views 53 secs 0 comments

ਅਖਰ ਕਾ ਭੇਉ

ਲੇਖ
April 15, 2026

ਮਨੁੱਖ ਦਾ ਸੰਬੰਧ ਅੱਖਰਾਂ ਨਾਲ ਜਨਮ ਤੋਂ ਵੀ ਪਹਿਲਾਂ ਦਾ ਹੈ। ਗੁਰਬਾਣੀ ਦਾ ਫੁਰਮਾਨ ਹੈ:

-ਮਾਥੈ ਜੋ ਧੁਰਿ ਲਿਖਿਆ ਸੁ ਮੇਟਿ ਨ ਸਕੈ ਕੋਇ ॥

(ਸ੍ਰੀ ਗੁਰੂ ਗ੍ਰੰਥ ਸਾਹਿਬ, ੧੪੧੩)

-ਹਾਥਿ ਕਲੰਮ ਅਗੰਮ ਮਸਤਕਿ ਲੇਖਾਵਤੀ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ੧੩੬੧)

ਅਗੰਮ ਪਰਮਾਤਮਾ ਦੀ ਕਲਮ ਮੱਥੇ ਦੇ ਉੱਪਰ ਲੇਖ ਲਿਖਦੀ ਹੈ।

ਬੱਚੇ ਦੇ ਜਨਮ ਦੇ ਨਾਲ ਸਾਡੇ ਪਰਵਾਰਾਂ ਵਿਚ ਰਿਸ਼ਤੇਦਾਰ ਅੱਖਰਾਂ ਦੇ ਜੋੜ ਨਾਲ ਬੱਚੇ ਦਾ ਨਾਮ ਰੱਖਦੇ ਹਨ। ਸਮੇਂ ਦੇ ਬੀਤਣ ਨਾਲ ਮਾਂ-ਬਾਪ ਕੋਲੋਂ ਸਕੇ-ਸੰਬੰਧੀਆਂ ਦਾ ਗਿਆਨ ਬੱਚੇ ਨੂੰ ਪ੍ਰਾਪਤ ਹੁੰਦਾ ਹੈ। ਹੌਲੀ-ਹੌਲੀ ਭਾਸ਼ਾ ਦੀ ਸਮਝ ਉਸ ਨੂੰ ਪੈਣੀ ਸ਼ੁਰੂ ਹੋ ਜਾਂਦੀ ਹੈ। ਬੱਚਾ ਸ਼ਬਦ ਬੋਲਣੇ ਸਿੱਖ ਲੈਂਦਾ ਹੈ। ਵਿੱਦਿਆ ਦੇ ਵੱਖ-ਵੱਖ ਮਾਧਿਅਮਾਂ ਰਾਹੀਂ ਬੱਚੇ ਨੂੰ ਅੱਖਰਾਂ ਦੇ ਨਾਲ ਵੱਖ-ਵੱਖ ਤਰ੍ਹਾਂ ਦਾ ਗਿਆਨ ਦੇਣ ਦੀ ਸ਼ੁਰੂਆਤ ਹੋ ਜਾਂਦੀ ਹੈ। ਬਾਲ-ਅਵਸਥਾ ਤੋਂ ਮਨੁੱਖ ਨੂੰ ਦੇਖਦਿਆਂ, ਸੁਣਦਿਆਂ, ਛੁਹੰਦਿਆਂ ਵਸਤੂ ਦਾ ਗਿਆਨ ਤਾਂ ਹੋ ਜਾਂਦਾ ਹੈ, ਪਰ ਫਿਰ ਵੀ ਅੱਖਰਾਂ ਦਾ ਭੇਤ ਜਾਣਨ ਤੋਂ ਅਸਮਰੱਥ ਹੋਣ ਕਰਕੇ ਪੂਰਨ ਤੌਰ ‘ਤੇ ਤ੍ਰਿਪਤ ਨਹੀਂ ਹੁੰਦਾ ਜਾਂ ਫਿਰ ਇੰਞ ਕਹਿ ਸਕਦੇ ਹਾਂ ਕਿ ਪੂਰੀ ਤਰ੍ਹਾਂ ਉਸ ਨੂੰ ਅੱਖਰ ਭੇਤ ਦੀ ਸਮਝ ਨਹੀਂ ਪੈਂਦੀ।

ਦਾਸ (ਲੇਖਕ) ਦਾ ਬਚਪਨ ਤੋਂ ਹੀ ਰੋਜ਼ਾਨਾ ਗੁਰਦੁਆਰਾ ਸਾਹਿਬ ਜਾ ਕੇ ਨਤਮਸਤਕ ਹੋਣ ਦਾ ਨੇਮ ਸੀ । ਸੰਸਾਰਕ ਵਿੱਦਿਆ ਪੂਰੀ ਕਰਦਿਆਂ ਭਗਤ ਕਬੀਰ ਜੀ ਦੇ ਸਲੋਕਾਂ ਨੂੰ ਸੁਣ ਕੇ ਗੁਰਬਾਣੀ ਸੰਥਯਾ ਦਮਦਮੀ ਟਕਸਾਲ, ਮਹਿਤਾ ਚੌਂਕ, ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਵਿਖੇ ਗਿਆਨੀ ਸੁਰਜੀਤ ਸਿੰਘ ਜੀ ‘ਸੋਧੀ’ ਜੀ ਕੋਲੋਂ ਲਈ। ਉਨ੍ਹਾਂ ਕੋਲੋਂ ਗੁਰਬਾਣੀ ਦੀ ਲੜੀਵਾਰ ਸੰਥਯਾ ਦੇ ਨਾਲ-ਨਾਲ ਹੋਰ ਅਨੇਕਾਂ ਗ੍ਰੰਥਾਂ ਦਾ ਅਧਿਐਨ ਕਰਨ ਦਾ ਵੀ ਮੌਕਾ ਮਿਲਿਆ।

