1 views 27 secs 0 comments

ਕਰਤਾਰਪੁਰ ਸਾਹਿਬ ਦੀ ਇਤਿਹਾਸਿਕ ਮਹੱਤਤਾ

ਲੇਖ
May 08, 2026

ਭਾਰਤ ਦੇਸ਼ ੧੯੪੭ ਈ. ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ। ਪਾਕਿਸਤਾਨ ਵਿਚ ਰਹਿ ਰਹੇ ਸਿੱਖ ਤੇ ਹਿੰਦੂ ਆਪਣੀਆਂ ਕੀਮਤੀ ਜਾਇਦਾਦਾਂ ਪਾਕਿਸਤਾਨ ਛੱਡ ਕੇ ਭਾਰਤ ਵੱਲ ਤੁਰ ਪਏ। ਸਿੱਖ ਆਪਣੇ ਪ੍ਰਾਣਾਂ ਨਾਲੋਂ ਵੱਧ ਪਿਆਰੇ ਇਤਿਹਾਸਿਕ ਅਤੇ ਧਾਰਮਿਕ ਅਸਥਾਨਾਂ ਨੂੰ ਛੱਡ ਭਾਰਤ ਵਿਚ ਆ ਵੱਸੇ। ਪਾਕਿਸਤਾਨ ਵਿਚ ਸਿੱਖਾਂ ਦੇ ਸੈਂਕੜੇ ਧਾਰਮਿਕ ਅਤੇ ਇਤਿਹਾਸਿਕ ਸਥਾਨ ਹਨ। ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਉਨ੍ਹਾਂ ਵਿੱਚੋਂ ਇਕ ਹੈ। ਖਾਲਸਾ-ਪੰਥ ਪਿਛਲੇ ੭੧ ਸਾਲਾਂ ਤੋਂ ਹਰ ਸਮੇਂ ਅਰਦਾਸ ਕਰਦਾ ਹੋਇਆ ਵਾਹਿਗੁਰੂ ਅੱਗੇ ਜੋਦੜੀ ਕਰਦਾ ਹੈ ਕਿ:-

“ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ! ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ-ਦੀਦਾਰ ਤੇ ਸੇਵਾ-ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖਸ਼ੋ। ”

ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦੇਸ਼ ਦੀ ਅਜ਼ਾਦੀ ਦੀ ਖੁਸ਼ੀ ਵਿਚ ਗੁਰੂ-ਪੰਥ ਦੇ ਉੱਜਲ ਭਵਿੱਖ ਨੂੰ ਮੁੱਖ ਰੱਖ ਕੇ ਨਵੰਬਰ ੧੯੪੮ ਈ. ਦੀ ਦੀਪਮਾਲਾ ਸਮੇਂ ਇਕ ਹੁਕਮਨਾਮਾ ਜਾਰੀ ਹੋਇਆ ਸੀ:

“ਅੰਮ੍ਰਿਤਸਰ ਦੀਪਮਾਲਾ ਦੇ ਵਾਰਸ਼ਿਕ ਇਕੱਠ ਉੱਤੇ ਦੂਰ-ਨੇੜੇ ਤੋਂ ਆਈ ਸਿੱਖ ਸੰਗਤ ਦੀ ਸੇਵਾ ਵਿਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ

ਸੰਦੇਸ਼:

ਸਾਡਾ ਭਾਰਤ ਬਦੇਸ਼ੀ ਗੁਲਾਮੀ ਤੋਂ ਅਜ਼ਾਦ ਹੋ ਚੁੱਕਾ ਹੈ ਤੇ ਅਜ਼ਾਦੀ ਦੀ ਭੇਟਾ ਸਿੱਖ ਸੰਗਤ ਨੇ ਬਹੁਤ ਦਿੱਤੀ ਹੈ। ਅਜ਼ਾਦ ਭਾਰਤ ਵਿਚ ਅਸਾਂ ਪੰਥ ਨੂੰ ਚੜ੍ਹਦੀਆਂ ਕਲਾਂ ਵਿਚ ਰੱਖਣਾ ਹੈ ਅਤੇ ਦੇਸ਼ ਨੂੰ ਤਰੱਕੀ ਦੇ ਸਿਖ਼ਰ ਉੱਤੇ ਪਹੁੰਚਾਉਣਾ ਹੈ। ਇਸ ਲਈ ਸਿੱਖ ਸੰਗਤ ਨੂੰ ਅਗਲੇ ਸਾਲ ਹੇਠ ਲਿਖੀਆਂ ਗੱਲਾਂ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ:-

੧. ਪਾਕਿਸਤਾਨ ਵਿਚ ਰਹਿ ਗਏ ਗੁਰਦੁਆਰਿਆਂ ਤੇ ਮਾਸੂਮ ਹਿੰਦੀ ਭੈਣਾਂ ਦੀ ਅਜ਼ਾਦੀ ਲਈ ਅਕਾਲ ਪੁਰਖ ਅੱਗੇ ਅਰਦਾਸ ਕਰਨੀ।

੨. ਪਾਕਿਸਤਾਨ ਵਿਚ ਘਰ-ਘਾਟ ਲੁਟਾ ਆਏ ਭਰਾਵਾਂ ਦੇ ਮੁੜ ਵਸਾਉਣ ਲਈ ਉੱਦਮ ਤੇ ਸਹਾਇਤਾ ਕਰਨੀ।
੩. ਦੇਸ਼ ਦੀ ਰੱਖਿਆ ਲਈ ਫੌਜੀ ਸਿੱਖਿਆ ਲੈਣੀ।

