ਸਤਿਗੁਰੁ ਨਾਨਕੁ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।
(ਵਾਰ ੧:੨੭)
ਭਾਈ ਗੁਰਦਾਸ ਜੀ ਦੇ ਇਸ ਕਥਨ ਵਿਚ ਕਿੰਨੀ ਵੱਡੀ ਸਚਾਈ ਹੈ, ਕਿਉ ਜੋ ਸ੍ਰੀ ਗੁਰੂ ਨਾਨਕ ਦੇਵੀ ਜੀ ਦੇ ਪ੍ਰਕਾਸ਼ ਧਾਰਨ ਦੇ ਵਕਤ ਸਮਾਜ ਵੱਡੇ ਅੰਧ-ਵਿਸ਼ਵਾਸ, ਵਹਿਮਾਂ-ਭਰਮਾਂ, ਅਗਿਆਨਤਾ ਅਤੇ ਇੱਥੋਂ ਤਕ ਕਿ ਵੱਖ-ਵੱਖ ਦੇਵੀ-ਦੇਵਤਿਆਂ ਦੀ ਪੂਜਾ ਵਰਗੇ ਭੁਲੇਖਿਆਂ ਵਿਚ ਪਿਆ ਹੋਇਆ ਸੀ ਜਦੋਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਰਮ ਸਚਾਈ ਨੂੰ, ਜਿਸ ਵਿਚ ਧਾਰਮਿਕ ਅੰਧ-ਵਿਸ਼ਵਾਸ ਨੂੰ ਦੂਰ ਕਰ ਕੇ ਸਾਰੇ ਸੰਸਾਰ ਵਿਚ ਇੱਕ ਕਰਤਾ ਦਾ ਵਿਚਾਰ ਦਿੱਤਾ ਅਤੇ ਸਮਝਾਇਆ ਕਿ ਪਰਮਾਤਮਾ ਇੱਕ ਹੈ, ਉਸ ਦਾ ਨਾਂ ਹਮੇਸ਼ਾਂ ਸੱਚਾ ਅਤੇ ਅਟੱਲ ਹੈ, ਉਸ ਨੂੰ ਕਿਸੇ ਦਾ ਡਰ ਨਹੀਂ, ਨਾ ਹੀ ਉਸ ਦਾ ਕਿਸੇ ਨਾਲ ਵੈਰ ਹੈ। ਉਸ ’ਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ, ਉਸ ਦੀ ਕੋਈ ਮੂਰਤ ਨਹੀਂ । ਨਾ ਉਹ ਜਨਮ ਲੈਂਦਾ ਹੈ, ਨਾ ਮਰਦਾ ਹੈ ਅਤੇ ਉਹ ਆਪਣੇ ਆਪ ਤੋਂ ਆਪ ਪੈਦਾ ਹੋਇਆ ਹੈ ਅਤੇ ਅਜਿਹਾ ਕਰਤਾ ਗੁਰੂ ਦੀ ਮਿਹਰ ਨਾਲ ਹੀ ਪ੍ਰਾਪਤ ਹੁੰਦਾ ਹੈ। ਇਹ ਉਹ ਵੱਡੀ ਸਚਾਈ ਹੈ ਜਿਸ ਨੂੰ ਸਾਰੀ ਲੋਕਾਈ ਨੇ ਸਵੀਕਾਰ ਕੀਤਾ ਹੈ ਪਰਮਾਤਮਾ ਦੀ ਹੋਂਦ ਨੂੰ ਇਕ ਕਰਤਾ ਦੀ ਹੋਂਦ ‘ਤੇ ਕੇਂਦਰਿਤ ਕੀਤਾ। ਉਸ ਸਮੇਂ ਦੇ ਕੁਝ ਲੋਕਾਂ ਵੱਲੋਂ ਪੱਥਰਾਂ ਦੀ ਪੂਜਾ ਵੀ ਕੀਤੀ ਜਾਂਦੀ ਸੀ, ਪਰ ਗੁਰੂ ਜੀ ਨੇ ਉਨ੍ਹਾਂ ਨੂੰ ਉਪਦੇਸ਼ ਦਿੱਤਾ :
ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ ॥