ਦਾਸ (ਲੇਖਕ) ਦੀ ਗੁਰਬਾਣੀ ਨੂੰ ਹੋਰ ਡੂੰਘਾਈ ਤਕ ਸਮਝਣ ਦੀ ਤੀਬਰ ਇੱਛਾ ਉਸ ਸਮੇਂ ਦੇ ਪ੍ਰਸਿੱਧ ਵਿਦਵਾਨ ਪੰਥ-ਰਤਨ ਗਿਆਨੀ ਸੰਤ ਸਿੰਘ ‘ਮਸਕੀਨ’ ਜੀ ਕੋਲ ਲੈ ਗਈ, ਜਿਨ੍ਹਾਂ ਦੇ ਕੋਲ ਤਕਰੀਬਨ ਡੇਢ ਸਾਲ ਤਕ (ਉਨ੍ਹਾਂ ਦੇ ਅਕਾਲ ਚਲਾਣੇ ਤਕ) ਦਾਸ ਰਿਹਾ।

ਇਕ ਵਾਰ ਬੰਬਈ ਵਿਚ ਭਾਈ ਜੋਗਾ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਜਦੋਂ ਦਾਸ ਸਵੇਰੇ ਮਸਕੀਨ ਜੀ ਨੂੰ ਫਤਿਹ ਬੁਲਾਉਣ ਗਿਆ, ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਥਾ ਕਰਨ ਵਾਸਤੇ ਕਿਸੇ ਬਾਹਰਲੇ ਦੇਸ਼ਾਂ ਵਿਚ ਜਾਣਾ ਹੈ; ਹੁਣ ਮੇਲ ਦੋ ਮਹੀਨਿਆਂ ਬਾਅਦ ਹੋਵੇਗਾ। ਅਚਾਨਕ ਹੀ ਮਨ ਅੰਦਰੋਂ ਸਵਾਲ ਨਿਕਲਿਆ ਕਿ ਗਿਆਨੀ ਜੀ ! ਕੋਈ ਐਸੀ ਜਗ੍ਹਾ ਹੈ, ਜਿੱਥੇ ਅਨੁਭਵੀ ਅਰਥ ਹੁੰਦੇ ਹੋਣ? ਇਤਨਾ ਕੁ ਮੈਨੂੰ ਪਤਾ ਸੀ ਕਿ ਇਹ ਅਨੁਭਵੀ ਕਥਾ ਕਰਦੇ ਨੇ। ਮਸਕੀਨ ਜੀ ਕਹਿਣ ਲੱਗੇ ਕਿ ‘ਗੁਰ ਮੰਤਰ ਸਿਮਰਿਆ ਕਰੋ, ਤੁਹਾਨੂੰ ਨਵੇਂ ਤੋਂ ਨਵੇਂ ਅਰਥ ਪ੍ਰਾਪਤ ਹੋਣਗੇ !

ਉਨ੍ਹਾਂ ਦੀ ਇਹ ਸਿੱਖਿਆ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਹੀ ਪਰਿਭਾਸ਼ਾ ਹੈ ਕਿ ਸਿੱਖ ਉਹ ਹੈ ਜੋ ਅੰਮ੍ਰਿਤ ਵੇਲੇ ਇਸ਼ਨਾਨ ਕਰ ਕੇ ਹਰਿ ਨਾਮੁ ਧਿਆਵੈ ਅਤੇ ਫਿਰ ਬਾਅਦ ਵਿਚ ਗੁਰਬਾਣੀ ਦਾ ਨਿੱਤਨੇਮ ਕਰੇ।

ਗੁਰੂ ਦੀ ਕਿਰਪਾ ਸਦਕੇ ਦਮਦਮੀ ਟਕਸਾਲ ਦੇ ਗਿਆਨੀ ਸੁਰਜੀਤ ਸਿੰਘ ‘ਸੋਧੀ’ ਜੀ ਅਤੇ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਸੰਗਤ ਦੇ ਕਰਕੇ ਅਨੇਕਾਂ ਅਰਥ ਮਿਲੇ ਜੋ ਬੜੇ ਸਰਲ ਸਨ, ਉਨ੍ਹਾਂ ਵਿੱਚੋਂ ਕੁਝ ਸ਼ਬਦਾਂ ਦੇ ਅਰਥ ਇਸ ਲੇਖ ਰਾਹੀਂ ਆਪ ਜਗਿਆਸੂ ਪਾਠਕਾਂ ਦੇ ਸਾਹਮਣੇ ਰੱਖਣ ਦਾ ਨਿਮਾਣਾ ਜਿਹਾ ਯਤਨ ਕਰ ਰਿਹਾ ਹਾਂ।

* ਓੜਕ:-

ਜਪ ਜੀ ਸਾਹਿਬ ਦੀ ੨੨ਵੀਂ ਪਉੜੀ ਦੇ ਵਿਚ ‘ਓੜਕ’ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਨਿੱਤਨੇਮੀ ਸਿੱਖਾਂ ਨੂੰ ਇਹ ਪਉੜੀਆਂ ਕੰਠ ਵੀ ਹੁੰਦੀਆਂ ਹਨ:
ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥
(ਸ੍ਰੀ ਗੁਰੂ ਗ੍ਰੰਥ ਸਾਹਿਬ,੫)

‘ਓੜਕ’ ਦੇ ਜੋ ਅਰਥ ਤਕਰੀਬਨ-ਤਕਰੀਬਨ ਵਿਦਵਾਨਾਂ ਨੇ ਅਖੀਰ, ਅੰਤ, ਹੱਦ ਆਦਿਕ ਕੀਤੇ ਹਨ, ਜੋ ਕਾਫੀ ਹੱਦ ਤਕ ਠੀਕ ਹਨ, ਪਰ ਬਿਲਕੁਲ ਨਿਕਟਵਰਤੀ ਅਰਥ ਹਨ— ਓੜਕ: ਓ ਤੋਂ ਲੈ ਕੇ ੜ ਤਕ।

‘ਓ’ ਸ੍ਰਿਸ਼ਟੀ ਦਾ ਮੂਲ ਹੈ। ਗੁਰਬਾਣੀ ਸ੍ਰਿਸ਼ਟੀ ਦਾ ਅਰੰਭ ਓਅੰਕਾਰ ਤੋਂ ਮੰਨਦੀ ਹੈ। ਕਈ ਮਹਾਂਪੁਰਖਾਂ ਨੇ ਇਸ ਗੱਲ ਦੀ ਪ੍ਰੋੜ੍ਹਤਾ ਕੀਤੀ ਹੈ ਤੇ ਭਗਤ ਕਬੀਰ ਜੀ ਵੀ ਇਹੀ ਗੱਲ ਪ੍ਰਵਾਨ ਕਰਦੇ ਹਨ। ਸਤਿਗੁਰੂ ਗੁਰਮੁਖੀ ਲਿਪੀ ਦੀ ਪੈਂਤੀ ਨੂੰ ਸਾਹਮਣੇ ਰੱਖ ਕੇ ਸਮਝਾਉਂਦੇ ਹਨ ਕਿ ਜਿਵੇਂ ਪੈਂਤੀ ਦੇ ਵਿਚ ‘ੜ’ ਅਖੀਰ ਹੈ, ਇਸੇ ਤਰ੍ਹਾਂ ਇਸ ਸਮੁੱਚੇ ਪਸਾਰੇ ਦਾ ਅੰਤ ਲੱਭਣ ਦੀ ਕੋਸ਼ਿਸ਼ ਹੁੰਦੀ ਰਹੀ ਹੈ, ਪਰ ਬ੍ਰਹਿਮੰਡ ਦਾ ‘ੜ’, ਅਖੀਰ ਕਿਸੇ ਨੂੰ ਵੀ ਨਹੀਂ ਲੱਭਿਆ:

ਨਾਲਿ ਕੁਟੰਬੁ ਸਾਥਿ ਵਰਦਾਤਾ ਬ੍ਰਹਮਾ ਭਾਲਣ ਸ੍ਰਿਸਟਿ ਗਇਆ॥
ਆਗੈ ਅੰਤੁ ਨ ਪਾਇਓ ਤਾ ਕਾ ਕੰਸੁ ਛੇਦਿ ਕਿਆ ਵਡਾ ਭਇਆ॥
ਜਿਹੜੇ ਮਨੁੱਖ ਇਸ ਭੇਤ ਨੂੰ ਲੱਭਣ ਗਏ ਉਹ ਥੱਕ ਗਏ। ਕੋਈ ਵੀ ਇਸ ਪਸਾਰੇ ਦਾ ਅੰਤ ਨਹੀਂ ਜਾਣ ਸਕਿਆ:

ਕੋਇ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ ॥

(ਸ੍ਰੀ ਗੁਰੂ ਗ੍ਰੰਥ ਸਾਹਿਬ, ੯)

* ਉਪਠੀ:-

ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ ॥

(ਸ੍ਰੀ ਗੁਰੂ ਗ੍ਰੰਥ ਸਾਹਿਬ, ੪੭੨)

ਗੁਰਬਾਣੀ ਵਿਆਖਿਆਵਾਂ ਦੇ ਵਿਚ ‘ਉਪਠੀ’ ਦਾ ਅਰਥ ਆਮ ਤੌਰ ‘ਤੇ ਉਲਟ ਕੀਤਾ ਜਾਂਦਾ ਹੈ, ਪਰ ਜੇਕਰ ਸਾਰੀ ਪਉੜੀ ਨੂੰ ਗਹੁ ਨਾਲ ਪੜੀਏ ਤਾਂ ਪਤਾ ਲਗਦਾ ਹੈ ਕਿ ਉਪਠੀ ਦੋ ਸ਼ਬਦਾਂ ਦੇ ਮੇਲ- ‘ਉੱਪਰ+ਉੱਠੀ’ ਤੋਂ ਬਣਿਆ ਹੈ।

ਉਪਠੀ : ਉੱਪਰ ਉੱਠੀ । ਫੁਰਮਾਨ ਹੈ :

ਚਿਤੈ ਅੰਦਰਿ ਸਭੁ ਕੋ ਵੇਖਿ ਨਦਰੀ ਹੇਠਿ ਚਲਾਇਦਾ ॥

(ਸ੍ਰੀ ਗੁਰੂ ਗ੍ਰੰਥ ਸਾਹਿਬ, ੪੭੨)

ਸਾਰੇ ਪਰਮਾਤਮਾ ਦੇ ਚਿੱਤ ਵਿਚ ਹਨ, ਉਹ ਸਭ ਨੂੰ ਵੇਖ ਰਿਹਾ ਹੈ। ਸਾਰੇ ਉਸ ਦੀਆਂ ਨਜ਼ਰਾਂ ਦੇ ਹੇਠਾਂ ਹਨ। ਜਦ ਉਹ ਕਿਸੇ ਤੋਂ ਆਪਣੀਆਂ ਨਿਗਾਹਾਂ ਹਟਾ ਲੈਂਦਾ ਹੈ, ਭਾਵ ਕਿ ਉੱਪਰ ਉਠਾ ਲੈਂਦਾ ਹੈ ਤਾਂ ਬਾਦਸ਼ਾਹ ਵੀ ਭਿਖਾਰੀ ਬਣ ਜਾਂਦੇ ਹਨ। ਅਨੇਕਾਂ ਪਦਾਰਥ ਵੰਡਣ ਵਾਲੇ ਸੁਲਤਾਨ ਵੀ ਦਰ-ਦਰ ‘ਤੇ ਮੰਗਣ ਲੱਗ ਜਾਂਦੇ ਹਨ। ਦੂਸਰਿਆਂ ਦੇ ਦਰਵਾਜ਼ਿਆਂ ‘ਤੇ ਉਨ੍ਹਾਂ ਨੂੰ ਭਿਖਿਆ ਮੰਗਣੀ ਪੈਂਦੀ ਹੈ, ਪਰ ਪਰਮਾਤਮਾ ਦੀ ਨਜ਼ਰ ਉਨ੍ਹਾਂ ਤੋਂ ਉੱਪਰ ਉੱਠੀ ਹੋਣ ਕਰਕੇ ਉਨ੍ਹਾਂ ਨੂੰ ਭਿੱਖਿਆ ਵੀ ਨਹੀਂ ਮਿਲਦੀ।