੪. ਸ਼ਰਾਬ-ਮੀਟ ਦਾ ਤਿਆਗ ਕਰਨਾ। ”

ਉਸ ਸਮੇਂ ਤੋਂ ਸਿੱਖ ਸੰਗਤਾਂ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ-ਦੀਦਾਰੇ ਲਈ ਅਰਦਾਸੇ ਕਰਦੀਆਂ ਆ ਰਹੀਆਂ ਹਨ। ਉਸ ਸਮੇਂ ਜਥੇਦਾਰ ਮੋਹਨ ਸਿੰਘ ਨਾਗੋਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ।

ਕਰਤਾਰਪੁਰ ਦਾ ਅਸਥਾਨ ਵੀ ਉਨ੍ਹਾਂ ਵਿੱਚੋਂ ਹੈ; ਜਿਸ ਨਾਲੋਂ ਪੰਥ ਨੂੰ ਵਿਛੋੜਿਆ ਗਿਆ ਹੈ। ਸ੍ਰੀ ਗੁਰੂ ਨਾਨਕ ਸਾਹਿਬ ਨੇ ਪਹਿਲੀ ਉਦਾਸੀ ਤੋਂ ਬਾਅਦ ਹੀ ਦੇਖ ਲਿਆ ਸੀ ਕਿ ਜੋ ਕੁਝ ਉਹ ਲੋਕਾਂ ਨੂੰ ਪ੍ਰਚਾਰ ਆਏ ਹਨ, ਉਸ ਦਾ ਪ੍ਰਤੱਖ ਪ੍ਰਮਾਣ ਦੇਣ ਲਈ ਕੋਈ ਨਾ ਕੋਈ ਥਾਂ ਕਾਇਮ ਕਰਨਾ ਜ਼ਰੂਰੀ ਹੈ। ਤਲਵੰਡੀ ਇਕ ਪਾਸੇ ਸੀ, ਗੁਰੂ ਜੀ ਨੇ ਰਾਵੀ, ਚਨਾਬ ਤੇ ਪਹਾੜੀ ਇਲਾਕੇ ਦੇ ਨੇੜੇ ਕੋਈ ਥਾਂ ਚੁਣਨ ਲਈ ਸੋਚਿਆ। ਉਸ ਸਮੇਂ ਬਾਬਰ ਐਮਨਾਬਾਦ ਤੋਂ ਵਾਪਸ ਚਲਾ ਗਿਆ ਸੀ, ਪਰ ਉਸ ਦਾ ਹਮਲਾ ਕੋਈ ਆਖਰੀ ਹਮਲਾ ਨਹੀਂ ਸੀ। ਜਰਨੈਲੀ ਸੜਕ ਦੇ ਨੇੜੇ ਕਿਸੇ ਸਥਾਨ ਦਾ ਨਿਰਮਾਣ ਕਰਨਾ ਉਸ ਜੁਗ-ਗਰਦੀ ਜ਼ਮਾਨੇ ਵਿਚ ਉੱਚਿਤ ਨਹੀਂ ਸੀ। ਕਰਤਾਰਪੁਰ ਦਾ ਸਾਰਾ ਇਲਾਕਾ ਦੱਬਿਆ ਹੋਇਆ ਅਤੇ ਪਛੜਿਆ ਹੋਇਆ ਸੀ । ਜਿਸ ਥਾਂ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਨੇ ਚੁਣਿਆ, ਉਹ ਕਲਾਨੌਰ ਦੇ ਪਰਗਨੇ ਵਿਚ ਪੈਂਦਾ ਸੀ।