ਪਾਹੁਣ ਨੀਰਿ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ੬੩੭)
ਜਿਸ ਵਿਚ ਇਹ ਵਿਚਾਰ ਦਰਸਾਇਆ ਗਿਆ ਹੈ ਕਿ ਪੱਥਰਾਂ ਦੀ ਮੂਰਤੀ ਤਾਂ ਪਾਣੀ ਵਿਚ ਡੁੱਬ ਜਾਂਦੀ ਹੈ ਅਤੇ ਜਿਹੜੀ ਮੂਰਤੀ ਆਪਣੇ ਆਪ ਨੂੰ ਵੀ ਡੁੱਬਣ ਤੋਂ ਨਹੀਂ ਬਚਾ ਸਕਦੀ, ਉਹ ਸਾਨੂੰ ਕਿਵੇਂ ਤਾਰੇਗੀ! ਇਸ ਤਰ੍ਹਾਂ ਵੱਖ-ਵੱਖ ਦੇਵੀ-ਦੇਵਤਿਆਂ ਨੂੰ ਪੂਜਣ ਦੀ ਬਜਾਇ ਇਕ ਕਰਤਾ ਜੋ ਹਰ ਜਗ੍ਹਾ, ਹਰ ਸਮੇਂ ਅਤੇ ਹਰ ਕਣ-ਕਣ ਵਿਚ ਹੈ ਉਸ ਦੀ ਸਿਫਤ ਸਲਾਹ ਕਰ ਕੇ ਉਸ ਨੂੰ ਯਾਦ ਰੱਖਣਾ ਹੀ ਯੋਗ ਹੈ। ਪਰਮ-ਹਸਤੀ ਦੇ ਸਦੀਵੀ ਸੱਚ ਦੀ ਗੁਰੂ ਜੀ ਨੇ ਵਿਆਖਿਆ ਕੀਤੀ ਅਤੇ ਗੁਰੂ ਜੀ ਅਨੁਸਾਰ:
ਆਦਿ ਸਚੁ ਜੁਗਾਦਿ ਸਚੁ ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥(ਅੰਗ, ੧)
ਉਹ ਸੱਚ ਜੋ ਸਦੀਵੀ ਹੈ, ਕਦੀ ਬਦਲਦਾ ਨਹੀਂ, ਉਹ ਸਦਾ ਅਟੱਲ ਹੈ। ਉਹ
ਪਹਿਲਾਂ ਵੀ ਸੱਚ ਸੀ ਹੁਣ ਵੀ ਸੱਚ ਹੈ ਅਤੇ ਭਵਿੱਖ ਵਿਚ ਵੀ ਸੱਚ ਰਹੇਗਾ। ਇਹ ਉਹ ਚਾਨ੍ਹਣ ਸੀ ਜਿਸ ਨੂੰ ਸਾਰੀ ਖਲਕਤ ਨੇ ਮੰਨਿਆ।
ਗੁਰੂ ਜੀ ਨੇ ਪਰਮਾਤਮਾ ਨੂੰ ਕਿਸੇ ਖਾਸ ਜਗ੍ਹਾ ‘ਤੇ ਹੀ ਬੈਠਾ ਹੋਇਆ ਨਹੀਂ, ਸਗੋਂ ਹਰ ਥਾਂ ‘ਤੇ ਪ੍ਰਤੀਤ ਕੀਤਾ। ਮੱਕੇ ਵਿਖੇ ਜਾ ਕੇ ਗੁਰੂ ਜੀ ਨੇ ਪਰਮਾਤਮਾ ਨੂੰ ਕਿਸੇ ਖਾਸ ਹੀ ਜਗ੍ਹਾ ‘ਤੇ ਹੋਣ ਸਬੰਧੀ ਭੁਲੇਖੇ ਦੂਰ ਕੀਤੇ ਅਤੇ ਵਿਆਖਿਆ ਕੀਤੀ ਕਿ ਪਰਮਾਤਮਾ ਕਿਸੇ ਖਾਸ ਜਗ੍ਹਾ ਜਾਂ ਕਿਸੇ ਖਾਸ ਦਿਸ਼ਾ ਵਿਚ ਨਹੀਂ, ਸਗੋਂ ਹਰ ਜਗ੍ਹਾ ਹੈ। ਇਹ ਉਹ ਅਟੱਲ ਅਤੇ ਸਦੀਵੀ ਸਚਾਈ ਹੈ, ਜਿਸ ਨੇ ਸਾਰੇ ਸੰਸਾਰ ਦੀ ਅਗਵਾਈ ਕੀਤੀ ਅਤੇ ਪਰਮਾਤਮਾ ਦੀ ਹੋਂਦ ਬਾਰੇ ਅਨੇਕਾਂ ਭੁਲੇਖਿਆਂ ਅਤੇ ਭਰਮਾਂ ਨੂੰ ਗਿਆਨ ਦੇ ਚਾਨ੍ਹਣ ਨਾਲ ਦੂਰ ਕੀਤਾ। ਇਸ ਅਟੱਲ ਅਤੇ ਸਦੀਵੀ ਸਚਾਈ ਨੇ ਉਸ ਵਕਤ ਅੰਧ-ਵਿਸ਼ਵਾਸ ਵਿਚ ਗ੍ਰਸਤ ਸਾਰੀ ਦੁਨੀਆ ਨੂੰ ਠੀਕ ਸੇਧ ਦਿੱਤੀ।
ਗੁਰੂ ਜੀ ਦੀ ਰੂਹਾਨੀ ਬਿਰਤੀ ਦੀ ਪਹਿਚਾਣ ਉਨ੍ਹਾਂ ਦੇ ਬਚਪਨ ਵਿਚ ਹੀ ਕਰ ਲਈ ਗਈ ਸੀ ਜਦੋਂ ਉਨ੍ਹਾਂ ਦੀ ੭ ਸਾਲ ਦੀ ਉਮਰ ਵਿਚ ਪੰਡਿਤ ਗੋਪਾਲ ਜੀ ਕੋਲ ਪੜ੍ਹਣ ਲਈ ਭੇਜਿਆ ਤਾਂ ਪੰਡਿਤ ਜੀ, ਉਨ੍ਹਾਂ ਦੇ ਗਿਆਨ ਨਾਲ ਪ੍ਰਭਾਵਿਤ ਹੋਏ ਅਤੇ ਫਿਰ ੯ ਸਾਲ ਦੀ ਉਮਰ ਵਿਚ ਉਸ ਵਕਤ ਦੇ ਰਿਵਾਜ ਅਨੁਸਾਰ ਜਦੋਂ ਪ੍ਰੋਹਿਤ ਹਰਦਿਆਲ ਨੇ ਉਨ੍ਹਾਂ ਨੂੰ ਜਨੇਊ ਪਾਉਣ ਲਈ ਬੁਲਾਇਆ ਤਾਂ ਉਨ੍ਹਾਂ ਦਾ ਇਹ ਉੱਤਰ ਸੀ ਕਿ ਉਹ ਦਇਆ, ਸੰਤੋਖ, ਜਤ ਅਤੇ ਸਤ ਦਾ ਜਨੇਊ ਹੀ ਪਾਉਣਗੇ । ਜਿਸ ਦਾ ਅਰਥ ਸੀ ਕਿ ਉਸ ਸਿਧਾਂਤ ਨੂੰ ਅਪਣਾਉਣਾ ਚਾਹੀਦਾ ਹੈ ਜਿਸ ਵਿਚ ਦਇਆ ਅਤੇ ਸੰਤੋਖ ਵਰਗੇ ਗੁਣਾਂ ਦਾ ਜ਼ਿੰਦਗੀ ਭਰ ਨਾਲ ਨਿਭਾਉਣ ਦਾ ਪ੍ਰਣ ਕਰਨ ਦਾ ਉਦੇਸ਼ ਹੋਣਾ ਚਾਹੀਦਾ ਹੈ। ਗੁਰੂ ਜੀ ਦੇ ਸ਼ਬਦ:
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥ (ਅੰਗ ੪੭੧)
ਇਹ ਉਸ ਆਯੂ ਵਿਚ ਇੰਨੀ ਉੱਚੀ ਰੂਹਾਨੀ ਬਿਰਤੀ ਦਾ ਪ੍ਰਤੀਕ ਸੀ, ਜਿਸ ਨੂੰ ਹਰ ਇਕ ਨੂੰ ਪ੍ਰਾਪਤ ਕਰਨ ਲਈ ਉਨ੍ਹਾਂ ਦਾ ਜ਼ਿੰਦਗੀ ਭਰ ਦਾ ਮੁੱਖ ਉਦੇਸ਼ ਰਿਹਾ ਅਤੇ ਦਇਆ ਭਾਵਨਾ ਜਿਹੜੀ ਸਭ ਧਰਮਾਂ ਦਾ ਆਧਾਰ ਹੈ ਉਸ ਦੀ ਸਿੱਖਿਆ ਦਿੱਤੀ। ਇਨਸਾਨੀਅਤ ਵਿਚ ਸਮਾਜਿਕ ਚੇਤਨਾ ਪੈਦਾ ਕਰਨ ਅਤੇ ਆਪਸ ਵਿਚ ਪ੍ਰਸਪਰ ਪਿਆਰ ਪੈਦਾ ਕਰਨ ਦੀ ਜਿੰਨੀ ਲੋੜ ਪਹਿਲਾਂ ਸੀ, ਉਨੀਂ ਹੁਣ ਹੈ ਅਤੇ ਉਹ ਹਮੇਸ਼ਾ ਰਹੇਗੀ, ਜਿਸ ਲਈ ਗੁਰੂ ਜੀ ਨੇ ਬਹੁਤ ਲੰਮਾ ਸਫ਼ਰ ਕੀਤਾ ਅਤੇ ਉਨ੍ਹਾਂ ਸਿਧਾਂਤਾਂ ਨੂੰ ਜੀਵਨ ਭਰ ਪ੍ਰਚਾਰਿਆ।
ਗੁਰੂ ਜੀ ਦੇ ਜੀਵਨ-ਕਾਲ ਦੇ ਸਮੇਂ ਭਾਰਤੀ ਉਪ ਮਹਾਂਦੀਪ ਮੁੱਖ ਤੌਰ ‘ਤੇ ਦੋ ਧਾਰਮਿਕ ਵਰਗਾਂ ਹਿੰਦੂ ਅਤੇ ਮੁਸਲਿਮ ਵਿਚ ਵੰਡਿਆ ਹੋਇਆ ਸੀ। ਦੋਵੇਂ ਹੀ ਆਪਣੇ ਆਪਣੇ ਰਸਤੇ ਰਾਹੀਂ ਪਰਮਾਤਮਾ ਤਕ ਪਹੁੰਚਣ ਦੀ ਪ੍ਰੋੜਤਾ ਕਰਦੇ ਸਨ। ਉਸ ਸਮੇਂ ਗੁਰੂ
ਜੀ ਨੇ ਪ੍ਰਚਾਰ ਕੀਤਾ ਕਿ ਕਰਤਾ ਤਾਂ ਇੱਕ ਹੈ, ਉਸ ਤਕ ਪਹੁੰਚਣ ਦੇ ਰਸਤੇ ਅਨੇਕਾਂ ਹਨ। ਨਾ ਕੋਈ ਹਿੰਦੂ ਹੈ, ਨਾ ਕੋਈ ਮੁਸਲਮਾਨ ਹੈ ਸਭ ਪਰਮਾਤਮਾ ਦੀ ਉਪਜ ਹਨ।
ਦੁਨੀਆ ਭਰ ਵਿਚ ਇਸ ਪ੍ਰਚਾਰ ਨੂੰ ਫ਼ੈਲਾਉਣ ਲਈ ਗੁਰੂ ਜੀ ਪੂਰਬ, ਪੱਛਮ, ਉੱਤਰ ਅਤੇ ਦੱਖਣ ਚਾਰੇ ਦਿਸ਼ਾਵਾਂ ਵਿਚ ਗਏ। ਉਹ ਪੂਰਬ ਵਿਚ ਬੰਗਲਾਦੇਸ਼, ਪੱਛਮ ਵਿਚ ਸਾਉਦੀ ਅਰਬੀਆ, ਉੱਤਰ ਵਿਚ ਤਿੱਬਤ ਅਤੇ ਦੱਖਣ ਵਿਚ ਸ੍ਰੀ ਲੰਕਾ ਵਿਖੇ ਗਏ। ਇਨ੍ਹਾਂ ਸਭ ਚਾਰਾਂ ਦਿਸ਼ਾਵਾਂ ਵਿਚ ਵੱਖ-ਵੱਖ ਧਾਰਮਿਕ ਵਿਸ਼ਵਾਸ ਸਨ, ਪਰ ਗੁਰੂ ਜੀ ਨੇ ਉਹ ਸਦੀਵੀ ਸੰਦੇਸ਼ ਕਿ ਕਰਤਾ ਤਾਂ ਇੱਕ ਹੀ ਹੈ, ਉਸ ਦਾ ਹੀ ਪ੍ਰਚਾਰ ਕੀਤਾ ਅਤੇ ਇਨ੍ਹਾਂ ਸਭ ਥਾਵਾਂ ‘ਤੇ ਆਮ ਲੋਕਾਈ ਦੇ ਸੰਦੇਹ ਦੂਰ ਕੀਤੇ ਅਤੇ ਪ੍ਰਸਪਰ ਭਰਾਤਰੀ ਭਾਵ ਪੈਦਾ ਕਰਨ ਦੀ ਵੱਡੀ ਕੋਸ਼ਿਸ਼ ਕੀਤੀ। ਮੁਲਤਾਨ ਦੀ ਜਗ੍ਹਾ ‘ਤੇ ਕਾਫ਼ੀ ਜ਼ਿਆਦਾ ਰੂਹਾਨੀ ਸੰਤ ਰਹਿੰਦੇ ਸਨ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਉਸ ਸ਼ਹਿਰ ਵਿਚ ਗਏ ਤਾਂ ਉਨ੍ਹਾਂ ਨੂੰ ਸੰਕੇਤ ਦੇ ਉਦੇਸ਼ ਨਾਲ ਦੁਧ ਦਾ ਭਰਿਆ ਹੋਇਆ ਕਟੋਰਾ ਦਿੱਤਾ ਗਿਆ, ਜਿਸ ਦਾ ਅਰਥ ਸੀ ਕਿ ਇਸ ਸ਼ਹਿਰ ਵਿਚ ਪਹਿਲਾਂ ਹੀ ਕਾਫ਼ੀ ਰੂਹਾਨੀ ਸੰਤ ਹਨ। ਪਰ ਗੁਰੂ ਜੀ ਨੇ ਦੁਧ ਦੇ ਕਟੋਰੇ ਵਿਚ ਇਕ ਫੁੱਲ ਰੱਖ ਦਿੱਤਾ, ਜਿਸ ਦੀ ਖੁਸ਼ਬੂ ਫੈਲਣ ਲੱਗ ਪਈ, ਜਿਸ ਦਾ ਅਰਥ ਸੀ ਕਿ ਭਾਵੇਂ ਇੱਥੇ ਕਈ ਰੂਹਾਨੀ ਸੰਤ ਹਨ, ਪਰ ਉਨ੍ਹਾਂ ਦਾ ਪ੍ਰਚਾਰ ਉਨ੍ਹਾਂ ਦੇ ਪ੍ਰਚਾਰ ਦੇ ਨਾਲ-ਨਾਲ ਉਨ੍ਹਾਂ ਦੇ ਗਿਆਨ ਵਿਚ ਹੋਰ ਵਾਧਾ ਕਰੇਗਾ।
ਉਸ ਵਕਤ ਸਮਾਜ ਵਿਚ ਇਸਤਰੀ ਦੀ ਸਥਿਤੀ ਬਹੁਤ ਕਮਜ਼ੋਰ ਸੀ। ਇਸਤਰੀ ਨਾਲ ਬਹੁਤ ਮਾੜਾ ਵਿਵਹਾਰ ਕੀਤਾ ਜਾਂਦਾ ਸੀ ਅਤੇ ਉਨ੍ਹਾਂ ਨੂੰ ਮਰਦਾਂ ਦੇ ਬਰਾਬਰ ਨਾ ਹੱਕ ਸਨ ਤੇ ਨਾ ਦਰਜਾ ਦਿੱਤਾ ਜਾਂਦਾ ਸੀ । ਗੁਰੂ ਜੀ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਅਤੇ ਇਸਤਰੀ ਦੀ ਸਥਿਤੀ ਸੁਧਾਰਨ ਲਈ ਪ੍ਰਚਾਰ ਕੀਤਾ ਅਤੇ ਇਸਤਰੀਆਂ ਨੂੰ ਮਰਦਾਂ ਦੇ ਬਰਾਬਰ ਪਰਮਾਤਮਾ ਦੀ ਭਗਤੀ ਕਰਨ ਦੀ ਪ੍ਰੋੜ੍ਹਤਾ ਕੀਤੀ । ਗੁਰੂ ਜੀ ਅਨੁਸਾਰ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ਅਤੇ ਉਨ੍ਹਾਂ ਦੇ ਇਹ ਵਿਚਾਰ ਦੁਨੀਆ ਭਰ ਵਿਚ ਸਦੀਵੀ ਰਾਹ ਵਿਖਾਉਣ ਵਾਲੇ ਹਨ ਅਤੇ ਇਨ੍ਹਾਂ ਵਿਚਾਰਾਂ ਨੇ ਦੁਨੀਆ ਭਰ ਦੀ ਸੋਚ ਨੂੰ ਪ੍ਰਭਾਵਿਤ ਕੀਤਾ ਹੈ।
