views 5 secs 0 comments

ਅਮਰ ਸ਼ਹੀਦ ਭਾਈ ਫੌਜਾ ਸਿੰਘ ਦੀ ‘ਖ਼ਾਲਸਾ ਵਹੀਰ’ ਤੋਂ ‘ਸਫਰ-ਏ-ਸ਼ਹਾਦਤ’ ਤੱਕ— ਗਿਆਨੀ ਹਰਪਾਲ ਸਿੰਘ ਦੀਆਂ ਪੰਥਕ ਸੇਵਾਵਾਂ ਦਾ ਪੈਂਡਾ

ਲੇਖ
May 08, 2026

ਛੋਟੇ ਸਾਹਿਬਜ਼ਾਦਿਆਂ ਦੇ ਪਵਿੱਤਰ ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਹਰਪਾਲ ਸਿੰਘ ਸੇਵਾਮੁਕਤ ਹੋ ਗਏ ਹਨ। ਉਨ੍ਹਾਂ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਦਰ ਸਮਰਪਿਤ, ਮਿਸਾਲੀ ਅਤੇ ਯਾਦਗਾਰੀ ਪੰਥਕ ਸੇਵਾਵਾਂ ਨਿਭਾਈਆਂ ਹਨ। ਉਹ 1993 ਵਿਚ ਸ਼੍ਰੋਮਣੀ ਕਮੇਟੀ ਵਿਚ ਬਤੌਰ ਪ੍ਰਚਾਰਕ ਭਰਤੀ ਹੋਏ ਅਤੇ 2005 ਵਿਚ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਮੁੱਖ ਗ੍ਰੰਥੀ ਵਜੋਂ ਨਿਯੁਕਤ ਹੋਏ ਸਨ।

ਗੁਰਦਾਸਪੁਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਚੂਹੜਚੱਕ ਵਿਚ ਮਾਤਾ ਹਰਬੰਸ ਕੌਰ ਦੀ ਕੁੱਖੋਂ ਪਿਤਾ ਸ. ਨਿਰਮਲ ਸਿੰਘ ਦੇ ਘਰ ਜਨਮੇ ਗਿਆਨੀ ਹਰਪਾਲ ਸਿੰਘ ਨੇ ਬਚਪਨ ਦੇ 8 ਸਾਲ ਦੀ ਉਮਰ ਵਿਚ ਹੀ ਗੁਰਸਿੱਖੀ ਧਾਰਨ ਕਰ ਲਈ ਸੀ। ਉਨ੍ਹਾਂ ਦੇ ਆਤਮਿਕ ਅਤੇ ਪੰਥਕ ਜੀਵਨ ਦੇ ਪ੍ਰੇਰਨਾ-ਸਰੋਤ ਅਮਰ ਸ਼ਹੀਦ ਭਾਈ ਫੌਜਾ ਸਿੰਘ ਸਨ, ਜੋ ਇਨ੍ਹਾਂ ਦੀ ਨੇੜਲੀ ਰਿਸ਼ਤੇਦਾਰੀ ਵਿਚੋਂ ਸਨ। ਭਾਈ ਫੌਜਾ ਸਿੰਘ ਗੁਰਦਾਸਪੁਰ ਵਿਚ ਰਾਵੀ ਦਰਿਆ ਤੋਂ ਪਾਰ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਮੰਡ ਖੇਤਰ ਵਿਖੇ ਆਪਣੇ ‘ਖ਼ਾਲਸਾ ਫਾਰਮ’ ਵਿਚ ਰਹਿੰਦੇ ਹੋਏ ਗੁਰਮਤਿ ਪ੍ਰਚਾਰ ਲਈ ਸਰਗਰਮ ਸਨ। ਉਨ੍ਹਾਂ ਸਮਿਆਂ ਦੌਰਾਨ ਸਰਹੱਦੀ ਤੇ ਰਾਵੀ ਪਾਰਲੇ ਖੇਤਰ ਵਿਚ ਆਵਾਜਾਈ ਦੇ ਸਾਧਨ ਬਿਲਕੁਲ ਨਹੀਂ ਸਨ। ਭਾਈ ਫੌਜਾ ਸਿੰਘ ਝੋਟਿਆਂ ਉੱਤੇ ਰੇਹੜੀਆਂ ਜੋੜ ਕੇ ਪਿੰਡੋ-ਪਿੰਡੀ ਗੁਰਮਤਿ ਦੇ ਪ੍ਰਚਾਰ ਲਈ ਕੀਰਤਨ ਕਰਦਿਆਂ ‘ਖ਼ਾਲਸਾ ਵਹੀਰ’ ਕੱਢਦੇ। ਉਨ੍ਹਾਂ ਤੋਂ ਪ੍ਰ੍ਵਭਾਵਿਤ ਹੋ ਕੇ ਗਿਆਨੀ ਹਰਪਾਲ ਸਿੰਘ ਦੇ ਚਾਚਾ ਸ. ਅਜੀਤ ਸਿੰਘ ਅੰਮ੍ਰਿਤਧਾਰੀ ਸਜ ਗਏ। ਇਕ ਦਿਨ ਸ. ਅਜੀਤ ਸਿੰਘ ਆਪਣੇ ਭਤੀਜੇ ਹਰਪਾਲ ਸਿੰਘ ਨੂੰ ਵੀ ਆਪਣੇ ਨਾਲ ‘ਖ਼ਾਲਸਾ ਵਹੀਰ’ ਵਿਚ ਲੈ ਗਏ, ਜਿੱਥੋਂ ਹਰਪਾਲ ਸਿੰਘ ਵੀ ਖੰਡੇ ਦੀ ਪਾਹੁਲ ਛਕ ਕੇ ਵਾਪਸ ਘਰ ਆਏ। ਭਾਈ ਫੌਜਾ ਸਿੰਘ ਦੇ ਅਦੁੱਤੀ ਸਿੱਖੀ ਜਜ਼ਬੇ ਅਤੇ ਤਿਆਗਮਈ ਜੀਵਨ ਨੇ ਬਾਲ ਹਰਪਾਲ ਸਿੰਘ ਦੇ ਮਨ ਉੱਤੇ ਡੂੰਘਾ ਅਸਰ ਕੀਤਾ। ਵਿਸਾਖੀ 1978 ਦੇ ਨਿਰੰਕਾਰੀ ਸਾਕੇ ਦੌਰਾਨ ਭਾਈ ਫੌਜਾ ਸਿੰਘ ਸਮੇਤ 13 ਸਿੰਘਾਂ ਦੀ ਸ਼ਹਾਦਤ ਨੇ ਇਨ੍ਹਾਂ ਦੀ ਚੇਤਨਾ ਨੂੰ ਡੂੰਘਾ ਝੰਜੋੜਿਆ ਅਤੇ ਗੁਰਮਤਿ ਪ੍ਰਚਾਰ ਦੇ ਗਾਡੀਰਾਹ ‘ਤੇ ਚੱਲਣ ਦੀ ਪ੍ਰੇਰਨਾ ਬਖ਼ਸ਼ੀ।