ਸ੍ਰੀ ਗੁਰੂ ਨਾਨਕ ਸਾਹਿਬ ਜੀ ਦੁਨੀ ਚੰਦ ਨੂੰ ਸੁਮਾਰਗ ਪਾ ਕੇ ਲਾਹੌਰ ਤੋਂ ਰਾਵੀ ਦੇ ਖੱਬੇ ਕਿਨਾਰੇ ਦੇ ਨਾਲ-ਨਾਲ ਚੱਲਦੇ ਹੋਏ ‘ਪੱਖੋ ਕੇ ਰੰਧਾਵੇ’ ਪਹੁੰਚ ਕੇ ਪਿੰਡ ਤੋਂ ਬਾਹਰ ਇਕ ਬੋਹੜ ਹੇਠਾਂ ਬੈਠ ਗਏ। ਅੱਜਕਲ੍ਹ ਜੋ ਡੇਰਾ ਬਾਬਾ ਨਾਨਕ ਕਸਬਾ ਹੈ, ਇਸ ਦੇ ਬਿਲਕੁਲ ਨਾਲ ਹੀ ਪਿੰਡ ਪੱਖੋਕੇ ਹੈ, ਜਿੱਥੋਂ ਦਾ ਮਸ਼ਹੂਰ ਸਿੱਖ ਅਜਿੱਤਾ ਰੰਧਾਵਾ ਹੋਇਆ ਹੈ। ਜਿਸ ਕੋਲ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਆਇਆ ਕਰਦੇ ਸਨ। ਇੱਥੋਂ ੧੨ ਕਿਲੋਮੀਟਰ ਦੂਰ ਕਲਾਨੌਰ ਹੈ, ਜਿੱਥੇ ਅਕਬਰ ਬਾਦਸ਼ਾਹ ਦੀ ਤਾਜਪੋਸ਼ੀ ਹੋਈ ਸੀ। ਪੱਖੋ ਕੇ ਰੰਧਾਵੇ ਪਿੰਡ ਗੁਰੂ ਜੀ ਦਾ ਸਹੁਰਾ ਮੂਲਾ ਚੋਣਾ ਪਟਵਾਰੀ ਰਹਿੰਦਾ ਸੀ ਅਤੇ ਇਸ ਸਮੇਂ ਮਾਤਾ ਸੁਲੱਖਣੀ ਜੀ ਤੇ ਦੋਵੇਂ ਸਾਹਿਬਜ਼ਾਦੇ ਵੀ ਇੱਥੇ ਹੀ ਰਹਿੰਦੇ ਸਨ। ਜਦ ਮੂਲੇ ਚੋਣੇ ਨੂੰ ਪਤਾ ਲੱਗਿਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਬਾਹਰ ਬੋਹੜ ਹੇਠਾਂ ਫ਼ਕੀਰੀ ਭੇਸ ਵਿਚ ਬੈਠੇ ਹੋਏ ਹਨ, ਤਾਂ ਉਹ ਪਿੰਡ ਦੇ ਚੌਧਰੀ ਅਜਿੱਤੇ ਰੰਧਾਵੇ ਨੂੰ ਨਾਲ ਲੈ ਕੇ ਗੁਰੂ ਜੀ ਪਾਸ ਆਏ ਅਤੇ ਬਹੁਤ ਵੱਧ-ਘੱਟ ਗੱਲਾਂ ਕੀਤੀਆਂ। ਪਰ ਕੁਝ ਦਿਨ੍ਹਾਂ ਬਾਅਦ ਗੁਰੂ ਸਾਹਿਬ ਨੇ ਕਰਤਾਰਪੁਰ ਵਸਾਉਣ ਦਾ ਵਿਚਾਰ ਭਾਈ ਅਜਿੱਤੇ ਰੰਧਾਵੇ ਨੂੰ ਦੱਸਿਆ। ਉਹ ਨਾ ਸਿਰਫ ਖੁਸ਼ ਹੋਇਆ, ਸਗੋਂ ਸਾਰੇ ਪਿੰਡਾਂ ਕੋਲੋਂ ਜ਼ਮੀਨ ਵੀ ਲੈ ਦਿੱਤੀ। ਭਾਈ ਅਜਿਤੇ ਰੰਧਾਵੇ ਨੇ ਗੁਰੂ ਜੀ ਦੇ ਨਿਵਾਸ ਵਾਸਤੇ ਛੇਤੀ ਹੀ ਕੋਠੇ ਪਾ ਦਿੱਤੇ। ਇਤਿਹਾਸ ਵਿਚ ਜ਼ਿਕਰ ਹੈ ਕਿ ੧੩ ਮਾਘ ਸੰਮਤ ੧੫੭੨ ਨੂੰ ਮੋੜੀ ਗੱਡੀ, ਇਸ ਤਰ੍ਹਾਂ ਇਹ ਜਨਵਰੀ ਦੀ ੯ ਤਾਰੀਖ ਸੰਨ ੧੫੧੬ ਈ. ਬਣਦਾ ਹੈ।
ਇਕ ਵਾਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਅਤੇ ਭਾਈ ਮਰਦਾਨਾ ਜੀ ਕੀਰਤਨ ਕਰਨ ਵਿਚ ਮਗਨ ਸਨ ਅਤੇ ਇਹ ਕੀਰਤਨ ਸੁਣ ਕੇ ਉਸ ਸਥਾਨ ‘ਤੇ ਦੁਨੀ ਚੰਦ ਨਾਂਅ ਦੇ ਵਿਅਕਤੀ ਦੀ ਪਤਨੀ ਮੀਤੋ ਆਈ ਤੇ ਉਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਬੇਹੱਦ ਪ੍ਰਭਾਵਿਤ ਹੋਈ। ਉਸ ਨੇ ਇਸ ਸੰਬੰਧੀ ਆਪਣੇ ਪਤੀ ਦੁਨੀ ਚੰਦ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਇਸ ਇਲਾਕੇ ਵਿਚ ਆਮਦ ਬਾਰੇ ਗੱਲ ਕੀਤੀ। ‘ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਕੀ’ ਵਿਚ ਜ਼ਿਕਰ ਹੈ ਕਿ :

“ਜੇ ਕੋਈ ਸੁਨੈ ਸੋ ਸਭੁ ਆਵੈ। ਲੋਕੁ ਆਖਣ, ‘ਕੋਈ ਖੁਦਾਇ ਦਾ ਫਕੀਰ ਪੈਦਾ ਹੋਇਆ ਹੈ। ਨਾਨਕ ਨਾਉ ਹੈ ਅਤੇ ਆਪਣੇ ਖੁਦਾਇ ਨਾਲ ਰੱਤਾ ਹੈ।’ ਲੋਕ ਬਹੁਤੁ ਜੁੜਿ ਆਏ। ਜੋ ਆਵੈ ਸੋ ਪਰਚ ਜਾਵੈ ਅਤੇ ਮੁਰੀਦ ਭੀ ਹੋਵਨੁ। ਜੋ ਬਾਬਾ ਸਲੋਕੁ ਕਹਿੰਦਾ ਸਾ ਸੋ ਪਰਗਟ ਹੋਏ। ਏਹੁ ਸਲੋਕੁ ਫਕੀਰ ਦਾਨਿਆਂ ਨਾਲ ਗਾਂਵਦੇ ਸੇ:

ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥

ਤਬ ਬਹੁਤੁ ਉਸਤਤੁ ਹੋਈ, ਜੋ ਕੋਈ ਹਿੰਦੂ, ਮੁਸਲਮਾਨ ਆਵੈ-ਜੋਗੀ, ਸੰਨਿਆਸੀ, ਬ੍ਰਹਮੁਚਾਰੀ, ਤਪੀਏ, ਤਪੀਸਰੁ, ਦਿਗੰਬਰ, ਬੈਸਨੋ, ਉਦਾਸੀ, ਗ੍ਰਿਹਸਤੀ, ਬੈਰਾਗੀ, ਖਾਨ ਖਵੀਨ, ਉਮਰਾਉ, ਕਰੋੜੀਏ, ਭੂਮੀਏ ਜੋ ਕੋਈ ਆਵੈ ਸੋ ਤਰ ਜਾਇ। ਸਭੁ ਲੋਕੁ ਉਸਤਤੁ ਕਰਨ। ਜਿੱਥੇ ਬਾਬਾ ਰਹਿੰਦਾ ਸੀ ਉਸ ਗਿਰਾਉਂ ਪਾਸ ਇਕ ਕਰੋੜੀਆ ਰਹਿੰਦਾ ਸੀ। ਉਨੁ ਕਹਿਆ, ਜੋ, “ਏਹੁ ਕਉਨ ਹੈ, ਜੁ ਸਭ ਇਸ ਦਾ ਨਾਉ ਲੈਂਦੇ ਹੈਨ? ਹਿੰਦੂ ਤਾਂ ਖਰਾਬ ਕੀਏ ਥੇ, ਪਰ ਮੁਸਲਮਾਨਾਂ ਭੀ ਈਮਾਨ ਖੋਇਆ। ਕਿਆ ਈਮਾਨੁ ਹੈ ਮੁਸਲਮਾਨਾ ਕਾ, ਜੋ ਇਸ ਉਪਰ ਈਮਾਨ ਰਖਦੇ ਹੈਨ, ਪਰ ਚਲੋ ਬੰਨਿ ਲੈ ਆਵੀਐ।”

ਲਾਹੌਰ ਦਾ ਰਹਿਣ ਵਾਲਾ ਇਕ ਖੱਤਰੀ ਦੁਨੀ ਚੰਦ ਕਲਾਨੌਰ ਪਰਗਨੇ ਦਾ ਹਾਕਮ ਸੀ। ਉਹ ਕਰੋੜੀ ਮੱਲ ਦੇ ਨਾਮ ਨਾਲ ਮਸ਼ਹੂਰ ਸੀ। ਕਰੋੜੀ ਮੱਲ ਗੁਰੂ ਸਾਹਿਬ ਜੀ ਨਾਲ ਈਰਖਾ ਕਰਨ ਲੱਗ ਪਿਆ। ਇਕ ਦਿਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਗ੍ਰਿਫ਼ਤਾਰ ਕਰਨ ਦੇ ਮਕਸਦ ਨਾਲ ਜਦੋਂ ਰਵਾਨਾ ਹੋਇਆ ਤਾਂ ਘੋੜੇ ਦੀ ਰਕਾਬ ਤੋਂ ਪੈਰ ਤਿਲਕਣ ਕਾਰਨ ਡਿੱਗ ਪਿਆ ਤੇ ਬੇਇੱਜ਼ਤ ਹੋਇਆ। ਅਗਲੇ ਦਿਨ ਫਿਰ ਜਦੋਂ ਦੁਬਾਰਾ ਚੜ੍ਹਿਆ ਤਾਂ ਰਸਤੇ ਵਿਚ ਦਿਸਣਾ ਬੰਦ ਹੋ ਗਿਆ। ਫਿਰ ਜਦ ਹੰਕਾਰ ਖ਼ਤਮ ਹੋ ਗਿਆ ਤਾਂ ਨਿਮਾਣਾ ਬਣ ਕੇ ਨੰਗੇ ਪੈਰੀਂ ਗੁਰੂ ਸਾਹਿਬ ਜੀ ਦੀ ਸ਼ਰਨ ਗਿਆ ਅਤੇ ਦਰਸ਼ਨ ਕਰ ਕੇ ਸ਼ਰਧਾਲੂ ਬਣ ਗਿਆ। ਪਿੰਡ ਦਾ ਪਟਾ ਲਿਖਾ ਕੇ ਉਸ ਨੇ ਆਪ

ਸੂਬੇ ਤੋਂ ਤਸਦੀਕ ਕਰਵਾ ਲਿਆਂਦਾ। ਕਰੋੜੀ ਮੱਲ ਨੇ ਧਰਮਸ਼ਾਲਾ ਵੀ ਬਣਵਾਈ। ਕਰੋੜੀ ਮੱਲ ਦੀ ਔਲਾਦ ਵਿੱਚੋਂ ਹੀ ਭਗਤ ਰਾਮ ਹੋਇਆ ਹੈ ਜੋ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਬਖ਼ਸ਼ੀ ਸੀ।

