
ਸਾਡੇ ਕੋਲ ਗੁਰਸਿੱਖੀ ਜੀਵਨ ਬਾਰੇ ਜਾਣਨ ਦੇ ਮੁੱਖ ਚਾਰ ਸ੍ਰੋਤ ਹਨ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਭਾਈ ਗੁਰਦਾਸ ਜੀ ਦੀਆਂ ਵਾਰਾਂ, ਸਿੱਖ ਰਹਿਤ ਮਰਯਾਦਾ ਅਤੇ ਵਿਦਵਾਨਾਂ ਦੀਆਂ ਲਿਖਤਾਂ, ਪਰੰਤੂ ‘ਸਿੱਖ’ ਦੀ ਪਰਿਭਾਸ਼ਾ ਲਈ ਪ੍ਰਮੁੱਖ ਸ੍ਰੋਤ ਤੇ ਪਹਿਲੀ ਕਸਵੱੱਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਸਿੱਖ ਰਹਿਤ ਮਰਯਾਦਾ ਹੀ ਹੈ। ਭਾਈ ਗੁਰਦਾਸ ਜੀ ਅਤੇ ਹੋਰ ਵਿਦਵਾਨਾਂ ਦੁਆਰਾ ਸਿੱਖ ਦੀ ਉਪਮਾ ਵਿਚ ਕਹੇ ਕਥਨਾਂ ਦਾ ਆਧਾਰ ‘ਸਿੱਖ’੧ ਦੀ ਪਰਿਭਾਸ਼ਾ ਲਈ ਪ੍ਰਮੁੱਖ ਸ੍ਰੋਤ ਤੇ ਪਹਿਲੀ ਕਸਵੱਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਹੈ ਕਿਉਂਕਿ ਭਾਈ ਗੁਰਦਾਸ ਜੀ ਅਤੇ ਹੋਰ ਵਿਦਵਾਨਾਂ ਦੁਆਰਾ ਸਿੱਖ ਦੀ ਉਪਮਾ ਵਿਚ ਕਹੇ ਕਥਨਾਂ ਦਾ ਆਧਾਰ ਗੁਰਬਾਣੀ ਵਿਚ ਉਲੀਕਿਆ ਸਿੱਖ ਦਾ ਸਰੂਪ ਹੈ। ਸਿੱਖ ਦੇ ਜੀਵਨ ਦਾ ਆਦਰਸ਼ ਗੁਰੂ ਦੀ ਆਗਿਆ ਦਾ ਪਾਲਣ ਕਰਨਾ ਹੈ।
ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਕਥਨ- ਸਿਖੀ ਸਿਖਿਆ ਗੁਰ ਵੀਚਾਰਿ ਦੀ ਪ੍ਰੋੜ੍ਹਤਾ ਵਿਚ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਾ ਭਾਵ ਗੁਆ ਕੇ ਸੱਚੇ ਦਿਲੋਂ ਕੇਵਲ ਗੁਰੂ ਦੇ ਪਰਾਇਣ ਹੋਣ ਵਾਲੇ ਮਨੁੱਖ ਨੂੰ ‘ਸਿੱਖ’ ਪ੍ਰਵਾਨ ਕੀਤਾ ਹੈ:
ਜੇ ਕੋ ਸਿਖੁ ਗੁਰੂ ਸੇਤੀ ਸਨਮੁਖੁ ਹੋਵੈ॥
ਹੋਵੈ ਤ ਸਨਮੁਖੁ ਸਿਖੁ ਕੋਈ ਜੀਅਹੁ ਰਹੈ ਗੁਰ ਨਾਲੇ॥
ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ॥
ਆਪੁ ਛਡਿ ਸਦਾ ਰਹੈ ਪਰਣੈ ਗੁਰ ਬਿਨੁ ਅਵਰੁ ਨ ਜਾਣੈ ਕੋਏ॥
ਕਹੈ ਨਾਨਕੁ ਸੁਣਹੁ ਸੰਤਹੁ ਸੋ ਸਿਖੁ ਸਨਮੁਖੁ ਹੋਏ॥ (ਪੰਨਾ ੯੧੯)
ਆਪ ਜੀ ਨੇ ਸਿੱਖ ਦਾ ਲੱਛਣ ਗੁਰੂ ਦੇ ਭਾਣੇ ਵਿਚ ਆਉਣਾ ਨਿਸਚਿਤ ਕੀਤਾ ਹੈ, ਕਿਉਂਕਿ ਭਾਣਾ ਮੰਨਣਾ ਉਸ ਦੇ ਵਿਅਕਤੀਤਵ ਦਾ ਕੇਂਦਰੀ ਧੁਰਾ ਹੈ:
ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ (ਪੰਨਾ ੬੦੧)
ਗੁਰੂ ਦੀ ਆਗਿਆ ਦਾ ਪਾਲਣ ਕਰਨਾ ਸਿੱਖ ਦੇ ਜੀਵਨ ਦਾ ਆਦਰਸ਼ ਹੈ। ਸ੍ਰੀ ਗੁਰੂ ਰਾਮਦਾਸ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਵਿਚਾਰ ਦੀ ਪੁਸ਼ਟੀ ਕੀਤੀ ਹੈ:
-ਗੁਰਸਿਖ ਮੀਤ ਚਲਹੁ ਗੁਰ ਚਾਲੀ॥
ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ ॥ (ਪੰਨਾ ੬੬੭)
-ਜੈਸੀ ਆਗਿਆ ਕੀਨੀ ਠਾਕੁਰਿ ਤਿਸ ਤੇ ਮੁਖੁ ਨਹੀ ਮੋਰਿਓ॥ (ਪੰਨਾ ੧੦੦੦)
ਇੱਥੇ ਇਹ ਸਪਸ਼ਟ ਕਰ ਦੇਣਾ ਪ੍ਰਸੰਗਿਕ ਜਾਪਦਾ ਹੈ ਕਿ ਗੁਰੂ ਤੋਂ ਬਗੈਰ ਸਿੱਖ ਦੀ ਹੋਂਦ ਦਾ ਕੋਈ ਅਰਥ ਨਹੀਂ, ਕਿਉਂਕਿ ਸਿੱਖ ਦੇ ਅਰਥ ਹਨ: ਗੁਰੂ ਦੀ ਸਿੱਖਿਆ ਲੈ ਕੇ, ਗੁਰੂ ਦੇ ਹੁਕਮ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ। ਇਸ ਲਈ ਗੁਰੂ ਦੀ ਮਹਾਨ ਸ਼ਖ਼ਸੀਅਤ ਹਰ ਸਮੇਂ ਸਿੱਖ ਦੇ ਜੀਵਨ ਦੀ ਅਗਵਾਈ ਕਰਦੀ ਹੈ ਤੇ ਆਤਮਿਕ ਪੱਖ ਤੋਂ ਉਸਾਰੀ ਕਰਦੀ ਹੈ। ਡਾ. ਦੀਵਾਨ ਸਿੰਘ ਅਨੁਸਾਰ, “ਗੁਰੂ ਤੋਂ ਭਾਵ ਉਹ ਮਹਾਨ ਆਤਮਿਕ ਸ਼ਕਤੀ ਹੈ ਜੋ ਪਰਮਾਤਮਾ ਵੱਲੋਂ ਮਨੁੱਖ ਮਾਤਰ ਦੇ ਕਲਿਆਣ ਵਾਸਤੇ ਸਦੀਵ ਕਾਲ ਲਈ ਨਿਸ਼ਚਿਤ ਹੋਈ ਹੈ।੨ ਭਾਰਤੀ ਧਾਰਮਿਕ ਪ੍ਰਣਾਲੀ ਵਿਚ ਗੁਰੂ ਸ਼ਬਦ ਦਾ ਪ੍ਰਯੋਗ ਪ੍ਰਾਚੀਨ ਕਾਲ ਤੋਂ ਹੁੰਦਾ ਆ ਰਿਹਾ ਹੈ, ਪਰ ਸਿੱਖ ਧਰਮ ਵਿਚ ਇਸ ਦਾ ਵਿਸ਼ੇਸ਼ ਅਰਥ ਅਤੇ ਮਹੱਤਤਾ ਹੈ। ਭਾਈ ਜੋਧ ਸਿੰਘ ਲਿਖਦੇ ਹਨ, “ਨਿਰੰਕਾਰ ਵੱਲੋਂ ਦਾਤ ਦੇ ਕੇ ਜੋ ਪੁਰਖ ਸੰਸਾਰ ਵਿਚ ਧਰਮ ਪਰਗਟ ਕਰਨ ਲਈ ਘੱਲੇ ਗਏ, ਸਿੱਖ ਧਰਮ ਵਿਚ ‘ਗੁਰੂ’ ਪਦ ਉਨ੍ਹਾਂ ਲਈ ਹੀ ਮਖਸੂਸ ਹੈ।”੩ ਸਤਿਗੁਰੂ ਅਕਾਲ ਪੁਰਖ ਦੇ ਹੁਕਮ ਅਨੁਸਾਰ ਸੰਸਾਰ ਵਿਚ ਆ ਕੇ ਆਤਮਿਕ ਉਨਤੀ ਦਾ ਰਾਹ ਪਰਗਟ ਕਰਦੇ ਹਨ।੪ ਭੱਟ ਸਾਹਿਬਾਨ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਅਕਾਲ ਪੁਰਖ ਦੇ ਗੁਰੂ ਰੂਪ ਦਾ ਸਾਕਾਰ ਰੂਪ ਪ੍ਰਵਾਨ ਕੀਤਾ ਹੈ। ਗੁਰੂ ਸਾਹਿਬਾਨ ਨੂੰ ਅਕਾਲ ਪੁਰਖ ਦਾ ਰੂਪ ਜਾਂ ‘ਪਰਤਖ ਹਰਿ’ ਇਸ ਲਈ ਆਖਿਆ ਗਿਆ ਹੈ ਕਿਉਂਕਿ ਉਨ੍ਹਾਂ ਨੇ ਪਰਮ-ਸਤਿ ਅਕਾਲ ਪੁਰਖ ਦਾ ਅਨੁਭਵ ਕਰ ਲਿਆ ਸੀ ਅਤੇ ਇਸ ਅਨੁਭਵ ਨੂੰ ਉਨ੍ਹਾਂ ਨੇ ਬਾਣੀ ਰਾਹੀਂ ਦਰਸਾਇਆ ਹੈ। ਸਿੱਖ ਚਿੰਤਨ ਅਨੁਸਾਰ ਬਾਣੀ ਤੇ ਗੁਰੂ ਵਿਚ ਕੋਈ ਅੰਤਰ ਪ੍ਰਵਾਨ ਨਹੀਂ ਕੀਤਾ ਗਿਆ, ਕਿਉਂਕਿ ਗੁਰੂ ਆਪਣੇ ਸ਼ਬਦ, ਉਪਦੇਸ਼, ਬਾਣੀ ਅਤੇ ਬਚਨ ਨਾਲ ਇਕ ਰੂਪ ਹਨ:
-ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ (ਪੰਨਾ ੯੮੨)
-ਸਤਿਗੁਰ ਬਚਨ ਬਚਨ ਹੈ ਸਤਿਗੁਰ . . . ॥ (ਪੰਨਾ ੧੩੦੯)
ਸਿੱਖ ਧਰਮ ਵਿਚ ‘ਗੁਰੂ’ ਕੇਵਲ ਦਸ ਗੁਰੂ ਸਾਹਿਬਾਨ ਅਤੇ ‘ਗੁਰੂ ਗੰ੍ਰਥ’-‘ਗੁਰੂ ਪੰਥ’ ਨੂੰ ਹੀ ਮੰਨਿਆ ਗਿਆ ਹੈ।
ਸਿੱਖ ਚਿੰਤਨ ਅਨੁਸਾਰ ਗੁਰੂ ਦੇ ਰਸਤੇ ’ਤੇ ਚੱਲਦਿਆਂ ਵਾਹਿਗੁਰੂ ਦੇ ਨਾਮ ਦੀ ਸੋਝੀ ਹੁੰਦੀ ਹੈ ਅਤੇ ਪਰਮ ਸਤਿ ਦਾ ਅਨੁਭਵ ਹੁੰਦਾ ਹੈ। ਜਿਹੜਾ ਸਿੱਖ ਪੂਰਨ ਭਰੋਸਾ ਕਰ ਕੇ ਆਪਣਾ ਆਪਾ ਗੁਰੂ ਨੂੰ ਸਮਰਪਣ ਕਰ ਦਿੰਦਾ ਹੈ, ਉਸ ’ਤੇ ਗੁਰੂ ਆਪਣੀ ਬਖਸ਼ਿਸ਼ ਕਰਦਾ ਹੈ ਤੇ ਸਿੱਖ ਨੂੰ ਪਰਮਾਤਮਾ ਨਾਲ ਮਿਲਾ ਦਿੰਦਾ ਹੈ। ਇਹ ਸ਼ਕਤੀ ਪੂਰਨ ਗੁਰੂ ਵਿਚ ਹੁੰਦੀ ਹੈ। ਫਿਰ ਸਿੱਖ ਅਤੇ ਗੁਰੂ ਵਿਚ ਕੋਈ ਅੰਤਰ ਨਹੀਂ ਰਹਿੰਦਾ, ਕਿਉਂਕਿ ਆਤਮਿਕ ਅਨੁਭਵ ਵਿਚ ਦੋਵੇਂ ਅਕਾਲ ਪੁਰਖ ਵਾਹਿਗੁਰੂ ਨਾਲ ਇਕ ਸੁਰ ਹੋ ਜਾਂਦੇ ਹਨ:
ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ॥
ਰਾਮ ਨਾਮ ਮੰਤੁ ਹਿਰਦੈ ਦੇਵੈ ਨਾਨਕ ਮਿਲਣੁ ਸੁਭਾਏ॥ (ਪੰਨਾ ੪੪੪)