ਸੰਨ 1991 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੀਵਨ, ਆਚਾਰ ਅਤੇ ਵਿੱਦਿਆ ਵਿਚ ਨਿਪੁੰਨ ਗੁਰਮਤਿ ਦੇ ਪ੍ਰਚਾਰਕ ਤਿਆਰ ਕਰਨ ਲਈ ਗੁਰੂ ਕਾਂਸ਼ੀ ਗੁਰਮਤਿ ਇੰਸਟੀਚਿਊਟ ਤਲਵੰਡੀ ਸਾਬੋ (ਦਮਦਮਾ ਸਾਹਿਬ) ਖੋਲ੍ਹਿਆ ਤਾਂ ਪਹਿਲੇ ਹੀ ਬੈਚ ਦੌਰਾਨ ਗਿਆਨੀ ਹਰਪਾਲ ਸਿੰਘ ਨੇ ਉੱਥੇ ਗੁਰਮਤਿ ਪ੍ਰਚਾਰਕ ਦੀ ਸਿਖਲਾਈ ਲਈ ਦਾਖ਼ਲਾ ਲੈ ਲਿਆ। ਸਾਲ 1993 ਵਿਚ ਅਵੱਲ ਦਰਜੇ ਨਾਲ ਸਿਖਲਾਈ ਪੂਰੀ ਕਰਨ ਉਪਰੰਤ ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਨੂੰ ਤੁਰੰਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੀ ਪ੍ਰਚਾਰਕ ਵਜੋਂ ਨਿਯੁਕਤ ਕਰ ਲਿਆ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਕੇਵਲ ਸਿੰਘ ਦੀ ਰਹਿਨੁਮਾਈ ਹੇਠ ਇਨ੍ਹਾਂ ਨੇ ਪਿੰਡੋ-ਪਿੰਡੀ ਗੁਰਮਤਿ ਪ੍ਰਚਾਰ ਕਰਦਿਆਂ ਇਕ ਪ੍ਰਭਾਵਸ਼ਾਲੀ ਕਥਾਵਾਚਕ ਅਤੇ ਪੰਥਕ ਰਹਿਣੀ ਵਿਚ ਪ੍ਰਪੱਕ ਧਾਰਮਿਕ ਆਗੂ ਵਜੋਂ ਆਪਣੀ ਪਛਾਣ ਬਣਾਈ।

ਗਿਆਨੀ ਹਰਪਾਲ ਸਿੰਘ ਦਾ ਅਨੰਦ ਕਾਰਜ 1 ਦਸੰਬਰ 1998 ਨੂੰ ਕਾਹਨੂੰਵਾਨ (ਗੁਰਦਾਸਪੁਰ) ਨੇੜੇ ਬੇਟ ਦੇ ਪਿੰਡ ਘੋੜੇਵਾਹ ਦੇ ਟਕਸਾਲੀ ਗੁਰਸਿੱਖ ਪਰਿਵਾਰ ਵਿਚ ਭਾਈ ਕੇਹਰ ਸਿੰਘ ਦੀ ਧੀ ਬੀਬੀ ਤੇਜਿੰਦਰ ਕੌਰ ਨਾਲ ਹੋਇਆ, ਜਿਨ੍ਹਾਂ ਦੇ ਪਰਿਵਾਰ ਉੱਤੇ ਸੰਤ ਗਿਆਨੀ ਕਰਤਾਰ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਸੰਗਤ ਅਤੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਅਖੰਡ ਕੀਰਤਨੀ ਜਥੇ ਦੀ ਪਰੰਪਰਾ ਦਾ ਗਹਿਰਾ ਪ੍ਰਭਾਵ ਸੀ।