ਕਰਤਾਰਪੁਰ ਵੱਸਣ ਸਮੇਂ ਜਦ ਕਟੱੜ ਖਿਆਲਾਂ ਦੇ ਮੁਸਲਮਾਨਾਂ ਨੇ ਰੋਲਾ ਪਾਇਆ ਸੀ ਤਾਂ ਕਰੋੜੀ ਮੱਲ ਸਭ ਤੋਂ ਮੂਹਰੇ ਸੀ। ਮੁਫ਼ਤੀ ਅਲੀ ਉਦ ਦੀਨ ਨੇ ‘ਇਬਰਤ ਨਾਮਾ’ ਭਾਗ ਤੀਜੇ ਵਿਚ ਲਿਖਿਆ ਹੈ ਕਿ “ਕਰੋੜੀ ਮੱਲ ਇਹ ਆਖੀ ਫਿਰਦਾ ਸੀ ਕਿ ਇਹ ਅਜ਼ੀਬ ਮਹਾਂਪੁਰਸ਼ ਹੈ ਜਿਸ ਨੇ ਕਿ ਹਿੰਦੂ-ਮੁਸਲਮਾਨ ਦੋਹਾਂ ਦੇ ਧਰਮਾਂ ਵਿਚ ਹਲਚਲ ਮਚਾ ਦਿੱਤਾ ਹੈ। ਕੱਢ ਦਿਓ ਇਸ ਨੂੰ ਇੱਥੋਂ। ” ਪਰ ਫਿਰ ਗੁਰੂ ਜੀ ਦੀ ਅਜ਼ਮਤ ਦੇਖ ਕੇ ਗੁਰੂ ਪਾਤਸ਼ਾਹ ਦਾ ਹੀ ਹੋ ਗਿਆ।

ਕਰਤਾਰਪੁਰ ਦੇ ਵੱਸਣ ਨਾਲ ਹੀ ਤਲਵੰਡੀ ਦੀ ਬਹੁਤੀ ਵੱਸੋਂ ਕਰਤਾਰਪੁਰ ਆ ਗਈ। ਉੱਥੇ ਧਰਮਸ਼ਾਲਾ ਦੇ ਬਣ ਜਾਣ ਕਾਰਨ ਆਏ-ਗਏ ਨੂੰ ਠਹਿਰਨਾ ਕੋਈ ਔਖਾ ਨਹੀਂ ਸੀ। ਹਰ ਰੋਜ਼ ਕੀਰਤਨ ਹੁੰਦਾ। ਸਵੇਰ ਸਮੇਂ ਜਪੁਜੀ ਦਾ ਪਾਠ ਹੁੰਦਾ, ਦਿਨ ਦੇ ਸਮੇਂ ਕੀਰਤਨ ਅਤੇ ਸ਼ਾਮ ਨੂੰ ਸੋਦਰ ਤੇ ਆਰਤੀ ਗਾਈ ਜਾਂਦੀ।

ਮੁਨਸ਼ੀ ਸੋਹਣ ਲਾਲ ਦਾ ਕਹਿਣਾ ਹੈ ਕਿ ਆਤਮਿਕ ਸ਼ਾਂਤੀ ਲਈ ਹਰ ਸ਼ਹਿਰ ਤੇ ਹਰ ਪ੍ਰਾਂਤ ਦੇ ਲੋਕ ਆਪ ਜੀ ਦੀ ਸੇਵਾ ਵਿਚ ਹਾਜ਼ਰ ਹੁੰਦੇ ਤੇ ਖੁਸ਼ੀਆਂ ਪ੍ਰਾਪਤ ਕਰਦੇ। ਆਪ ਜੀ ਦੇ ਦੀਦਾਰ ਸਦਕਾ ਉਨ੍ਹਾਂ ਦੀਆਂ ਅੱਖਾਂ ਵਿਚ ਜਲਵਾ ਤੇ ਨੂਰਾਨੀ ਚਮਕ ਆ नांटी।

ਇਸ ਅਸਥਾਨ ‘ਤੇ ਗੁਰੂ ਸਾਹਿਬ ਦੀਆਂ ਸਰਗਰਮੀਆਂ ਬਾਰੇ ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਦੀਆਂ ਦੋ ਪਉੜੀਆਂ ੩੮ ਅਤੇ ੪੫ ਵਿਚ ਇਸ ਤਰ੍ਹਾਂ ਰੋਸ਼ਨੀ ਪਾਈ ਹੈ:

-ਫਿਰਿ ਬਾਬਾ ਆਇਆ ਕਰਤਾਰਪੁਰਿ ਭੇਖੁ ਉਦਾਸੀ ਸਗਲ ਉਤਾਰਾ।

ਪਹਿਰ ਸੰਸਾਰੀ ਕਪੜੇ ਮੰਜੀ ਬੈਠਿ ਕੀਆ ਅਵਤਾਰਾ।…

ਗਿਆਨੁ ਗੋਸਟਿ ਚਰਚਾ ਸਦਾ ਅਨਹਦਿ ਸਬਦਿ ਉਠੇ ਧੁਨਕਾਰਾ।

ਸੋਦਰੁ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪੁ ਉਚਾਰਾ।

ਗੁਰਮੁਖਿ ਭਾਰਿ ਅਥਰਬਣਿ ਭਾਰਾ॥੩੮॥

 