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਨੂੰ ‘ਸ਼ਬਦ ਗੁਰੂ’ ਦੇ ਰੂਪ ਵਿਚ ਪ੍ਰਵਾਨ ਕੀਤਾ ਗਿਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦੀ ਰਹਿਨੁਮਾਈ ਲਈ ‘ਸ਼ਬਦ ਗੁਰੂ’ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਦੀਵੀ ਗੁਰੂ ਥਾਪਿਆ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਿੱਖ/ਗੁਰਸਿੱਖ ਦੇ ਨਿੱਤ ਕਰਮ ਬਾਰੇ ਇਸ ਸ਼ਬਦ ਵਿਚ ਦੱਸਿਆ ਗਿਆ ਹੈ:
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ॥
ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ॥
ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ॥
ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ॥
ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ॥
ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ॥
(ਪੰਨਾ ੩੦੫)
ਗੁਰਬਾਣੀ ਦੇ ਪਹਿਲੇ ਵਿਆਖਿਆਕਾਰ ਭਾਈ ਗੁਰਦਾਸ ਜੀ ਨੇ ਸਿੱਖ ਉਸ ਵਿਅਕਤੀ ਨੂੰ ਆਖਿਆ ਹੈ, ਜਿਸ ਨੇ ਗੁਰ-ਦੀਖਿਆ ਲੈ ਕੇ ਗੁਰੂ ਦੀ ਸਿੱਖਿਆ ਗ੍ਰਹਿਣ ਕੀਤੀ ਹੈ ਅਤੇ ਗੁਰਸਿੱਖੀ ਕਮਾਈ ਹੈ, ਜਿਸ ਦਾ ਸਮੁੱਚਾ ਜੀਵਨ ਵਿਉਹਾਰ (ਸਿੱਖਣਾ, ਲਿਖਣਾ, ਵਰਤਣਾ, ਬੁੱਝਣਾ, ਪੂਜਣਾ, ਮੰਨਣਾ, ਤੋਲਣਾ, ਨਾਵਣਾ, ਪਰਸਣਾ, ਵੇਖਣਾ, ਸੁਣਨਾ, ਸੁੰਘਣਾ, ਚੱਖਣਾ, ਆਦਿ) ਗੁਰੂ ਦੀ ਸਿੱਖਿਆ ਅਨੁਸਾਰ ਹੈ। (ਵਾਰ, ੩:੧੧) ਭਾਈ ਗੁਰਦਾਸ ਜੀ ਨੇ ਕਬਿੱਤ ਸਵੱਯਾਂ ਵਿਚ ਵੀ ਦੱਸਿਆ ਹੈ ਕਿ ਸਿੱਖ ਬੰਦਗੀ ਦੀ ਸਾਕਾਰ ਮੂਰਤ, ਨਿਮਰਤਾ ਦਾ ਪੁੰਜ, ਗੁਰਮਤਿ ਰਹਿਣੀ ਦਾ ਧਾਰਨੀ, ਵਿਕਾਰਾਂ ਦੀਆਂ ਪਕੜਾਂ ਤੋਂ ਆਜ਼ਾਦ, ਸਤ-ਸੰਤੋਖ, ਦਇਆ, ਧਰਮ, ਨਾਮ-ਦਾਨ-ਇਸ਼ਨਾਨ ਦਾ ਧਾਰਨੀ, ਤਾਣ ਹੁੰਦੇ ਨਿਤਾਣਾ, ਮਾਣ ਹੁੰਦੇ ਨਿਮਾਣਾ, ਦੀਨ-ਦੁਨੀਆ ਦੋਹਾਂ ਵਿਚ ਪ੍ਰਵਾਣਿਤ, ਮਾਇਆ ਤੋਂ ਨਿਰਲੇਪ ਅਤੇ ਦਿੱਬ-ਦ੍ਰਿਸ਼ਟੀ ਦਾ ਮਾਲਕ ਹੁੰਦਾ ਹੈ। (ਕਬਿੱਤ- ੩੮੦, ੪੪੦, ੪੬੩, ੪੬੬, ੪੬੭, ੫੫੧)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਪ੍ਰਕਾਸ਼ਿਤ ਕੀਤੀ ਜਾਂਦੀ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਵਿਚ ਸਿੱਖ ਦੀ ਤਾਰੀਫæ (ਪਰਿਭਾਸ਼ਾ) ਇਵੇਂ ਕੀਤੀ ਹੈ: ਜੋ ਇਸਤਰੀ ਜਾਂ ਪੁਰਸ਼ ਇਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ (ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤਕ), ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉਤੇ ਨਿਸ਼ਚਾ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ।
ਭਾਈ ਸੰਤੋਖ ਸਿੰਘ ਜੀ ਨੇ ‘ਗੁਰ ਪ੍ਰਤਾਪ ਸੂਰਜ ਗ੍ਰੰਥ’ ਵਿਚ ਗੁਰਸਿੱਖ ਨੂੰ ਗੁਰ-ਵਾਕਾਂ ਵਿਚ ਦ੍ਰਿੜ੍ਹਤਾ ਰੱਖਣ ਵਾਲਾ, ਪਹਿਰ ਰਾਤ ਰਹਿੰਦੀ ਉੱਠ ਕੇ ਨਾਮ ਅਭਿਆਸ ਵਿਚ ਜੁਟਣ ਵਾਲਾ, ਗੁਰਬਾਣੀ ਦਾ ਖੋਜੀ ਅਤੇ ਪ੍ਰਭੂ ਸਰੂਪ ਦਾ ਲਖਾਇਕ ਦੱਸਿਆ ਹੈ। (ਰਾਸਿ ੧ ਅੰਸੁ ੬੪)੫ ਭਾਈ ਕਾਨ੍ਹ ਸਿੰਘ ਅਨੁਸਾਰ, “ਗੁਰੂ ਦੇ ਸਿੱਖ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਅਤੇ ਵੈਰ ਦਾ ਤਿਆਗ ਕਰਦੇ ਹਨ। ਸਚੁ, ਸੰਤੋਖ, ਦਇਆ, ਧਰਮ, ਨਾਮ, ਦਾਨ ਅਤੇ ਇਸ਼ਨਾਨ ਨੂੰ ਅੰਗੀਕਾਰ ਕਰਦੇ ਹਨ। ਗੁਰੂ ਦੇ ਸ਼ਬਦ ਵਿਚ ਮਨ ਦੀ ਵਿ੍ਰਤੀ ਲਾਉਂਦੇ ਹਨ, ਸਾਧੂਆਂ ਨਾਲ ਮੇਲ ਅਤੇ ਅਸਾਧੂਆਂ ਤੋਂ ਦੂਰ ਰਹਿੰਦੇ ਹਨ, ਭਾਣਾ ਮੰਨਦੇ ਹਨ, ਉੱਤਮ ਕਰਮ ਕਰ ਕੇ ਆਪਣੀ ਮਹਿਮਾ ਨਹੀਂ ਚਾਹੁੰਦੇ, ਗੁਰ-ਉਪਦੇਸ਼ ’ਤੇ ਅਮਲ ਕਰਦੇ ਹਨ, ਪਰਉਪਕਾਰ ਨੂੰ ਮੁੱਖ ਫਰਜ਼ ਜਾਣਦੇ ਹਨ, ਸਹਿਣਸ਼ੀਲ ਰਹਿੰਦੇ ਅਤੇ ਆਪਣੀ ਸ਼ਕਤੀ ਪ੍ਰਗਟ ਨਹੀਂ ਕਰਦੇ, ਪ੍ਰੇਮ ਰਸ ਪੀ ਕੇ ਅਨੰਦ ਵਿਚ ਮਸਤ ਰਹਿੰਦੇ ਹਨ, ਮਿੱਠਾ ਬੋਲਦੇ ਤੇ ਨਿਉਂ ਕੇ ਚੱਲਦੇ ਹਨ, ਕਿਸੇ ਤੋਂ ਮੰਗਦੇ ਨਹੀਂ ਸਗੋਂ ਹੋਰਨਾਂ ਨੂੰ ਦੇਂਦੇ ਹਨ, ਸਰਬੱਤ ਦਾ ਭਲਾ ਲੋਚਦੇ ਹਨ, ਇਕ ਵਾਹਿਗੁਰੂ ਦੀ ਉਪਾਸਨਾ ਕਰਦੇ ਹਨ, ਉਸ ਦੇ ਤੁਲ ਕਿਸੇ ਹੋਰ ਨੂੰ ਨਹੀਂ ਮੰਨਦੇ ਭਾਵ ਉਨ੍ਹਾਂ ਦੁਬਿਧਾ ਅਤੇ ਦੂਈ ਦਾ ਡਰ ਦੂਰ ਕੀਤਾ ਹੁੰਦਾ ਹੈ।”੬ ਪ੍ਰਿੰਸੀਪਲ ਸਤਬੀਰ ਸਿੰਘ ‘ਸਿੱਖ ਦੀ ਉਪਮਾ ਕੀ ਹੈ?’ ਦੇ ਉੱਤਰ ਵਿਚ ਲਿਖਦੇ ਹਨ, “ਜੋ ਸੱਚ ਦੀ ਭਾਲ ਵਿਚ ਉਠ ਟੁਰਿਆ ਹੈ ਉਹ ਸਿੱਖ ਹੈ। ਮੈ ਬਧੀ ਸਚੁ ਧਰਮ ਸਾਲ ਹੈ॥ ਗੁਰਸਿਖਾ ਲਹਦਾ ਭਾਲਿ ਕੈ॥ ਸ਼ਬਦ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਚਾਰ ਕੇ ਸਿੱਖ ਦੇ ਅਰਥ ਸੱਚ ਦੇ ਢੂੰਢਾਊ ਕਰ ਦਿੱਤੇ ਹਨ। ਸਿੱਖ ਨੂੰ ਜੋ ਸ਼ਿਸ਼ ਧਾਤੂ ਤੋਂ ਨਿਕਲਿਆ ਗਿਣਦੇ ਹਨ, ਉਹ ਮੁੱਢੋਂ ਹੀ ਘੁੱਥੇ ਹਨ।”੭
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਰਤੇ ਗਏ ਬ੍ਰਹਮ ਗਿਆਨੀ, ਸੰਤ, ਸਾਧ, ਗੁਰਮੁਖ, ਆਦਿ ਸ਼ਬਦ ਇਕ ਪੂਰਨ ਗੁਰਸਿੱਖ ਦੀ ਰਹਿਣੀ ਅਤੇ ਉਸ ਦੀਆਂ ਆਤਮਿਕ ਪ੍ਰਾਪਤੀਆਂ ਦੇ ਹੀ ਲਖਾਇਕ ਹਨ।੮ ਇਹ ਅਜਿਹੀਆਂ ਆਦਰਸ਼ ਸ਼ਖ਼ਸੀਅਤਾਂ ਹਨ ਜਿਨ੍ਹਾਂ ਦੀ ਘਾੜਤ ਕਰਨੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਅਤੇ ਉਨ੍ਹਾਂ ਦੇ ਉਤਰਾਧਿਕਾਰੀ ਗੁਰੂ ਸਾਹਿਬਾਨ ਦਾ ਉਦੇਸ਼ ਸੀ। ਡਾ. ਅਵਤਾਰ ਸਿੰਘ ਅਨੁਸਾਰ ‘ਸਿੱਖ’ ਸ਼ਬਦ ਉਸ ਆਪੇ ਲਈ ਵਰਤਿਆ ਗਿਆ ਹੈ, ਜੋ ਗੁਰੂ ਦੀ ਸਿੱਖਿਆ ਗ੍ਰਹਿਣ ਕਰਦਾ ਹੋਇਆ ਸਚਿਆਰ ਦੀ ਆਦਰਸ਼ ਅਵਸਥਾ ’ਤੇ ਪਹੁੰਚਣ ਲਈ ਯਤਨਸ਼ੀਲ ਹੈ। ਇਸ ਸਾਧਨਾ ਦੌਰਾਨ ਉਸ ਨੂੰ ਰਹਿਨੁਮਾਈ ਅਜਿਹੇ ਗੁਰੂ ਤੋਂ ਮਿਲਦੀ ਹੈ ਜਿਹੜਾ ਆਪ ਇਸ ਅਵਸਥਾ ਨੂੰ ਪ੍ਰਾਪਤ ਕਰ ਚੁੱਕਾ ਹੈ।