136 views 21 secs 0 comments

ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਕਰਨ ਦਾ ਢੰਗ

ਲੇਖ
November 05, 2025

ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਕੀਤੀਆਂ, ਜਿਨ੍ਹਾਂ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ ਹੈ:

ਬਾਬਾ ਦੇਖੈ ਧਿਆਨੁ ਧਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ।
ਬਾਝੁ ਗੁਰੂ ਗੁਬਾਰੁ ਹੈ ਹੈ ਹੈ ਕਰਦੀ ਸੁਣੀ ਲੁਕਾਈ।
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ।
ਚੜ੍ਹਿਆ ਸੋਧਣਿ ਧਰਤਿ ਲੁਕਾਈ।।
(ਵਾਰ੧, ਪਉੜੀ ੨੪)

ਭਾਈ ਗੁਰਦਾਸ ਜੀ ਦੁਨੀਆਂ ਦੇ ਕਿਸੇ ਇਕ ਦੇਸ਼ ਜਾਂ ਕਿਸੇ ਇਕ ਖਾਸ ਖਿੱਤੇ ਦੀ ਗੱਲ ਨਹੀਂ ਕਰ ਰਹੇ। ਉਨ੍ਹਾਂ ਵਲੋਂ ਵਰਤੇ ਗਏ ਸ਼ਬਦ ‘ਪ੍ਰਿਥਵੀ’, ‘ਲੁਕਾਈ’ ਅਤੇ ‘ਧਰਤਿ’ ਵਿਸ਼ੇਸ਼ ਧਿਆਨ ਦੀ ਮੰਗ ਕਰਦੇ ਹਨ। ਇਹ ਸ਼ਬਦ ਗੁਰੂ ਜੀ ਦੇ ਉਪਦੇਸ਼ ਕਰਨ ਦੇ ਢੰਗ ਦੀ ਵਿਸ਼ਾਲਤਾ ਦੇ ਸੂਚਕ ਹਨ।

ਗੁਰੂ ਨਾਨਕ ਦੇਵ ਜੀ ਧਰਮ ਦੇ ਪ੍ਰਚਾਰ ਲਈ ਕੇਵਲ ਹਿੰਦੁਸਤਾਨ ਤਕ ਸੀਮਤ ਨਹੀਂ ਸਨ। ਆਪ ਨੇ ਕਾਬਲ, ਮੱਕਾ, ਮਦੀਨਾ, ਬਗ਼ਦਾਦ, ਕਸ਼ਮੀਰ, ਤਿੱਬਤ, ਅਸਾਮ ਅਤੇ ਲੰਕਾ ਤਕ ਦੀ ਯਾਤਰਾ ਵੀ ਕੀਤੀ। ਹਿੰਦੁਸਤਾਨ ਵਿਚ ਅਤੇ ਬਾਹਰ ਪ੍ਰਚਲਤ ਧਰਮਾਂ ਅਤੇ ਵਿਸ਼ਵਾਸ਼ਾਂ ਦੇ ਮੁੱਖ ਕੇਂਦਰਾਂ ‘ਤੇ ਆਪ ਗਏ ਅਤੇ ਉਥੇ ਜਾ ਕੇ ਆਪ ਜੀ ਨੇ ਸੱਚ ਦੀ ਗੱਲ ਸਾਰਿਆਂ ਤਕ ਪਹੁੰਚਾਈ। ਸਭਨਾਂ ਦੇ ਭਰਮ-ਭੁਲੇਖੇ ਦੂਰ ਕੀਤੇ ਅਤੇ ਸਭਨਾਂ ਦੇ ਮਨਾਂ ਨੂੰ ਮੋਹ ਲਿਆ। ਇਸੇ ਕਰਕੇ ਹੀ ਭਾਈ ਗੁਰਦਾਸ ਜੀ ਨੇ ਗੁਰੂ ਜੀ ਨੂੰ ‘ਜਗਤ ਗੁਰ ਬਾਬਾ’ ਆਖਿਆ। ਭਾਈ ਸਾਹਿਬ ਨੇ ਗੁਰੂ ਜੀ ਦੇ ਉਪਦੇਸ਼ ਦੇ ਅਸਰ ਨੂੰ ਇਸ ਪੰਕਤੀ ਰਾਹੀਂ ਬਾਖੂਬੀ ਦਰਸਾਇਆ ਹੈ :

ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥੁ ਚਲਾਇਆ।
(ਵਾਰ ੧, ਪਉੜੀ ੪੫)

ਇਸ ਤਰ੍ਹਾਂ ਗੁਰੂ ਜੀ ਦੇ ਉਪਦੇਸ਼ ਕਰਨ ਦੇ ਢੰਗ ਦਾ ਪਹਿਲਾ ਵਿੱਲਖਣ ਗੁਣ ਇਹੀ ਬਣਦਾ ਹੈ ਕਿ ਆਪ ਜੀ ਨੇ ਇਕ ਜਗ੍ਹਾ ਡੇਰਾ ਲਾ ਕੇ ਪ੍ਰਚਾਰ ਨਹੀਂ ਕੀਤਾ ਸਗੋਂ ਦੂਰ-ਦੂਰ ਤਕ ਪੈਦਲ ਸਫ਼ਰ ਕਰਕੇ ਆਪਣੇ ਰੂਹਾਨੀ ਉਪਦੇਸ਼ ਨੂੰ ਬਹੁਤ ਸਾਰੇ ਲੋਕਾਂ ਤਕ ਪਹੁੰਚਾਇਆ ਅਤੇ ਉਨ੍ਹਾਂ ਦੇ ਹਿਰਦਿਆਂ ਨੂੰ ਠੰਢਕ ਪਹੁੰਚਾਈ। ਵਿਸ਼ਾਲਤਾ ਦੀ ਦ੍ਰਿਸ਼ਟੀ ਤੋਂ ਗੁਰੂ ਜੀ ਨੇ ਵੇਦ-ਕਤੇਬ, ਛੇ-ਦਰਸ਼ਨ ਅਤੇ ਹੋਰ ਪ੍ਰਚਲਤ ਵਿਚਾਰਧਾਰਾਵਾਂ ਦਾ ਡੂੰਘਾ ਅਧਿਐਨ ਕੀਤਾ। ਉਸ ਸਮੇਂ ਦੀ ਧਾਰਮਿਕ, ਸਮਾਜਕ, ਸਭਿਆਚਾਰਕ, ਰਾਜਨੀਤਕ, ਆਰਥਕ ਆਦਿ ਸਭ ਕਿਸਮ ਦੀ ਹਾਲਤ ਬਾਰੇ ਗੁਰੂ ਜੀ ਨੂੰ ਡੂੰਘੀ ਸੂਝ ਸੀ। ਇਸ ਤੋਂ ਇਲਾਵਾ ਆਪ ਜੀ ਨੂੰ ਫ਼ਾਰਸੀ, ਤੁਰਕੀ, ਅਰਬੀ, ਸੰਸਕ੍ਰਿਤ ਆਦਿ ਭਾਸ਼ਾਵਾਂ ਦਾ ਡੂੰਘਾ ਗਿਆਨ ਸੀ। ਪਹਿਲਾਂ ਤੋਂ ਚੱਲ ਰਹੀ ਭਗਤੀ-ਲਹਿਰ ਪ੍ਰਤੀ ਡੂੰਘਾ ਸੰਪਰਕ ਆਪ ਜੀ ਨੇ ਪੈਦਾ ਕਰ ਲਿਆ ਸੀ। ਇਨ੍ਹਾਂ ਸਾਰੀਆਂ ਗੱਲਾਂ ਨੇ ਆਪ ਜੀ ਦੇ ਉਪਦੇਸ਼ ਕਰਨ ਦੇ ਢੰਗ ਅਤੇ ਦਾਇਰੇ ਵਿਚ ਭਾਰੀ ਵਿਸ਼ਾਲਤਾ ਲੈ ਆਂਦੀ।

ਦੂਜਾ ਗੁਣ, ਜੋ ਗੁਰੂ ਜੀ ਦੇ ਉਪਦੇਸ਼ ਕਰਨ ਦੇ ਢੰਗ ਵਿਚ ਸਪੱਸ਼ਟ ਨਜ਼ਰ ਆਉਂਦਾ ਹੈ, ਉਹ ਹੈ ਉਪਦੇਸ਼ ਕਰਨ ਦਾ ਵਿਵਹਾਰਕ ਢੰਗ। ਹਰਦੁਆਰ ਜਾ ਕੇ ਆਪ ਨੇ ਪੱਛਮ-ਦਿਸ਼ਾ ਵੱਲ ਪਾਣੀ ਸੁੱਟਣਾ ਸ਼ੁਰੂ ਕੀਤਾ ਤਾਂ ਲੋਕਾਂ ਨੂੰ ਸਮਝ ਆਈ ਕਿ ਜੇਕਰ ਪੰਜਾਬ ਦੇ ਖੇਤਾਂ ਤੱਕ ਪਾਣੀ ਨਹੀਂ ਪਹੁੰਚ ਸਕਦਾ ਤਾਂ ਇੰਨੀ ਦੂਰ ਮੋਏ ਪਿਤਰਾਂ ਤਕ ਪਾਣੀ ਕਿਵੇਂ ਪਹੁੰਚ ਸਕਦਾ ਹੈ? ਮੱਕੇ ਜਾ ਕੇ ਪੈਰ ਕਾਅਬੇ ਵੱਲ ਕੀਤੇ, ਇਹ ਸਮਝਾਉਣ ਲਈ ਕਿ ਅੱਲਾ ਤਾਂ ਹਰ ਪਾਸੇ ਮੌਜੂਦ ਹੈ। ਮਲਕ ਭਾਗੋ ਦੀ ਲੁੱਟ ਦੀ ਕਮਾਈ ਨਾਲ ਬਣੇ ਪਦਾਰਥਾਂ ਵੱਲ ਮੂੰਹ ਨਹੀਂ ਕੀਤਾ, ਇਹ ਦੱਸਣ ਲਈ ਕਿ ਹੱਕ ਦੀ ਕਮਾਈ ਭਾਈ ਲਾਲੋ ਵਾਂਗ ਕੀਤੀ ਜਾਣੀ ਚਾਹੀਦੀ ਹੈ। ਅਜਿਹੀਆਂ ਹੋਰ ਬਹੁਤ ਸਾਖੀਆਂ ਹਨ, ਜਿਨ੍ਹਾਂ ਤੋਂ ਗੁਰੂ ਜੀ ਦੇ ਉਪਦੇਸ਼ ਕਰਨ ਦੇ ਵਿਵਹਾਰਕ ਢੰਗ ਨੂੰ ਸਮਝਿਆ ਜਾ ਸਕਦਾ ਹੈ।

