ਹਰ ਇਕ ਪੁਰਖ ਅਪਨੇ ਸ਼ਤ੍ਰ॥ਆਂ ਤੇ ਡਰਨ ਦਾ ਖ੍ਯਾਲ ਰੱਖ ਕੇ ਉਸ ਦਾ ਉਪਾਇ ਸੋਚਦਾ ਰਹਿੰਦਾ ਹੈ। ਨਗਰਾਂ ਦੇ ਲੋਗ ਅਪਨੇ ਧਨ ਮਾਲ ਦੇ ਖੋਹ ਜਾਨ ਵਾਲੇ ਚੋਰ ਅਤੇ ਧਾੜਵੀਆਂ ਤੇ ਡਰ ਕੇ ਨਗਰ ਦੇ ਇਰਦੇ ਗਿਰਦੇ ਇਕ ਵੱਡਾ ਭਾਰੀ ਕੋਟ ਬਨਾ ਲੈਂਦੇ ਹਨ। ਇਸੀ ਤਰ੍ਹਾਂ ਰਾਜੇ ਮਹਾਰਾਜੇ ਅਪਨੇ ਦੁਸ਼ਮਨਾਂ ਤੇ ਡਰ ਕੇ ਕਿਲ੍ਹੇ ਕੋਟ, ਵੱਡੀ ਭਾਰੀ ਫ਼ੌਜਾਂ ਅਤੇ ਸ਼ਸਤ੍ਰ ਅਸਤ੍ਰ ਨੂੰ ਤਿਆਰ-ਬਰ-ਤਿਆਰ ਰੱਖਦੇ ਹਨ ਜਿਸ ਤੇ ਓਹ ਖਿਆਲ ਕਰਦੇ ਹਨ ਕਿ ਇਨ੍ਹਾਂ ਦੀ ਪਕਿਆਈ ਨਾਲ ਵੈਰੀਆਂ ਦਾ ਸਾਡੇ ਪਰ ਕੋਈ ਬਲ ਨਹੀਂ ਪੈ ਸਕੇਗਾ।
ਇਸੀ ਪ੍ਰਕਾਰ ਸਰਦੀ ਦੇ ਬਲ ਨੂੰ, ਜੋ ਹਰ ਇਕ ਪ੍ਰਾਣੀ ਨੂੰ ਦੁੱਖ ਦੇਂਦੀ ਹੈ, ਰੋਕਨ ਲਈ ਪੁਰਸ਼ ਵੱਡੇ ਭਾਰੀ ਲੇਫ ਅਤੇ ਅੰਗੀਠੇ ਅਰ ਕੋਟ ਪਤਲੂਨਾਂ ਦਾ ਸੰਚਨ ਕਰ ਲੈਂਦੇ ਹਨ, ਇਸ ਤੇ ਬਿਨਾ ਗਰਮੀ ਦੇ ਰੋਕਨ ਲਈ ਭੀ ਪੱਖੇ ਠੰਢੇ ਮਕਾਨ ਅਤੇ ਪਾਣੀ ਪੈਦਾ ਕਰਕੇ ਇਸ ਦੇ ਦੁੱਖ ਤੇ ਅਪਨੇ ਆਪ ਨੂੰ ਬਚਾਉਣਾ ਚਾਹੁੰਦੇ ਹਨ।
ਭਾਵੇਂ ਇਨ੍ਹਾਂ ਬਾਹਰਲੀਆਂ ਆਫਤਾਂ ਦਾ ਵੱਡਾ ਭਾਰੀ ਡਰ ਹਰ ਇਕ ਨੂੰ ਹੁੰਦਾ ਹੈ, ਪਰੰਤੂ ਫੇਰ ਭੀ ਉਨ੍ਹਾਂ ਦੇ ਕਾਬੂ ਕਰਨ ਦਾ ਹਰ ਇਕ ਪੁਰਖ ਉਪਾਇ ਰੱਖਦਾ ਹੈ, ਜਿਸ ਤੇ ਓਹ ਸਰਦੀ, ਗਰਮੀ ਅਤੇ ਹੋਰ ਕਈ ਪ੍ਰਕਾਰ ਦੇ ਅਧਭੂਤਕ ਤਾਪ ਅਪਨਾ ਬਲ ਨਹੀਂ ਦਿਖਾ ਸਕਦੇ, ਕਿੰਤੂ ਜਦ ਕਿਸੇ ਪੁਰਖ ਨੂੰ ਅਪਨੇ ਹੀ ਅੰਦਰ ਦੀ ਬੀਮਾਰੀ ਯਾ ਰੋਗ ਆ ਕੇ ਸਤਾਉਂਦਾ ਹੈ ਤਦ ਉਹ ਪੁਰਖ ਛੇਤੀ ਹੀ ਬਲਹੀਨ ਹੋ ਕੇ ਮੌਤ ਦਾ ਸ਼ਕਾਰ ਬਨ ਜਾਂਦਾ ਹੈ, ਜਿਸ ਤੇ ਕਈ ਪ੍ਰਕਾਰ ਦੇ ਉਪਾਓ ਕਰਨੇ ਕਰਕੇ ਕੋਈ ਸੁਭਾਗ ਹੀ ਪੁਰਖ ਤੰਦਰੁਸਤੀ ਨੂੰ ਪਾਉਂਦਾ ਹੈ ਅਤੇ ਜਿਸ ਦੇ ਵਾਸਤੇ ਕਈ ਡਾਕਟਰ ਅਤੇ ਹਕੀਮਾਂ ਨੂੰ ਬੁਲਾਉਂਦਾ ਹੈ।
ਇਸੀ ਪਰਕਾਰ ਜਦ ਕਿਸੇ ਖਾਨਦਾਨ ਯਾ ਕੌਮ ਪਰ ਕੋਈ ਬਾਹਰਲੀ ਬਿਪਤਾ ਰੂਪੀ ਬਿਮਾਰੀ ਪੈਂਦੀ ਹੈ ਤਦ ਓਹ ਖਾਨਦਾਨ ਅਤੇ ਕੌਮ ਉਸ ਤੇ ਅਪਨੇ ਆਪ ਨੂੰ ਕਿਸੇ ਨਾ ਕਿਸੇ ਤਰ੍ਹਾਂ ਬਚਾ ਕੇ ਉਸ ਦੁੱਖ ਨੂੰ ਦੂਰ ਕਰ ਦੇਂਦੀ ਹੈ, ਪਰੰਤੂ ਜਿਸ ਖਾਨਦਾਨ ਤੇ ਕੌਮ ਪਰ ਅਪਨੇ ਭਾਈ ਹੀ ਸ਼ਤ੍ਰ॥ਆਂ ਨਾਲ ਮਿਲ ਕੇ ਵਿਰੋਧ ਕਮਾਉਨ, ਸੋ ਖਾਨਦਾਨ ਯਾ ਕੌਮ ਧੂੰਏਂ ਦੇ ਬੱਦਲਾਂ ਸਮਾਨ ਦੇਖਦੇ-ਦੇਖਦੇ ਹੀ ਨਸ਼ਟ ਹੋ ਜਾਂਦਾ ਹੈ। ਕੈਰਵਾਂ ਅਤੇ ਯਾਦਵਾਂ ਦੇ ਨਾਲ ਇਸ ਦੁਨੀਆ ਭਰ ਵਿਚ ਅਜਿਹਾ ਕੋਈ ਰਾਜਾ ਮਹਾਰਾਜਾ ਨਹੀਂ ਸੀ ਜੋ ਲੜ ਕੇ ਫਤੇ ਪਾਉਂਦਾ, ਪਰੰਤੂ ਉਨ੍ਹਾਂ ਦੇ ਜ਼ਾਤੀ ਵਾਲੇ ਵੈਰ ਨਾਲ ਇਸ ਸੰਸਾਰ ’ਤੇ ਉਨ੍ਹਾਂ ਦਾ ਨਾਉਂ ਨਸ਼ਾਨ ਗੁਵਾ ਦਿੱਤਾ, ਇਸੀ ਪ੍ਰਕਾਰ ਬਾਲੀ ਸੁਗ੍ਰੀਵ ਦੇ ਜ਼ਾਤੀ ਵੈਰ ਨੇ ਉਨ੍ਹਾਂ ਦੇ ਰਾਜ ਨੂੰ ਘਾਟੇ ਵਿਚ ਪਾਇਆ ਅਰ ਰਾਵਨ ਦੇ ਨਾਲ ਮਦੋਦਰੀ ਅਤੇ ਭਭੀਖਨ ਦੇ ਵਿਰੋਧ ਨੇ ਲੰਕਾ ਦਾ ਜੰਗ ਰਾਮ ਚੰਦਰ ਕੋਲੋਂ ਜਿਤਾ ਕੇ ਅਪਨੇ ਹੀ ਸੰਬੰਧੀ ਨੂੰ ਮਰਵਾਇਆ।
ਇਸ ਪਰ ਲੋਕ ਅਖਾਵਤ ਕਰਦੇ ਹਨ ਕਿ ਇਕ ਬ੍ਰਿਖ ਨੇ ਬਣ ਨੂੰ ਖ਼ਬਰ ਦਿੱਤੀ ਕਿ ਭਾਈ ਸਾਡੇ ਪਰ ਇਕ ਵੱਡੀ ਭਾਰੀ ਬਿਪਤਾ ਪੈਣ ਵਾਲੀ ਹੈ ਜਿਸ ਤੇ ਅਸੀਂ ਨਹੀਂ ਬਚੇਂਗੇ, ਸੋ ਇਹ ਹੈ ਜੋ ਕੁਹਾੜਿਆਂ ਦੇ ਗੱਡੇ ਭਰੇ ਹੋਏ ਸਾਡੇ ਕੱਟਨੇ ਵਾਸਤੇ ਆ ਰਹੇ ਹਨ। ਜਿਸ ਪਰ ਬਣ ਦੇ ਰੁੱਖਾਂ ਨੇ ਕਿਹਾ ਕਿ ਤੁਸੀਂ ਉਨ੍ਹਾਂ ਤੇ ਰੱਤੀ ਭੀ ਨਾ ਡਰੋ ਕਿਉਂ ਜੋ ਸਾਡਾ ਆਪਸ ਦਾ ਮਿਲਾਪ ਉਨ੍ਹਾ ਦੀ ਸਮਰੱਥਾ ਨੂੰ ਨਹੀਂ ਚਲਨੇ ਦੇਵੇਗਾ, ਜਿਸ ਪਰ ਉਸ ਰੁੱਖ ਨੇ ਆਖਿਆ ਕਿ ਗੱਲ ਤਾਂ ਠੀਕ ਹੈ, ਪਰ ਉਨ੍ਹਾਂ ਦੇ ਨਾਲ ਸਾਡੇ ਜ਼ਾਤੀ ਭਾਈ ਹੀ ਮਦਦਗਾਰ ਹੋ ਗਏ ਹਨ ਜੋ ਦਸਤੇ ਬਨ ਕੇ ਉਨ੍ਹਾਂ ਵਿਚ ਜਾਇ ਪਏ ਹਨ। ਇਸ ਗੱਲ ਨੂੰ ਸੁਨ ਕੇ ਬਣ ਦੇ ਸਾਰੇ ਰੁੱਖ ਕੰਬ ਗਏ ਅਤੇ ਆਖਨ ਲੱਗੇ ਕਿ ਬੇਸ਼ੱਕ ਜ਼ਾਤੀ ਦਾ ਵੈਰ ਕੁਲ ਦੇ ਨਸ਼ਟ ਕਰਨ ਲਈ ਬਹੁਤ ਬੁਰਾ ਹੁੰਦਾ ਹੈ ਸੋ ਉਸ ਤੇ ਅਸੀਂ ਨਹੀਂ ਬਚਾਂਗੇ।