* ਐਤੁ:-

ਜਾ ਰਹਣਾ ਨਾਹੀ ਐਤੁ ਜਗਿ ਤਾ ਕਾਇਤੁ ਗਾਰਬਿ ਹੰਢੀਐ ॥

(ਸ੍ਰੀ ਗੁਰੂ ਗ੍ਰੰਥ ਸਾਹਿਬ, ੪੭੩)

‘ਆਸਾ ਕੀ ਵਾਰ’ ਗੁਰੂ-ਘਰ ਵਿਖੇ ਰਾਗੀ ਸਿੰਘਾਂ ਦੁਆਰਾ ਰੋਜ਼ਾਨਾ ਗਾਇਨ ਕੀਤੀ ਜਾਣ ਵਾਲੀ ਬਾਣੀ ਹੈ। ਸੰਗਤ ਵਿਚ ਸਰਵਣ ਕਰਨ ਵਾਲੇ ਜਗਿਆਸੂ-ਜਨਾਂ ਨੂੰ ਇਹ ਪੰਕਤੀਆਂ ਕੰਠ ਵੀ ਹੁੰਦੀਆਂ ਹਨ। ਫਿਰ ਮਨੁੱਖ ਸੁਣ ਕੇ ਸਮਝਣ ਦਾ ਯਤਨ ਵੀ ਕਰਦਾ ਹੈ। ਸਟੀਕਾਂ ਦੇ ਵਿਚ ਜੋ ਅਰਥ ਨੇ ਉਹ ਇਹੀ ਨੇ— ਐਤੁ ਭਾਵ ਇਸ ਜਗਤ ਦੇ ਵਿਚ।

ਓਪਰੀ ਨਜ਼ਰ ਨਾਲ ਲਗਦਾ ਹੈ ਕਿ ਸਤਿਗੁਰੂ ਜੀ ਸਮਝਾਅ ਰਹੇ ਹਨ ਕਿ ਜਦ ਮਨੁੱਖ ਨੇ ਇਸ ਜਗਤ ਦੇ ਵਿਚ ਸਦਾ ਨਹੀਂ ਰਹਿਣਾ ਤਾਂ ਫਿਰ ਅਹੰਕਾਰ ਕਾਹਦਾ ਕਰ ਰਿਹਾ ਹੈ! ਪਰ ਇਹ ਸ਼ਬਦ ਸੰਖੇਪ ਸ਼ੈਲੀ ਦਾ ਹੈ। ਪੂਰਾ ਸ਼ਬਦ ‘ਆਦਿਤਯ’ ਹੈ ਸੰਸਕ੍ਰਿਤ ਦਾ ਹੈ। ‘ਐਤੁ’, ਆਦਿਤਯ ਦਾ ਸੰਖੇਪ ਹੈ। ਆਦਿਤਯ ਸੂਰਜ ਨੂੰ ਕਹਿੰਦੇ ਹਨ। ਇਸ ਤੋਂ ਸ਼ਬਦ ਐਤਵਾਰ ਬਣਿਆ ਹੈ।

ਰਾਗ ਗਉੜੀ ਦੇ ਵਿਚ ਕਬੀਰ ਜੀ ਦੀ ਬਾਣੀ ਵਿਚ ਆਦਿਤ ਕਰੈ ਭਗਤਿ ਆਰੰਭ ॥ ਦਾ ਜ਼ਿਕਰ ਹੈ। ਸਤਿਗੁਰੂ ਮਨੁੱਖ ਨੂੰ ਸਮਝਾਅ ਰਹੇ ਹਨ ਕਿ ਜਦ ਇਸ ਸੂਰਜ ਨੇ ਨਹੀਂ ਰਹਿਣਾ, ਇਸ ਜਗਤ ਨੇ ਵੀ ਮਿਟ ਜਾਣਾ ਹੈ ਤਾਂ, ਹੇ ਮਨੁੱਖ! ਤੂੰ ਆਪਣੀ ਨਿੱਕੀ ਜਿਹੀ ਕਾਇਆ ਦਾ ਕਾਹਦਾ ਮਾਣ ਕਰ ਰਿਹਾ ਹੈਂ?

* ਅਭਾਖਿਆ:-

ਅਭਾਖਿਆ ਕਾ ਕੁਠਾ ਬਕਰਾ ਖਾਣਾ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ੪੭੨)

ਗੁਰਬਾਣੀ ਸਟੀਕਾਂ ਅਨੁਸਾਰ ਅਭਾਖਿਆ ਦੇ ਅਰਥ ਕਿਸੇ ਦੂਜੀ ਬੋਲੀ ਦਾ, ਕਿਸੇ ਓਪਰੀ ਬੋਲੀ ਦਾ ਕੀਤੇ ਹੋਏ ਹਨ, ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਦੂਸਰੀ ਬੋਲੀ ਕਿਹੜੀ? ਇਹ ਸਵਾਲ ਦਾ ਜਵਾਬ ਵੀ ਗੁਰੂ ਸਾਹਿਬ ਦੀਆਂ ਵਿਚਾਰਾਂ ਵਿੱਚੋਂ ਹੀ ਮਿਲ ਜਾਂਦਾ ਹੈ। ਸਤਿਗੁਰੂ ਇਸਲਾਮਿਕ ਮਤ ਦੇ ਅਹਿਲਕਾਰਾਂ ਦੇ ਘਰ ਸਨਾਤਨ ਮਤ ਦੇ ਬ੍ਰਾਹਮਣ ਪੂਰਹਿ ਨਾਦ ਦਾ ਜ਼ਿਕਰ ਕਰ ਰਹੇ ਹਨ। ਮੁਸਲਮਾਨੀ ਮਤ ਦੀ ਮੂਲ ਭਾਸ਼ਾ ਅਰਬੀ ਹੈ। ਅਭਾਖਿਆ ਦੋ ਸ਼ਬਦਾਂ ਦੇ ਜੋੜ- ਅਰਬੀ+ਭਾਖਿਆ ਤੋਂ ਬਣਿਆ ਸ਼ਬਦ ਹੈ।

ਜੇਕਰ ਇਸ ਨੂੰ ਹੋਰ ਖੋਲ੍ਹ ਕੇ ਸਮਝਿਆ ਜਾਵੇ ਤਾਂ ਸਰਲ-ਅਰਥ ਇਸ ਤਰ੍ਹਾਂ ਦੇ ਬਣਨਗੇ- ‘ਅਰਬੀ ਭਾਸ਼ਾ ਵਿਚ ਆਖਿਆ ਕਲਮਾ।’ ਅਰਬੀ ਭਾਸ਼ਾ ਵਿਚ (ਕਲਮਾ) ਕਹਿ ਕੇ ਬਕਰੇ ਨੂੰ ਕੋਹਿਆ ਗਿਆ ਹੈ।

* ਆਕੀ:-

ਦਿਲਿ ਖੋਟੈ ਆਕੀ ਫਿਰਨਿ ਬੰਨ੍ਹਿ ਭਾਰੁ ਉਚਾਇਨ੍ਹਿ ਛਟੀਐ ॥

(ਸ੍ਰੀ ਗੁਰੂ ਗ੍ਰੰਥ ਸਾਹਿਬ, ੯੬੬)

ਅਰਬੀ ਭਾਸ਼ਾ ਦਾ ਇਹ ਸ਼ਬਦ; ਜਿਸ ਦੇ ਅਰਥ ਭਾਈ ਕਾਨ੍ਹ ਸਿੰਘ ਨਾਭਾ ਨੇ ‘ਮਹਾਨ ਕੋਸ਼’ ਵਿਚ ‘ਆਗਿਆ ਭੰਗ ਕਰਨ ਵਾਲਾ’ ਤੇ ‘ਬਾਗੀ’ ਦਿੱਤੇ ਹਨ। ਅਕਸਰ ਹੀ ਮਨੁੱਖ ਨੂੰ ਇਤਿਹਾਸ ਪੜ੍ਹਨ ਲੱਗਿਆਂ ਪਤਾ ਚੱਲਦਾ ਹੈ ਕਿ ਫਲਾਣਾ ਰਾਜਾ ਆਕੀ ਹੋ ਗਿਆ ਸੀ। ਆਕੀ ਸ਼ਬਦ ਸੰਖੇਪ ਹੈ। ਦੋ ਸ਼ਬਦਾਂ ਦੇ ਜੋੜ ਤੋਂ ਇਹ ਸ਼ਬਦ ਬਣਿਆ ਹੈ— ਆਕੀ : ਆਗਿਆ ਤੋਂ ਇਨਕਾਰੀ। ਆ: ਆਗਿਆ ਦਾ, ਕੀ : ਇਨਕਾਰੀ ਦਾ। ਭਾਵ ਜੋ ਹੁਕਮ ਨੂੰ ਨਹੀਂ ਮੰਨਦਾ। ਫੁਰਮਾਨ ਹੈ :

ਮਾਨੈ ਹੁਕਮੁ ਸੋਹੈ ਦਰਿ ਸਾਚੈ ਆਕੀ ਮਰਹਿ ਅਫਾਰੀ ॥

(ਸ੍ਰੀ ਗੁਰੂ ਗ੍ਰੰਥ ਸਾਹਿਬ, ੯੯੨)

ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਜ਼ਿਕਰ ਕਰ ਰਹੇ ਹਨ ਕਿ- ਕਰਤਾਰਪੁਰ ਵਿਖੇ ਗੁਰੂ ਨਾਨਕ ਸਾਹਿਬ ਜੀ ਦੇ ਸਪੁੱਤਰ ਗੁਰੂ ਜੀ ਦੀ ਆਗਿਆ ਮੰਨਣ ਤੋਂ ਇਨਕਾਰੀ ਹੋਏ, ਜਦਕਿ ਭਾਈ ਲਹਿਣਾ ਜੀ ਨੇ ਹੁਕਮ ਮੰਨਿਆ ਤਾਂ ਉਨ੍ਹਾਂ ਨੂੰ ਗੁਰਿਆਈ ਪ੍ਰਾਪਤ ਹੋਈ।

* ਕੜਿਆ:-

ਲਿਖਿ ਲਿਖਿ ਪੜਿਆ ॥
ਤੇਤਾ ਕੜਿਆ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ੪੬੭)

‘ਆਸਾ ਕੀ ਵਾਰ’ ਵਿਚ ਦਰਜ ਇਹ ਸ਼ਬਦ ਸਰੋਤਿਆਂ (ਜਗਿਆਸੂ-ਜਨਾਂ) ਦੇ ਦਿਮਾਗ ਦੇ ਵਿਚ ਬਹੁਤ ਵਾਰ ਆਉਂਦਾ ਹੈ। ਸੁਣਨ ਵਾਲੇ ਦੇ ਮਨ ਵਿਚ ਇਸ ਦੇ ਅਰਥ ਸਮਝਣ ਦੀ ਬੜੀ ਤਾਂਘ ਪੈਦਾ ਹੁੰਦੀ ਹੈ ਕਿ ‘ਕੜਿਆ’ ਕੀ ਹੈ? ਪ੍ਰੋ. ਸਾਹਿਬ ਸਿੰਘ ਨੇ ‘ਗੁਰਬਾਣੀ ਪਾਠ ਦਰਪਣ’ ਵਿਚ ਇਸ ਦਾ ਅਰਥ ‘ਅਹੰਕਾਰੀ’ ਕੀਤਾ ਹੈ ਜੋ ਠੀਕ ਹੈ । ਭਾਈ ਕਾਨ੍ਹ ਸਿੰਘ ਨਾਭਾ ਨੇ ‘ਮਹਾਨ ਕੋਸ਼’ ਵਿਚ ਇਸ ਦੇ ਅਰਥ— ਬੰਨਿਆ, ਬੰਧਨਾਂ ਵਿਚ ਫਸਿਆ, ਤਪਿਆ, ਰਿਝਿਆ ਕੀਤੇ ਹਨ। ਫਿਰ ਸੁਣਨ ਵਾਲੇ ਨੂੰ ਲੱਗਦਾ ਕਿ ਸ਼ਾਇਦ ਸਤਿਗੁਰਾਂ ਦੇ ਸਮੇਂ ਇਸ ਤਰ੍ਹਾਂ ਬੋਲਿਆ ਜਾਂਦਾ ਹੋਵੇ। ਹੁਣ ਸਮਾਂ ਬਦਲੇ ੫੫੦ ਸਾਲ ਲੰਘ ਗਏ ਹਨ, ਸ਼ਾਇਦ ਅਸੀਂ ਹੁਣ ਇਹ ਸ਼ਬਦ ਨਾ ਵਰਤ ਰਹੇ ਹੋਈਏ। ਕੜਿਆ ਸ਼ਬਦ ਸੰਖੇਪ ਹੈ, ਅਸੀਂ ਵੀ ਇਸ ਸ਼ਬਦ ਦੀ ਵਰਤੋਂ ਕਰਦੇ ਹਾਂ। ਸਾਨੂੰ ਇਸ ਸ਼ਬਦ ਦੇ ਅਰਥ ਸਮਝਣ ਵਾਸਤੇ ਆਪਣੀ ਮੱਤ ਅਨੁਸਾਰ ਇਸ ਵਿਚ ਅਗੇਤਰ ‘ਆ’ ਲਗਾਉਣਾ ਪਵੇਗਾ। ਜਿਸ ਤੋਂ ਪਤਾ ਲੱਗੇਗਾ ਕਿ ਕੜਿਆ : ਆਕੜਿਆ ਦਾ ਸੰਖੇਪ ਹੈ।