ਤੀਜਾ ਗੁਣ, ਜੋ ਗੁਰੂ ਜੀ ਦੇ ਉਪਦੇਸ਼ ਕਰਨ ਦੇ ਢੰਗ ਦਾ ਇਕ ਅਤਿ ਵਿਲੱਖਣ ਗੁਣ ਹੈ, ਉਹ ਹੈ ਬਾਣੀ ਅਤੇ ਰਾਗ ਦਾ ਸੁਮੇਲ। ‘ਮਰਦਾਨਿਆ! ਛੇੜ ਰਬਾਬ’ ਕਹਿ ਕੇ ਜਦੋਂ ਗੁਰੂ ਜੀ ਬਾਣੀ ਦਾ ਕੀਰਤਨ ਕਰਦੇ ਤਾਂ ਸੁਣਨ ਵਾਲਿਆਂ ਦੇ ਹਿਰਦਿਆਂ ‘ਤੇ ਸਿੱਧਾ ਅਸਰ ਹੁੰਦਾ। ਬਾਣੀ ਰਾਹੀਂ ਆਪ ਜੀ ਨੇ ਰੱਬ ਦੀਆਂ ਅਤੇ ਜੀਵਨ ਦੀਆਂ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਦੀਆਂ ਗੱਲਾਂ ਕੀਤੀਆਂ। ਬਾਣੀ ਅਤੇ ਰਾਗ ਦੀ ਸ਼ਕਤੀਸ਼ਾਲੀ ਖਿੱਚ ਬਾਰੇ ਕਦੇ ਵੀ ਦੋ ਰਾਵਾਂ ਨਹੀਂ ਹੋ ਸਕਦੀਆਂ। ਅੱਜ ਦਾ ਵਿਗਿਆਨ ਸੰਗੀਤ ਰਾਹੀਂ ਮਨੋਵਿਗਿਆਨਕ ਤੌਰ ‘ਤੇ ਮਨੁੱਖੀ ਸਰੀਰ ਅਤੇ ਮਨੁੱਖੀ ਮਨ ਨੂੰ ਸਿਹਤਮੰਦ ਬਣਾਉਣ ਦੇ ਸਿਧਾਂਤ ਨੂੰ ਮੰਨਦਾ ਹੈ। ਸੱਚਮੁਚ ਹੀ ਗੁਰੂ ਜੀ ਦੇ ਉਪਦੇਸ਼ ਕਰਨ ਦਾ ਢੰਗ ਰੂਹਾਂ ਦੇ ਧੁਰ ਅੰਦਰ ਲਹਿ ਜਾਣ ਦਾ ਢੰਗ ਸੀ। ਇਹ ਢੰਗ ਅੱਜ ਵੀ ਬਾਣੀ ਦੇ ਪਾਠ ਅਤੇ ਕੀਰਤਨ ਦੇ ਰੂਪ ਵਿਚ ਨਿਰੰਤਰ ਚੱਲ ਰਿਹਾ ਹੈ। ਗੁਰੂ ਜੀ ਨੇ ਆਪਣੀ ਬਾਣੀ ਰਚਣ ਤੋਂ ਇਲਾਵਾ * ਆਪਣੇ ਤੋਂ ਪਹਿਲਾਂ ਹੋਏ ਭਗਤ ਸਾਹਿਬਾਨ ਦੀ ਚੋਣਵੀਂ ਬਾਣੀ ਨੂੰ ਵੀ ਆਪਣੇ ਪਾਸ ਇਕੱਠਾ ਕੀਤਾ। ਇਸ ਤਰ੍ਹਾਂ ਬਾਣੀ ਰਾਹੀਂ ਪ੍ਰਚਾਰ ਦੀ ਸਾਰਥਿਕਤਾ ਨੂੰ ਆਪ ਜੀ ਨੇ ਹੋਰ ਵੀ ਵਿਸ਼ਾਲ ਬਣਾ ਦਿੱਤਾ। ਇਸ ਪਹਿਲੂ ਤੋਂ ਗੁਰੂ ਜੀ ਨੇ ਇਕ ਮਹਾਨ ਖੋਜੀ ਦਾ ਕੰਮ ਕੀਤਾ।

ਚੌਥਾ ਗੁਣ ਗੁਰੂ ਜੀ ਵਲੋਂ ਕੀਤੇ ਗਏ ਪ੍ਰਚਾਰ ਵਿਚ ਵਿਚਾਰ-ਵਟਾਂਦਰੇ ਦਾ ਢੰਗ ਸੀ। ਇਹ ਇਕ ਖੋਜ ਦਾ ਢੰਗ ਸੀ। ਵਿਚਾਰ-ਵਟਾਂਦਰੇ ਦੀ ਅਹਿਮੀਅਤ ਨੂੰ ਭਗਤ ਕਬੀਰ ਜੀ ਨੇ ਇਸ ਤਰ੍ਹਾਂ ਦਰਸਾਇਆ ਹੈ :
ਕਬੀਰ ਏਕ ਘੜੀ ਆਧੀ ਘਰੀ ਆਧੀ ਹੂੰ ਤੇ ਆਧ॥ ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ॥ (ਅੰਗ,੧੩੭੭)

