55 views 2 secs 0 comments

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਮਾਂ

ਲੇਖ
November 05, 2025

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਭਾਰੀ ਰਾਜਸੀ ਅਦਲ-ਬਦਲ ਹੋਇਆ । ਦਿੱਲੀ ਦਾ ਸੁਲਤਾਨ ਇਬਰਾਹੀਮ ਲੋਧੀ ਹਾਰ ਗਿਆ ਤੇ ਮੁਗ਼ਲ ਬਾਬਰ ਬਾਦਸ਼ਾਹ ਬਣ ਗਿਆ ।
ਬਾਬਰ ਦੇ ਹੱਲੇ ਨਾਲ ਪੰਜਾਬ ਉਪਰ ਭਾਰੀ ਕਹਿਰ ਵਰਤਿਆ। ਅਨੇਕਾਂ ਜੀਵ ਮਾਰੇ ਗਏ, ਲੁੱਟ ਮਾਰ ਹੋਈ, ਇਸਤਰੀਆਂ ਦੀ ਬੇਪਤੀ ਦੇ ਦ੍ਰਿਸ਼ ਤੱਕਣ ਵਿਚ ਆਏ । ਗੁਰੂ ਨਾਨਕ ਦੇਵ ਜੀ ਨੇ ਦੇਸ਼ ਦੀ ਇਸ ਦੁਰਦਸ਼ਾ ਨੂੰ ਦਰਦਮੰਦ ਹਿਰਦੇ ਨਾਲ ਅਨੁਭਵ ਕੀਤਾ, ਅਤੇ ਹਿੰਦੁਸਤਾਨ ਦਾ ਦੁੱਖ ਤੱਕ ਕੇ ਉਸ ਨੂੰ ਕਰੁਣਾਮਈ ਸ਼ਬਦਾਂ ਵਿਚ ਪ੍ਰਗਟਾਇਆ ।

ਇਹ ਵੀ ਗੁਰੂ ਨਾਨਕ ਦੇਵ ਜੀ ਦੀ ਅਲੌਕਿਕ ਪ੍ਰਤਿਭਾ ਸ਼ਕਤੀ ਦੀ ਲਖਾਇਕ ਘਟਨਾ ਹੈ । ਧਾਰਮਿਕ ਗੁਰੂ ਪੀਰ ਆਮ ਕਰਕੇ ਜੋ ਕੁਝ ਰਾਜ ਕਾਰਜ ਦੇ ਖੇਤਰ ਵਿਚ ਵਰਤਦਾ ਸੀ ਉਸ ਤੋਂ ਅਲਗ ਅਲਗ ਰਹਿੰਦੇ ਸਨ । ਪਰ ਗੁਰੂ ਨਾਨਕ ਦੇਵ ਜੀ ਨੇ ਅਨੁਭਵ ਕਰਾਇਆ ਕਿ ਧਰਮ ਨਿਰੋਲ ਵਿਅਕਤੀਗਤ ਗਿਆਨ ਧਿਆਨ ਨਹੀਂ । ਧਰਮ ਮਨੁੱਖ ਦੇ ਦੁੱਖ ਪਾਪ ਨੂੰ ਨਵਿਰਤ ਕਰਨ ਦਾ ਸਾਧਨ ਹੈ। ਜੇ ਇਹ ਦੁੱਖ ਲੱਖਾਂ ਮਨੁੱਖਾਂ ਨੂੰ ਸੰਤਾਪੇ, ਤਾਂ ਇਸ ਤੋਂ ਅੱਖਾਂ ਮੀਟਣਾ ਪਾਪ ਹੈ। ਸੋ ਗੁਰੂ ਜੀ ਨੇ ਬਾਬਰ ਦੇ ਜਬਰ ਵਿਰੁੱਧ ਆਵਾਜ਼ ਉਠਾਈ। ਇਸ ਅਤਿਆਚਾਰ ਨੂੰ ਖੂਨੀ ਸਾਕਾ ਆਖ ਕੇ ਦੇਸ਼ ਦੇ ਲੋਕਾਂ ਨੂੰ ਵੰਗਾਰਿਆ। ਨਾਲ ਹੀ ਉਨ੍ਹਾਂ ਇਹ ਵੀ ਪ੍ਰੇਰਣਾ ਕੀਤੀ ਕਿ ਜੋ ਕੌਮ ਨੇਕੀ ਨੂੰ ਭੁਲ ਜਾਂਦੀ ਹੈ, ਉਸ ਦੀ ਦੁਰਦਸ਼ਾ ਹੋਣੀ ਆਵੱਸ਼ਕ ਹੈ । ਸੋ ਨੇਕੀ ਭਗਤੀ ਦਾ ਪੱਖ ਹੀ ਹੈ ਜਿਸ ਨਾਲ ਲੋਕ ਸੂਰਮੇ ਅਤੇ ਜੋਧੇ ਬਣ ਕੇ ਬਾਬਰ ਜਿਹੇ ਜਾਬਰਾਂ ਦਾ ਮੁਕਾਬਲਾ ਕਰ ਸਕਦੇ ਹਨ। ਜੇ ਭਾਰਤਵਾਸੀ ਇਹ ਨਾ ਸਿਖਣ ਤਾਂ ਮੁੜ ਮੁੜ ਦੁੱਖੀ ਹੋਣਗੇ, ਉਨ੍ਹਾਂ ਦੇ ਸਰੀਰ ਟੁਕੜੇ ਟੁਕੜੇ ਕੀਤੇ ਜਾਣਗੇ, ‘ਕਾਇਆ ਕਪੜ ਟੁਕ ਟੁਕ ਹੋਸੀ’।