ਸਤਿਗੁਰੂ ਜੀ ਸਮਝਾਅ ਰਹੇ ਹਨ ਕਿ ਮਨੁੱਖ ਜਿੰਨਾ ਲਿਖਿਆ-ਪੜ੍ਹਿਆ ਹੈ, ਉਨ੍ਹਾਂ ਹੀ ਮਨੁੱਖ ਅਹੰਕਾਰੀ ਹੋ ਜਾਂਦਾ ਹੈ। ਇਕ ਦਸਵੀਂ ਜਮਾਤ ਪੜ੍ਹੇ ਵਿਅਕਤੀ ਦੇ ਅੰਦਰ ਇੰਨਾ ਅਹੰਕਾਰ ਨਹੀਂ ਹੁੰਦਾ ਜਿੰਨਾ ਬੀ. ਏ. ਜਾਂ ਐਮ. ਏ. ਤਕ ਪੜ੍ਹੇ ਵਾਲੇ ਦੇ ਅੰਦਰ ਤੇ ਇਸੇ ਤਰ੍ਹਾਂ ਬੀ. ਏ., ਐਮ. ਏ. ਪੜ੍ਹੇ ਅੰਦਰ ਇੰਨਾ ਅਹੰਕਾਰ ਨਹੀਂ ਹੁੰਦਾ ਜਿੰਨਾ ਪੀ. ਐਚ. ਡੀ. ਵਾਲੇ ਦੇ ਅੰਦਰ ਹੁੰਦਾ ਹੈ। ਸਮੁੱਚਾ ਭਾਵ ਇਹ ਹੈ ਕਿ ਬਿਨਾਂ ਵਿਚਾਰ ਤੋਂ ਪੜ੍ਹਾਈ ਕੇਵਲ ਅਹੰਕਾਰ ਹੀ ਪੈਦਾ ਕਰਦੀ ਹੈ। ਫੁਰਮਾਨ ਹੈ :

ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ ॥

(ਸ੍ਰੀ ਗੁਰੂ ਗ੍ਰੰਥ ਸਾਹਿਬ, ੧੪੦)

* ਗੋਸਟਿ:-

ਰਾਮਕਲੀ ਮਹਲਾ ੧ ਸਿਧ ਗੋਸਟਿ (ਰਾਮਕਲੀ, ਮ: ੧)

“ਰਾਗ ਰਾਮਕਲੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ‘ਸਿਧ ਗੋਸਟਿ’।”
ਪ੍ਰੋ. ਸਾਹਿਬ ਸਿੰਘ ਹੋਰਾਂ ਨੇ ਤਾਂ ਕੇਵਲ ਇਤਨੇ ਹੀ ਅਰਥ ਦਿੱਤੇ ਹਨ। ਭਾਈ ਕਾਨ੍ਹ ਸਿੰਘ ਨਾਭਾ ਨੇ ‘ਮਹਾਨ ਕੋਸ਼’ ਵਿਚ ਇਸ ਦੇ ਅਰਥ- ਸਭਾ ਵਿਚ ਵਾਰਤਾਲਾਪ, ਚਰਚਾ ਆਦਿਕ ਕੀਤੇ ਹਨ ਜੋ ਬਿਲਕੁਲ ਠੀਕ ਹਨ, ਪਰ ਪੂਰੀ ਤਰ੍ਹਾਂ ‘ਗੋਸਟਿ’ ਸ਼ਬਦ ਨੂੰ ਨਹੀਂ ਖੋਲਦੇ। ਪੜ੍ਹਨ ਵਾਲੇ ਦੇ ਮਨ ਨੂੰ ਪੂਰੀ ਤਰ੍ਹਾਂ ਦੇ ਨਾਲ ਤ੍ਰਿਪਤੀ ਨਹੀਂ ਮਿਲਦੀ। ਪਰ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਦੇ ਵਿਚ ਇਸ ਸ਼ਬਦ ਨੂੰ ਖੋਲਿਆ ਹੈ :

ਸਿਧ ਸਭਾ ਕਰਿ ਆਸਣਿ ਬੈਠੇ ਸੰਤ ਸਭਾ ਜੈਕਾਰੋ ॥

(ਸ੍ਰੀ ਗੁਰੂ ਗ੍ਰੰਥ ਸਾਹਿਬ, ੯੩੮)

 