ਕੁਝ ਸੁਣਨ ਅਤੇ ਕੁਝ ਕਹਿਣ ਦੀ ਪ੍ਰਕ੍ਰਿਆ ਸੱਚਮੁਚ ਹੀ ਬੜੀ ਚੰਗੀ ਹੈ ਜੇ ਕਰ ਇਹ ਬਹਿਸ-ਮੁਬਾਹਿਸੇ ਤੋਂ ਜਾਂ ਵਾਦ-ਵਿਵਾਦ ਤੋਂ ਰਹਿਤ ਹੋਵੇ ਅਤੇ ਇਸ ਵਿਚ ਉੱਚੀਆਂ ਕਦਰਾਂ ਕੀਮਤਾਂ ਅਰਥਾਤ ਰੂਹਾਨੀਅਤ ਦੀ ਗੱਲ ਹੋਵੇ। ਗੁਰੂ ਨਾਨਕ ਦੇਵ ਜੀ ਖੋਜੀ ਦੀ ਮਹੱਤਤਾ ਨੂੰ ਬਿਆਨ ਕਰਦੇ ਹੋਏ ਫ਼ੁਰਮਾਉਂਦੇ ਹਨ :

ਸੇਵਾ ਸੁਰਤਿ ਰਹਸਿ ਗੁਣ ਗਾਵਾ ਗੁਰਮੁਖਿ ਗਿਆਨੁ ਬੀਚਾਰਾ ॥
ਖੋਜੀ ਉਪਜੈ ਬਾਦੀ ਬਿਨਸੈ ਹਉ ਬਲਿ ਬਲਿ ਗੁਰ ਕਰਤਾਰਾ।। ( ਅੰਗ ੧੨੫੫)

ਗਿਆਨ-ਗੋਸ਼ਟ ਸੱਚ ਤਕ ਅੱਪੜਣ ਦਾ ਸਾਧਨ ਅਤੇ ਸਮੇਂ ਦੀ ਸਭ ਤੋਂ ਵੱਧ ਸੁਚੱਜੀ ਵਰਤੋਂ ਹੈ। ਗੁਰੂ ਜੀ ਦੇ ਉਪਦੇਸ਼ ਕਰਨ ਦੇ ਢੰਗ ਵਿਚ ‘ਸਿਧ ਗੋਸਟਿ’ ਬਾਣੀ ਆਪਣੇ ਆਪ ਵਿਚ ਇਕ ਸ਼ਾਨਦਾਰ ਉਦਾਹਰਣ ਹੈ। ਆਪ ਜੀ ਨੇ ਪ੍ਰਸ਼ਨ-ਉੱਤਰ ਅਤੇ ਦਲੀਲਮਈ ਵਾਰਤਾਲਾਪ ਰਾਹੀਂ ਸਿੱਧਾਂ, ਨਾਥਾਂ ਅਤੇ ਜੋਗੀਆਂ ਦੇ ਸ਼ੰਕੇ ਨਵਿਰਤ ਕੀਤੇ। ਵਾਰਤਾਲਾਪ ਦਾ ਇਹ ਢੰਗ ਗੁਰੂ ਜੀ ਨੇ ਕੁਰੂਖੇੜ ਦੇ ਪੰਡਤਾਂ ਨਾਲ, ਮੱਕੇ ਵਿਚ ਕਾਜੀਆਂ ਨਾਲ ਅਤੇ ਸੱਜਣ ਠੱਗ ਵਰਗੇ ਕੁਰਾਹੇ ਪਏ ਵਿਅਕਤੀਆਂ ਨਾਲ ਵੀ ਵਰਤੋਂ ਵਿਚ ਲਿਆਂਦਾ। ਹਰ ਥਾਂ ਗੁਰੂ ਜੀ ਦੀ ਦਲੀਲ ਇੰਨੀ ਪ੍ਰਭਾਵਸ਼ਾਲੀ ਹੁੰਦੀ ਸੀ ਕਿ ਸੁਣਨ ਵਾਲੇ ਸਭ ਕੀਲੇ ਜਾਂਦੇ ਸਨ।

