42 views 14 secs 0 comments

ਹਉਮੈ ਬੂਝੈ ਤਾ ਦਰੁ ਸੂਝੈ

ਲੇਖ
August 16, 2025

ਧਾਰਮਿਕ ਖੇਤਰ ਵਿਚ ਵਿਚਰਦੇ ਜਗਿਆਸੂ ਨੂੰ ਕਈ ਵੇਰ ਕਈ ਸ਼ੰਕੇ ਭਰਮ ਅਤੇ ਦੁਬਿਧਾਵਾਂ ਆ ਘੇਰਦੀਆਂ ਹਨ ਜਿਨ੍ਹਾਂ ਦੀ ਨਵਿਰਤੀ ਲਈ ਐਸਾ ਜਗਿਆਸੂ ਭਟਕਣਾ ’ਚ ਭੀ ਪੈ ਜਾਂਦਾ ਹੈ। ਕਿਸੇ ਚੰਗੇ ਸੱਚੇ-ਸੁੱਚੇ ਸਾਧੂ ਜਾਂ ਸੋਧੇ ਹੋਏ ਮਨੁੱਖੀ ਮਨ ਵਾਲੇ ਮਹਾਂਪੁਰਸ਼ ਦੀ ਭਾਲ ਭੀ ਕਰਦਾ ਹੈ ਤਾਂ ਜੋ ਉਸ ਦੇ ਸ਼ੰਕੇ ਨਵਿਰਤ ਹੋ ਸਕਣ ਅਤੇ ਸਹੀ ਸੇਧ ਮਿਲ ਸਕੇ। ਇਹ ਗੱਲ ਉਨ੍ਹਾਂ ਮਹਾਂਪੁਰਸ਼ ਭੱਟ ਸਾਹਿਬਾਨ ਨੇ ਆਪਣੀ ਬਾਣੀ ਵਿਚ ਬਿਆਨ ਭੀ ਕੀਤੀ ਜੋ ਥਾਓਂ ਥਾਈਂ ਘੁੰਮਦੇ ਹੋਏ ਸ੍ਰੀ ਗੁਰੂ ਅਰਜਨ ਦੇਵ ਜੀ ਪਾਸ ਪਹੁੰਚੇ ਸਨ, ਕਿਉਂਕਿ ਧਾਰਮਿਕ ਜਗਤ ਵਿਚ ਪਖੰਡ, ਦਿਖਾਵਾ ਅਤੇ ਫੋਕੇ ਕਰਮ-ਕਾਂਡ ਦਾ ਜਾਲ ਦੇਖ ਕੇ ਆਮ ਜਗਿਆਸੂ ਸਗੋਂ ਹੋਰ ਭੀ ਪੇ੍ਰਸ਼ਾਨ ਹੋ ਜਾਂਦਾ ਹੈ, ਕਿ ਮੈਂ ਹੁਣ ਕੀ ਕਰਾਂ ਤੇ ਕੀ ਨਾਂਹ ਕਰਾਂ? ਕਿਧਰ ਜਾਵਾਂ ਕੋਈ ਗਾਡੀ ਰਾਹ ਮਿਲ ਜਾਵੇ ਤਾਂ ਹੀ ਟਿਕਾਣੇ ਲੱਗ ਸਕੀਦਾ ਹੈ। ਰਹਿਓ ਸੰਤ ਹਉ ਟੋਲਿ ਸਾਧ ਬਹੁਤੇਰੇ ਡਿਠੇ ਇੱਥੇ ਸੰਤ ਅਤੇ ਸਾਧ ਵੱਖ-ਵੱਖ ਅਰਥ ਭਾਵ ’ਚ ਆਏ ਹਨ। ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਜੀ ਨੂੰ ਗੁਰਮੁਖ ਆਖ ਕੇ ਸਤਿਕਾਰਿਆ ਹੈ: ਗੁਰਮੁਖ ਗਾਡੀ ਰਾਹੁ ਚਲਾਇਆ॥ . . . ਮਨੁੱਖੀ ਸਰੀਰ ਦੀ ਬਣਤਰ ਅੱਗ, ਪਾਣੀ, ਮਿੱਟੀ, ਹਵਾ ਅਤੇ ਅਕਾਸ਼ ਪੰਜ ਤੱਤਾਂ ਤੋਂ ਬਣੀ ਹੈ, ਇਨ੍ਹਾਂ ਪੰਜਾਂ ਤੱਤਾਂ ਦੇ ਵੱਖ-ਵੱਖ ਰੂਪ ਸਾਡੇ ਸਰੀਰ ਵਿਚ ਕਾਮ, ਕੋ੍ਰਧ, ਲੋਭ ਮੋਹ ਅਤੇ ਹੰਕਾਰ ਦੇ ਰੂਪ ’ਚ ਵਿਦਮਾਨ ਹਨ। ਇਹ ਉਸ ਸਿਰਜਣਹਾਰ (ਸ਼ਕਤੀ) ਨੇ ਹੀ ਸਾਰੀ ਖੇਡ ਬਣਾਈ ਹੋਈ ਹੈ। ਕੋਈ ਭੀ ਸਰੀਰ ਇਨ੍ਹਾਂ ਤੱਤਾਂ ਅਤੇ ਸ਼ਕਤੀ ਤੋਂ ਬਿਨਾ ਨਹੀਂ ਹੈ। ਸਾਡੀ ਜੀਵ-ਆਤਮਾ ਅਤੇ ਪਰਮਾਤਮਾ ਦੇ ਵਿਚਾਲੇ ਵਿੱਥ ਪਾਉਣ ਵਾਲੀ ਇਹ ਹਉਮੈਂ ਹੀ ਹੈ, ਜੋ ਪ੍ਰਭੂ ਨੇ ਆਪ ਹੀ ਪਾਈ ਹੋਈ ਹੈ। ਇਸ ਕਰਕੇ ਗੁਰਬਾਣੀ ਨੇ ਇਸ ਭੇਦ ਨੂੰ ਸਮਝਾਉਣ ਲਈ ਖੋਲਣ ਲਈ ਕਈ ਥਾਈਂ ਕਈ ਵਾਰ ਤਰ੍ਹਾਂ-ਤਰ੍ਹਾਂ ਦੇ ਪ੍ਰਮਾਣ ਦੇ ਕੇ ਜਗਿਆਸੂ ਨੂੰ ਸੋਝੀ ਦਿੱਤੀ ਹੈ ਕਿ ਜਿਨ੍ਹਾਂ ਚਿਰ ਇਸ ਹਉਮੈਂ ਨੂੰ ਸਹੀ ਰੂਪ ’ਚ ਸਮਝਦਾ ਨਹੀਂ ਉਸ ਦੇ ਕੀਤੇ ਧਰਮ ਕਰਮ ਅਤੇ ਹੋਰ ਭਲੇ ਕਰਮ ਭੀ ਉਸ ਦੀ ਸਹਾਇਤਾ ਨਹੀਂ ਕਰਦੇ, ਸਗੋਂ ਜਗਿਆਸੂ ਦੀ ਹਉਮੈਂ ਹੋਰ ਵਧ ਜਾਂਦੀ ਹੈ ਤੇ ਵੱਡਾ ਗੁਬਾਰ ਬਣ ਕੇ ਇਹ ਹਉਮੈਂ ਨੂੰ ਸਮਝਣ ’ਚ ਵੱਡੀ ਰੁਕਾਵਟ ਬਣ ਜਾਂਦੀ ਹੈ:
ਹਉਮੈ ਵਡਾ ਗੁਬਾਰੁ ਹੈ ਹਉਮੈ ਵਿਚਿ ਬੁਝਿ ਨ ਸਕੈ ਕੋਇ॥
ਹਉਮੈ ਵਿਚਿ ਭਗਤਿ ਨ ਹੋਵਈ ਹੁਕਮੁ ਨ ਬੁਝਿਆ ਜਾਇ॥ (ਪੰਨਾ 560)