ਸਾਲ 2005 ਵਿਚ ਸ਼੍ਰੋਮਣੀ ਕਮੇਟੀ ਨੇ ਗਿਆਨੀ ਹਰਪਾਲ ਸਿੰਘ ਦੀਆਂ ਪੰਥਕ ਸੇਵਾਵਾਂ ਨੂੰ ਵੇਖਦਿਆਂ ਉਨ੍ਹਾਂ ਨੂੰ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ (ਸਰਹਿੰਦ) ਦਾ ਮੁੱਖ ਗ੍ਰੰਥੀ ਨਿਯੁਕਤ ਕਰ ਦਿੱਤਾ। ਇੱਥੇ ਸੇਵਾ ਕਰਦਿਆਂ ਇਨ੍ਹਾਂ ਨੇ ਛੋਟੇ ਸਾਹਿਬਜ਼ਾਦੇ; ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਹਿ ਸਿੰਘ ਜੀ ਅਤੇ ਧੰਨ ਧੰਨ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਆਮ ਸਿੱਖ ਜਨ-ਮਾਨਸ ਦੀ ਜੀਵੰਤ ਚੇਤਨਾ ਵਿਚ ਵਸਾਉਣ ਦੇ ਕਾਰਜਾਂ ਵਿਚ ਵੱਡਾ ਯੋਗਦਾਨ ਪਾਇਆ। ਇਨ੍ਹਾਂ ਦਿਨਾਂ ਦੌਰਾਨ ਹੀ ਗਿਆਨੀ ਪਿੰਦਰਪਾਲ ਸਿੰਘ ਅਤੇ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਨੇ ਚਮਕੌਰ ਸਾਹਿਬ, ਮਾਛੀਵਾੜਾ ਸਾਹਿਬ ਅਤੇ ਫਤਹਿਗੜ੍ਹ ਸਾਹਿਬ ਵਿਖੇ ਸ਼ਹੀਦੀ ਸਭਾ ਦੌਰਾਨ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਉਣ ਦੀ ਸ਼ੁਰੂਆਤ ਕੀਤੀ ਹੋਈ ਸੀ। ਸਾਲ 2013 ਵਿਚ ਗਿਆਨੀ ਹਰਪਾਲ ਸਿੰਘ ਨੇ ਇਸੇ ਦਿਸ਼ਾ ਵਿਚ ਉਤਸ਼ਾਹੀ ਉਪਰਾਲਾ ਕਰਦਿਆਂ ਸਰਸਾ ਨਦੀ ਕੰਢੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ ਤੋਂ ਬਾਅਦ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸਰਹਿੰਦ ਤੱਕ ਦੇ ਇਤਿਹਾਸਕ ਸਫਰ ਦੀਆਂ ਪੈੜਾਂ ਨੂੰ ਆਮ ਸਿੱਖਾਂ ਦੇ ਅਵਚੇਤਨ ਮਨ ਦੀ ਯਾਦ ਦਾ ਹਿੱਸਾ ਬਣਾਉਣ ਲਈ ‘ਸਫਰ-ਏ-ਸ਼ਹਾਦਤ’ ਦੀ ਆਰੰਭਤਾ ਕੀਤੀ। ਕੁਝ ਹੀ ਸਾਲਾਂ ਵਿਚ ਇਸ ਪਹਿਲਕਦਮੀ ਨੂੰ ਏਨਾ ਹੁੰਗਾਰਾ ਮਿਲਿਆ ਕਿ ਦੇਸ਼-ਵਿਦੇਸ਼ ਵਿਚ ਵੀ ਸੰਗਤਾਂ ‘ਸਫਰ-ਏ-ਸ਼ਹਾਦਤ’ ਸਮਾਗਮ ਉਲੀਕ ਕੇ ਗਿਆਨੀ ਹਰਪਾਲ ਸਿੰਘ ਨੂੰ ਬੁਲਾਉਣ ਲੱਗੀਆਂ। ਧਰਮ ਪ੍ਰਚਾਰ ਵਿਚ ਇਨ੍ਹਾਂ ਦੀਆਂ ਸਮਰਪਿਤ ਸੇਵਾਵਾਂ ਨੂੰ ਵੇਖਦਿਆਂ 21 ਮਈ 2025 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗਿਆਨੀ ਹਰਪਾਲ ਸਿੰਘ ਨੂੰ ‘ਭਾਈ ਸਾਹਿਬ’ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ।

ਗਿਆਨੀ ਹਰਪਾਲ ਸਿੰਘ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸੇਵਾਵਾਂ ਤੋਂ ਸੇਵਾਮੁਕਤ ਹੋਣ ਦੇ ਸਬੰਧ ਵਿਚ, ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ 8 ਮਈ, ਦਿਨ ਸ਼ੁੱਕਰਵਾਰ ਨੂੰ ਸ਼ਾਮ 7.30 ਵਜੇ ਤੋਂ 10.30 ਵਜੇ ਤੱਕ ‘ਗੁਰਮਤਿ ਅਸੀਸ ਸਮਾਗਮ’ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਪੰਥ ਪ੍ਰਸਿੱਧ ਰਾਗੀ, ਕਥਾਵਾਚਕ ਅਤੇ ਧਾਰਮਿਕ ਸ਼ਖ਼ਸੀਅਤਾਂ ਪਹੁੰਚ ਕੇ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਨਾਲ ਨਿਹਾਲ ਕਰਨਗੀਆਂ।

-ਤਲਵਿੰਦਰ ਸਿੰਘ ਬੁੱਟਰ (ਪੱਤਰਕਾਰ)