
ਜਿਥੇ ਸਾਰੀ ਗੁਰਬਾਣੀ ਵਿੱਚ, ਸੱਚ ਨਾਲ ਜੁੜਨ ਦੀ ਪ੍ਰੇਰਨਾ ਹੈ, ਸਚਿਆਰ ਬਣਨ ਲਈ ਮਾਰਗ ਦਰਸਾਇਆ ਹੈ, ਸੱਚ ਦੇ ਸੋਹਿਲੇ ਗਾਏ ਹਨ, ਸਚਿਆਰਾਂ ਦੀ ਅਵਸਥਾ ਬਿਆਨ ਕਰਕੇ ਕੂੜਿਆਰਾਂ ਨੂੰ ਪੈਣ ਵਾਲੀਆਂ ਲਾਹਣਤਾਂ ਤੋਂ ਬਚਣ ਲਈ ਪ੍ਰੇਰਿਆ ਹੈ, ਉਥੇ ਉਸ ਸਮੇਂ ਪ੍ਰਕਿਰਤੀ ਦੇ ਗੁੱਝੇ ਭੇਦ ਜਾਣਨ ਦੇ ਸਥੂਲ ਸਾਧਨ ਈਜਾਦ ਨਾ ਹੋਣ ਕਰਕੇ ਮਨੁੱਖ ਨੇ ਅਗਿਆਨਤਾ ਵਸ, ਆਪਣੀ ਸੀਮਤ ਬੁੱਧੀ ਨਾਲ ਜੋ ਗਲਤ ਧਾਰਨਾਵਾਂ ਬਣਾ ਲਈਆਂ ਹੋਈਆਂ ਸਨ, ਸਤਿਗੁਰ ਜੀ ਨੇ ਆਪਣੀ ਦਿੱਬ-ਦ੍ਰਿਸ਼ਟੀ ਨਾਲ ਸੁਤੇ-ਸਿੱਧ ਹੀ ਅਸਲੀਅਤ ਨੂੰ ਮਨੁੱਖਤਾ ਸਾਹਮਣੇ ਰੱਖ ਕੇ ਲੋਕਾਈ ਨੂੰ ਅਗਿਆਨਤਾ ਦੇ ਭਰਮ ਵਿਚੋਂ ਕੱਢਣ ਦਾ ਸਾਰਥਿਕ ਉਪਰਾਲਾ ਕੀਤਾ।
ਜਿਵੇਂ ਕਿ ਉਸ ਸਮੇਂ ਸੂਰਜ, ਚੰਦਰਮਾਂ ਨੂੰ ਦੇਵਤੇ ਮੰਨ ਕੇ ਲੋਕ ਪੂਜਦੇ ਸਨ। ਲੋਕਾਂ ਦਾ ਯਕੀਨ ਸੀ ਕਿ ਤਿੰਨ ਜਾਂ ਚੌਦਾਂ ਤਬਕਾਂ ਤੋਂ ਅਗੇ ਕੁਛ ਵੀ ਨਹੀਂ ਹੈ। ਧਰਤੀ ਵੀ ਇੱਕ ਹੀ ਹੈ ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬਾਣੀ ਜਪੁਜੀ ਸਾਹਿਬ ਵਿੱਚ ਬੜੀ ਦਲੇਰੀ ਦੇ ਨਾਲ ਅਸਲੀਅਤ ਨੂੰ ਦਰਸਾਇਆ ਕਿ ਸੂਰਜ ਚੰਦਰਮਾਂ ਇੱਕ-ਇੱਕ ਹੀ ਨਹੀਂ, ਗਿਣਤੀ ਤੋਂ ਬਾਹਰ, ਪਤਾ ਨਹੀਂ ਕਿੰਨੇ ਚੰਦ੍ਰਮਾਂ ਅਤੇ ਕਿੰਨੇ ਕੁ ਸੂਰਜ ਹਨ। ਕੋਈ ਗਿਣਤੀ ਨਹੀਂ ਕਰ ਸਕਦਾ ਅਤੇ ਗਿਣਤੀ ਮਿਣਤੀ ਤੋਂ ਪਰੇ ਕਰਮ ਭੂਮੀਆਂ (ਧਰਤੀਆਂ) ਹਨ। ਬਿਅੰਤ ਦੀ ਰਚਨਾ ਬਿਅੰਤ ਹੈ। ਆਪ ਜੀ ਨੇ ਫੁਰਮਾਨ ਕੀਤਾ-
ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ॥