ਪੰਜੇ ਵਿਕਾਰ: ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਆਦਿ ਮਨੁੱਖੀ ਸਰੀਰ ਦਾ ਹਿੱਸਾ ਹਨ। ਇਹ ਪੰਜੇ ਪ੍ਰਭੂ ਦੀ ਦਾਤ ਭੀ ਹਨ, ਜਿਵੇਂ ਭੋਜਨ ਸਾਡੇ ਸਰੀਰ ਦੀ ਤੰਦਰੁਸਤੀ ਲਈ ਜ਼ਰੂਰੀ ਹੈ, ਪ੍ਰੰਤੂ ਜੇ ਭੋਜਨ ਦਾ ਸੰਤੁਲਨ ਨਾ ਰਹੇ ਅਤੇ ਲੋੜ ਤੋਂ ਬਹੁਤ ਘੱਟ ਜਾਂ ਵੱਧ ਹੋ ਜਾਵੇ ਤਾਂ ਸਰੀਰ ਰੋਗੀ ਹੋ ਕੇ ਜਰਜਰਾ ਹੋ ਜਾਵੇਗਾ। ਇਵੇਂ ਹੀ ਇਹ ਪੰਜ ਤੱਤ ਅਤੇ ਪੰਜ-ਸ਼ਕਤੀਆਂ ਦਾ ਸੰਤੁਲਨ ਸਾਡੇ ਜੀਵਨ ਦੀ ਸਫਲਤਾ ਲਈ ਜ਼ਰੂਰੀ ਹਨ। ਇਸ ਦੀ ਸੋਝੀ ਹੋਣੀ ਜ਼ਰੂਰੀ ਹੈ।
ਗੁਰਬਾਣੀ ਨੇ ‘ਹਉਮੈਂ’ ਬਾਰੇ ਕਈ ਭਾਵ ਦਿੱਤੇ ਹਨ। ਹਉਮੈਂ ਦੀ ਵਾਸਨਾ ਕਰਕੇ ਹੀ ਜੀਵਨ ਇੱਥੇ ਆਇਆ ਅਤੇ ਮੈਂ ਵਿਚ ਹੀ ਇੱਥੋਂ ਚਲਾ ਜਾਂਦਾ ਹੈ। ਮੈਂ ਜਾਂ ਹਉਂ ਭਾਵ ’ਚ ਹੀ ਮਨੁੱਖ ਚੰਗੇ-ਮੰਦੇ ਕਰਮ ਕਰਦਾ ਹੈ। ਪੁੰਨ-ਦਾਨ ਅਤੇ ਭਲੇ ਕਰਕੇ ਉਸ ਦਾ ਫਲ “ਵਾਹ ਵਾਹ” ਭੀ ਲੈਂਦਾ। ਇਸ ਹਉਂ ਵਿਚ ਹੀ ਖੱਟੀ ਕਮਾਈ ਕਰਦਾ ਹੈ, ਗੁਆਉਂਦਾ ਹੈ, ਖਰਚਦਾ ਹੈ। ਹਉਮੈਂ ਵਿਚ ਹੀ ਮਨੁੱਖ ਹੱਸਦਾ ਹੈ, ਰੋਂਦਾ ਹੈ ਆਪਣੀ ਜਾਤ ਦਾ ਧਨ-ਦੌਲਤ ਦਾ ਮਾਣ ਕਰਦਾ ਹੈ, ਹਉਮੈਂ ਵਿਚ ਹੀ ਮਾਇਆ ਨੂੰ ਸਤ ਸਮਝੀ ਜਾ ਰਿਹਾ ਹੈ। ਮਨੁੱਖ ਹਉਮੈਂ ਕਾਰਨ ਹੀ ਹੋਰ-ਹੋਰ ਬੰਧਨਾਂ ’ਚ ਜਕੜਦਾ ਜਾ ਰਿਹਾ ਹੈ। ਪਰ ਹਉਮੈਂ ਨੂੰ ਸਮਝਣ ਲਈ ਯਤਨ ਨਹੀਂ ਕਰ ਰਿਹਾ। ਆਪਣੀ ਬੁੱਧੀ ਜਾਂ ਅਕਲ ਨਾਲ ਇਸ ਦੀ ਸਮਝ (ਬੂਝ) ਨਹੀਂ ਹੋ ਸਕਦੀ। ਇਸ ਦੀ ਸੂਝ ਅਤੇ ਬੂਝ ਲਈ ਪੂਰੇ ਗੁਰੂ ਦਾ ਹੁਕਮ (ਗਿਆਨ) ਮੰਨਣਾ ਜ਼ਰੂਰੀ। ਹਉਮੈਂ ਫਿਰ ਭੀ ਕਾਇਮ ਰਹਿੰਦੀ ਹੈ। ਮਲੀਨ ਹਉਮੈਂ ਵੀ ਪਛਾਣ ਪ੍ਰਭੂ ਦੀ ਮਿਹਰ ਨਾਲ ਪੂਰੇ ਗੁਰੂ ਦਾ ਗਿਆਨ ਪ੍ਰਾਪਤ ਕਰ ਕੇ ਉਸ ਦੀ ਕਮਾਈ ਕਰਨ ਨਾਲ ਹਉਮੈਂ ਦਾ ਦੁਖ ਮੁੱਕ ਜਾਂਦਾ ਹੈ।