ਪੰਜਵਾਂ ਗੁਣ, ਜੋ ਸਾਰੇ ਗੁਣਾਂ ਤੋਂ ਉੱਪਰ ਕਿਹਾ ਜਾ ਸਕਦਾ ਹੈ, ਉਹ ਸੀ ਗੁਰੂ ਜੀ ਵਲੋਂ ਆਪ ਇੱਕ ਮਿਸਾਲ (Model) ਬਣਨਾ। ਆਪਣੇ ਪੁੱਤਰਾਂ ਨੂੰ ਛੱਡ ਕੇ ਸੇਵਕ ਭਾਈ ਲਹਿਣਾ ਜੀ ਨੂੰ ਗੁਰਗੱਦੀ ਬਖਸ਼ਣਾ ਕੋਈ ਮਾੜੀ-ਮੋਟੀ ਘਟਨਾ ਨਹੀਂ ਸੀ। ਆਪਣੇ ਜੀਵਨ ਦੀ ਇਸ ਅਦੁੱਤੀ ਇਤਿਹਾਸਕ ਘਟਨਾ ਰਾਹੀਂ ਗੁਰੂ ਜੀ ਨੇ ਅਮਲੀ ਅਰਥਾਂ ਵਿਚ ਸਾਨੂੰ ਸਭ ਨੂੰ ਸਮਝਾ ਦਿੱਤਾ ਕਿ ਰਿਸ਼ਤੇ, ਅਹੁਦੇ, ਧਨ-ਦੌਲਤ ਆਦਿ ਸਭ ਮਹੱਤਵ-ਹੀਣ ਹਨ; ਮਹੱਤਵ ਹੈ ਤਾਂ ਸੱਚੇ-ਸੁੱਚੇ ਅਤੇ ਸੇਵਾ-ਭਰਪੂਰ ਜੀਵਨ ਦਾ। ਕੀਮਤ ਹੈ ਗੁਣਾਂ ਦੀ ਅਤੇ ਕੇਵਲ ਗੁਣਾਂ ਦੀ ਹੈ; ਹੋਰ ਕਿਸੇ ਵੀ ਗੱਲ ਦੀ ਕੀਮਤ ਨਹੀਂ ਹੈ। ਇਸ ਤੋਂ ਬਿਨਾਂ ਗੁਰੂ ਜੀ ਨੇ ‘ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ’ ਦੀਆਂ ਸਿੱਖਿਆਵਾਂ ਨੂੰ ਖ਼ੁਦ ਅਮਲੀ ਰੂਪ ਵਿਚ ਅਪਨਾਅ ਕੇ ਇਕ ਅਕਾਲਪੁਰਖ ਦੇ ਨਾਮ ਦਾ ਉਪਦੇਸ਼ ਦਿੱਤਾ। ਕਰਤਾਰਪੁਰ ਵਿਖੇ ਆਪਣੇ ਹੱਥੀਂ ਖੇਤੀ ਕੀਤੀ। ਖੇਤੀ ਦੇ ਨਾਲ-ਨਾਲ ਧਰਮ ਦਾ ਪ੍ਰਚਾਰ ਜਾਰੀ ਰੱਖਿਆ। ਇਹੀ ਸਭ ਤੋਂ ਵੱਧ ਉੱਘੜਵਾਂ ਅਤੇ ਅਮਲੀ ਗੁਣ ਸੀ, ਜਿਸ ਸਦਕਾ ਗੁਰੂ ਜੀ ਦੇ ਉਪਦੇਸ਼ ਦਾ ਅਸਰ ਦੂਰ-ਦੂਰ ਤਕ ਅਤੇ ਭਾਰੀ ਗਿਣਤੀ ਵਿਚ ਲੋਕਾਂ ‘ਤੇ ਪਿਆ। ਆਪ ਜੀ ਵਲੋਂ ਚਲਾਏ ਗਏ ‘ਨਿਰਮਲ ਪੰਥ’ ਨੂੰ ਮੰਨਣ ਵਾਲਿਆਂ ਦੀ ਗਿਣਤੀ ਆਉਣ ਵਾਲੇ ਸਮੇਂ ਵਿਚ ਵਧਦੀ ਹੀ ਗਈ।

ਸੁਖਦੇਵ ਸਿੰਘ ਸ਼ਾਂਤ