ਅਤੇ-
ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ॥ ( ਅੰਗ ੭)
ਅਕਾਸ਼ ਜਾਂ ਪਤਾਲ ਕੋਈ ਤਿੰਨ ਜਾਂ ਚੌਦਾਂ ਨਹੀਂ, ਲੱਖਾਂ ਹੀ ਪਤਾਲ ਤੇ ਲੱਖਾਂ ਹੀ ਅਕਾਸ਼ ਹਨ। ਲੱਖਾਂ ਕਹਿ ਕੇ ਵੀ ਗਿਣਤੀ ਸੀਮਤ ਨਹੀਂ ਕੀਤੀ ਜਾ ਸਕਦੀ ਬਿਅੰਤ ਦਾ ਪਸਾਰਾ ਵੀ ਬਿਅੰਤ ਹੈ :-
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥
ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ॥ (ਅੰਗ ੫)
ਬਿਅੰਤ ਦੀ ਰਚਨਾ ਦੀ ਕੋਈ ਸੀਮਾਂ ਸਥਾਪਤ ਨਹੀਂ ਕੀਤੀ ਜਾ ਸਕਦੀ। ਪ੍ਰਮਾਣੂ ਯੰਤ੍ਰਾਂ ਦੀਆਂ ਕਾਢਾਂ, ਮਿਜਾਈਲ, ਰਾਕਟ ਆਦਿ ਦੇ ਰੂਪ ਵਿੱਚ ਕਲ ਦੀਆਂ ਗੱਲਾਂ ਹਨ। ਪੰਜਾਹ ਸੱਠ ਸਾਲ ਪਹਿਲਾਂ ਪਰਮਾਣੂ ਯੰਤ੍ਰਾਂ ਦੀ ਕਿਆਸ-ਅਰਾਈ ਵੀ ਨਹੀਂ ਕੀਤੀ ਜਾ ਸਕਦੀ ਸੀ ਪਰ ਸਤਿਗੁਰੂ ਜੀ ਨੇ ਪੰਜ ਸੌ ਸਾਲ ਪਹਿਲਾਂ ਪ੍ਰਮਾਣੂ ਪ੍ਰਯੰਤਰਾਂ ਦਾ ਸੰਕੇਤ ਦੇ ਕੇ ਫੁਰਮਾਨ ਕੀਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਮਨੁੱਖ ਪ੍ਰਮਾਣੂ ਦੇ ਬਣੇ ਯੰਤ੍ਰਾਂ ਨਾਲ ਇੱਕ ਅੱਖ ਦੇ ਫੋਰ ਵਿੱਚ ਅਕਾਸ਼ਾਂ, ਪਤਾਲਾਂ, ਦੀਪਾਂ, ਮੰਡਲਾਂ ਵਿੱਚ ਘੁੰਮ ਫਿਰ ਕੇ ਆਉਣ ਦੀ ਸਮਰੱਥਾ ਵਾਲਾ ਹੋ ਵੀ ਜਾਵੇ, ਫਿਰ ਵੀ ਮਨੁੱਖ ਸੁਖੀ ਨਹੀਂ ਹੋ ਸਕਦਾ। ਸੁੱਖ ਕੇਵਲ ਗੁਰੂ ਦੀ ਸ਼ਰਨ ਪ੍ਰਾਪਤ ਕੀਤਿਆਂ ਹੀ ਮਿਲਣਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਫੁਰਮਾਨ ਹੈ :-
