views 11 secs 0 comments

ਬਲਵੰਡ ਖੀਵੀ ਨੇਕ ਜਨ…

ਲੇਖ
April 15, 2026

ਮਾਤਾ ਖੀਵੀ ਜੀ ਦਾ ਜਨਮ ਮਾਤਾ ਕਿਰਨ ਦੇਵੀ ਦੀ ਕੁੱਖੋਂ ਭਾਈ ਦੇਵੀ ਚੰਦ ਖੱਤਰੀ ਦੇ ਘਰ ੧੫੦੯ ਈ: ਨੂੰ ਪਿੰਡ ਸੰਘਰ ਨਜ਼ਦੀਕ ਖਡੂਰ ਸਾਹਿਬ ਵਿਖੇ ਹੋਇਆ। ਹੁਣ ਉਸ ਪਿੰਡ ਨੂੰ ਸੰਘਰ ਕੋਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਮਾਤਾ ਖੀਵੀ ਜੀ ਦੇ ਪਿਤਾ ਸ੍ਰੀ ਦੇਵੀ ਚੰਦ ਚੰਗੇ ਹਟਵਾਣੀਏ ਅਤੇ ਸ਼ਾਹੂਕਾਰ ਸਨ। ਉਹ ਇਲਾਕੇ ਵਿਚ ਬੜੇ ਹਰਮਨ ਪਿਆਰੇ ਸਨ । ਮਾਤਾ ਖੀਵੀ ਜੀ ਵਰ ਦੇ ਯੋਗ ਹੋਏ ਤਾਂ ਉਨ੍ਹਾਂ ਦਾ ਰਿਸ਼ਤਾ ਮੱਤੇ ਦੀ ਸਰਾਂ (ਸਰਾਏ ਨਾਗਾ) ਜ਼ਿਲ੍ਹਾ ਸ੍ਰੀ ਮੁਕਤਸਰ ਵਿਚ ਬਾਬਾ ਫੇਰੂ ਮੱਲ ਜੀ ਦੇ ਸਪੁੱਤਰ ਭਾਈ ਲਹਿਣਾ ਜੀ ਨਾਲ ਪੱਕਾ ਕੀਤਾ ਗਿਆ। ਇਸ ਜੋੜੇ ਨੂੰ ਗ੍ਰਹਿਸਥ ਦੇ ਬੰਧਨ ਵਿਚ ਮਾਤਾ ਭਿਰਾਈ ਜੀ ਦੇ ਸੰਜੋਗ ਨਾਲ ਬੰਨਿਆ ਗਿਆ ਅਤੇ ੧੫੭੬ ਸੰਮਤ ਸੋਲ੍ਹਾਂ ਮਾਘ ਵਾਲੇ ਦਿਨ ਸ਼ੁੱਭ ਵਿਆਹ ਪਿੰਡ ਸੰਘਰ ਕੋਟ ਵਿਚ ਹੋਇਆ। ਬਾਬਰ ਨੇ ਜਦੋਂ ਪੰਜਾਬ ‘ਤੇ ਹਮਲਾ ਕੀਤਾ ਤਾਂ ਇਸ ਪਿੰਡ ਨੂੰ ਉਜਾੜ ਦਿੱਤਾ। ਲੋਕਾਂ ਨੂੰ ਇਸ ਪਿੰਡ ਵਿੱਚੋਂ ਉੱਠਣਾ ਪਿਆ। ਬਾਬਾ ਫੇਰੂ ਮੱਲ ਜੀ ਨੇ ਵੀ ਪਹਿਲਾਂ ਹਰੀਕੇ ਪੱਤਣ, ਫਿਰ ਖਡੂਰ ਸਾਹਿਬ ਵਿਚ ਕਾਰੋਬਾਰ ਅਰੰਭ ਕੀਤਾ। ਭਾਈ ਲਹਿਣਾ ਜੀ ਵੀ ਆਪਣੇ ਪਿਤਾ ਜੀ ਵਾਂਗ ਹਰ ਸਾਲ ਸੰਗ ਲੈ ਕੇ ਦੇਵੀ ਦੇ ਦਰਸ਼ਨ ਕਰ ਕੇ ਪ੍ਰਸੰਸਾ ਲੈਂਦੇ। ਉਹ ਆਏ ਭਗਤਾਂ ਦੀ ਵਸਤਰਾਂ ਅਤੇ ਮਾਇਆ ਨਾਲ ਸੇਵਾ ਕਰ ਕੇ ਪ੍ਰਸੰਨ ਹੁੰਦੇ। ਮਾਤਾ ਖੀਵੀ ਜੀ ਦੀ ਪਾਵਨ ਕੁੱਖ ਤੋਂ ਦੋ ਸਪੁੱਤਰ– ਬਾਬਾ ਦਾਸੂ ਜੀ ਤੇ ਬਾਬਾ ਦਾਤੂ ਜੀ ਅਤੇ ਦੋ ਹੀ ਸਪੁੱਤਰੀਆਂ– ਬੀਬੀ ਅਮਰੋ ਜੀ ਤੇ ਬੀਬੀ ਅਨੋਖੀ ਜੀ ਪੈਦਾ ਹੋਈਆਂ।

