116 views 4 secs 0 comments

ਟੰਚੁ  

ਲੇਖ
October 23, 2025

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਵਿੱਚ ਅਨੇਕਾਂ ਸ਼ਬਦ ਐਸੇ ਨੇ ਜੋ ਇੱਕੋ ਵਾਰ ਹੀ ਆਏ ਹਨ, ਟੰਚੁ ਉਹਨਾਂ ਅਨੇਕਾਂ ਸ਼ਬਦਾਂ ਦੇ ਵਿੱਚੋਂ ਵਿੱਚੋਂ ਇੱਕ ਸਬਦ ਹੈ।
ਆਮ ਮਨੁੱਖੀ ਬੋਲ ਚਾਲ ਦੇ ਵਿੱਚ ਕਿਧਰੇ ਵੀ ਟੰਚੁ ਸੁਣਨ ਨੂੰ ਨਹੀਂ ਮਿਲਦਾ।
ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਨ ਪਾਵਨ ਬਾਣੀ ‘ਰਾਗ ਆਸਾ ਮਹਲਾ ਪਹਿਲਾ ਪਟੀ ਲਿਖੀ’ ਜੋ ਲਗਭਗ ਪੰਜਾਬੀ ਵਰਣਮਾਲਾ ਦੇ ਨਾਲ ਮੇਲ ਖਾਂਦੀ ਹੈ, ਸਤਿਗੁਰੂ ਟਟੈ ਅੱਖਰ ਦੁਆਰਾ ਉਪਦੇਸ਼ ਕਰਦੇ ਹਨ ਕਿ, ਹੇ ਪ੍ਰਾਣੀ! ਤੂੰ ਟੰਚੁ ਕਿਉਂ ਕਰਦਾ ਹੈ ਜਦ ਕਿ ਤੂੰ ਘੜੀ ਜਾਂ ਮੁਹਤ ਭਾਵ ਥੋੜੀ ਦੇਰ ਨੂੰ ਸੰਸਾਰ ਤੋਂ ਚਲੇ ਜਾਣਾ, ਟੰਚੁ ਕਰਨ ਦੇ ਨਾਲ ਤੂੰ ਆਪਣਾ ਜਨਮ ਜਿਵੇਂ ਜੁਆਰੀ ਦੀ ਤਰਾਂ ਜੂਏ ਦੇ ਵਿਚ ਹਾਰ ਜਾਏੰਗਾ, ਤੂੰ ਹਰੀ ਦੀ ਸ਼ਰਨ ਦੇ ਵਿੱਚ ਭਜ ( ਛੇਤੀ) ਪੈਣਾ ਕਰ।
ਟਟੈ ਟੰਚੁ ਕਰਹੁ ਕਿਆ ਪ੍ਰਾਣੀ ਘੜੀ ਕਿ ਮੁਹਤਿ ਕੀ ਉਠਿ ਚਲਣਾ।।
ਜੂਐ ਜਨਮੁ ਨ ਹਾਰਹੁ ਅਪਣਾ ਭਾਜਿ ਪੜਹੁ ਤੁਮ ਹਰਿ ਸਰਣਾ।।( ਅੰਗ ੪੩੨)
ਟੰਚੁ ਸ਼ਬਦ ਨੂੰ ਸਮਝਣ ਦੇ ਵਾਸਤੇ ਜਦੋਂ ਮਨੁੱਖ ਭਾਈ ਕਾਨ੍ਹ ਸਿੰਘ ਨਾਭਾ ਦੁਆਰਾ ਰਚਿਤ ਮਹਾਨ ਕੋਸ਼ ਨੂੰ ਪੜੋ ਤਾਂ ਉਹਨਾਂ ਨੇ ਇਸ ਦੇ ਤਿੰਨ ਅਰਥ ਲਿਖੇ ਹਨ: “ਕੰਜੂਸੀ, ਦੰਭ ਪਖੰਡ, ਬਕਾਇਦਾ” ਗੁਰਬਾਣੀ ਦੀ ਟੰਚੁ ਵਾਲੀ ਪੰਕਤੀ ਲਿਖ ਕੇ ਸੰਗਦਿਲੀ, ਚਿੱਤ ਦੀ ਕਠੋਰਤਾ ਕੀਤੇ ਹਨ।ਡਾਕਟਰ ਗੁਰਚਰਨ ਸਿੰਘ ‘ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼’ ਦੇ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਨਾਲ ਸਹਿਮਤ ਨਾ ਹੁੰਦੇ ਹੋਏ ਟੰਚੁ ਦੇ ਅਰਥ ਵਿਅਰਥ ਧੰਧਾ ਲਿਖਦੇ ਹਨ, ਭਾਈ ਵੀਰ ਸਿੰਘ ਜੀ ‘ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼’ ਦੇ ਵਿੱਚ ਭਾਈ ਕਾਨ੍ਹ ਸਿੰਘ ਨਾਭਾ, ਡਾਕਟਰ ਗੁਰਚਰਨ ਸਿੰਘ ਦੋਨਾਂ ਵਿਦਵਾਨਾਂ ਤੋਂ ਭਿੰਨ ਟੰਚੁ ਦੇ ਅਰਥ ਟਿੱਚਕਰਾਂ ਤੇ ਤਰਕਾਂ ਕਰਦੇ ਹਨ, ਪ੍ਰੋਫੈਸਰ ਸਾਹਿਬ ਸਿੰਘ ‘ਗੁਰਬਾਣੀ ਪਾਠ ਦਰਪਣ’ ਦੇ ਵਿੱਚ ਉਪਰੋਕਤ ਤਿੰਨੇ ਵਿਦਵਾਨਾਂ ਦੇ ਨਾਲ ਸਹਿਮਤ ਨਾ ਹੁੰਦੇ ਹੋਏ ਟੰਚੁ ਦੇ ਅਰਥ ਟੰਟਾ, ਖਲਜਗਨ ਕਰਦੇ ਹਨ।
ਟੰਚੁ: ਟਕਾ ਸੰਚੁ ਦਾ ਸੰਖੇਪ ਹੈ।
ਟਕਾ ਚਾਂਦੀ ਦਾ ਪੁਰਾਣਾ ਸਿੱਕਾ, ਜਿਵੇਂ ਭਾਰਤ ਦੇ ਵਿੱਚ ਅੱਜ ਕੱਲ ਰੁਪਏ ਚਲਦੇ ਹਨ, ਪੁਰਾਣੇ ਸਮਿਆਂ ਦੇ ਵਿੱਚ ਟਕਿਆਂ ਦੇ ਵਿੱਚ ਸੀ,
ਲਖ ਟਕਿਆਂ ਕੇ ਮੁੰਦੜੇ ਲਖ ਟਕਿਆ ਕੇ ਹਾਰ।।
( ਅੰਗ,੪੬੪)

ਕਹਾ ਨਰ ਗਰਬਸ ਥੋਰੀ ਬਾਤ।।
ਮਨ ਦਸ ਨਾਜੁ ਟਕਾ ਚਾਰਿ ਗਾਂਠੀ ਐਂਡੋ ਟੇਢੋ ਜਾਤ।।
( ਅੰਗ, ੧੨੫੧)

ਜੀਵਨ ਗੁਜ਼ਰਾਨ ਦੇ ਵਾਸਤੇ ਮਾਇਆ ਦੌਲਤ ਦੀ ਲੋੜ ਹੈ, ਪਰ ਮਨੁੱਖ ਇਸ ਨੂੰ ਇਕੱਠਾ ਕਰਨਾ ਹੀ ਆਪਣੇ ਜੀਵਨ ਦਾ ਮਕਸਦ ਬਣਾ ਲੈਂਦਾ ਹੈ, ਪਹਿਲੇ ਪਾਤਸ਼ਾਹ ਦੇ ਸਮੇਂ ਲਾਹੌਰ ਦੇ ਵਿੱਚ ਦੁਨੀ ਚੰਦ ਆਪਣੇ ਘਰ ਦੇ ਉੱਪਰ ਸੱਤ ਝੰਡੇ ਲਗਾ ਕੇ ਰੱਖਦਾ ਸੀ।ਸਤਿਗੁਰੂ ਸ਼ਰਾਧਾਂ ਦਾ ਸਮੇਂ ਇਸ ਦੇ ਕੋਲ ਪਹੁੰਚੇ, ਦੁਨੀ ਚੰਦ ਨੂੰ ਉਸ ਦੇ ਪਿਤਾ ਦੀ ਜੂਨੀ ਦੇ ਬਾਰੇ ਗਿਆਨ ਦਿੱਤਾ। ਇਸਨੇ ਬੜੀ ਨਿਮਰਤਾ ਦੇ ਨਾਲ ਸਤਿਗੁਰਾਂ ਦੇ ਕੋਲੋਂ ਸੇਵਾ ਦੀ ਮੰਗ ਕੀਤੀ, ਸਤਿਗੁਰਾਂ ਨੇ ਆਪਣੀ ਜੇਬ ਦੇ ਵਿੱਚੋਂ ਇੱਕ ਸੂਈ ਦਿੱਤੀ, ਸਾਂਭ ਕੇ ਰੱਖੀ ਪਰਲੋਕ ਦੇ ਵਿੱਚ ਅਸੀਂ ਤੇਰੇ ਤੋਂ ਇਹ ਸੂਈ ਵਾਪਸ ਲੈ ਲਵਾਂਗੇ, ਉਹ ਸੂਈ ਇਸ ਨੇ ਘਰ ਆ ਕੇ ਆਪਣੀ ਪਤਨੀ ਨੂੰ ਦਿੱਤੀ ਤੇ ਨਾਲ ਸਮਝਾਇਆ, ਕਿ ਸਾਂਭ ਕੇ ਰੱਖੀਂ ,ਏ ਮੈਂ ਸਤਿਗੁਰਾਂ ਨੂੰ ਪਰਲੋਕ ਦੇ ਵਿੱਚ ਵਾਪਸ ਕਰਨੀ ਹੈ, ਉਹਨੇ ਇਸ ਨੂੰ ਆਖਿਆ ਕਿ ਇਹ ਕਿਸ ਤਰ੍ਹਾਂ ਦੇ ਨਾਲ ਹੋ ਸਕਦਾ ।ਫਿਰ ਇਹਦੀ ਸਮਝ ਦੇ ਵਿੱਚ ਆਈ ਸੂਈ ਲੈ ਕੇ ਪਹਿਲੇ ਪਾਤਸ਼ਾਹ ਦੇ ਕੋਲ ਗਿਆ ਕਹਿੰਦਾ, ਮਹਾਰਾਜ ਇਹ ਸੇਵਾ ਮੈਂ ਤੇ ਸਮਝਦਾ ਸੀ ਬੜੀ ਸੌਖੀ ਹੈ ਪਰ ਇਹ ਸੇਵਾ ਕਰਨੀ ਤੇ ਅਸੰਭਵ ਹੈ , ਪਰਲੋਕ ਦੇ ਵਿੱਚ ਤੇ ਕੁਝ ਵੀ ਨਾਲ ਨਹੀਂ ਜਾਦਾ ਹੈ, ਸਤਿਗੁਰੂ ਕਹਿਣ ਲੱਗੇ, ਜਿਹੜਾ ੭ ਲੱਖ ਮਾਇਆ ਜੋੜੀ ਹੈ ਇਹ ਕਿਸ ਤਰ੍ਹਾਂ ਨਾਲ ਪਰਲੋਕ ਲੈ ਕੇ ਜਾਵੇਂਗਾ? ਸਤਿਗੁਰੂ ਤੋਂ ਸਿੱਖਿਆ ਲੈ ਕੇ,ਦੁਨੀ ਚੰਦ ਨੇ ਆਪਣੀ ਸਾਰੀ ਦੌਲਤ ਲੋੜਵੰਦਾਂ ਦੇ ਵਿੱਚ ਵੰਡ ਦਿੱਤੀ।
ਆਪਣੀ ਮੱਤ ਦੇ ਪਿੱਛੇ ਚੱਲਣ ਵਾਲਾ ਮਨੁੱਖ ਮਾਇਆ ਇਕੱਠੀ ਕਰਨ ਦੀ ਅਤ ਕਰ ਦਿੰਦਾ, ਤੇ ਅੰਤ ਨੂੰ ਮਾਇਆ ਨੂੰ ਛੱਡ ਕੇ ਖਾਲੀ ਹੱਥ ਸੰਸਾਰ ਤੋਂ ਚਲਾ ਜਾਂਦਾ ਹੈ, ਭਾਈ ਗੁਰਦਾਸ ਜੀ ਟੰਚੁ ਟਕਾ ਸੰਚਿ ਕਰਨ ਵਾਲੇ ਮਨੁੱਖ ਨੂੰ ਮੂਰਖ ਆਖਦੇ ਨੇ:
ਜੈਸੇ ਮਧੁ ਮਾਖੀ ਸੀਚਿ ਸੀਚਿ ਕੈ ਇਕਤ੍ਰ ਕਰੈ,
ਹਰੈ ਮਧੂ ਆਇ ਤਾ ਕੈ ਮੁਖਿ ਛਾਰੁ ਡਾਰਿ ਕੈ ।
ਜੈਸੇ ਬਛ ਹੇਤ ਗਊ ਸੰਚਤ ਹੈ ਖੀਰ ਤਾਹਿ ਲੇਤ ਹੈ ਅਹੀਰ ਦੁਹਿ ਬਛਰੇ ਬਿਡਾਰਿ ਕੈ ।
ਜੈਸੇ ਧਰ ਖੋਦਿ ਖੋਦਿ ਬਿਲ ਸਾਜੈ ਮੂਸਾ ਪੈਸਤ ਸਰਪੁ ਧਾਹਿ ਖਾਇ ਤਾਹਿ ਮਾਰਿ ਕੈ ।
ਤੈਸੇ ਕੋਟਿ ਪਾਪ ਕਰਿ ਮਾਇਆ ਜੋਰਿ ਜੋਰਿ ਮੂੜ ਅੰਤਿ ਕਾਲਿ ਛਾਡਿ ਚਲੈ ਦੋਨੋ ਕਰਿ ਝਾਰਿ ਕੈ ।
( ਭਾਈ ਗੁਰਦਾਸ ਜੀ, ਕਬਿਤ, ੫੫੫)
ਕਬੀਰ ਕਉਡੀ ਕਉਡੀ ਜੋਰਿ ਕੈ ਜੋਰੇ ਲਾਖ ਕਰੋਰਿ।।
ਮਰਤੀ ਬਾਰ ਨਾ ਕਛੁ ਮਿਲਿਓ ਲਈ ਲੰਗੋਟੀ ਤੋਰਿ।।( ਅੰਗ,੧੩੬੪)

ਗਿਆਨੀ ਗੁਰਜੀਤ ਸਿੰਘ ਪਟਿਆਲਾ, ਮੁੱਖ ਸੰਪਾਦਕ