ਗੁਰੂ ਜੀ ਨੇ ਮਨੁੱਖੀ ਅਧਿਕਾਰਾਂ ਲਈ ਪ੍ਰਚਾਰ ਵੀ ਕੀਤਾ ਅਤੇ ਅਮਲ ਵਿਚ ਲਿਆਉਣ ਦੇ ਯਤਨ ਕੀਤੇ। ਰੁਹੇਲ ਖੰਡ ਵਿਚ ਜਿੱਥੇ ਗ਼ਰੀਬ ਇਸਤਰੀਆਂ, ਮਰਦਾਂ, ਜਵਾਨ ਲੜਕੇ, ਲੜਕੀਆਂ ਦੀ ਗ਼ੁਲਾਮਾਂ ਦੀ ਮੰਡੀ ਲੱਗਦੀ ਸੀ, ਉੱਥੇ ਆਪ ਪਹੁੰਚ ਕੇ ਉੱਥੋਂ ਦੇ ਗ਼ੁਲਾਮਾਂ ਦੇ ਵਪਾਰੀ ਨੂੰ ਇਸ ਲਈ ਪ੍ਰਭਾਵਿਤ ਕੀਤਾ ਕਿ ਉਸ ਵੱਲੋਂ ਕਿੰਨਾ ਜੁਲਮ ਕੀਤਾ ਜਾ ਰਿਹਾ ਹੈ ਅਤੇ ਉਸ ਵਪਾਰੀ ਨੇ ਗੁਰੂ ਜੀ ਤੋਂ ਮੁਆਫ਼ੀ ਮੰਗੀ।
ਉਸ ਵਕਤ ਆਮ ਵਿਅਕਤੀ ਦਾ ਸ਼ੋਸ਼ਣ ਹੋ ਰਿਹਾ ਸੀ, ਅਮੀਰ ਲੋਕ ਗ਼ਰੀਬਾਂ ਦਾ ਸ਼ੋਸ਼ਣ ਕਰ ਰਹੇ ਸਨ। ਇਸ ਸਬੰਧੀ ਚੇਤਨਾ ਪੈਦਾ ਕਰਨ ਲਈ ਗੁਰੂ ਜੀ ਨੇ ਪ੍ਰਚਾਰ ਕੀਤਾ। ਇਕ ਅਮੀਰ ਵਿਅਕਤੀ ਮਲਕ ਭਾਗੋ ਵੱਲੋਂ ਭੋਜਨ ‘ਤੇ ਬੁਲਾਏ ਜਾਣ ‘ਤੇ,ਉਸ ਦੇ ਘਰ ਨਾ ਜਾਣਾ ਅਤੇ ਉਨ੍ਹਾਂ ਦੇ ਮੁਕਾਬਲੇ ਭਾਈ ਲਾਲੋ, ਜੋ ਇਕ ਕਿਰਤੀ ਸੀ ਉਸ ਦੇ ਘਰ ਜਾ ਕੇ ਪਰਸ਼ਾਦਾ ਛਕਣਾ ਇਸ ਗੱਲ ਦਾ ਸੰਕੇਤ ਸੀ ਕਿ ਉਹ ਸ਼ੋਸ਼ਣ ਨੂੰ ਪ੍ਰਵਾਨ ਨਹੀਂ ਕਰ ਸਕਦੇ। ਉਨ੍ਹਾਂ ਵੱਲੋਂ ਮਲਕ ਭਾਗੋ ਦਾ ਸੱਦਾ ਇਸ ਕਰਕੇ ਅਪ੍ਰਵਾਨ ਕੀਤਾ ਕਿ ਉਸ ਵਿੱਚੋਂ ਉਨ੍ਹਾਂ ਨੂੰ ਗ਼ਰੀਬਾਂ ਦਾ ਲਹੂ ਚੂਸ ਕੇ ਆਪਣੇ ਧਨ ਵਿਚ ਵਾਧਾ ਕੀਤਾ ਨਜ਼ਰ ਆਉਂਦਾ ਸੀ, ਜਦੋਂ ਕਿ ਭਾਈ ਲਾਲੋ ਦੇ ਭੋਜਨ ਵਿਚ ਹੱਥੀਂ ਕੀਤੀ ਕਿਰਤ ਦੇ ਦੁਧ ਦੀ ਖੁਸ਼ਬੋ ਆਉਂਦੀ ਹੈ। ਉਨ੍ਹਾਂ ਅਨੁਸਾਰ :
ਹਕੁ ਪਰਾਇਆ ਨਾਨਕਾ ਉਸ ਸੁਅਰ ਉਸੁ ਗਾਇ (ਅੰਗ,੧੪੧) ਕਿਸੇ ਲਈ ਵੀ, ਕਿਸੇ ਦਾ ਹੱਕ ਮਾਰ ਕੇ ਧਨ ਇਕੱਠਾ ਕਰਨਾ ਇਕ ਵੱਡੀ ਬੁਰਾਈ ਹੈ, ਜਿਸ ਦੇ ਖ਼ਿਲਾਫ ਗੁਰੂ ਜੀ ਨੇ ਪ੍ਰਚਾਰ ਕੀਤਾ ਜੋ ਇਕ ਸਦੀਵੀ ਗੁਣ ਹੈ ਜਿਹੜਾ ਹਰ ਯੁੱਗ ਵਿਚ ਲੋੜੀਂਦਾ ਹੈ।