ਇਸ ਦ੍ਰਿਸ਼ਟਾਂਤ ਤੇ ਸਿੱਧ ਹੁੰਦਾ ਹੈ ਕਿ ਜ਼ਾਤੀ ਦਾ ਵੈਰ ਹੀ ਕੁਲ ਦੇ ਨਸ਼ਟ ਕਰਨ ਦਾ ਇਕ ਪੂਰਾ-ਪੂਰਾ ਸਾਧਨ ਹੈ ਜੈਸਾ ਕਿ ਉੱਪਰ ਆਖਿਆ ਗਿਆ ਹੈ ਜਿਸ ਤੇ ਅਸੀਂ ਇਹੋ ਦ੍ਰਿਸ਼ਟਾਂਤ ਖਾਲਸਾ ਕੌਮ ਪਰ ਘਟਾ ਕੇ ਦੇਖ ਸਕਦੇ ਹਾਂ ਕਿ ਖਾਲਸਾ ਕੌਮ ਤੇ ਸਤ ਧਰਮ ਨੂੰ ਵਿਗਾੜਨ ਵਾਸਤੇ ਕੋਈ ਅੰਨਧਰਮੀ ਸਮਰੱਥਾ ਨਹੀਂ ਹੈ, ਕਿਉਂ ਕਿ ਇਸ ਦੇ ਅਸੂਲ ਅਜਿਹੇ ਪੱਕੇ ਅਤੇ ਸੱਚੇ ਹਨ ਜਿਨ੍ਹਾਂ ਦੇ ਉੱਪਰ ਚਲਨੇ ਕਰਕੇ ਪੁਰਖ ਸ਼ਰੀਰਕ ਅਤੇ ਧਾਰਮਕ ਬਲ ਨੂੰ ਪਾ ਕੇ ਸੱਚਾ ਸੂਰਬੀਰ ਬਨ ਸਕਦਾ ਹੈ, ਪਰੰਤੂ ਜਦ ਸਾਡੇ ਸਿੰਘ ਭਾਈ ਹੀ ਅੰਨਮਤੀਆਂ ਦੇ ਨਾਲ ਖਾਲਸਾ ਧਰਮ ਦੇ ਦੂਰ ਕਰਨ ਲਈ ਸਹਾਈ ਹੋ ਜਾਂਦੇ ਹਨ ਤਦ ਖਾਲਸਾ ਕੌਮ ਦੇ ਪਿਆਰਿਆਂ ਨੂੰ ਕਈ ਪ੍ਰਕਾਰ ਦਾ ਡਰ ਹੋ ਜਾਂਦਾ ਹੈ।
ਅਸੀਂ ਆਸ਼ਾ ਰੱਖਦੇ ਹਾਂ ਜੋ ਸਾਡੇ ਭਾਈ ਜ਼ਾਤੀ ਦੇ ਵਿਰੋਧ ਨੂੰ ਜ਼ਰੂਰ ਦੂਰ ਕਰਨਗੇ ਜਿਸ ਤੇ ਇਹ ਕੌਮ ਸਮਰੱਥਾਵਾਨ ਹੋ ਕੇ ਸੰਸਾਰ ਪਰ ਬ੍ਰਾਜਮਾਨ ਰਹੇ।
(ਖਾਲਸਾ ਅਖ਼ਬਾਰ ਲਾਹੌਰ, ੬ ਨਵੰਬਰ, ੧੮੯੬, ਪੰਨਾ ੩)
-ਗਿਆਨੀ ਦਿੱਤ ਸਿੰਘ*
ਡਾ. ਇੰਦਰਜੀਤ ਸਿੰਘ ਗੋਗੋਆਣੀ ਦੁਆਰਾ ਸੰਪਾਦਤ ਪੁਸਤਕ ਗਿਆਨੀ ਦਿੱਤ ਸਿੰਘ ਤੇ ਸਿੱਖ ਮਸਲੇ ਵਿੱਚੋਂ ਧੰਨਵਾਦ ਸਹਿਤ।*ਗੁਰਪੁਰਵਾਸੀ
