦਰ ਪ੍ਰਤੱਖ ਪਰਮਾਤਮਾ ਦੇ ਦਰਸ਼ਨ ਕੀਤੇ “ ਆਪਿ ਨਾਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ “ I ਪਰਮਾਤਮਾ ਨੇ ਸ੍ਰਿਸ਼ਟੀ ਸਾਜ ਕੇ ਇਸ ਵਿੱਚ ਮਾਇਆ ਰਚਿ ਦਿੱਤੀ ਹੈ । ਪਾਪ , ਪੁੰਨ ਦਾ ਖੇਡ ਹੁੰਦਾ ਉਹ ਸਹਿਜ ਭਾਵ ਨਾਲ ਵੇਖਦਾ ਰਹਿੰਦਾ ਹੈ। ਵਡਿਆਈ ਉਸ ਨੇ ਆਪਣੇ ਹੱਥ ਰੱਖੀ ਹੈ ਪਰ ਜਿਊਣ ਲਈ ਰਿਜ਼ਕ ਸਾਰੀਆਂ ਨੂੰ ਦੇ ਰਿਹਾ ਹੈ। ਅਜਿਹੀ ਹੀ ਸੀ ਗੁਰੂ ਅਮਰਦਾਸ ਸਾਹਿਬ ਦੀ ਵਡਿਆਈ ।

ਡਾ. ਸਤਿੰਦਰ ਪਾਲ ਸਿੰਘ