ਗੋਸਟ ਗੱਲ ਹੋਵੇ ਸਾਹਮਣੇ ਟਿਕ ਕੇ, ਦਾ ਸੰਖੇਪ ਹੈ। ਜਦ ਦੋ ਜਾਂ ਇਸ ਤੋਂ ਵੱਧ ਮਨੁੱਖ ਟਿਕ ਕੇ ਆਹਮਣੇ-ਸਾਹਮਣੇ ਸਵਾਲ-ਜਵਾਬ ਕਰਦੇ ਹਨ ਤਾਂ ਉਸ ਨੂੰ ‘ਗੋਸਟਿ’ ਕਿਹਾ ਜਾਂਦਾ ਹੈ। ਸਿਧਾਂ ਨੇ ਟਿਕ ਕੇ ਸਵਾਲ ਕੀਤੇ, ਸਤਿਗੁਰੂ ਨੇ ਜਵਾਬ ਦਿੱਤੇ। ਲਾਭਇਹ ਹੋਇਆ ਕਿ ਸਿਧਾਂ ਦੇ ਅੰਦਰ ਸ਼ਾਂਤੀ ਪੈਦਾ ਹੋਈ। ਇਸ ਬਾਬਤ ਭਾਈ ਗੁਰਦਾਸ

ਜੀ ਫੁਰਮਾਉਂਦੇ ਹਨ :

ਬਾਬੇ ਕੀਤੀ ਸਿਧਿ ਗੋਸਟਿ ਸਬਦਿ ਸਾਂਤਿ ਸਿਧਾਂ ਵਿਚਿ ਆਈ। (ਵਾਰ ੧:੪੪)

ਗੋਸਟਿ ਵਿਚ ਕੇਵਲ ਬੋਲਣ ਦੀ ਹੀ ਪ੍ਰਕਿਰਿਆ ਹੁੰਦੀ ਹੈ, ਭਾਵ ਕਿ ਜ਼ੁਬਾਨ ਦੀ ਹੀ ਵਰਤੋਂ ਕੀਤੀ ਜਾਂਦੀ ਹੈ, ਜਦਕਿ ਮਨੁੱਖ ਦਾ ਬਾਕੀ ਸਾਰਾ ਸਰੀਰ ਟਿਕਿਆ ਹੁੰਦਾ ਹੈ।

* ਦਿਬ ਦ੍ਰਿਸਟਿ :-

ਕਹੈ ਨਾਨਕੁ ਏਹਿ ਨੇਤ੍ਰ ਅੰਧ ਸੇ ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਈ ॥

(ਸ੍ਰੀ ਗੁਰੂ ਗ੍ਰੰਥ ਸਾਹਿਬ, ੯੨੨)

‘ਰਾਮਕਲੀ ਰਾਗ’ ਦੇ ਅੰਦਰ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ

ਜੀ ਦੁਆਰਾ ਉਚਾਰਨ ‘ਅਨੰਦ ਸਾਹਿਬ’ ਬਾਣੀ ਵਿਚ ਇਸ ਦਾ ਜ਼ਿਕਰ ਹੈ। ਨੇਤਰ, ਅੱਖਾਂ ਨੂੰ ਸੰਬੋਧਨ ਕਰਦਿਆਂ ਸਤਿਗੁਰੂ ਜੀ ਜ਼ਿਕਰ ਕਰਦੇ ਹਨ ਕਿ ਗੁਰੂ ਦੇ ਮਿਲਣ ਦੇ ਨਾਲ ‘ਦਿਬ ਦ੍ਰਿਸਟਿ’ ਪ੍ਰਾਪਤ ਹੋ ਜਾਂਦੀ ਹੈ। ਪ੍ਰੋ. ਸਾਹਿਬ ਸਿੰਘ ਹੋਰਾਂ ਨੇ ‘ਗੁਰਬਾਣੀ ਪਾਠ ਦਰਪਣ’ ਵਿਚ ਇਸ ਦੇ ਅਰਥ- ਚਮਕੀਲੀ, ਰੋਸ਼ਨ ਕੀਤੇ ਹਨ।

ਭਾਈ ਕਾਨ੍ਹ ਸਿੰਘ ਨਾਭਾ ਨੇ ‘ਮਹਾਨ ਕੋਸ਼’ ਵਿਚ ਇਸ ਦੇ ਅਰਥ ਅਲੌਕਿਕ ਦ੍ਰਿਸਟਿ, ਜਿਸ ਦੇ ਨਾਲ ਸਾਰੇ ਗੁਪਤ ਅਸਥਾਨ ਨਜ਼ਰ ਆਉਣ, ਕੀਤੇ ਹਨ। ਗੁਰਬਾਣੀ ਵਿਚ ਗੁਰੂ ਸਾਹਿਬ ਨੇ ਇਸ ਦੀ ਵਿਆਖਿਆ ਕੀਤੀ ਹੈ। ਇਹ ਸ਼ਬਦ ਸ੍ਰੀ ਗੁਰੂ ਨਾਨਕ ਸਾਹਿਬ ਦੇ ਸ਼ਬਦ ਦਾ ਸੰਖੇਪ ਹੈ :-

ਦਿਬ : ਦੇਖਿ ਅਦ੍ਰਿਸਟੁ ਰਹਉ ਬਿਸਮਾਦੀ ਦੁਖੁ ਬਿਸਰੈ ਸੁਖੁ ਹੋਈ ਜੀਉ ॥

ਦ: ਦੇਖ
f: ਅਦ੍ਰਿਸਟ
ਬ : ਬਿਸਮਾਦੀ

ਭਾਵ ਜਿਸ ਨੂੰ ਗੁਰੂ ਮਿਲ ਪਿਆ ਹੈ ਉਸ ਨੂੰ ਅਦ੍ਰਿਸ਼ਟ ਪਰਮਾਤਮਾ ਸਾਰੇ ਪਾਸੇ ਨਜ਼ਰ ਆਉਣ ਦੇ ਕਾਰਨ; ਉਸ ਦੇ ਸਾਰੇ ਦੁਖ ਬਿਸਰ ਜਾਂਦੇ ਹਨ, ਬਿਸਮਾਦ ਸਦੀਵੀ ਤੌਰ ‘ਤੇ ਉਸ ਦੇ ਮਨ ਦੇ ਉੱਪਰ ਛਾਇਆ ਰਹਿੰਦਾ ਹੈ।

