24 views 1 sec 0 comments

(1988 ਵੇਲੇ ਦੇ ਹੜਾਂ ਦੀ ਇੱਕ ਯਾਦ)

ਲੇਖ
August 29, 2025

ਉਦੋਂ ਅਜੇ ਬਾਡਰ ਤੇ ਵਾੜ ਨਹੀਂ ਸੀ ਲੱਗੀ..ਪਿੰਡ ਚੱਕ ਤਖਤਪੁਰ..ਇਥੇ ਰਾਵੀ ਪਾਕਿਸਤਾਨ ਵੱਲ ਨੂੰ ਹੋ ਕੇ ਫੇਰ ਏਧਰ ਨੂੰ ਮੁੜ ਆਉਂਦਾ..ਉਸ ਰਾਤ ਧੁੱਸੀ ਤੇ ਕਿੰਨਾ ਸਾਰਾ ਮਾਲ ਡੰਗਰ ਅਤੇ ਮੰਜੀਆਂ ਬਿਸਤਰੇ..ਪਰ ਨੀਂਦਰ ਕਿੰਨੂੰ ਆਉਣੀ ਸੀ..ਬੱਸ ਦੂਰ ਸ਼ੂਕਦੇ ਪਾਣੀ ਦਾ ਖੜਾਕ ਸੁਣ ਅੰਦਾਜੇ ਜਿਹੇ ਲਾਈ ਜਾਵਣ..!

ਤੜਕੇ ਅਜੇ ਮੂੰਹ ਹਨੇਰਾ..ਰੌਲਾ ਪੈ ਗਿਆ..ਧੁੱਸੀ ਟੁੱਟ ਗਈ..ਪਹਿਲੋਂ ਛੋਟਾ ਫੇਰ ਵੱਡਾ ਪਾੜ..ਬਥੇਰੀ ਵਾਹ ਲਾਈ..ਅਖੀਰ ਨੂੰ ਬੱਸ ਹੋ ਗਈ..ਸਾਰਾ ਕੁਝ ਕਿਸਮਤ ਆਸਰੇ ਛੱਡ ਡੰਗਰ ਵੱਛਾ ਸਾਂਭਣ ਵੱਲ ਨੂੰ ਹੋ ਗਏ..ਪਾਣੀ ਦਾ ਪੱਧਰ ਵਧੀ ਜਾਵੇ..ਵਹਾਅ ਵੀ ਹੋਰ ਈ ਤਰਾਂ ਦਾ..ਕਦੇ ਏਧਰ ਤੇ ਕਦੇ ਓਧਰ ਨੂੰ..ਕਦੇ ਘੁੰਮਣ ਘੇਰੀ ਤੇ ਕਦੇ ਗੜੂੰਮ..ਇੱਕ ਮੂਸਲ ਆਉਂਦਾ ਵੇਖਿਆ..ਰੁੜੇ ਆਉਂਦੇ ਰੁੱਖ ਦੇ ਐਨ ਨਾਲ ਲੱਗਾ ਹੋਇਆ..ਮੇਰਾ ਟਾਹਣ ਨੂੰ ਹੱਥ ਪੈ ਗਿਆ..!
ਸੱਜਰ ਸੂਈਆਂ ਪੂਰੀ ਵਾਹ ਲਾਈ ਜਾਵਣ..ਅਖੀਰ ਨੂੰ ਹਰ ਹੰਬ ਕੇ ਅੱਖੋਂ ਓਹਲੇ ਹੋ ਗਈਆਂ..ਡੁੱਬ ਗਈਆਂ ਆਖਣ ਦਾ ਜੇਰਾ ਅਜੇ ਵੀ ਹੈਨੀ..!

ਰੁੱਖ ਦੇ ਹੋਰ ਟਾਹਣ..ਸੱਪ ਅਤੇ ਹੋਰ ਜਨਵਰ..ਐਨ ਦੜ ਕੇ ਬੈਠੇ ਹੋਏ..ਅੱਖੀਆਂ ਵਿਚੋਂ ਝਲਕਦੀ ਬੇਬਸੀ..ਘਰ ਛੱਡਣੇ ਕਿਹੜੇ ਸੌਖੇ..ਬੰਦਾ ਹੋਵੇ ਭਾਵੇਂ ਜਨਵਰ..!

ਕਈ ਵੇਰ ਲੱਗਿਆ ਬੱਸ ਹੁਣ ਗਿਆ..ਪਰ ਪਤਾ ਨੀ ਕਿਸ ਕਰਮਾਂ ਵਾਲੇ ਦੇ ਹੱਥ ਦਾ ਲਾਇਆ ਹੋਇਆ ਸੀ..ਬੱਸ ਤੁਰੀ ਹੀ ਗਿਆ..ਨਾ ਆਪ ਡੁੱਬਿਆ ਤੇ ਨਾ ਸਾਨੂੰ ਈ ਡੁੱਬਣ ਦਿੱਤਾ..!