ਪਰਮਾਣੋ ਪਰਜੰਤ ਆਕਾਸਹ ਦੀਪ ਲੋਅ ਸਿਖੰਡਣਹ॥
ਗਛੇਣ ਨੈਣ ਭਾਰੇਣ ਨਾਨਕ ਬਿਨਾ ਸਾਧੂਨ ਸਿਧੂਤੇ ॥੨॥ (ਅੰਗ ੧੩੬੦ )
ਸੰਸਾਰ ਦੀ ਉਤਪਤੀ ਪ੍ਰਤੀ ਸਾਇੰਸਦਾਨ ਡਾਰਵਿਨ ਦੀ ਥਿਊਰੀ ਥੋੜਾ ਸਮਾਂ ਪਹਿਲਾਂ ਲੋਕਾਂ ਸਾਹਮਣੇ ਆਈ ਹੈ ਪਰ ਸਤਿਗੁਰ ਨਾਨਕ ਦੇਵ ਜੀ ਨੇ ਪੰਜ ਸੌ ਸਾਲ ਪਹਿਲਾਂ ਆਪਣੇ ਮੁਖਾਰਬਿੰਦ ‘ਚੋਂ ਗੁਰਬਾਣੀ ਵਿੱਚ ਅੰਕਿਤ ਕੀਤਾ ਹੈ ਕਿ ਇਕ ਸਚੇ ਪ੍ਰਮੇਸ਼ਰ ਜੀ ਤੋਂ ਧੁੰਧੂਕਾਰ ਦੀ ਅਵਸਥਾ ਵਿਚੋਂ ਪਵਣ (ਗੈਸ) ਪੈਦਾ ਹੋਈ। ਪਵਣ ਤੋਂ ਪਾਣੀ ਹੋਂਦ ਵਿੱਚ ਆਇਆ, ਪਾਣੀ ਤੋਂ ਹੀ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ ਅਤੇ ਸਾਰੀ ਸ੍ਰਿਸ਼ਟੀ ਵਿੱਚ ਪ੍ਰਭੂ ਆਪ ਸਮਾਇਆ ਹੋਇਆ ਹੈ । ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਫੁਰਮਾਨ ਕੀਤਾ ਹੈ :-
ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥
ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ ॥ (ਅੰਗ ੧੯)
ਥੋੜ੍ਹਾ ਸਮਾਂ ਪਹਿਲਾਂ ਦਾਨੇ ਇਹ ਮੰਨਦੇ ਸਨ ਕਿ ਕੇਵਲ ਧਰਤੀ ਘੁੰਮਦੀ ਹੈ। ਸੂਰਜ ਚੰਦਰਮਾਂ ਇਕ ਥਾਂ ਹੀ ਟਿਕੇ ਹੋਏ ਹਨ ਪਰ ਸਤਿਗੁਰੂ ਜੀ ਨੇ ਸੂਰਜ, ਚੰਦਰਮਾਂ, ਧਰਤੀ, ਨਤਾਂ ਦੇ ਕ੍ਰੋੜਾਂ ਮੀਲ ਘੁੰਮਣ ਦੇ ਸੰਕੇਤ ਗੁਰਬਾਣੀ ਵਿਚ ਪਹਿਲਾਂ ਹੀ ਦਿੱਤੇ ਹਨ, ਜਿਸ ਨੂੰ ਕਿ ਸਾਇੰਸ ਨੇ ਹੁਣ ਤਸਲੀਮ ਕੀਤਾ ਹੈ :-
ਭੈ ਵਿਚਿ ਸੂਰਜੁ ਭੈ ਵਿਚਿ ਚੰਦੁ ॥ ਕੋਹ ਕਰੋੜੀ ਚਲਤ ਨ ਅੰਤੁ ॥ (ਅੰਗ ੪੬੪)
ਸੰਤ ਸੇਵਾ ਸਿੰਘ ਜੀ