* ਬਾਬੋਲਾ:-

ਹਰਿ ਪ੍ਰਭੁ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ ॥

(ਸ੍ਰੀ ਗੁਰੂ ਗ੍ਰੰਥ ਸਾਹਿਬ, ੭੮)

ਇਹ ਸ਼ਬਦ ਗੁਰਬਾਣੀ ਵਿਚ ‘ਬਾਬੋਲਾ’, ‘ਬਾਬੁਲ’ ਰੂਪ ਦੇ ਵਿਚ ਕਈ ਵਾਰ ਆਇਆ ਹੈ।

ਗੁਰੂ ਸਾਹਿਬ ਨੇ ਇਹ ਸ਼ਬਦ ਪਰਮਾਤਮਾ ਦੇ ਪ੍ਰਤੀ ਵਰਤਿਆ ਹੈ ਅਤੇ ਸੰਸਾਰ ਵਿਚ ਲੜਕੀ ਦੇ ਪਿਤਾ ਨੂੰ ‘ਬਾਬੁਲ’ ਕਿਹਾ ਜਾਂਦਾ ਹੈ।

‘ਮਹਾਨ ਕੋਸ਼’ ਵਿਚ ਪਿਤਾ, ਬਾਪ, ਕਰਤਾਰ, ਜੋ ਸਭ ਦਾ ਪਿਤਾ ਹੈ, ਵਿਚ ਬਾਬੁਲ ਦੇ ਅਰਥ ਦਰਜ ਹਨ। ਪਰਮਾਤਮਾ ਦਾ, ਲੜਕੀ ਦੇ ਪਿਤਾ ਦਾ ਇਹ ਨਾ ਕ੍ਰਿਆ ਦੇ ਕਰਕੇ ਪਿਆ ਹੈ :-

ਬਾਬੋਲਾ : ਬਹੁਤ ਮਿੱਠਾ ਬੋਲਾਇਆ

ਬ: ਬਹੁਤ

ਬੋਲਾ : ਬੋਲਾਇਆ ਦਾ ਹੈ।

ਅਕਸਰ ਹੀ ਪਿਤਾ ਆਪਣੀ ਧੀ ਨੂੰ ਬੜੀ ਮਿਠਾਸ ਦੇ ਨਾਲ ਬੁਲਾਉਂਦਾ ਹੈ। ਪਰਮਾਤਮਾ ਤਾਂ ਸਦਾ ਹੀ ਮਿੱਠਾ ਬੋਲਦਾ ਹੈ। ਗੁਰੁ ਸਾਹਿਬ ਤਾਂ ਆਪ ਜ਼ਿਕਰ ਕਰਦੇ ਹਨ ਕਿ ਕੁਝ ਐਸਾ ਵੀ ਹੈ ਜੋ ਪਰਮਾਤਮਾ ਨਹੀਂ ਜਾਣਦਾ। ਮਨੁੱਖ ਉਨ੍ਹਾਂ (ਗੁਰੂ ਸਾਹਿਬ) ਦੀ ਗੱਲ ਸੁਣ ਕੇ ਹੈਰਾਨ ਹੋਵੇਗਾ ਕਿ ਐਸਾ ਕੀ ਹੈ? ਜੋ ਪਰਮਾਤਮਾ ਨਹੀਂ ਜਾਣਦਾ ! ਅਸੀਂ ਤਾਂ ਰੋਜ਼ ਪੜ੍ਹਦੇ-ਸੁਣਦੇ ਹਾਂ ਕਿ ਪਰਮਾਤਮਾ ਸਭ ਕੁਝ ਜਾਣਦਾ ਹੈ।

ਫੁਰਮਾਨ ਹੈ:
ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ ॥

ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ ॥
ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ ॥

(ਸ੍ਰੀ ਗੁਰੂ ਗ੍ਰੰਥ ਸਾਹਿਬ, ੭੮੪)

ਪੰਚਮ ਪਾਤਸਾਹ ਫੁਰਮਾਉਂਦੇ ਹਨ ਕਿ ਸਾਡਾ ਸੁਆਮੀ ਮਿੱਠਾ ਬੋਲਣ ਵਾਲਾ ਹੈ, ਇਹ ਤਾਂ ਬਹੁਤ ਸੁਣਿਆ! ਅਸੀਂ ਇਹ ਯਾਦ ਕਰ ਕੇ ਥੱਕ ਗਏ ਹਾਂ ਕਿ ਕੀ ਕਦੀ ਕੋਈ ਬਚਨ ਉਸ (ਪ੍ਰਭੂ-ਪਰਮਾਤਮਾ) ਨੇ ਕੌੜਾ ਵੀ ਬੋਲਿਆ ਹੈ? ਕੌੜਾ ਬੋਲਣਾ ਉਹ ਜਾਣਦਾ ਹੀ ਨਹੀਂ ਹੈ! ਆਮ ਤੌਰ ‘ਤੇ ਮਨੁੱਖ ਕਹਿ ਦਿੰਦਾ ਹੈ ਕਿ ਸਚਾਈ ਕੌੜੀ ਹੁੰਦੀ ਹੈ। ਇਹ ਪੱਛਮ ਦੀ ਕਹਾਵਤ Truth Tastes Bitter ਦਾ ਅਨੁਵਾਦ ਹੈ। ਪਰੰਤੂ ਇੱਥੇ ਸਾਰੀ ਬਾਣੀ ਸੱਚੀ ਹੈ ਤੇ ਬੜੀ ਮਿੱਠੀ ਹੈ, ਕਿਉਂਕਿ ਇਹ ਪਿਤਾ ਪਰਮਾਤਮਾ ਬਾਬੁਲ ਦੀ ਹੈ।

-ਗਿਆਨੀ ਗੁਰਜੀਤ ਸਿੰਘ
ਮੁੱਖ ਸੰਪਾਦਕ, ਖ਼ਾਲਸਾ ਅਖ਼ਬਾਰ