ਹੰਕਾਰੀ ਮਨੁੱਖ ਦੁਸ਼ਟ ਬਣ ਜਾਂਦਾ ਹੈ, ਹਰਣਾਖਸ਼ ਨੂੰ ਇਸੇ ਲਈ ਦੁਸ਼ਟ ਕਿਹਾ ਗਿਆ ਹੈ,ਹਰਣਾਖਸੁ ਦੁਸਟੁ ਹਰਿ ਮਾਰਿਆ ਪ੍ਰਹਲਾਦੁ ਤਰਾਇਆ ਇਸ ਹਉਮੈਂ ਜਾਂ ਹੰਕਾਰ ਨੂੰ ਤਾਂ ਹੀ ਦੁਸ਼ਟੀ ਆਖਿਆ ਹੈ। ਇਹੁ ਸਰੀਰੁ ਮਾਇਆ ਕਾ ਪੁਤਲਾ ਵਿਚਿ ਹਉਮੈ ਦੁਸਟੀ ਪਾਈ ਇਸ ਹਉਮੈਂ ਦੁਸ਼ਟੀ ਤੋਂ ਕਿਸੇ ਨੂੰ ਕਿਸੇ ਤਰ੍ਹਾਂ ਭੀ ਸੁਖ ਨਹੀਂ ਮਿਲ ਸਕਦਾ। ਵੈਸੇ ਤਾਂ ਨਿੰਦਾ ਨੂੰ ਭੀ ਦੁਸ਼ਟੀ ਕਿਹਾ ਗਿਆ ਹੈ।
ਵੀਚਾਰਵਾਨਾਂ ਅਤੇ ਅਧਿਆਤਮਵਾਦੀਆਂ ਨੇ ਹਉਮੈਂ ਦੇ ਦੋ ਰੂਪ ਮੰਨੇ ਹਨ, ਭਾਵੇਂ ਰੂਪ ਕਈ ਪ੍ਰਕਾਰ ਦੇ ਭੀ ਹੋ ਸਕਦੇ ਹਨ। ਤ੍ਰਿਸ਼ਨਾ ਨੂੰ 108 ਪ੍ਰਕਾਰ ਦੀ ਮੰਨਿਆ ਗਿਆ ਹੈ, ਪ੍ਰੰਤੂ ਮੂਲ ਰੂਪ ’ਚ ਤ੍ਰਿਸ਼ਨਾ 3 ਪ੍ਰਕਾਰ ਦੀ ਹੀ ਆਖੀ ਗਈ ਹੈ। ਸੋ ਮਲੀਨ ਹਉਮੈਂ ਹੀ ਦੁਖਦਾਈ ਹੈ। ਮਨ ਮੈਲਾ ਹੋਵੇ ਤਾਂ ਸਾਡੀ ਹਉਂ ਜਾਂ ਮੈਂ ਜਾਂ ਹੋਂਦ ਸ਼ੁਧ ਹੋਣੀ ਔਖੀ ਹੁੰਦੀ ਹੈ। ਸੋ ਹਉਮੈਂ ਨੂੰ ਬੁੱਝਣਾ ਹੀ ਸਾਡੇ ਜੀਵਨ ਦਾ ਜੇਕਰ ਉੱਦੇਸ਼ ਹੋਵੇ ਤਾਂ ਫਿਰ ਪ੍ਰਭੂ ਦਾ ਦਰੁ, ਪ੍ਰਭੂ ਦਾ ਘਰੁ ਜਾਂ ਮਹਲ (ਟਿਕਾਣਾ) ਭੀ ਲੱਭ ਜਾਂਦਾ ਹੈ। ਦਰ ਦੀ ਸੋਝੀ ਹੋਣ ’ਤੇ ਜਗਿਆਸੂ ਉਸ ਦੇ ਅੰਦਰ ਸੌਖਾ ਦਾਖ਼ਲ ਹੋ ਜਾਂਦਾ ਹੈ। ਇਸ ਦਰ ਦੀ ਕੁੰਜੀ (ਜੁਗਤੀ) ਪੂਰੇ ਗੁਰੂ ਦੇ ਸ਼ਬਦ ਨੂੰ ਮੰਨਣ ਨਾਲ ਹੀ ਪ੍ਰਾਪਤ ਹੁੰਦੀ ਹੈ, ਕਿਉਂਕਿ ਇਸ ਦੀ ਕੁੰਜੀ ਚਾਬੀ (ਜੁਗਤੀ) ਪੂਰੇ ਸਤਿਗੁਰੂ ਦੇ ਗਿਆਨ (ਸ਼ਬਦ) ਵਿਚ ਹੀ ਹੈ। ਗੁਰਬਾਣੀ ਨੇ ਅਨੇਕਾਂ ਪ੍ਰਮਾਣ ਦੇ ਕੇ ਸਮਝਾਇਆ ਵੀ ਹੈ। ਕੁਝ ਪ੍ਰਮਾਣ ਦਰਜ ਹਨ:
ਹਉਮੈ ਏਹੋ ਹੁਕਮੁ ਹੈ ਪਇਐ ਕਿਰਤਿ ਫਿਰਾਹਿ॥ (ਪੰਨਾ 466)
ਪ੍ਰਭੂ ਦੇ ਹੁਕਮ ਨਾਲ ਹੀ ਹਉਂ ਸਭ ਵਿਚ ਪਈ ਹੋਈ ਹੈ, ਇਸੇ ਕਰਕੇ ਜੀਵ ਜੋਨੀਆਂ ’ਚ ਪਏ ਹੋਏ ਹਨ। ਇਸ ਹਉਂ ਵਿਚ ਹੀ ਸਾਰਾ ਸੰਸਾਰ ਭਟਕ ਰਿਹਾ ਹੈ ਦੁਖੀ ਹੋ ਰਿਹਾ ਹੈ, ਕਲ-ਕਲੇਸ਼ ਵਿਚ ਗ੍ਰਸਤ ਹੈ। ਮਨੁੱਖ ਜਿੰਨਾ ਚਿਰ ਹਉਮੈਂ ਦੀ ਅਸਲੀਅਤ ਜਾਂ ਤੱਤ ਨੂੰ ਨਹੀਂ ਸਮਝਦਾ ਉਨ੍ਹਾਂ ਚਿਰ ਜੀਵ ਦੇ ਕੀਤੇ ਕਰਮ, ਭਗਤੀ ਆਦਿ ਭੀ ਫਲੀਭੂਤ ਹੋਣੇ ਮੁਸ਼ਕਲ ਹਨ:
-ਹਉ ਹਉ ਕਰਤੇ ਕਰਮ ਰਤ ਤਾ ਕੋ ਭਾਰੁ ਅਫਾਰ॥ (ਪੰਨਾ 252)
-ਨਾਨਕ ਹਉ ਹਉ ਕਰਤੇ ਖਪਿ ਮੁਏ ਖੂਹਣਿ ਲਖ ਅਸੰਖ॥ (ਪੰਨਾ 1413)
-ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ॥
ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨੁ॥ (ਪੰਨਾ 1428)
-ਜੇਤੇ ਰੇ ਤੀਰਥ ਨਾਏ ਅਹੰਬੁਧਿ ਮੈਲੁ ਲਾਏ ਘਰ ਕੋ ਠਾਕੁਰੁ ਇਕੁ ਤਿਲੁ ਨ ਮਾਨੈ॥
(ਪੰਨਾ 687)
-ਮਾਨ ਮੁਨੀ ਮੁਨਿਵਰ ਗਲੇ ਮਾਨੁ ਸਭੈ ਕਉ ਖਾਇ॥ (ਪੰਨਾ 1372)
-ਹਉਮੈ ਅੰਦਰਿ ਸਭੁ ਕੋ ਸੇਰਹੁ ਘਟਿ ਨ ਕਿਨੈ ਅਖਾਇਆ॥ (ਵਾਰ 18:11)
