views 18 secs 0 comments

ਸ੍ਰੀ ਗੁਰੂ ਨਾਨਕ ਦੇਵ ਜੀ : ਜੀਵਨ ਅਤੇ ਸਿੱਖਿਆਵਾਂ

ਲੇਖ
May 08, 2026

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ੧੪੬੯ ਈ. ਨੂੰ ਰਾਇ ਭੋਇ ਦੀ ਤਲਵੰਡੀ (ਪਾਕਿਸਤਾਨ) ਵਿਖੇ ਹੋਇਆ ਸੀ। ਰਾਇ ਭੋਇ ਦੀ ਤਲਵੰਡੀ ਦਾ ਨਾਮ ਹੁਣ ਸ੍ਰੀ ਨਨਕਾਣਾ ਸਾਹਿਬ ਹੈ ਜਿਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦-ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਪਾਕਿਸਤਾਨ ਦੀ ਸਰਕਾਰ ਵੱਲੋਂ ਜ਼ਿਲ੍ਹਾ ਬਣਾ ਦਿੱਤਾ ਗਿਆ ਹੈ। ਇਹ ਲਾਹੌਰ ਤੋਂ ੬੫ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਪੱਛਮ ਵੱਲ ਹੈ। ਗੁਰੂ ਜੀ ਦੀ ਮਾਤਾ ਦਾ ਨਾਮ ਤ੍ਰਿਪਤਾ ਜੀ ਅਤੇ ਪਿਤਾ ਦਾ ਨਾਮ ਮਹਿਤਾ ਕਾਲੂ ਜੀ ਸੀ। ਮੁੱਢਲੀ ਉਮਰ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੁਆਰਾ ਸਿੱਖਿਆ ਦੇ ਖੇਤਰ ਵਿਚ ਹਿਸਾਬ ਤੇ ਲੰਡਾ ਲਿਪੀ ਆਦਿ ਆਪਣੇ ਪਿਤਾ ਜੀ ਤੋਂ, ਗੋਪਾਲ ਪੰਡਿਤ ਤੋਂ ਹਿੰਦੀ, ਬ੍ਰਿਜ ਲਾਲ ਪੰਡਿਤ ਤੋਂ ਸੰਸਕ੍ਰਿਤ, ਫ਼ਾਰਸੀ ਅਤੇ ਅਰਬੀ ਇਕ ਮੁਸਲਿਮ ਮੌਲਵੀ ਕੁਤਬ-ਉਦ-ਦੀਨ ਤੋਂ ਸਿੱਖੀ ਸੀ। ਬਚਪਨ ਤੋਂ ਹੀ ਉਨ੍ਹਾਂ ਦਾ ਸੁਭਾਅ ਸੂਫੀਆਂ ਅਤੇ ਸੰਤਾਂ ਵਾਲਾ ਸੀ।