ਗੁਰੂ ਜੀ ਨੇ ਹਰ ਇਕ ਨੂੰ ਆਤਮਿਕ ਗਿਆਨ ਦੀ ਰੋਸ਼ਨੀ ਪ੍ਰਾਪਤ ਕਰਨ ਦੀ ਪ੍ਰੇਰਨਾ ਦਿੱਤੀ, ਜਿਹੜੀ ਗੁਰੂ ਦੀ ਯਾਦ ਵਿੱਚੋਂ ਮਿਲਦੀ ਹੈ ਜੋ ਸੱਚੇ ਗਿਆਨ ਦੀ ਸ਼੍ਰੇਣੀ ਨਾਲ ਸੰਬੰਧਿਤ ਹੈ ਅਤੇ ਉਹ ਕਿਵੇਂ ਹੋਵੇ ਇਸ ਸਬੰਧੀ ਗੁਰੂ ਜੀ ਨੇ ਫੁਰਮਾਇਆ: ਕਿਵ ਸਚਿਆਰਾ ਹੋਈਐ, ਕਿਵ ਕੂੜੇ ਤੁਟੇ ਪਾਲਿ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੧) ਜਾਂ ਉਸ ਕੂੜ ਜਾਂ ਝੂਠ ਦਾ ਹਨੇਰਾ ਕਿਸ ਤਰ੍ਹਾਂ ਖਤਮ ਹੋਵੇ ਅਤੇ ਇਸ ਦਾ ਉੱਤਰ ਜਾਂ ਇਸ ਸਮੱਸਿਆ ਦਾ ਹੱਲ ਗੁਰੂ ਜੀ ਨੇ ਇਹ ਦਿੱਤਾ :
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥ (ਅੰਗ, ੧)
ਜਾਂ ਹੁਕਮ ਦੇ ਅਨੁਸਾਰ ਚੱਲਣਾ ਅਤੇ ਉਸ ਸੱਚੇ ਦੇ ਹੁਕਮ ਦੀ ਪਾਲਣਾ ਕਰਨੀ ਹੀ ਇਸ ਦਾ ਹੱਲ ਹੈ।
ਬਾਬਰ ਅਫ਼ਗ਼ਾਨਿਸਤਾਨ ਦਾ ਬਾਦਸ਼ਾਹ ਸੀ, ਜਦੋਂ ਉਸ ਨੇ ਹਿੰਦੁਸਤਾਨ ‘ਤੇ ਹਮਲਾ ਕੀਤਾ ਤਾਂ ਉਸ ਵਕਤ ਗੁਰੂ ਜੀ ਨੇ ਉਸ ਜ਼ਾਲਮ ਹੁਕਮਰਾਨ ਨੂੰ ਉਸ ਦੇ ਜ਼ੁਲਮ ਵਿਰੁੱਧ ਚੁਣੌਤੀ ਦਿੱਤੀ, ਭਾਵੇਂ ਕਿ ਉਨ੍ਹਾਂ ਨੂੰ ਜੇਲ੍ਹ ਵੀ ਭੁਗਤਨੀ ਪਈ। ਇਸ ਸੰਬੰਧੀ
ਗੁਰੂ ਜੀ ਦਾ ਫੁਰਮਾਨ ਹੈ:
ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥ (ਅੰਗ, ੭੨੨)
ਇਸ ਨਾਲ ਉਨ੍ਹਾਂ ਨੇ ਉਸ ਵਕਤ ਦੇ ਹਾਕਮਾਂ ਦੇ ਖ਼ਿਲਾਫ਼ ਰੋਸ ਦਾ ਪ੍ਰਗਟਾਵਾ ਕੀਤਾ ਅਤੇ ਇਹੋ ਜਿਹਾ ਸਮਾਜ ਸਿਰਜਣ ਦੀ ਕੋਸ਼ਿਸ਼ ਕੀਤੀ ਜਿਸ ਵਿਚ ਆਰਥਿਕ, ਸਮਾਜਿਕ, ਬਰਾਬਰੀ, ਇਨਸਾਫ਼, ਮਨੁੱਖੀ ਅਧਿਕਾਰ ਅਤੇ ਕਿਰਤ ਦੀ ਕਦਰ ਕਰਨ ਵਾਲਾ ਸਮਾਜ ਬਣੇ। ਗੁਰੂ ਜੀ ਨੇ ਇਹੋ ਜਿਹੇ ਸਮਾਜ ਵਿਚ ਗ਼ਰੀਬ, ਅਮੀਰ, ਉੱਚੇ ਨੀਵੇਂ, ਹਾਕਮ, ਪਰਜਾ ਸਭ ਲਈ ਸ਼ੁਭ ਅਮਲ ਕਰਨ ਦੀ ਪ੍ਰੇਰਨਾ ਕੀਤੀ। ਸ਼ੁਭ ਕਰਮ ਉਹ ਹਨ— ਜਿਸ ਵਿਚ ਕਥਨੀ ਅਤੇ ਕਰਨੀ ਇੱਕ ਹੋਏ ਸੱਚ-ਅਚਾਰ, ਸੱਚਾ ਹਿੰਦੂ