-ਜਾਰਤਿ ਕਰਿ ਮੁਲਤਾਨ ਦੀ ਫਿਰਿ ਕਰਤਾਰਿਪੁਰੋ ਨੋ ਆਇਆ।

ਚੜ੍ਹੇ ਸਵਾਈ ਦਿਹਿ ਦਿਹੀ ਕਲਿਜੁਗਿ ਨਾਨਕ ਨਾਮੁ ਧਿਆਇਆ॥ …

ਥਾਪਿਆ ਲਹਿਣਾ ਜੀਂਵਦੇ ਗੁਰਿਆਈ ਸਿਰਿ ਛਤ੍ਰ ਫਿਰਾਇਆ॥

ਜੋਤੀ ਜੋਤਿ ਮਿਲਾਇ ਕੈ ਸਤਿਗੁਰ ਨਾਨਕਿ ਰੂਪੁ ਵਟਾਇਆ।

ਕਰਤਾਰਪੁਰ ਆ ਕੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਪੀਰਾਂ-ਫਕੀਰਾਂ ਵਾਲੇ ਕੱਪੜੇ ਲਾਹ ਦਿੱਤੇ ਤੇ ਆਮ ਸੰਸਾਰੀ ਲੋਕਾਂ ਵਾਲੇ ਕੱਪੜੇ ਪਾ ਲਏ, ਪਰ ਆਪਣੀਆਂ ਉਦਾਸੀਆਂ (ਪ੍ਰਚਾਰ ਫੇਰੀਆਂ) ਪੂਰੀਆਂ ਕਰਨ ਤੋਂ ਬਾਅਦ ਹੀ ਗੁਰੂ ਜੀ ਪੱਕੇ ਤੌਰ ‘ਤੇ ਕਰਤਾਰਪੁਰ ਰਹਿਣ ਲੱਗੇ ਸੀ। ਸੋਢੀ ਮਿਹਰਬਾਨ ਵਾਲੀ ਸਾਖੀ ਮੁਤਾਬਕ ਸਵੇਰੇ-ਸ਼ਾਮ ਕੀਰਤਨ ਹੁੰਦੇ, ਬਾਣੀਆਂ ਪੜ੍ਹੀਆਂ ਜਾਂਦੀਆਂ ਸਨ।

ਕਰਤਾਰਪੁਰ ਸਾਹਿਬ ਸਿੱਖੀ ਦਾ ਸਭ ਤੋਂ ਪਹਿਲਾ ਸਥਾਨ ਹੈ; ਜੋ ਪਾਕਿਸਤਾਨ ਦੀ ਸਰਹੱਦ ਅੰਦਰ ਰਾਵੀ ਦਰਿਆ ਕੰਢੇ ਮੌਜੂਦ ਹੈ। ਇੱਥੇ ਸ੍ਰੀ ਗੁਰੂ ਨਾਨਕ ਸਾਹਿਬ ਜੀ ੧੮ ਸਾਲ ਰਹੇ ਤੇ ਸੱਚ ਦੇ ਧਰਮ ਦਾ ਉਪਦੇਸ਼ ਦਿੱਤਾ। ਕਰਤਾਰਪੁਰ ਵੱਸਣ ਤੋਂ ਬਾਅਦ ਰੋਜ਼ਾਨਾ ਬਹੁਤ ਸਾਰੀ ਸੰਗਤ ਪਹੁੰਚਦੀ ਤੇ ਦਰਸ਼ਨ-ਦੀਦਾਰੇ ਕਰਦੀ। ਸੰਗਤ ਗੁਰੂ ਜੀ ਦੇ ਕੋਲ ਰਹਿ ਕੇ ਮਨ ਦੇ ਸ਼ੰਕੇ ਦੂਰ ਕਰਦੀ। ਭਾਈ ਗੁਰਦਾਸ ਜੀ ਨੇ ਵੀਹ ਸਿੱਖਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਨੇ ਜੀਵਨ-ਪਦਵੀ ਪਾਈ । ਉਨ੍ਹਾਂ ਵਿਚ— ਭਾਈ ਤਾਰੂ ਜੀ, ਭਾਈ ਮੂਲਾ ਕੀੜ, ਭਾਈ ਪ੍ਰਿਥਾ, ਭਾਈ ਪੇਡਾ, ਭਾਈ ਰਾਮਾ ਡਿਡੀ, ਭਾਈ ਦੋਲਤ ਖਾਨ, ਭਾਈ ਮਾਲੋ, ਭਾਈ ਮਾਂਗਾ ਜੀ, ਭਾਈ ਕਾਲੂ ਖੱਤਰੀ, ਭਾਈ ਭਗਤਾ ਜਾਪੂ, ਭਾਈ ਵੰਸੀ, ਭਾਈ ਸੀਹਾਂ, ਭਾਈ ਗੱਜਣ ਉੱਪਲ, ਭਾਈ ਭਗੀਰਥ, ਭਾਈ ਅਜਿੱਤਾ, ਬਾਬਾ ਬੁੱਢਾ ਜੀ, ਭਾਈ ਪਿਰਾਣਾ ਜੀ ਅਤੇ ਭਾਈ ਜੋਧ ਜੀ ਦਾ ਨਾਮ ਆਉਂਦਾ ਹੈ। ਭਾਈ ਗੁਰਦਾਸ ਜੀ ਨੇ ਇਸ ਸੂਚੀ ਰਾਹੀਂ ਦੱਸਿਆ ਹੈ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਕੋਲ ਹਰੇਕ-ਜਾਤ, ਹਰੇਕ-ਪਾਤ, ਹਰੇਕ-ਦੇਸ਼, ਹਰੇਕ-ਧਰਮ ਹਰੇਕ-ਪ੍ਰਕਾਰ ਦੇ ਲੋਕ ਆਉਂਦੇ ਅਤੇ ਉਪਦੇਸ਼ ਪ੍ਰਾਪਤ ਕਰ ਕੇ ਆਪਣਾ ਜੀਵਨ ਸੁਆਰਦੇ। ਮੁਹਸਨ ਫਾਨੀ ਨੇ ਇਸੇ ਲਈ ‘ਦਾਬਿਸਤਾਨ-ਏ-ਮਜਾਹਿਬ ਵਿਚ ਲਿਖਿਆ ਹੈ ਕਿ “ਜੋ ਨਾਨਕ ਦੇ ਰਾਹ ਤੁਰ ਪੈਂਦੇ ਸਨ ਉਨ੍ਹਾਂ ਨੂੰ ‘ਕਰਤਾਰੀ’ ਕਿਹਾ ਜਾਂਦਾ ਸੀ। ਮੰਨਣ ਵਾਲੇ ਇਕ ਕਰਤਾਰ ਵਾਹਿਗੁਰੂ ਦੇ ਉਪਾਸ਼ਕ ਹੁੰਦੇ ਸਨ ਅਤੇ ਕਰਤਾਰ ਦੀ ਮਰਯਾਦਾ ਹੀ ਆਪਣੇ ਨਗਰਾਂ ਤੇ ਜੀਵਨ ਵਿਚ ਨਿਭਾਉਂਦੇ ਸਨ।