ਪਰਵਾਰਿਕ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਗੁਰੂ ਸਾਹਿਬ ਨੌਕਰੀ ਕਰਨ ਹਿੱਤ ਸੁਲਤਾਨਪੁਰ ਲੋਧੀ ਵੱਡੀ ਭੈਣ ਨਾਨਕੀ ਜੀ ਕੋਲ ਆ ਗਏ, ਜਿਨ੍ਹਾਂ ਨੂੰ ਸਤਿਕਾਰ ਸਹਿਤ ਬੇਬੇ ਨਾਨਕੀ ਜੀ ਕਿਹਾ ਜਾਂਦਾ ਹੈ। ਬੇਬੇ ਨਾਨਕੀ ਜੀ ਦੇ ਪਤੀ ਜੈ ਰਾਮ ਜੀ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਨਵਾਬ ਦੌਲਤ ਖ਼ਾਨ ਲੋਧੀ ਜੋ ਪੰਜਾਬ ਦਾ ਗਵਰਨਰ ਸੀ, ਦੇ ਮੋਦੀ ਖਾਨੇ ਵਿਚ ਨੌਕਰੀ ਲਗਵਾ ਦਿੱਤੀ । ਪ੍ਰੰਤੂ ਇੱਥੇ ਵੀ ਉਨ੍ਹਾਂ ਦਾ ਮਨ ਦੁਨਿਆਵੀ ਕੰਮਾਂ ਵਿਚ ਨਾ ਲੱਗਾ, ਸਗੋਂ ਉਹ ਪਰਮਾਤਮਾ ਦੀ ਉਸਤਤ ਵਿਚ ਰਹਿੰਦੇ ਸਨ। ੧੪੮੭ ਈ. ਵਿਚ ਮੂਲ ਚੰਦ ਖੱਤਰੀ ਜੋ ਕਿ ਬਟਾਲਾ (ਜ਼ਿਲ੍ਹਾ ਗੁਰਦਾਸਪੁਰ) ਨੇੜੇ ਪੱਖੋਕੇ ਰੰਧਾਵਾ ਦਾ ਰਹਿਣ ਵਾਲਾ ਸੀ, ਦੀ ਸਪੁੱਤਰੀ ਬੀਬੀ ਸੁਲੱਖਣੀ ਜੀ ਨਾਲ ਗੁਰੂ ਸਾਹਿਬ ਜੀ ਦਾ ਵਿਆਹ ਹੋਇਆ। ਉਨ੍ਹਾਂ ਦੇ ਘਰ ਬਾਬਾ ਸ੍ਰੀ ਚੰਦ ਅਤੇ ਬਾਬਾ ਲਖਮੀ ਦਾਸ, ਦੋ ਪੁੱਤਰਾਂ ਦਾ ਜਨਮ ਹੋਇਆ। ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਾਲੀ ਵੇਈਂ ਸੁਲਤਾਨਪੁਰ ਲੋਧੀ ਵਿਖੇ ਇਲਾਹੀ ਗਿਆਨ ਪ੍ਰਾਪਤ ਹੋਇਆ ਸੀ।

ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਭਾਰਤ ਵਿਚ ਸ਼ੈਵ ਮਤ, ਵੈਸ਼ਨਵ ਮਤ, ਬੁੱਧ, ਜੈਨ, ਇਸਲਾਮ ਧਰਮ, ਸਿਧ, ਨਾਥ, ਜੋਗ ਮਤ, ਭਗਤੀ ਲਹਿਰ, ਇਸਲਾਮ ਤੇ ਸੂਫ਼ੀ ਮਤ ਆਦਿ ਲਹਿਰਾਂ ਤੇ ਧਰਮਾਂ ਦਾ ਪ੍ਰਸਾਰ ਤੇ ਪ੍ਰਚਾਰ ਹੋ ਚੁੱਕਾ ਸੀ । ਸ੍ਰੀ ਗੁਰੂ
ਨਾਨਕ ਦੇਵ ਜੀ ਦਾ ਮੁੱਢਲਾ ਮੰਤਵ ਉਪਰੋਕਤ ਸੰਪਰਦਾਵਾਂ, ਲਹਿਰਾਂ ਤੇ ਧਾਰਮਿਕ ਸਥਾਨ ਦੀਆਂ ਯਾਤਰਾਵਾਂ ਕਰ ਕੇ ਉਨ੍ਹਾਂ ਦੇ ਮੁਖੀਆਂ ਨਾਲ ਸਮਾਜਿਕ, ਧਾਰਮਿਕ ਤੇ ਸੱਭਿਆਚਾਰਕ ਮੁੱਦਿਆਂ ਉੱਪਰ ਸੰਵਾਦ ਰਚਾਉਣਾ ਸੀ। ਇਸ ਜਗਿਆਸਾ ਦੀ ਪੂਰਤੀ ਹਿੱਤ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਮਹੱਤਵਪੂਰਨ ਯਾਤਰਾਵਾਂ ਕੀਤੀਆਂ ਗਈਆਂ ਸਨ। ਯਾਤਰਾਵਾਂ ਦੌਰਾਨ ਵਧੇਰੇ ਸਮਾਂ ਭਾਈ ਮਰਦਾਨਾ ਜੀ (ਮੁਸਲਿਮ ਸਾਥੀ) ਉਨ੍ਹਾਂ ਦੇ ਨਾਲ ਰਹੇ ਸਨ। ‘ਪੁਰਾਤਨ ਜਨਮ ਸਾਖੀ’ ਅਨੁਸਾਰ ਪੰਜ ਯਾਤਰਾਵਾਂ

ਕੀਤੀਆਂ ਸਨ, ਪਰ ਸਿੱਖ ਪਰੰਪਰਾਵਾਂ ਵਿਚ ਗੁਰੂ ਸਾਹਿਬ ਜੀ ਦੀਆਂ ਚਾਰ ਉਦਾਸੀਆਂ
ਦਾ ਜ਼ਿਕਰ ਆਉਂਦਾ ਹੈ। ‘ਮਿਹਰਬਾਨ ਵਾਲੀ ਜਨਮਸਾਖੀ’ ਅਨੁਸਾਰ ਵੀ ਚਾਰ ਉਦਾਸੀਆਂ ਸਨ।

ਉਦਾਸੀਆਂ ਦੀ ਸ਼ੁਰੂਆਤ ਪੂਰਬ ਤੇ ਦੱਖਣ ਵੱਲ ਹਿੰਦੂ ਧਰਮ ਦੇ ਪ੍ਰਮੁੱਖ ਧਾਰਮਿਕ ਨਗਰਾਂ- ਕੁਰੂਕਸ਼ੇਤਰ, ਦਿੱਲੀ, ਹਰਿਦੁਆਰ, ਮਥਰਾ, ਅਯੁੱਧਿਆ, ਪ੍ਰਯਾਗ, ਬਨਾਰਸ, ਢਾਕਾ, ਗਯਾ, ਮਾਲਦੇਵ ਆਦਿ ਸਥਾਨਾਂ ‘ਤੇ ਜਾ ਕੇ ਧਾਰਮਿਕ ਮੁਖੀਆਂ ਨਾਲ ਹੱਕ ਤੇ ਸੱਚ ਪ੍ਰਤੀ ਸੰਵਾਦ ਰਚਾਏ ਗਏ। ਗੁਰੂ ਸਾਹਿਬ ਪਰਬਤ ਦੇ ਇਲਾਕਿਆਂ ਜਿਵੇਂ— ਜਵਾਲਾਮੁਖੀ, ਕਾਂਗੜਾ, ਰਿਵਾਲਸਰ, ਕੁੱਲੂ, ਲਾਹੌਲ ਸਪਿਤੀ, ਕਸ਼ਮੀਰ ਵਾਦੀ, ਤਿੱਬਤ, ਨੇਪਾਲ ਅਤੇ ਭੂਟਾਨ ਆਦਿ ਧਾਰਮਿਕ ਸਥਾਨਾਂ ‘ਤੇ ਗਏ।

ਸ੍ਰੀ ਗੁਰੂ ਨਾਨਕ ਦੇਵ ਜੀ ਸਮੇਂ ਭਾਰਤ ਵਿਚ ਦਿੱਲੀ ਸਲਤਨਤ ਦੇ ਲੋਧੀ ਸੁਲਤਾਨਾਂ ਅਤੇ ਮੁਗ਼ਲ ਬਾਦਸ਼ਾਹਾਂ ਦਾ ਰਾਜ ਸੀ। ਲੋਧੀ ਸੁਲਤਾਨ ਅਤੇ ਮੁਗ਼ਲ ਬਾਦਸ਼ਾਹ ਦੋਵੇਂ ਇਸਲਾਮ ਧਰਮ ਦੇ ਪੈਰੋਕਾਰ ਸਨ । ਇਸਲਾਮ ਮੱਧ ਪੂਰਬ ਤੋਂ ਕੇਂਦਰੀ ਏਸ਼ੀਆ ਰਾਹੀਂ ਭਾਰਤ ਵਿਚ ਪਹੁੰਚਿਆ ਸੀ । ਇਸਲਾਮ ਦੇ ਮੂਲ ਧਾਰਮਿਕ ਸਥਾਨ ਮੱਕਾ ਸ਼ਰੀਫ ਅਤੇ ਹੋਰ ਪ੍ਰਮੁੱਖ ਇਸਲਾਮੀ ਕੇਂਦਰਾਂ, ਧਾਰਮਿਕ ਸਥਾਨਾਂ ਦੀ ਅਗਲੀ ਯਾਤਰਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨਾਲ ਸ਼ੁਰੂ ਕੀਤੀ ਸੀ। ਇਸ ਯਾਤਰਾ ਦਾ ਮੁੱਖ ਮੰਤਵ ਭਾਰਤੀ ਹੁਕਮਰਾਨਾਂ ਦੇ ਧਾਰਮਿਕ ਸਥਾਨਾਂ ਉੱਪਰ ਜਾ ਕੇ ਉਨ੍ਹਾਂ ਨੂੰ ਸ਼ੁਭ ਅਮਲਾਂ ਦਾ ਉਪਦੇਸ਼ ਦੇਣਾ ਸੀ । ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਮੱਕਾ ਮਦੀਨਾ ਤੋਂ ਬਗ਼ਦਾਦ ਪਹੁੰਚੇ ਸਨ। ਮੱਕਾ ਜਾਣ ਸਮੇਂ ਗੁਰੂ ਸਾਹਿਬ ਰਸਤੇ ਵਿਚ ਤਲਵੰਡੀ ਰਾਇ ਭੋਇ, ਖ਼ੈਰਪੁਰ, ਸਿੰਧ, ਖ਼ਾਨਪੁਰ, ਅਹਿਮਦਪੁਰ ਉੱਚ, ਮੁਲਤਾਨ, ਆਦਿ ਪ੍ਰਮੁੱਖ ਇਸਲਾਮੀ ਧਾਰਮਿਕ ਸਥਾਨਾਂ ‘ਤੇ ਰੁਕੇ ਸਨ ਅਤੇ ਉਪਦੇਸ਼ ਦਿੱਤਾ ਸੀ। ਮੁਲਤਾਨ ਵਿਚ ਸੁਹਰਾਵਰਦੀ ਸੂਫ਼ੀਆਂ ਨੂੰ ਮਿਲਣ ਉਪਰੰਤ ਉੱਚ ਵਿਖੇ ਹਾਜੀ ਅਬਦੁੱਲਾ ਬੁਖ਼ਾਰੀ ਸੁਹਰਾਵਰਦੀ ਨੂੰ ਮਿਲੇ ਸਨ। ਪਾਕਪਟਨ ਵਿਖੇ ਭਗਤ ਸ਼ੇਖ ਫ਼ਰੀਦ ਜੀ ਦੀ ਦਰਗਾਹ ਉੱਪਰ ੧੨ਵੇਂ ਗੱਦੀ-ਨਸ਼ੀਨ ਸ਼ੇਖ਼ ਇਬਰਾਹੀਮ ਫ਼ਰੀਦ ਸਾਨੀ ਨਾਲ ਮੁਲਾਕਾਤ ਕਰਨ ਉਪਰੰਤ ਤੁਲੰਬਾ ਭਾਵ ਮਖ਼ਦੂਮਪੁਰਾ ਗਏ। ਉੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ
ਸੱਜਣ ਠੱਗ ਨਾਲ ਹੋਈ ਸੀ।

ਇਸ ਯਾਤਰਾ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕਿਸ਼ਤੀ ਰਾਹੀਂ ਸਫ਼ਰ ਤੈਅ ਕੀਤਾ ਗਿਆ। ਉਨ੍ਹਾਂ ਦੇ ਨਾਲ ਭਾਈ ਮਰਦਾਨਾ ਜੀ ਤੇ ਮੁਲਤਾਨ ਦਾ ਸੂਫ਼ੀ ਬਹਾਊ-ਉਦ-ਦੀਨ ਵੀ ਸਨ। ਇਸ ਯਾਤਰਾ ਦੌਰਾਨ ਹੀ ਲਖ਼ਪਤ ਨਗਰ ਤੋਂ ਕੁਰੀਆਨੀ ਅਤੇ ਕੋਟ ਸਵੇਰਾ ਰਾਹੀਂ ਸਮੁੰਦਰ ਕੰਢੇ ‘ਤੇ ਬਣੇ ਸਵਾਮੀ ਨਰਾਇਣ ਮੰਦਿਰ ਵਿਖੇ ਜਾਣ ਉਪਰੰਤ ਸੈਨਮਿਆਨੀ (ਮਿਆਨੀ) ਬੰਦਰਗਾਹ ਮੌਜੂਦਾ ਪਾਕਿਸਤਾਨ ਦੇ ਕਰਾਚੀ ਸ਼ਹਿਰ ਤੋਂ ੮੦ ਕਿਲੋਮੀਟਰ ਪੱਛਮ ਵੱਲ ਪਹੁੰਚੇ ਸਨ।

