(ਖ਼ਾਲਸਾ ਅਖ਼ਬਾਰ ਲਾਹੌਰ ਦਾ ਇਕ ਸੰਪਾਦਕੀ ਲੇਖ)
ਇਸ ਸੰਸਾਰ ਦੇ ਪੁਰਸ਼ ਪ੍ਰਮਾਤਮਾ ਦੀ ਪਰਾਪਤੀ ਲਈ ਜਗਹ ਜਗਹ ਪਰ ਜਾਂਦੇ ਹਨ ਅਤੇ ਇੱਕ ਜਗਹ ਜਾ ਕੇ ਸ਼ਾਂਤਿ ਨਹੀਂ ਆਉਂਦੀ ਫਿਰ ਦੂਸਰੀ ਜਗਹ ਜਾਂਦੇ ਹਨ ਕਿ ਪਰਮਾਤਮਾ ਦੀ ਪਰਾਪਤੀ ਹੋਵੇ ਅਤੇ ਦਿਲ ਨੂੰ ਸ਼ਾਂਤਿ ਆਵੇ ਮ੍ਰਿਗ ਤਿਰਿਸ਼ਨਾ ‘ਚ ਜਲ ਦੀ ਤਰ੍ਹਾਂ ਭਟਕਦੇ ਫਿਰਦੇ ਹਨ ਪਰ ਸ਼ਾਂਤਿ ਨਹੀਂ ਆਉਂਦੀ ਕਿਉਂਕਿ ਅਗਿਆਨਤਾ ਕਾਰਨ ਉਨ੍ਹਾਂ ਦੀ ਗਿਆਨ ਦੀ ਚਕਸ਼ੂ ਅੱਗੇ ਹੰਧੇਰਾ ਹੁੰਦਾ ਹੈ ਇਸ ਵਾਸਤੇ ਉਹ ਪਰਮਾਤਮਾ ਨੂੰ ਪਰਾਪਤ ਨਹੀਂ ਹੋ ਸਕਦੇ ਸਗੋਂ ਬਹੁਤ ਅਸਥਾਨਾਂ ਵਿਖੇ ਫਿਰ ਕੇ ਓਨ੍ਹਾਂ ਦੇ ਹਿਰਦੇ ਵਿੱਚ ਹੰਕਾਰ ਉਤਪੱਨ ਹੋ ਜਾਂਦਾ ਹੈ ਕਿ ਉਹ ਬਹੁਤ ਧਰਮ ਦੇ ਇਸਥਾਨਾਂ ਵਿੱਚ ਜਾ ਆਏ ਹਨ ਅਤੇ ਬਹੁਤ ਤੀਰਥ ਕਰ ਆਏ ਹਨ ਅਤੇ ਜੋ ਨਿੱਮਰਤਾ ਅਤੇ ਧੀਰਜ ਸੱਚੇ ਗਿਆਨ ਦੇ ਉਦੇ ਹੋਇਆਂ ਆਉਂਦੀ ਹੈ ਉਹ ਨਹੀਂ ਆ ਸੱਕਦੀ ਗੁਰੂ ਮਹਾਰਾਜ ਦਾ ਇਸ ਪਰ ਇਹ ਪਵਿੱਤਰ ਬਚਨ ਹੈ :-
ਸੂਹੀ ਮਹਲਾ ੧ ਘਰ ੨
ਅੰਤਰਿ ਵਸੈ ਨ ਬਾਹਰਿ ਜਾਇ॥ ਅੰਮ੍ਰਿਤ ਛੋਡਿ ਕਾਹੇ ਬਿਖੁ ਖਾਇ॥ ਐਸਾ ਗਿਆਨੁ ਜਪਹੁ ਮਨ ਮੇਰੇ॥ ਹੋਵਹੁ ਚਾਕਰ ਸਾਚੇ ਕੇਰੇ॥ ੧॥ ਰਹਾਉ॥ ਗਿਆਨੁ ਧਿਆਨੁ ਸਭੁ ਕੋਈ ਰਵੈ॥ ਬਾਂਧਨਿ ਬਾਂਧਿਆ ਸਭੁ ਜਗੁ ਭਵੈ॥ ੨॥ ਸੇਵਾ ਕਰੇ ਸੁ ਚਾਕਰੁ ਹੋਇ॥ ਜਲਿ ਥਲਿ ਮਹੀਅਲਿ ਰਵਿ ਰਹਿਆ ਸੋਇ॥ ੩॥ ਹਮ ਨਹੀ ਚੰਗੇ ਬੁਰਾ ਨਹੀਂ ਕੋਇ॥ ਪ੍ਰਣਵਤਿ ਨਾਨਕੁ ਤਾਰੇ ਸੋਇ॥ ੪॥
