19 views 3 secs 0 comments

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਚਪਨ ਅਵਸਥਾ

ਲੇਖ
November 05, 2025

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਪਨ ਬਾਰੇ ਕਈ ਵਿਚਿੱਤਰ ਅਤੇ ਮਨ ਉਪਰ ਡੂੰਘਾ ਪ੍ਰਭਾਵ ਪਾਉਣ ਵਾਲੀਆਂ ਕਥਾਵਾਂ ਪ੍ਰਚਲਿਤ ਹਨ। ਕਿਹਾ ਜਾਂਦਾ ਹੈ ਕਿ ਗ੍ਰਾਮ ਦੇ ਵਿਹਾਰ ਅਨੁਸਾਰ ਜਦ ਉਨ੍ਹਾਂ ਨੂੰ ਛੋਟੀ ਆਯੂ ਵਿਚ ਵੱਗ ਦੀ ਚਰਾਈ ਲਈ ਬਾਹਰ ਭੇਜਿਆ ਗਿਆ ਤਾਂ ਇਹ ਪ੍ਰਭੂ-ਭਗਤੀ ਵਿਚ ਇੰਨੇ ਮਗਨ ਹੋ ਗਏ ਕਿ ਗਾਈਆਂ ਮੱਝੀਆਂ ਨੂੰ ਰੋਕਣ ਦਾ ਧਿਆਨ ਨਾ ਰਿਹਾ । ਪਸ਼ੂ ਇਕ ਜੱਟ ਦੇ ਖੇਤ ਵਿਚ ਜਾ ਵੜੇ। ਜੱਟ ਨੇ ਆਪਣੀ ਫਸਲ ਖ਼ਰਾਬ ਹੋਈ ਤੱਕ ਕੇ ਚੌਧਰੀ ਰਾਏ ਬੁਲਾਰ ਪਾਸ ਪੁਕਾਰ ਕੀਤੀ । ਪਰ ਜਦ ਨਾਨਕ ਜੀ ਪਾਸੋਂ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ, ਫਸਲ ਤਾਂ ਉਂਜ ਹੀ ਹੈ ਤਬਾਹੀ ਕੋਈ ਨਹੀਂ ਹੋਈ । ਲੋਕਾਂ ਸੱਚ ਮੁੱਚ ਜਾ ਦੇਖਿਆ ਤਾਂ ਪਾਰਬ੍ਰਹਮ ਸਿਰਜਣਹਾਰ ਦੀ ਕਿਰਪਾ ਦੁਆਰਾ ਫਸਲ ਦਾ ਕੁੱਝ ਵੀ ਨਹੀਂ ਸੀ ਗਿਆ। ਇੰਜ ਹੀ ਕਥਾ ਵਿਚ ਹੈ ਕਿ ਇਨ੍ਹਾਂ ਨੂੰ ਇਕ ਦਿਨ ਖੇਤ ਵਿਚ ਬਾਲਪਣ ਵਿਚ ਨੀਂਦਰ ਆ ਗਈ । ਇਕ ਰੁੱਖ ਤਲੇ ਸੌਂ ਰਹੇ । ਸਮਾਂ ਲੰਘਣ ਨਾਲ ਹੋਰਾਂ ਰੁੱਖਾਂ ਦੇ ਪਰਛਾਵੇਂ ਤਾਂ ਢਲ ਕੇ ਪੂਰਬ ਵੱਲ ਨੂੰ ਪੈਣ ਲੱਗੇ, ਪਰ ਜਿਸ ਰੁੱਖ ਥਲੇ ਇਹ ਸੁਤੇ ਸਨ ਉਸ ਦਾ ਪਰਛਾਵਾਂ ਇਨ੍ਹਾਂ ਦੇ ਮੁੱਖ ਉਪਰ ਤਿਵੇਂ ਦਾ ਤਿਵੇਂ ਹੀ ਰਿਹਾ। ਇਹ ਕੌਤਕ ਰਾਏ ਬੁਲਾਰ ਨੇ ਅੱਖੀਂ ਤੱਕਿਆ । ਉਸ ਨੂੰ ਪਹਿਲਾਂ ਤੋਂ ਪਤਾ ਸੀ ਕਿ ਇਹ ਬਾਲਕ ਪ੍ਰਭੂ-ਭਗਤੀ ਵਿਚ ਮਗਨ ਰਹਿੰਦਾ ਹੈ ਅਤੇ ਰੱਬ ਦਾ ਕੋਈ ਵਿਸ਼ੇਸ਼ ਅਤੇ ਸੱਚੀ ਲਗਨ ਵਾਲਾ ਜੀਵ ਹੈ। ਇਹ ਰੁੱਖ ਦੇ ਪਰਛਾਵੇਂ ਦਾ
ਕੌਤਕ ਤੱਕ ਕੇ ਤਾਂ ਉਸ ਨੇ ਸੁੱਤੇ ਹੋਏ ਬਾਲ ਨਾਨਕ ਨੂੰ ਨਮਸਕਾਰ ਕੀਤਾ ਅਤੇ ਆਪਣੇ ਸਾਥੀਆਂ ਪ੍ਰਤਿ ਦਸਿਆ ਕਿ ਇਹ ਤਾਂ ਕੋਈ ਰੱਬੀ ਅਵਤਾਰ, ਕੋਈ ਔਲੀਆ ਹੈ । ਸੋ ਸਭ ਨੇ ਮੱਥਾ ਟੇਕਿਆ ਅਤੇ ਇਹ ਆਮ ਚਰਚਾ ਹੋਣ ਲੱਗ ਪਈ ਕਿ ਕਾਲੂ ਦਾ ਪੁੱਤਰ ਨਾਨਕ ਕੋਈ ਸਾਧਾਰਣ ਜੀਵ ਨਹੀਂ; ਕੋਈ ਅਲੌਕਿਕ ਹਸਤੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪਾਂਧੇ ਅਤੇ ਮੌਲਵੀ ਪਾਸ ਸੰਸਕ੍ਰਿਤ, ਮਹਾਜਨੀ ਅਤੇ ਫ਼ਾਰਸੀ ਵਿੱਦਿਆ ਪੜ੍ਹਨ ਲਈ ਭੇਜਿਆ ਗਿਆ ਤਾਂ ਵੀ ਉਨ੍ਹਾਂ ਅਜਿਹੇ ਪ੍ਰਸ਼ਨ ਕੀਤੇ ਕਿ ਉਹ ਚਕਿਤ ਰਹਿ ਗਏ। ਗੁਰੂ ਜੀ ਨੇ ਇਨ੍ਹਾਂ ਨੂੰ ਆਖਿਆ ਕਿ ਅਜਿਹਾ ਗਿਆਨ ਦਿਓ ਜੋ ਇਸ ਜੀਵਨ ਨੂੰ ਅਤੇ ਆਉਣ ਵਾਲੇ ਜੀਵਨ ਨੂੰ ਸਵਾਰੇ, ਮਨੁੱਖ ਦਾ ਸਹਾਈ ਹੋਵੇ । ਇਹ ਸੰਸਾਰੀ ਗਿਣਤੀਆਂ ਮਿਣਤੀਆਂ ਕਿਸ ਕਾਰਜ ? ਇਹ ਉਹ ਉੱਚਾ ਬ੍ਰਹਮ ਗਿਆਨ ਸੀ ਜੋ ਆਪਣੀ ਆਤਮਾ ਵਿਚ ਗੁਰੂ ਨਾਨਕ ਦੇਵ ਜੀ ਨੂੰ ਫੁਰਿਆ ਅਤੇ ਜਿਸ ਦੀ ਸਿੱਖਿਆ ਪਿਛੋਂ ਜਾ ਕੇ ਉਨ੍ਹਾਂ ਮਨੁੱਖ ਮਾਤਰ ਨੂੰ ਦਿੱਤੀ। ਪਾਠਸ਼ਾਲਾ ਅਤੇ ਮੁੱਲਾਂ ਦੀ ਮਸੀਤ ਵਿਚ ਇਨ੍ਹਾਂ ਅੱਖਰੀ ਗਿਆਨ ਚੋਖਾ ਪ੍ਰਾਪਤ ਕੀਤਾ, ਪਰ ਇਸ ਸੰਸਾਰਕ ਗਿਆਨ ਨੂੰ ਉਹ ਬਹੁਤ ਮਹੱਤਵ ਨਹੀਂ ਸਨ ਦਿੰਦੇ । ਜਿਸ ਵਿਦਿਆ ਰਾਹੀਂ ਮੁਕਤੀ ਦਾ ਦੁਆਰਾ ਪ੍ਰਾਪਤ ਹੋਵੇ, ਮਨੁੱਖ ਦੁੱਖ ਦੇ ਧੰਦੇ ਤੋਂ ਛੁਟ ਕੇ ਸਦਾ ਆਨੰਦ ਪ੍ਰਾਪਤ ਕਰੇ, ਉਸ ਵਿੱਦਿਆ ਨੂੰ ਉਹ ਮਨੁੱਖ ਲਈ ਅਸਲ ਲਾਭਵੰਦ ਵਸਤੂ ਸਮਝਦੇ ਸਨ ।
ਜਦ ਇਨ੍ਹਾਂ ਦੀ ਆਯੂ ਨੌ ਵਰ੍ਹੇ ਦੀ ਹੋਈ ਤਾਂ ਜਾਤੀ ਅਤੇ ਵੰਸ਼ ਦੀ ਮਰਿਆਦਾ ਅਨੁਸਾਰ ਇਨ੍ਹਾਂ ਨੂੰ ਯਗੋਪਵਿਤ ਜਾਂ ਜਨੇਊ ਪੁਵਾਉਣ ਲੱਗੇ । ਗੁਰੂ ਜੀ ਨੇ ਪਾਂਧੇ ਤੋਂ ਇਕ ਅਲੌਕਿਕ ਮੰਗ ਕੀਤੀ ਜੋ ਕਿਸੇ ਬਾਲਕ ਲਈ ਹੀ ਨਹੀਂ ਬਲਕਿ ਵੱਡੇ ਤੋਂ ਵੱਡੇ ਮਨੁੱਖ ਨੂੰ ਵੀ ਬ੍ਰਹਮ ਗਿਆਨ ਤੋਂ ਬਿਨਾਂ ਫੁਰ ਨਹੀਂ ਸੀ ਸਕਦੀ । ਜਨੇਊ ਇਕ ਵੱਟਿਆ ਹੋਇਆ ਧਾਗਾ ਹੁੰਦਾ ਹੈ ਜੋ ਮੋਢੇ ਤੋਂ ਧੜ ਦੁਆਲੇ ਲਪੇਟਿਆ ਹੁੰਦਾ ਹੈ । ਇਹ ਹਿੰਦੂ ਜਾਤੀ ਦੇ ਉੱਤਮ ਵਰਗ ਦਾ ਚਿੰਨ੍ਹ ਹੈ। ਭਾਵੇਂ ਇਸ ਨੂੰ ਧਾਰਨ ਕਰਨ ਦਾ ਅਰਥ ਵਾਸਤਵ ਵਿਚ ਮਨੁੱਖ ਨੂੰ ਚੰਗੇ ਗੁਣਾਂ ਵੱਲ ਲੈ ਜਾਣ ਦੀ ਪ੍ਰੇਰਣਾ ਹੋਵੇ, ਅਤੇ ਨੈਤਿਕ ਸੰਜਮ ਦਾ ਚਿੰਨ੍ਹ ਹੋਵੇ, ਪਰ ਆਮ ਕਰਕੇ ਜਨੇਊ ਕੇਵਲ ਵਿਖਾਵਾ ਹੀ ਹੁੰਦਾ ਹੈ । ਇਸ ਨੂੰ ਧਾਰਨ ਕਰਨਾ ਕਿਸੇ ਵਿਸ਼ੇਸ਼ ਨੈਤਿਕ ਜੀਵਨ ਜਾਂ ਸੁੱਚ ਦੀ ਜ਼ਮਾਨਤ ਨਹੀਂ ਹੁੰਦਾ। ਗੁਰੂ ਨਾਨਕ ਦੇਵ ਜੀ ਨੇ ਪੰਡਿਤ ਨੂੰ ਜੋ ਜਨੇਊ ਪਾਉਣ ਆਇਆ ਸੀ ਆਖਿਆ : ਪਾਂਧਾ ਜੀ, ਮੈਨੂੰ ਇਹ ਧਾਗੇ ਦਾ ਜਨੇਊ ਨਹੀਂ ਲੋੜੀਂਦਾ । ਇਸ ਦਾ ਕੀ ਲਾਭ ਹੈ ? ਮੈਨੂੰ ਸੱਚਾ ਜਨੇਊ ਧਾਰਨ ਕਰਾਓ।
ਪੰਡਿਤ ਇਹ ਵਾਕ ਸੁਣ ਕੇ ਚਕਿਤ ਰਹਿ ਗਿਆ-ਆਖਣ ਲੱਗਾ ਉਹ ਕਿਹੜਾ ਜਨੇਊ ਹੁੰਦਾ ਹੈ ? ਤਾਂ ਗੁਰੂ ਜੀ ਨੇ ਆਖਿਆ-ਉਹ ਜਨੇਊ ਜੋ ਦਇਆ ਦੀ ਕਪਾਹ, ਸੰਤੋਖ ਦੇ ਸੂਤਰ, ਜਤ ਜਾਂ ਸੁੱਚੇ ਆਚਰਣ ਦੀ ਗੰਢ ਅਤੇ ਸਤਿ ਅਰਥਾਤ ਦ੍ਰਿੜ ਸੰਜਮ ਦੇ ਵਟ ਦਾ ਹੋਵੇ । ਇਹ ਜਨੇਉ ਤੇਰੇ ਕੋਲ ਹੈ ਤਾਂ ਮੇਰੇ ਸਰੀਰ ਉੱਪਰ ਘੱਤ:
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ।ੜ
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ।।
ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ ।।
ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ।।
(ਵਾਰ ਆਸਾ)

ਇਹ ਉੱਚੀ ਸਿੱਖਿਆ ਗੁਰੂ ਜੀ ਨੇ ਸਰਵ ਮਾਨਵ ਮਾਤਰ ਨੂੰ ਦਿੱਤੀ-ਜਨੇਊ ਧਾਰਨ ਕਰਨਾ ਹੀ ਧਰਮ ਨਹੀਂ ।
ਧਰਮ ਵਾਲੇ ਗੁਣ ਗ੍ਰਹਿਣ ਕਰਨਾ ਜਿਨ੍ਹਾਂ ਵਿਚ ਉੱਤਮ ਦਇਆ, ਸੰਤੋਖ, ਜਤ ਸਤ ਹਨ-ਇਹ ਧਰਮ ਹੈ। ਇਵੇਂ ਹੀ ਉਨ੍ਹਾਂ ਨੇ ਜਨੇਊ ਦੇ ਪ੍ਰਸੰਗ ਵਿਚ ਆਖਿਆ ਹੈ-ਇਹ ਸੰਸਾਰੀ ਲੋਕ ਜਨੇਊ ਤਾਂ ਧਾਰਨ ਕਰ ਲੈਂਦੇ ਹਨ ਪਰ ਇਨ੍ਹਾਂ ਦਿਆਂ ਮਨਾਂ ਉਪਰ ਕੋਈ ਬੁਰਾਈ ਵਿਰੁੱਧ ਰੋਕ, ਕੋਈ ਅੰਕੁਸ਼ ਨਹੀਂ ਹੁੰਦਾ, ਜੇ ਜਨੇਊ ਮਨ ਨੂੰ ਬੁਰਾਈ ਤੋਂ ਨਹੀਂ ਰੋਕਦਾ ਤਾਂ ਸਗੋਂ ਮਨੁੱਖ ਦਾ ਅਭਿਮਾਨ ਵੱਧਦਾ ਹੈ ਕਿ ਮੈਂ ਭਾਰਾ ਨੇਕ ਤੇ ਧਰਮੀ ਹਾਂ: ਭਾਵੇਂ ਵਿਚੋਂ ਉਸ ਦੇ ਮਨ ਵਿਚ ਖੋਟ ਭਰਿਆ ਹੋਵੇ। ਅਜਿਹੀ ਸਿੱਖਿਆ ਗੁਰੂ ਜੀ ਨੇ ਤੀਰਥ ਅਸ਼ਨਾਨ ਬਾਰੇ ਵੀ ਦਿੱਤੀ। ਤੀਰਥਾਂ ਉਪਰ ਅਸ਼ਨਾਨ ਦਾ ਲਾਭ ਤਾਂ ਹੈ ਜੇ ਉਥੇ ਜਾ ਕੇ ਮਨ ਦੀ ਮੈਲ ਉਤਰੇ, ਅਰਥਾਤ ਮਨੁੱਖ ਦਾ ਹਿਰਦਾ ਪਵਿੱਤਰ ਹੋਵੇ । ਜੇ ਇਹ ਨਾ ਹੋਵੇ ਤਾਂ ਮਨੁੱਖ ਜੇ ਅਠਾਹਠ ਤੀਰਥਾਂ ਦਾ ਵੀ ਅਸ਼ਨਾਨ ਕਰੇ ਤਾਂ ਇਸ ਨਾਲ ਕੋਈ ਲਾਭਨਹੀਂ । ਬਿਨਾ ਮਨ ਦੀ ਪਵਿੱਤਰਤਾ ਦੇ, ਗੁਰੂ ਜੀ ਦੇ ਕਥਨ ਅਨੁਸਾਰ, ਮਨੁੱਖ ਅਜਿਹੀ ਤੂੰਬੀ ਵਾਂਗ ਹੈ ਜੋ ਬਾਹਰੋਂ ਤਾਂ ਧੋਤੀ ਹੋਵੇ ਪਰ ਵਿਚੋਂ ਉਸ ਵਿਚ ਨਿਰੋਲ ਜ਼ਹਿਰ ਭਰਿਆ ਹੋਵੇ । ਸੋ ਹਰ ਇਕ ਪ੍ਰਸੰਗ ਵਿਚ ਉਨ੍ਹਾਂ ਨੇ ਸ਼ੁੱਧ ਆਤਮਾ ਦੀ ਸਿੱਖਿਆ ਦਿੱਤੀ, ਜੋ ਧਰਮ ਦਾ ਅਟੁੱਟ ਚਿੰਨ੍ਹ ਹੈ। ਜਿਸ ਦੇ ਮਨ ਅਤੇ ਆਤਮਾ ਵਿਚ ਸ਼ੁੱਧੀ ਨਹੀਂ, ਉਹ ਕਿੰਨੇ ਹੀ ਭਾਵੇਂ ਕਰਮਕਾਂਡ ਕਰੇ, ਉਸ ਨੂੰ ਜਾਣੇਂ ਧਰਮ ਦੀ ਉੱਕਾ ਸਾਰ ਹੀ ਨਹੀਂ ।…

ਗੁਰਬਚਨ ਸਿੰਘ ਤਾਲਿਬ