ਅਤੇ ਸੱਚਾ ਮੁਸਲਮਾਨ ਬਣਨ ਲਈ ਸੱਚਾ ਆਚਰਨ ਹੀ ਪਹਿਲਾ ਫ਼ਰਜ਼ ਹੈ। ਗੁਰੂ ਜੀ ਨੇ ਆਪ ਸੱਚੇ ਵਿਵਹਾਰ ਲਈ ਸੱਚੇ ਸੌਦੇ ਅਤੇ ਮੋਦੀ ਖਾਨੇ ਵਿਚ ਆਪਣਾ ਵਿਵਹਾਰ ਦਰਸਾਇਆ ਅਤੇ ਸੱਚੇ ਆਚਰਨ ਦੇ ਪ੍ਰਚਾਰ ਲਈ ਦਿਨ, ਰਾਤ, ਪਹਾੜਾਂ, ਜੰਗਲਾਂ, ਬੀਆਬਾਨਾਂ, ਡਾਕੂਆਂ, ਬਾਦਸ਼ਾਹਾਂ ਦਾ ਖ਼ੌਫ਼ ਨਹੀਂ ਵੇਖਿਆ, ਨਾ ਪੀਰਾਂ ਦਾ ਲਿਹਾਜ਼ ਕੀਤਾ ਨਾ ਮੁਰੀਦਾਂ ਦੀ ਤਰਫ਼ਦਾਰੀ ਕੀਤੀ।
ਹੱਥੀਂ ਕਿਰਤ ਕਰਨ ਦੀ ਮਹਾਨਤਾ ਨੂੰ ਨਾ ਸਿਰਫ਼ ਪ੍ਰਚਾਰਿਆ, ਬਲਕਿ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਆਪਣੇ ਹੱਥੀਂ ਖੇਤੀ ਕਰ ਕੇ ਜਨਤਾ ਦੇ ਸਾਹਮਣੇ ਉਦਾਹਰਨ ਪੇਸ਼ ਕੀਤੀ। ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਛਕਣ ਦੇ ਮੁੱਢਲੇ ਸਿਧਾਂਤਾਂ ਨੂੰ ਸਾਹਮਣੇ ਰੱਖ ਕੇ, ਉਹ ਸਦੀਵੀ ਸਿਧਾਂਤ ਜਿਹੜਾ ਹਰ ਜਗ੍ਹਾ ਅਤੇ ਹਰ ਵਕਤ ਮਹੱਤਤਾ ਰੱਖਦਾ ਹੈ, ਉਸ ਦਾ ਆਪਣੀ ਸਾਰੀ ਆਯੂ ਵਿਚ ਪ੍ਰਚਾਰ ਕੀਤਾ।
ਅਖੀਰ ਵਿਚ ਗੁਰੂ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਵਜੋਂ ਗੁਰਿਆਈ ਦੇ ਯੋਗ ਸਮਝ ਕੇ ਆਪਣਾ ਅੰਗ ਬਣਾ ਲਿਆ ਅਤੇ ਇਸ ਤੋਂ ਪਹਿਲਾਂ ਗੁਰੂ ਜੀ ਨੇ ਭਾਈ ਲਹਿਣਾ ਜੀ ਦੀਆਂ ਪ੍ਰੀਖਿਆਵਾਂ ਕੀਤੀਆਂ ਅਤੇ ਭਾਈ ਲਹਿਣਾ ਜੀ ਹਰੇਕ ਪ੍ਰੀਖਿਆ ਵਿਚ ਪੂਰੇ ਉਤਰੇ ਅਤੇ ਉਨ੍ਹਾਂ ਨੂੰ ਯੋਗ ਵਾਰਸ ਸਮਝ ਕੇ ਨਾਨਕ ਨਿਰਮਲ ਪੰਥ ਦਾ ਉਤਰਾਧਿਕਾਰੀ ਨਿਯੁਕਤ ਕੀਤਾ ਗਿਆ।
-ਡਾ. ਸਰਬਜੀਤ ਸਿੰਘ