ਮਾਤਾ ਖੀਵੀ ਜੀ ਦਾ ਲੋਕਾਂ ਵਿਚ ਚੰਗਾ ਮਾਣ-ਸਤਿਕਾਰ ਸੀ। ਮਾਤਾ ਭਿਰਾਈ ਜੀ ਕੋਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਆਪ ਦੀ ਬਿਰਤੀ ਸਦਾ ਧਰਮ ਦੀ ਕਿਰਤ-ਵਿਰਤ ਵੱਲ ਹੀ ਲੱਗੀ ਰਹਿੰਦੀ । ਭਾਈ ਲਹਿਣਾ ਜੀ ਖਡੂਰ ਸਾਹਿਬ ਵਿਚ ਦੁਕਾਨ ਕਰਦੇ ਸੀ। ਇਕ ਦਿਨ ਅੰਮ੍ਰਿਤ ਵੇਲੇ ਕਿਸੇ ਪਾਸੇ ਤੋਂ ਅੰਮ੍ਰਿਤ ਬਾਣੀ ਦੀ ਅਵਾਜ਼ ਉਨ੍ਹਾਂ ਦੇ ਕੰਨਾਂ ਵਿਚ ਪਈ। ਇਹ ਭਾਈ ਜੋਧ ਸੀ, ਜੋ ਬਾਣੀ ਪੜ੍ਹ ਰਿਹਾ ਸੀ । ਜਿਵੇਂ ਮਿਕਨਾਤੀਸ ਵੱਲ ਲੋਹਾ ਖਿੱਚਿਆ ਜਾਂਦਾ ਹੈ ਉਸੇ ਤਰ੍ਹਾਂ ਭਾਈ ਲਹਿਣਾ ਜੀ ਬਾਣੀ ਵੱਲ ਖਿੱਚੇ ਗਏ। ਉਹ ਬਾਣੀ ਸੁਣ ਕੇ ਪ੍ਰੇਮ ਦੀ ਰੰਗਣ ਵਿਚ ਰੰਗੇ ਗਏ। ਭਾਈ ਜੋਧ ਜੀ ਦੇ ਕੋਲ ਪਹੁੰਚ ਕੇ ਭਾਈ ਲਹਿਣਾ ਜੀ ਬੇਨਤੀ ਕੀਤੀ ਤੇ ਪੁੱਛਿਆ ਕਿ ਆਪ ਜੋ ਪੜ੍ਹ ਰਹੇ ਸੀ ਉਹ ਕਿਹੜੀ ਬਾਣੀ ਸੀ? ਉਹ ਮੇਰੇ ਸੀਨੇ
ਵਿਚ ਘਰ ਕਰ ਗਈ ਹੈ। ਪਿਆਰੇ ਮੈਨੂੰ ਵੀ ਇਸ ਸ਼ਬਦ ਦਾ ਗਿਆਨ ਬਖਸ਼ੋ! ਭਾਈ ਜੋਧ ਜੀ ਨੇ ਬੜੇ ਪਿਆਰ ਤੇ ਸਤਿਕਾਰ ਨਾਲ ਕਿਹਾ, ਪਿਆਰੇ ਭਗਤ ਜੀ! ਇਹ ਗਿਆਨ ਆਪ ਜੀ ਨੂੰ ਕਰਤਾਰਪੁਰ ਤੋਂ ਪ੍ਰਾਪਤ ਹੋਵੇਗਾ। ਉੱਥੇ ਜਾ ਕੇ ਖੰਡਾਂ-ਬ੍ਰਹਿਮੰਡਾਂ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਜੀ ਮਾਹਰਾਜ ਦੇ ਦਰਸ਼ਨ ਕਰੋ। ਮੈਂ ਤਾਂ ਉਨ੍ਹਾਂ ਦਾ ਨਿਮਾਣਾ ਜਿਹਾ ਸਿੱਖ ਹਾਂ।