ਭਾਵੇਂ ਹਉਮੈਂ ਮਾਰੂ ਰੋਗ ਹੈ, ਦੀਰਘ ਰੋਗ ਹੈ ਪ੍ਰੰਤੂ ਇਸ ਦਾ ਦਾਰੂ ਭੀ ਹਉਮੈਂ ਨੂੰ ਸਮਝ ਕੇ ਸ਼ੁਧ ਹਉਮੈਂ ਵਿਚ ਹੀ ਸੰਭਵ ਹੈ। ਜਿਵੇਂ ਮਾਇਆ ਦੀ ਅਸਲੀਅਤ ਨੂੰ ਸਮਝਦੇ ਮਾਇਆ ਵਿਚ ਰਹਿੰਦਿਆਂ ਹੀ ਮਾਇਆ ਦੀ ਮਾਰ ਤੋਂ ਮੁਕਤ ਹੋਇਆ ਜਾ ਸਕਦਾ ਹੈ, ਇਵੇਂ ਹੀ ਗੁਰੂ ਦੇ ਸ਼ਬਦ (ਗਿਆਨ) ਨੂੰ ਮੰਨ ਕੇ ਗੁਰੂ ਕਿਰਪਾ ਨਾਲ ਹਉਮੈਂ ਨੂੰ ਬੁਝ ਕੇ ਸੂਝ ਨਾਲ ਇਸ ਦੀ ਮਾਰ ਤੋਂ ਬਚ ਕੇ ਪ੍ਰਭੂ ਦੇ ਦਰ ਘਰ ਦੀ ਸੋਝੀ ਹੁੰਦੀ ਹੈ। ਇਹ ਸੌਖਾ ਕਾਰਜ ਨਹੀਂ ਪਰ ਹੋ ਸਕਦਾ ਹੈ:
ਣਾਣਾ ਰਣ ਤੇ ਸੀਝੀਐ ਆਤਮ ਜੀਤੈ ਕੋਇ॥
ਹਉਮੈ ਅਨ ਸਿਉ ਲਰਿ ਮਰੈ ਸੋ ਸੋਭਾ ਦੂ ਹੋਇ॥
ਮਣੀ ਮਿਟਾਇ ਜੀਵਤ ਮਰੈ ਗੁਰ ਪੂਰੇ ਉਪਦੇਸ॥
ਮਨੂਆ ਜੀਤੈ ਹਰਿ ਮਿਲੈ ਤਿਹ ਸੂਰਤਣ ਵੇਸ॥ (ਪੰਨਾ 256)
ਸੋ ਇਸ ਹਉਮੈਂ ਨੂੰ ਸ਼ੁਧ ਕਰਨ ਵਾਲੇ ਜਗਿਆਸੂ ਨੂੰ ਜੋਧਾ ਅਤੇ ਸੂਰਮਾ ਭੀ ਕਿਹਾ ਗਿਆ ਹੈ:
-ਨਾਨਕ ਸੋ ਸੂਰਾ ਵਰੀਆਮੁ ਜਿਨਿ ਵਿਚਹੁ ਦੁਸਟੁ ਅਹੰਕਰਣੁ ਮਾਰਿਆ॥
(ਪੰਨਾ 86)
-ਹਉਮੈ ਬੂਝੈ ਤਾ ਦਰੁ ਸੂਝੈ॥ ਗਿਆਨ ਵਿਹੂਣਾ ਕਥਿ ਕਥਿ ਲੂਝੈ॥ (ਪੰਨਾ 466)
-ਗੁਰ ਤੇ ਬੂਝੈ ਤਾ ਦਰੁ ਸੂਝੈ ॥ ਨਾਮ ਵਿਹੂਣਾ ਕਥਿ ਕਥਿ ਲੂਝੈ॥ (ਪੰਨਾ 144)
ਭਗਤ ਕਬੀਰ ਜੀ ਪਾਸ ਅਕਸਰ ਜਗਿਆਸੂ ਮੁਕਤੀ-ਮਾਰਗ ਦੀ ਸੇਧ ਲਈ ਆ ਕੇ ਠਹਿਰਦੇ ਸਨ। ਇਕ ਚੰਗੇ ਗੁਜ਼ਾਰੇ ਵਾਲਾ ਜਗਿਆਸੂ ਭੀ ਪਹੁੰਚਿਆ, ਕਈ ਦਿਨ ਰਹਿ ਕੇ ਉਹ ਕਾਹਲਾ ਪੈ ਗਿਆ ਕਿ ਮੈਨੂੰ ਛੇਤੀ ਹੀ ਦੀਕਸ਼ਾ ਮਿਲੇ। ਪਾਣੀ ਲੈਣ ਭੇਜਿਆ। ਆਉਂਦੀ ਵਾਰੀ ਗਲੀ ’ਚ ਲੰਘਦਿਆਂ ਕੋਠੇ ਉੱਤੋਂ ਇਕ ਇਸਤਰੀ ਨੇ ਕੁਝ ਕੂੜਾ ਆਦਿ ਝਾੜੂ ਨਾਲ ਸੁੱਟ ਦਿੱਤਾ। ਇਹ ਅਮੀਰਜ਼ਾਦਾ ਆਪਣੇ ਹੰਕਾਰ ਕਾਰਨ ਕ੍ਰੋਧੀ ਹੋ ਕੇ ਭੜਕ ਪਿਆ ਕਿ ਮੈਂ ਇੱਥੇ ਕੇਵਲ ਮੁਕਤੀ-ਮਾਰਗ ਦੀ ਸੇਧ ਲਈ ਆਇਆ ਹਾਂ ਆਪਣੀ ਬੇਇੱਜ਼ਤੀ ਕਰਵਾਉਣ ਨਹੀਂ ਆਇਆ। ਭਗਤ ਕਬੀਰ ਜੀ ਨੇ ਉਸ ਇਸਤਰੀ ਪਾਸੋਂ ਮੁਆਫੀ ਭੀ ਮੰਗਵਾਈ, ਪਰ ਉਸ ਦੇ ਅੰਦਰਲਾ ਹੰਕਾਰ ਆਦਿ ਉਂਝ ਹੀ ਕਾਇਮ ਸੀ। ਭਗਤ ਕਬੀਰ ਜੀ ਨੇ ਕਿਹਾ ਇਹੋ ਹੀ ਕਾਰਨ ਹੈ ਕਿ ਤੈਨੂੰ ਦੀਕਸ਼ਾ ਅਜੇ ਨਹੀਂ ਮਿਲੀ। ਬਾਹਰਲਾ ਕੂੜਾ-ਕਰਕਟ ਤਾਂ ਸਾਫ ਹੋ ਸਕਦਾ ਹੈ, ਪਰ ਤੇਰੇ ਅੰਦਰ ਜੋ ਕੂੜਾ-ਕਰਕਟ ਹੈ, ਉਸ ਦੇ ਹੁੰਦਿਆਂ ਪ੍ਰਭੂ ਦਾ ਨਾਮ ਜਾਂ ਪ੍ਰਭੂ ਦੀ ਹੋਂਦ ਵਾਲਾ ਅਹਿਸਾਸ ਕਿਵੇਂ ਟਿਕ ਸਕਦਾ ਹੈ? ਸੋ ਇਸ ਦੇ ਲਈ ਗੁਰੂ ਦਾ ਹੁਕਮ (ਸ਼ਬਦ) ਗਿਆਨ ਕਮਾਉਣਾ ਜ਼ਰੂਰੀ ਹੈ। ਇਹਦੇ ਨਾਲ-ਨਾਲ ਪੂਰੇ ਗੁਰੂ ਦੀ ਮਿਹਰ (ਨਦਰਿ) ਭੀ ਚਾਹੀਦੀ ਹੈ:
ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ॥
ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ॥
ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ॥ (ਪੰਨਾ 466)

-ਗਿਆਨੀ ਹਰਿਬੰਸ ਸਿੰਘ ਤੇਗ*

ਪਿੰਡ ਤੇ ਡਾਕ: ਭਾਰਟਾ ਖੁਰਦ, ਜ਼ਿਲ੍ਹਾ ਨਵਾਂ ਸ਼ਹਿਰ। ਮੋ: +9198550-90163