ਕਰਤਾਰਪੁਰ ਦੀ ਮਰਯਾਦਾ ਸਮਝਣੀ ਕੋਈ ਸੌਖਾ ਕੰਮ ਨਹੀਂ ਸੀ। ਕਈ ਕਰਤਾਰਪੁਰ ਆਉਂਦੇ ਗੁਰੂ ਜੀ ਨੂੰ ਖੇਤਾਂ ਵਿਚ ਹੱਲ ਵਾਹੁੰਦਿਆਂ ਦੇਖ ਕੇ ਵਾਪਸ ਚਲੇ ਜਾਂਦੇ । ਕੋਈ ਗੁਰੂ ਜੀ ਨੂੰ ਗ੍ਰਿਹਸਥੀ ਦੇਖ ਨੱਕ ਚਿੜਾਉਂਦੇ। ਇਕ ਵਾਰ ਇਕ ਸਾਧੂਆਂ ਦੀ ਮੰਡਲੀ ਆਈ ਤੇ ਉਨ੍ਹਾਂ ਨੇ ਗੁਰੂ ਜੀ ਦੇ ਮਿੱਟੀ ਵਿਚ ਲਿੱਬੜੇ ਹੱਥ ‘ਤੇ ਸੇਵਕਾਂ ਨੂੰ ਲੱਕੜਾਂ ਪਾੜਦੇ ਤੇ ਲੰਗਰ ਤਿਆਰ ਕਰਦੇ ਦੇਖ ਕਿਹਾ, “ਗੁਰੂ ਨਾਨਕ ਤੁਸੀਂ ਤਾਂ ਸਾਨ੍ਹ (ਜਾਨਵਰ) ਪਾਲ ਰੱਖੇ ਹਨ। ਗੁਰੂ ਜੀ ਨੇ ਉੱਤਰ ਦੇਣ ਦੀ ਥਾਂ ਉਸ ਟੋਲੀ ਦੇ ਮੁਖੀ ਨੂੰ ਕੁਝ ਦਿਨ ਹੋਰ ਟਿਕਣ ਲਈ ਕਿਹਾ ਅਤੇ ਜਦ ਉਹ ਕੁਝ ਦਿਨਾਂ ਬਾਅਦ ਵਾਪਸ ਜਾਣ ਲੱਗੇ ਤਾਂ ਉਸ ਟੋਲੀ ਦੇ ਮੁਖੀ ਨੇ ਕਿਹਾ, “ਨਾਨਕ ਜੀ, ਤੁਸੀਂ ਤਾਂ ਇਨਸਾਨ ਪਾਲ ਰੱਖੇ ਹਨ।” ਮਹਾਰਾਜ ਨੇ ਕੁਝ ਦਿਨ ਹੋਰ ਰਹਿਣ ਲਈ ਕਿਹਾ। ਜਦੋਂ ਫਿਰ ਜਾਣ ਲੱਗੇ ਤਾਂ ਉਨ੍ਹਾਂ ਨੇ ਕਿਹਾ ਕਿ “ਗੁਰੂ ਨਾਨਕ ਜੀ ਤੁਸੀਂ ਤਾਂ ਦੇਵਤੇ ਪਾਲ ਰੱਖੇ ਹਨ। ” ਮਹਾਰਾਜ ਨੇ ਕੁਝ ਦਿਨ ਹੋਰ ਟਿਕਣ ਲਈ ਕਿਹਾ। ਜਦ ਉਹ ਅੰਤਿਮ ਵਿਦਾਇਗੀ ਲੈਣ ਲੱਗੇ ਤਾਂ ਸਾਰੇ ਗੁਰੂ ਪਾਤਸ਼ਾਹ ਦੇ ਚਰਨਾਂ ‘ਤੇ ਝੁਕ ਗਏ ਤੇ ਇਕ ਜ਼ਬਾਨ ਨਾਲ ਬੋਲ ਉੱਠੇ ਕਿ- “ਮਹਾਰਾਜ ਤੁਸੀਂ ਤਾਂ ਪਰਮਾਤਮਾ ਦੇ ਰੂਪ ਪਾਲੇ ਹੋਏ ਹਨ। ” ਭਾਈ ਵੀਰ ਸਿੰਘ ਜੀ ਨੇ ਲਿਖਿਆ ਕਿ- “ਗੁਰੂ ਨਾਨਕ ਜਗਤ ਵਿਚ ਆਇਆ ਅਸੀਂ ਪਸ਼ੂ ਸਾਂ ਸਾਨੂੰ ਆਦਮੀ ਬਣਾਇਆ।” ਫਿਰ ਆਦਮੀ ਤੋਂ ਸਾਨੂੰ
ਦੇਵਤਾ ਬਣਾ ਦਿੱਤਾ। ਸਾਡਾ ਹੁਣ ਧਰਮ ਇਹ ਹੈ ਕਿ ਧਰਮ ਦੀ ਕਿਰਤ ਕਰੀਏ, ਨਾਮ ਜਪੀਏ ਅਤੇ ਵੰਡ ਛਕੀਏ। ”