ਗੁਰੂ ਜੀ ਆਪਣੇ ਅੰਤਲੇ ਵਰ੍ਹਿਆਂ ਵਿਚ ਰਾਵੀ ਦੇ ਕੰਢੇ ਆ ਰਹੇ, ਕਰਤਾਰਪੁਰ ਦੀ ਬਸਤੀ ਵਸਾਈ, ਜਿਸ ਦੇ ਸਨਮੁਖ ਹੁਣ ਡੇਰਾ ਬਾਬਾ ਨਾਨਕ ਦਾ ਨਗਰ ਹੈ। ਇਥੇ ਕੁਝ ਜ਼ਮੀਨ ਲੈ ਕੇ ਵਾਹੀ ਕਰਵਾਈ । ਗਿਆਨ ਉਪਦੇਸ਼ ਕੀਰਤਨ ਦਾ ਪ੍ਰਵਾਹ ਜਾਰੀ ਰਹਿੰਦਾ, ਅਤਿਥੀਆਂ ਦੀ ਸੇਵਾ ਲਈ ਲੰਗਰ ਵਰਤਦਾ । ਦੂਰੋਂ ਦੂਰੋਂ ਲੋਕੀਂ ਉਨ੍ਹਾਂ ਦੇ ਦਰਸ਼ਨ ਹਿਤ ਆਉਂਦੇ ਅਤੇ ਆਪਣਾ ਜਨਮ ਸਵਾਰਨ ਦੇ ਰਾਹ ਉਪਰ ਪੈਂਦੇ। ਗੁਰੂ ਜੀ ਕਿਰਤ ਕਰਨ ਦਾ ਉਪਦੇਸ਼ ਦਿੰਦੇ ਸਨ, ਭਿਖਿਆ ਜਾਂ ਦਾਨ ਗ੍ਰਹਿਣ ਨੂੰ ਚੰਗਾ ਨਹੀਂ ਸਨ ਸਮਝਦੇ। ਸੋ ਇੰਜ ਸੰਤੋਖ ਨਾਲ ਆਪਣਾ ਅਤੇ ਆਪਣੇ ਸੰਬੰਧੀਆਂ ਸੇਵਕਾਂ ਦਾ ਜੀਵਨ ਪ੍ਰਬੰਧ ਕਰਦੇ ਸਨ । ਅੰਤ ਸੱਤਰ ਸਾਲ ਦੀ ਆਯੂ ਬਿਤਾ ਕੇ ਅੱਸੂ ਸੁਦੀ ਦਸਵੀਂ 1596 ਬਿਕਰਮੀ (ਸੰਨ 1539) ਨੂੰ ਜੋਤੀ ਜੋਤਿ ਸਮਾਏ । ਇਸ ਤੋਂ ਕੁਝ ਦਿਨ ਪਹਿਲਾਂ ਆਪਣੇ ਸ਼ਿਸ਼ ਅਤੇ ਸੱਚੇ ਪ੍ਰਭੂ ਭਗਤ ਭਾਈ ਲਹਿਣੇ ਨੂੰ ਗੁਰੂ ਅੰਗਦ ਦੀ ਪਦਵੀ ਦਿੱਤੀ ਜੋ ਇਨ੍ਹਾਂ ਪਿਛੋਂ ਇਨ੍ਹਾਂ ਦੇ ਉਤਰਾਧਿਕਾਰੀ ਹੋਏ। ਗੁਰੂ ਨਾਨਕ ਦੇਵ ਦਿਆਂ ਪੁੱਤਰਾਂ ਨੇ ਗੁਰੂ ਗੱਦੀ ਦੀ ਮੰਗ ਕੀਤੀ, ਪਰ ਗੁਰੂ ਜੀ ਇਸ ਪਵਿੱਤਰ ਗੱਦੀ ਨੂੰ ਕੁਲ ਜਾਂ ਵੰਸ਼ ਦੀ ਨਹੀਂ ਸਰਵ ਸੰਸਾਰ ਦੀ ਜਾਣ ਕੇ ਜਿਸ ਨੂੰ ਸਭ ਤੋਂ ਉੱਤਮ ਜਾਤਾ ਉਸੇ ਨੂੰ ਇਸ ਉਪਰ ਬਿਠਾ ਗਏ ।

ਗੁਰੂ ਨਾਨਕ ਦੇਵ ਜੀ ਭਾਰਤ ਦੇ ਮਹਾਨ ਗਿਆਨਦਾਤਾ, ਪੱਥ-ਪ੍ਰਦਰਸ਼ਕ ਅਤੇ ਉਨ੍ਹਾਂ ਉੱਚੇ ਭਾਵਾਂ ਦੇ ਸੋਮੇ ਸਨ ਜਿਨ੍ਹਾਂ ਦੀ ਲੋੜ ਅਸੀਂ ਇਸ ਜੁਗ ਵਿਚ ਅਨੁਭਵ ਕਰਦੇ ਹਾਂ ਜਦ ਕਿ ਇਸ ਦੇਸ਼ ਦੀ ਜਨਤਾ ਵਿਰੋਧਾਂ ਭਰਮਾਂ ਅਤੇ ਨੀਵੇਂ ਵਿਚਾਰਾਂ ਵਿਚ ਗ੍ਰਸੀ ਹੋਈ ਹੈ। ਇਸ ਕਰਕੇ ਹਰ ਸਮੇਂ ਸਾਨੂੰ ਅਨੁਭਵ ਹੁੰਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਚਾਰ ਉਪਰ ਚੱਲ ਕੇ ਸਾਡਾ ਦੇਸ਼ ਆਪਣੇ ਸੰਕਟਾਂ ਨੂੰ ਦੂਰ ਕਰ ਸਕਦਾ ਹੈ।…

ਗੁਰਬਚਨ ਸਿੰਘ ਤਾਲਿਬ