੯ ਗੁਰਬਾਣੀ ਅਨੁਸਾਰ ਗੁਰਸਿੱਖ ਗੁਰੂ ਦੇ ਦੱਸੇ ਮਾਰਗ ’ਤੇ ਚੱਲਣ ਵਾਲਾ ਤੇ ਗੁਰੂ ਦੇ ਹੁਕਮਾਂ ਨੂੰ ਸਿਰ ਮੱਥੇ ’ਤੇ ਪ੍ਰਵਾਨ ਕਰਨ ਵਾਲਾ ਹੁੰਦਾ ਹੈ। ਇਹ ਮਾਰਗ ਖੰਨਿਅਹੁ ਤਿਖੀ ਵਾਲਹੁ ਨਿਕੀ ਵਾਲਾ ਹੈ। “ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਅਨੁਸਾਰ ਸਿੱਖ ਦਾ ਬੁਨਿਆਦੀ ਸ਼ਨਾਖਤੀ ਨਿਸ਼ਾਨ ‘ਕੇਸ’ ਹਨ। ‘ਕੇਸ’ ਸਿੱਖ ਦਾ ਮੂਲ ਤੇ ਵਿਆਪਕ ਪਛਾਣ-ਚਿੰਨ੍ਹ ਹਨ। ਦਸਮੇਸ਼ ਪਿਤਾ ਨੇ ਖਾਲਸਾ ਸਾਜਣ ਉਪਰੰਤ ਐਲਾਨ ਕੀਤਾ:
“ਨਿਸ਼ਾਨੇ ਸਿੱਖੀ ਈਂ ਪੰਜ ਹਰਫ਼ ਕਾਫ਼, ਹਰਗਿਜ਼ ਨ ਬਾਸੰਦ ਈਂ ਪੰਜ ਮੁਆਫ।
ਕੜਾ, ਕਾਰਦੋ, ਕੱਛ, ਕੰਘਾ, ਬਿਦਾਂ, ਬਿਲਾ ਕੇਸ ਹੇਚ ਅੰਦ ਜੁਮਲਾ ਨਿਸ਼ਾਂ।”੧੦
ਅਰਥਾਤ “ਅੱਗੋਂ ਤੋਂ ‘ਸਿੱਖ’ ਦੀ ਨਿਸ਼ਾਨੀ ਇਹ ਪੰਜ ‘ਕੱਕਾਰ’ ਹੋਣਗੇ, ਜਿਨ੍ਹਾਂ ਦੀ ਛੋਟ ਕਦੇ ਵੀ ਨਹੀਂ ਦਿੱਤੀ ਜਾ ਸਕੇਗੀ: ਕੜਾ, ਕਿਰਪਾਨ, ਕਛਹਿਰਾ, ਕੰਘਾ ਤੇ ਕੇਸ। ਪਰ ਚੇਤੇ ਰੱਖਣਾ, ਕੇਸਾਂ ਬਿਨਾਂ ਬਾਕੀ ਸਾਰੇ ਨਿਸ਼ਾਨ ਤੁੱਛ ਸਮਝੇ ਜਾਣਗੇ।” ਆਪ ਜੀ ਨੇ ਸਿੱਖੀ ਤੇ ਸਿੱਖਾਂ ਲਈ ਕੇਸਾਂ ਦੀ ਕਾਇਮੀ, ਸੁਚਮ ਤੇ ਸੰਭਾਲ ਬਾਰੇ ਕੀਤੇ ਹੁਕਮ ਦੀ ਪਾਲਣਾ ਉੱਤੇ ਵਿਸ਼ੇਸ਼ ਬਲ ਦਿੰਦਿਆਂ ਫæੁਰਮਾਇਆ: ਰਹਿਣੀ ਰਹੈ ਸੋਈ ਸਿੱਖ ਮੇਰਾ। “ਕਿਸੇ ਵੀ ਗੁਰਸਿੱਖ ਵਾਸਤੇ ਸਤਿਗੁਰੂ ਦੇ ਹੁਕਮ ਲਿਖਤੀ ਰੂਪ ਵਿਚ ਪ੍ਰਾਪਤ ਹਨ। ਹੁਣ ਤਕ ਪ੍ਰਾਪਤ ਸਾਰੀਆਂ ਸੰਬੰਧਿਤ ਸਮਕਾਲੀ ਜਾਂ ਨਿਕਟ-ਸਮਕਾਲੀ ਇਤਿਹਾਸਿਕ ਲਿਖਤਾਂ ਇਸ ਤੱਥ ਦੀ ਸਪਸ਼ਟ ਸ਼ਾਹਦੀ ਭਰਦੀਆਂ ਹਨ ਕਿ ਸਿੱਖ ਅਤੇ ਸਿੱਖੀ ਦਾ ਕੁਦਰਤ ਦੀ ਇਸ ਵਿਲੱਖਣ ਤੇ ਕਾਇਮ-ਦਾਇਮ ਦਾਤ, ਕੇਸਾਂ ਨਾਲ ਸੰਬੰਧ ਜਮਾਂਦਰੂ ਅਤੇ ਅਨਿੱਖੜ੍ਹ ਹੈ। ਇਹ ਸਤਿਗੁਰਾਂ ਦੇ ਨਾਮ-ਲੇਵਿਆਂ ਦੀ ਪਹਿਲੀ ਤੇ ਪ੍ਰਮੁੱਖ ਸ਼ਰਤ ਤੇ ਜ਼ਰੂਰੀ ਅੰਸ਼ ਹਨ; ਉਨ੍ਹਾਂ ਦੇ ਸਭ ਤੋਂ ਉਘੜਵੇਂ ਤੇ ਨਿਸ਼ਚਿਤ ਲੱਛਣ ਹਨ। ਸਤਿਗੁਰਾਂ ਦੇ ਸਿਦਕੀ ਸਿੱਖਾਂ ਦਾ ਇਹ ਦ੍ਰਿੜ੍ਹ ਨਿਸਚਾ ਇਸੇ ਕਰਕੇ ਅਜੇ ਤਕ ਕਾਇਮ ਹੈ ਕਿ ‘ਸਾਬਤ-ਸੂਰਤ ਸਰੂਪ’ ਦੇ ਧਾਰਨੀ ਸਿੱਖ ਵਿਚ ਹੀ ਉਨ੍ਹਾਂ ਦੀ ਬਖਸ਼ੀ ਹੋਈ ‘ਚੜ੍ਹਦੀ ਕਲਾ ਵਾਲੀ ਸਪਿਰਿਟ’ ਕਾਇਮ ਰਹਿ ਸਕਦੀ ਹੈ ਅਤੇ ਇਸੇ ਲਈ ਉਸ ਨੂੰ ਬਰਕਰਾਰ ਰੱਖਣ ਵਾਸਤੇ ਉਹ ਹਰ ਜਬਰ-ਜੁਲਮ ਦਾ ਟਾਕਰਾ ਕਰਦੇ, ਅਸਹਿ ਤੇ ਅਕਹਿ ਕਸ਼ਟ ਸਹਾਰਦੇ, ਸਿਰ-ਧੜ ਦੀਆਂ ਬਾਜ਼ੀਆਂ ਲਾਉਂਦੇ ਅਤੇ ਖਿੜੇ-ਮੱਥੇ ਸ਼ਹੀਦੀਆਂ ਪਾਉਂਦੇ ਰਹੇ ਹਨ।”੧੧
ਹਵਾਲੇ
੧. “ਟਹੲ ਟੲਰਮ ਸ਼ਕਿਹੳ (ਸ਼ਕਟ: ਸਸਿਹੇੳ) ਮੲੳਨਸ ੳ ਪੁਪਲਿ ੋਰ ੳ ਪੲਰਸੋਨ ਟੋ ਬੲ ਟਉਗਹਟ…. ੀਨ ਟਹੲ ਟਮਿੲਸ ੋਡ ਂੳਨੳਕ ੳਨੇ ਪੁਪਲਿ ੋਡ ੳਨੇ ਸਚਹੋੋਲ ਾੳਸ ਚੳਲਲੲਦ ੳ ਸ਼ਕਿਹੳ. ਲ਼ੳਟੲਰ ਟਹੲ ਟੲਰਮ ਾੳਸ ੁਸੲਦ ਡੋਰ ਟਹੲ ਡੋਲਲੋਾੲਰਸ ੋਡ ਘੁਰੁ ਂੳਨੳਕ ੳਨਦ ਾੳਸ ਸਟਰੲਨਗਟਹੲਨੲਦ ਬੇ ਟਹੲ ਸੁਚਚੲੲਦਨਿਗ ਨਨਿੲ ਘੁਰੁਸ. ੍ਰ.ਘ.ਭ. ਸ਼ਨਿਗਹ, ੀਨਦiੳਨ ਫਹਲਿੋਸੋਪਹਚਿੳਲ ਠਰੳਦਟਿiੋਨ ੳਨਦ ਘੁਰੁ ਂੳਨੳਕ, ਪ.੧੦੦.
੨. ਡਾ. ਦੀਵਾਨ ਸਿੰਘ, ਸਿੱਖ ਧਰਮ ਬਾਰੇ (ਲੁਧਿਆਣਾ: ਪੰਜਾਬੀ ਕੋ. ਸੋ. ਲਿਮਟਿਡ:੧੯੮), ਪੰਨਾ ੨੯.
੩. ਡਾ. ਭਾਈ ਜੋਧ ਸਿੰਘ, ਗੁਰਮਤ ਨਿਰਣਯ (ਲੁਧਿਆਣਾ: ਲਾਹੌਰ ਬੁੱਕ ਸ਼ਾਪ-੧੯੪੫), ਪੰਨਾ ੧੧੯.
੪. -ਉਹੀ-, ਪੰਨਾ ੪੮.
੫. ਵੇਖੋ ਹਵਾਲਾ: ਗੁਰੁਮਤ ਮਾਰਤੰਡ, ਭਾਗ ਪਹਿਲਾ, ਪੰਨਾ ੧੪੬.
੬. ਗੁਰਮੁਖਾਂ ਨੇ ਆਪਣੇ ਨਿਜ-ਪਰਮ-ਪਦ (ਸ੍ਵਯੰ-ਸਰੂਪ) ਨੂੰ ਪ੍ਰਾਪਤ ਕਰਕੇ ਸੁਖ ਰੂਪੀ ਫਲ ਪਾ ਲਿਆ ਹੈ। ਪਦ-ਟਿੱਪਣੀ, ਉਹੀ, ਪੰਨਾ ੧੪੦-੪੧.
੭. ਸੌ ਸਵਾਲ, ਪੰਨਾ ੨੧.
੮. ਡਾ. ਦਰਸ਼ਨ ਸਿੰਘ, ਗੁਰੂ ਗ੍ਰੰਥ ਬਾਣੀ ਵਿਚ ਗੁਰੂ ਦਾ ਸੰਕਲਪ, ਪੰਨਾ ੧੫੪.
੯. ਅਵਟੳਰ ਸ਼ਨਿਗਹ, ਓਟਹਚਿਸ ੋਡ ਟਹੲ ਸ਼ਕਿਹਸ, ਪ. ੪੫.
੧੦. ਮਾਖ਼ਿਜੇ ਤਵਾਰੀਖ-ਏ-ਸਿੱਖਾਂ, ਪੰਨਾ ੮੯. ਵੇਖੋ ਹਵਾਲਾ: ਡਾ. ਹਰਨਾਮ ਸਿੰਘ ਸ਼ਾਨ, ਗੁ. ਪ੍ਰ., ਮਈ ੦੯, ਪੰਨਾ ੮੦.
੧੧. -ਉਹੀ-
-ਡਾ. ਗੁਰਵਿੰਦਰ ਕੌਰ*
*ਪਿੰਡ ਤੇ ਡਾਕਖਾਨਾ: ਸੂਲਰ, ਜ਼ਿਲ੍ਹਾ ਪਟਿਆਲਾ। ਮੋ: +੯੧੯੮੧੪੫-੩੮੨੮੮