ਅਖੀਰ ਦਿਨ ਦਾ ਢੁਕਾ ਹੋਇਆਂ ਤਾਂ ਇੱਕ ਉੱਚੇ ਟਿੱਬੇ ਤੇ ਕਿੰਨੇ ਸਾਰੇ ਲੋਕ ਦਿਸੇ..ਰੁੜ ਕੇ ਆਉਂਦੀਆਂ ਮੱਝਾਂ ਕੱਢੀ ਜਾਣ..ਲੰਮਾਂ ਸਾਰਾ ਢੀਂਗਰ ਸੁੱਟ ਮੈਨੂੰ ਵੀ ਖਿੱਚ ਲਿਆ..ਮਗਰੋਂ ਬੜੀ ਦੀਦ ਕੀਤੀ..ਜੋ ਕੋਲ ਹੈ ਸੀ..ਖਾਣ ਪੀਣ ਨੂੰ ਵੀ ਦਿੱਤਾ..ਪਿੰਡ ਸੀ ਉੱਚਾ-ਲੰਗਾਹ..ਕਈ ਓਧਰ ਵੀ ਹੈਨ ਏਧਰ ਦੇ ਨਾਵਾਂ ਵਾਲੇ..!

ਦਸ ਦਿਨਾਂ ਮਗਰੋਂ ਰੇਂਜਰਾਂ ਦੇ ਨਿਗਰਾਨੀ ਹੇਠ ਵਾਪਸੀ ਹੋਈ..ਏਧਰ ਵਾਲੇ ਆਖਣ ਤੂੰ ਓਧਰ ਰੁੜ ਕੇ ਨਹੀਂ ਸਗੋਂ ਹਥਿਆਰ ਲੈਣ ਗਿਆਂ ਹੋਵੇਂਗਾ!

ਮੈਂ ਸਾਰੀ ਉਮਰ ਕਦੇ ਕੋਈ ਰੁੱਖ ਨਹੀਂ ਸੀ ਲਾਇਆ..ਬੱਸ ਵੱਢੇ ਹੀ..ਚੋਰੀ ਜਾ ਮਹਿਕਮੇਂ ਨਾਲ ਰਲ ਕੇ..ਪਰ ਉਸ ਮਗਰੋਂ ਨਾ ਆਪ ਤੇ ਨਾ ਕਿਸੇ ਹੋਰ ਨੂੰ ਹੀ ਵੱਢਣ ਦਿੱਤਾ..ਜਿਹੜਾ ਜੜੋਂ ਉਖੜ ਕੇ ਵੀ ਏਨੀਆਂ ਜਾਨਾਂ ਬਚਾ ਗਿਆ..ਭੋਏਂ ਵਿਚ ਗੱਡਿਆਂ ਪਤਾ ਨੀਂ ਕੀ ਕੀ ਕਰ ਸਕਦਾ ਹੋਊ..!

ਗੁਰੂਦੁਆਰੇ ਗਏ ਨੂੰ ਕਈ ਠਿੱਠ ਕਰਨ..ਕਾਮਰੇਡਾ ਤੂੰ ਤੇ ਵਾਗਰੂ ਨੂੰ ਨਹੀਂ ਸੀ ਮੰਨਦਾ..ਅਖ਼ੇ ਐਵੇਂ ਗੱਲਾਂ ਬਣੀਆਂ ਨੇ..ਆਹ ਰੱਬ ਰੁੱਬ ਕੁਝ ਨੀ ਹੁੰਦਾ..ਹੁਣ ਕੀ ਹੋ ਗਿਆ?

ਅੱਗੋਂ ਆਖਿਆ..ਹੋਰ ਤੇ ਕਿਸੇ ਦਾ ਪਤਾ ਨੀ ਪਰ ਮੈਂ ਤੇ ਉਸਨੂੰ ਕੋਲ ਬੈਠੇ ਨੂੰ ਵੇਖਿਆ..ਸੱਪ ਦਾ ਭੇਸ ਧਾਰੀ..ਪਰ ਕਰਮਾਂ ਵਾਲੇ ਨੇ ਡੰਗ ਨੀ ਮਾਰਿਆ..ਇਹ ਕੰਮ ਤੇ ਸੁਣਿਆ ਉਸਨੇ ਅੱਜਕੱਲ ਸੱਪਾਂ ਕੋਲੋਂ ਲੈ ਕੇ ਬੰਦਿਆਂ ਦੇ ਸਪੁਰਦ ਕਰ ਦਿੱਤਾ!

ਹਰਪ੍ਰੀਤ ਸਿੰਘ ਜਵੰਦਾ