ਯਮਨ ਦੇ ਸ਼ਹਿਰ ਅਦਨ ਵਿਖੇ ਕੁਝ ਦਿਨ ਰੁਕਣ ਉਪਰੰਤ ਸਾਉਦੀ ਅਰਬੀਆ ਦੇ ਸ਼ਹਿਰ ਜੱਦਾ ਦੀ ਬੰਦਰਗਾਹ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਅਤੇ ਸੱਯਦ ਮੁਹੰਮਦ ਗੌਂਸ, ਜੋ ਕਿ ਸਨਕੌਤਰਾ ਦਾ ਰਹਿਣ ਵਾਲਾ ਸੂਫ਼ੀ ਸੀ, ਨਾਲ ੪੦ ਮੀਲ ਲੰਬਾ ਰੇਗਿਸਤਾਨੀ ਰਸਤਾ ਤੈਅ ਕਰ ਕੇ ਮੱਕਾ ਮਦੀਨਾ ਪਹੁੰਚੇ ਸਨ । ਮੱਕਾ ਸ਼ਰੀਫ਼ ਵਿਖੇ ਕਾਅਬਾ ਦੀ ਮਸਜਿਦ ਵੱਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪੈਰ ਕਰ ਕੇ ਸੌਣਾ ਅਤੇ ਮੌਲਵੀ ਮੁਹੰਮਦ ਹਸਨ, ਇਮਾਮ ਜਫ਼ਰ, ਪੀਰ ਅਬਦਲ ਵਹਾਵ ਅਤੇ ਰੁਕਨ-ਉਦ-ਦੀਨ ਨਾਲ ਵਾਰਤਾ ਮੁਸਲਿਮ-ਸਿੱਖ ਇਤਿਹਾਸ ਵਿਚ ਮਹੱਤਵਪੂਰਨ ਸਥਾਨ ਰੱਖਦੀ ਹੈ ਜਿਸ ਰਾਹੀਂ ਗੁਰੂ ਜੀ ਨੇ ਪਰਮਾਤਮਾ ਦੀ ਸਰਬ ਵਿਆਪਕਤਾ ਦਾ ਉਪਦੇਸ਼ ਦਿੱਤਾ। ਇਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨੀਲਾ ਬਾਣਾ ਧਾਰਨ ਕੀਤਾ ਹੋਇਆ ਸੀ, ਨਮਾਜ਼ ਪੜ੍ਹਨ ਵਾਲਾ ਮੁਸੱਲਾ, ਲੋਟਾ ਅਤੇ ਸ਼ਬਦਾਂ ਦੀ ਪੋਥੀ ਕੋਲ ਰੱਖੇ ਹੋਏ ਸਨ। ਦੇਖਣ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਮੁਸਲਿਮ ਹਾਜੀ ਲੱਗਦੇ ਸਨ। ਇਹ ਵੇਰਵਾ ਮੱਕੇ ਮਦੀਨੇ ਦੀ ਗੋਸ਼ਟ ਅਧੀਨ ਦਰਜ ਹੈ। ਭਾਈ ਗੁਰਦਾਸ ਜੀ ਦੁਆਰਾ ਇਸ ਨੂੰ ਵਾਰ ਪਹਿਲੀ ਦੀ ਬੱਤੀਵੀਂ ਪਉੜੀ ਵਿਚ ਲਿਖਿਆ ਗਿਆ ਹੈ। ਭਾਈ ਗੁਰਦਾਸ ਜੀ, ਭਾਈ ਮਨੀ ਸਿੰਘ ਜੀ ਅਤੇ ਮਿਹਰਬਾਨ ਜੀ ਅਨੁਸਾਰ ਮੱਕਾ ਤੋਂ ਸ੍ਰੀ ਗੁਰੂ ਨਾਨਕ ਸਾਹਿਬ ਮਦੀਨਾ ਸ਼ਰੀਫ ਵੱਲ ਨੂੰ ਗਏ ਜਿੱਥੇ ਹਜ਼ਰਤ ਮੁਹੰਮਦ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਕਈ ਸਾਲ ਬਤੀਤ ਕੀਤੇ ਸਨ। ਮਦੀਨਾ ਵਿਖੇ ਉਨ੍ਹਾਂ ਦੀ ਵਾਰਤਾ ਇਮਾਮ ਜ਼ਫ਼ਰ ਆਦਿ ਮੌਲਵੀਆਂ ਨਾਲ ਹੋਈ ਸੀ। ਮਦੀਨਾ ਸ਼ਰੀਫ ਤੋਂ ਉਹ ਬਗ਼ਦਾਦ ਗਏ। ਬਗ਼ਦਾਦ ਵਿਖੇ ਉਨ੍ਹਾਂ ਦੀ ਵਾਰਤਾ ਪੀਰ ਦਸਤਗੀਰ, ਅਬਦੁਲ ਕਾਦਿਰ ਜਿਲਾਨੀ, ਪੀਰ ਬਹਿਲੋਲ ਆਦਿ ਮੌਲਵੀਆਂ ਨਾਲ ਹੋਈ ਸੀ। ਭਾਈ ਗੁਰਦਾਸ ਜੀ ਅਨੁਸਾਰ :