ਸ੍ਰੀ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਦੀ ਧਰਤੀ ‘ਤੇ ਇਨਕਲਾਬ ਲਿਆਂਦਾ ਜਦੋਂ ਪੁੱਤਰਾਂ ਨੂੰ ਛੱਡ ਭਾਈ ਲਹਿਣਾ ਜੀ ਨੂੰ ਗੁਰਿਆਈ ਬਖ਼ਸ਼ੀ। ਇਸੇ ਧਰਤੀ ‘ਤੇ ਗੁਰੂ ਨਾਨਕ ਪਾਤਸ਼ਾਹ ੨੨ ਸਤੰਬਰ, ੧੫੩੯ ਈ. ਨੂੰ ਜੋਤੀ ਜੋਤ ਸਮਾਏ।

ਰਾਬਰਟ ਐਨ: ਕਸਟ ਲਿਖਦਾ ਹੈ ਕਿ- “ਸੰਸਾਰ ਵਿਚ ਕਿਧਰੇ ਇਹ ਨਹੀਂ

ਦੇਖਿਆ ਜਾ ਸਕਦਾ ਕਿ ਇੱਕੋ ਪੁਰਸ਼ ਦਾ ਮਕਬਰਾ ਤੇ ਸਮਾਧ ਬਣੀ ਹੋਵੇ ਤੇ ਇਹ ਦੀਵਾਰ ਸਾਂਝੀ ਹੋਵੇ।” ਗੁਰੂ ਜੀ ਨੂੰ ਸ਼ਾਇਦ ਇਹ ਨਹੀਂ ਸੀ ਭਾਂਵਦਾ ਕਿ ਉਨ੍ਹਾਂ ਦੀ ਸਮਾਧ ਜਾਂ ਮਕਬਰਾ ਬਣੇ। ਕਈ ਯਤਨ ਹੋਏ ਕਿ ਸਮਾਧ ਜਾਂ ਨਿਸ਼ਾਨੀ ਬਣ ਜਾਵੇ, ਪਰ ਰਾਵੀ ਨੇ ਪੇਸ਼ ਨਾ ਜਾਣ ਦਿੱਤੀ । ਰਾਵੀ ਗੁਰੂ ਜੀ ਦਾ ਸੰਦੇਸ਼ ਅਠਾਰ੍ਹਾਂ ਸਾਲ ਸੁਣਦੀ ਰਹੀ, ਉਹ ਝੂਠੀਆਂ ਨਿਸ਼ਾਨੀਆਂ ਕਿਵੇਂ ਕਾਇਮ ਰਹਿਣ ਦਿੰਦੀ। ਮਰਾਠੀ ਵਿਦਵਾਨ ਮਹੀਪਤ ਨੇ ਭਗਤ ਲੀਲਾਮ੍ਰਿਤ ਵਿਚ ਲਿਖਿਆ ਹੈ ਕਿ “ਗੁਰੂ ਨਾਨਕ ਨੂਰ ਸੀ।

ਕਰਤਾਰਪੁਰ ਸਾਹਿਬ ਗੁਰਦੁਆਰਾ ਦੀ ਸੇਵਾ-ਸੰਭਾਲ ਲਈ ੩੭੫ ਰੁਪਏ ਸਾਲਾਨਾ ਜਾਗੀਰ ਤੇ ੭੦ ਘੁਮਾਉਂ ਜ਼ਮੀਨ ਸਿੱਖ ਰਾਜ ਸਮੇਂ ਲਗਾਈ ਗਈ ਤੇ ਇਸ ਦਾ ਸਾਰਾ ਪ੍ਰਬੰਧ ਇਕ ਉਦਾਸੀ ਸਾਧੂ ਦੇ ਸਪੁਰਦ ਕੀਤਾ ਗਿਆ। ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਦੇ ਨਾਲ ਜਿੱਥੇ ਗੁਰੂ ਨਾਨਕ ਨਾਮ-ਲੇਵਾ ਸੰਗਤ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰ ਕਰ ਸਕੇਗੀ, ਉੱਥੇ ਗੁਰੂ ਨਾਨਕ ਪਾਤਸ਼ਾਹ ਦਾ ਸੰਦੇਸ਼ ਹੀ ਦੋਨਾਂ ਦੇਸ਼ਾਂ ਵਿਚ ਸ਼ਾਂਤੀ ਲਿਆਉਣ ਵਿਚ ਸਹਾਈ ਹੋ ਸਕੇਗਾ।

-ਸ. ਹਰਵਿੰਦਰ ਸਿੰਘ ਖਾਲਸਾ’ ਬਠਿੰਡਾ