(ਪੰਨਾ ੭੨੮)
ਇਸ ਪਵਿੱਤ੍ਰ ਸ਼ਬਦ ਦਾ ਇਹ ਤਾਤਪ੍ਰਜ ਹੈ ਕਿ ਜਿਸ ਮਹਾਤਮਾ ਦੇ ਹਿਰਦੇ ਵਿਖੇ ਪਰਮਾਤਮਾ ਬਰਾਜਮਾਨ ਹੁੰਦੇ ਹਨ ਉਹ ਪਰਮੇਸ਼ਰ ਨੂੰ ਕਿਸੇ ਅਸਥਾਨ ਵਿੱਚ ਨਹੀਂ ਢੂੰਡਦੇ ਫਿਰਦੇ ਅਤੇ ਨਾਹੀਂ ਕਿਤੇ ਬਾਹਿਰ ਜਾ ਕੇ ਫਿਰਦੇ ਹਨ ਕਿਉਂਕਿ ਅੰਮ੍ਰਿਤ ਨੂੰ ਛੱਡ ਕੇ ਕੋਈ ਪੁਰਸ਼ ਜ਼ਹਿਰ ਨਹੀਂ ਖਾਂਦਾ, ਜਿਸਨੇ ਐਸੇ ਗਿਆਨ ਨੂੰ ਧਾਰ ਲਿਆ ਹੈ ਓਹ ਪਰਮਾਤਮਾ ਦਾ ਸੇਵਕ ਹੋ ਗਿਆ ਹੈ-ਸਭ ਲੋਗ ਕਹਿੰਦੇ ਹਨ ਕਿ ਅਸੀਂ ਗਿਆਨ ਧਿਆਨ ਕਰਦੇ ਹਾਂ ਪਰੰਤੂ ਬੰਧਨਾਂ ਦੇ ਬੰਧੇ ਹੋਏ ਭਉਂਦੇ ਫਿਰਦੇ ਹਨ ਜੋ ਪਰਮਾਤਮਾ ਜਲ ਥਲ ਮੇਂ ਅਤੇ ਹਿਰਦੇ ਵਿੱਚ ਬਿਆਪਕ ਹੋ ਰਿਹਿਆ ਹੈ ਉਸਦਾ ਗਿਆਨ ਹਿਰਦੇ ਵਿੱਚ ਧਾਰ ਕੇ ਅਤੇ ਉਸਦੀ ਸੇਵਾ ਕਰਕੇ
ਮੁਕਤੀ ਨੂੰ ਪਾ ਸਕਦਾ ਹੈ ਅਤੇ ਹਿਰਦੇ ਵਿੱਚ ਪਰਮਾਤਮਾ ਵਸ ਜਾਂਦਾ ਹੈ ਉਸ ਵੇਲੇ ਹਿਰਦੇ ਵਿੱਚ ਅਧੀਨਗੀ, ਨਿਮਰਤਾ ਆ ਪਰਵੇਸ਼ ਕਰਦੀ ਹੈ ਜੈਸਾ ਕਿ ਮਹਾਰਾਜ ਕਹਿੰਦੇ ਹਨ :-
ਹਮ ਨਹੀਂ ਚੰਗੇ ਬੁਰਾ ਨਹੀਂ ਕੋਇ॥ ਪ੍ਰਣਵਤਿ ਨਾਨਕੁ ਤਾਰੇ ਸੋਇ॥
ਕਿਯਾ ਸਾਡੇ ਪ੍ਰੇਮੀ ਭਾਈ ਇਸ ਪਵਿੱਤ੍ਰ ਗਿਆਨ ਭਰੇ ਸ਼ਬਦ ਅਤੇ ਨਿਮਰਤਾ ਅਧੀਨਤਾ ਥੋਂ ਲਾਭ ਉਠਾ ਕੇ ਆਪਣੇ ਜੀਵਨ ਨੂੰ ਸਫਲ ਨਹੀਂ ਕਰਨਗੇ ?
(ਖ਼ਾਲਸਾ ਅਖ਼ਬਾਰ ਲਾਹੌਰ, ੨੭ ਸਤੰਬਰ ੧੮੯੫, ਪੰਨਾ ੩)
ਗਿਆਨੀ ਦਿੱਤ ਸਿੰਘ