ਬਾਬਾ ਫਿਰਿ ਮੱਕੇ ਗਇਆ ਨੀਲ ਬਸਤ੍ਰ ਧਾਰੇ ਬਨਵਾਰੀ।
ਆਸਾ ਹਥਿ ਕਿਤਾਬ ਕਛਿ ਕੂਜਾ ਬਾਂਗ ਮੁਸੱਲਾ ਧਾਰੀ।।
(ਵਾਰ ੧:੩੨)

ਬਗਦਾਦ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਤਹਿਰਾਨ ਅਤੇ
ਮਸਹਦ (ਤੂਸ) ਰਾਹੀਂ ਤਬਰੇਜ਼, ਕੰਧਾਰ, ਕਾਬੁਲ, ਜਲਾਲਾਬਾਦ, ਪਿਸ਼ਾਵਰ, ਨੌਸ਼ਿਹਰਾ, ਹੋਤੀ ਮਰਦਾਨ, ਹਸਨ ਅਬਦਾਲ, ਸੱਯਦਪੁਰ ਤੋਂ ਵਾਪਸ ਪਹੁੰਚੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਵਧੇਰੇ ਰਸਤਾ ਪੈਦਲ ਹੀ ਤੈਅ ਕੀਤਾ ਗਿਆ ਸੀ। ਪ੍ਰਸਿੱਧ ਯਾਤਰੀ ਇਬਨ-ਬਾਤੂਤਾ, ਹਾਜੀਆਂ, ਵਪਾਰੀਆਂ, ਸੂਫ਼ੀਆਂ ਅਤੇ ਕੁਝ ਹਮਲਾਵਰਾਂ ਵੱਲੋਂ ਮੱਧਕਾਲ ਸਮੇਂ ਇਸ ਰਸਤੇ ਰਾਹੀਂ ਆਉਣ-ਜਾਣ ਦੇ ਸਾਨੂੰ ਅਨੇਕਾਂ ਹਵਾਲੇ ਮਿਲਦੇ ਹਨ। ੨੨ ਸਤੰਬਰ, ੧੫੩੯ ਈ. ਨੂੰ ਅੰਮ੍ਰਿਤ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਵਿਖੇ ਜੋਤੀ-ਜੋਤ ਸਮਾ ਗਏ।

ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਦਾ ਉਦੇਸ਼ ਝੂਠੇ ਰੀਤੀ-ਰਿਵਾਜਾਂ, ਕਰਮ-ਕਾਂਡਾਂ, ਮੂਰਤੀ-ਪੂਜਾ, ਜਾਤ-ਪਾਤ, ਜਨਮ, ਰੰਗ, ਨਸਲ, ਬਰਾਦਰੀਆਂ, ਊਚ-ਨੀਚ, ਸਮਾਜਿਕ, ਸੱਭਿਆਚਾਰਕ, ਆਰਥਿਕ, ਧਾਰਮਿਕ ਆਦਿ ਅਸਮਾਨਤਾਵਾਂ ਆਦਿ ਵਿਰੁੱਧ ਸੁਨੇਹਾ ਦੇਣਾ ਸੀ । ਗੁਰੂ ਜੀ ਦੁਆਰਾ ਦਿੱਤੇ ਗਏ ਉਪਦੇਸ਼ ਇਸਲਾਮ ਧਰਮ ‘ਤੇ ਹਜ਼ਰਤ ਮੁਹੰਮਦ ਸਾਹਿਬ ਦੀਆਂ ਸਿੱਖਿਆਵਾਂ ਵਿਚਕਾਰ ਅਨੇਕਾਂ ਸਮਾਨਤਾਵਾਂ ਰੱਖਦੇ ਹਨ। ਇਨ੍ਹਾਂ ਵਿੱਚੋਂ ਪ੍ਰਮੁੱਖ ਸਮਾਨਤਾਵਾਂ ਇੱਕ ਰੱਬ, ਉਸ ਪ੍ਰਤੀ ਸੱਚਾ ਵਿਸ਼ਵਾਸ, ਰੱਬ ਦੀ ਬੰਦਗੀ, ਜਾਤ-ਪਾਤ ਦਾ ਖੰਡਨ ਤੇ ਹੋਰ ਕਰਮ-ਕਾਂਡਾਂ ਦਾ ਵਿਰੋਧ, ਮੂਰਤੀ-ਪੂਜਾ ਦਾ ਖੰਡਨ, ਧਾਰਮਿਕ ਸਹਿਣਸ਼ੀਲਤਾ, ਰੱਬ ਦੀ ਦਿਆਲਤਾ, ਅਨੰਤਤਾ, ਰੱਬ ਦੀ ਪ੍ਰਾਪਤੀ ਲਈ ਸਮਰਪਣ, ਚੰਗੇ ਕਰਮਾਂ ‘ਤੇ ਜ਼ੋਰ, ਗ੍ਰਹਿਸਥੀ ਜੀਵਨ, ਨੈਤਿਕ ਅਤੇ ਪਵਿੱਤਰ ਜੀਵਨ ਬਤੀਤ ਕਰਨ ‘ਤੇ ਜ਼ੋਰ, ਪ੍ਰਭਾਵਸ਼ਾਲੀ ਵਿਅਕਤੀਤਵ, ਸਿੱਖਿਆਵਾਂ ਅਨੁਸਾਰ ਜੀਵਨ, ਸਿੱਖਿਆਵਾਂ ਦੀ ਸਰਲਤਾ, ਜਾਤੀ ਅਭਿਮਾਨ ਦਾ ਖੰਡਨ, ਮਨੁੱਖਤਾ ਦੀ ਸੇਵਾ, ਸਵੇਰ-ਸ਼ਾਮ ਪਰਮਾਤਮਾ ਦਾ ਨਾਮ ਲੈਣਾ, ਜ਼ੁਕਾਤ ਤੇ ਧਰਮ ਹਿੱਤ ਦਾਨ-ਪੁੰਨ ਰਾਜਨੀਤਿਕ ਅੱਤਿਆਚਾਰਾਂ ਅਤੇ ਜ਼ਬਰ ਵਿਰੁੱਧ ਅਵਾਜ਼ ਉਠਾਉਣੀ, ਸੱਚੇ ਮਾਰਗ-ਦਰਸ਼ਕ, ਪੈਗ਼ੰਬਰ, ਦਾਰਸ਼ਨਿਕ, ਗ੍ਰਹਿਸਥੀ ਦੇ ਨਾਲ ਸੱਚ ਦੀ ਆਵਾਜ਼ ਲਈ ਯਾਤਰਾ ਕਰਨ ਵਾਲੇ, ਨਿਧੜਕ, ਨਿਮਰਤਾ ਦੇ ਪੁੰਜ ਅਤੇ ਮਿੱਠੇ ਸੁਭਾਅ ਵਾਲੇ ਨੀਤੀਵੇਤਾ ਅਤੇ ਵਿਸ਼ਵ-ਵਿਆਪੀ ਤੇ ਸਿੱਖਿਅਕ ਆਦਿ ਹਨ।

ਸ੍ਰੀ ਗੁਰੂ ਨਾਨਕ ਦੇਵ ਜੀ ਅਜਿਹੀ ਹਰਮਨ ਪਿਆਰੀ ਸ਼ਖ਼ਸੀਅਤ ਹਨ, ਜਿਨ੍ਹਾਂ ਨੂੰ ਸਾਰੇ ਆਪਣਾ ਕਹਿਣ ਵਿਚ ਮਾਣ ਮਹਿਸੂਸ ਕਰਦੇ ਹਨ।

-ਡਾ. ਮੁਹੰਮਦ ਇਦਰੀਸ
ਮੁਖੀ, ਇਤਿਹਾਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੋ. +੯੧੯੮੧੪੧੭੧੭੮੬