ਇਕ ਵਾਰ ਭਾਈ ਲਹਿਣਾ ਜੀ ਨੇ ਸੰਗ ਨੂੰ ਲੈ ਕੇ ਦੇਵੀ ਦੇ ਦਰਸ਼ਨ ਨੂੰ ਜਾਂਦੇ ਸਮੇ ਕਰਤਾਰਪੁਰ ਉਤਾਰਾ ਕੀਤਾ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ। ਸ਼ਬਦ ਰੂਪੀ ਪ੍ਰਸਾਦਿ ਦੇ ਗੱਫੇ ਪ੍ਰਾਪਤ ਕਰ ਕੇ ਭਾਈ ਲਹਿਣਾ ਜੀ ਦੇ ਮੰਨ ‘ਚ ਐਸਾ ਵੈਰਾਗ ਪੈਦਾ ਹੋ ਗਿਆ ਕਿ ਉਹ ਮਨ ਹੀ ਮਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਨਾਲ ਜੁੜ ਗਏ। ਵਾਪਸ ਖਡੂਰ ਸਾਹਿਬ ਵਿਖੇ ਆਏ ਤਾਂ ਹਰ ਵੇਲੇ ਕੰਮ-ਕਾਰ ਕਰਦਿਆਂ ਉਨ੍ਹਾਂ ਦਾ ਧਿਆਨ ਗੁਰੂ-ਚਰਨਾਂ ਵੱਲ ਰਹਿੰਦਾ। ਕਈ ਵਾਰ ਮਾਤਾ ਖੀਵੀ ਜੀ ਆਪਣੇ ਪਤੀ ਨਾਲ ਕਰਤਾਰਪੁਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਆਉਂਦੇ ਤੇ ਮਾਤਾ ਸੁਲੱਖਣੀ ਜੀ ਨਾਲ ਲੰਗਰ ਦੀ ਸੇਵਾ ਕਰਦੇ ਅਤੇ ਫਿਰ ਵਾਪਸ ਖਡੂਰ ਸਾਹਿਬ ਵਿਚ ਆ ਕੇ ਆਪਣੇ ਘਰ ਦਾ ਕਾਰੋਬਾਰ ਕਰਦੇ। ਭਾਈ ਲਹਿਣਾ ਜੀ ਜਦੋਂ ਵੀ ਖਡੂਰ ਸਾਹਿਬ ਤੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਤਾਂ ਮਾਤਾ ਖੀਵੀ ਜੀ ਘਰ ਦੀ ਨੇਕ ਕਮਾਈ ਦੇ ਵਿੱਚੋਂ ਲੰਗਰ ਵਾਸਤੇ ਚੌਲ, ਗੁੜ, ਸ਼ੱਕਰ, ਦਾਲ, ਆਟਾ, ਘਿਓ ਇਤਿਆਦਿਕ ਰਸਦਾਂ ਦੀ ਪੰਡ ਬੰਨ ਕੇ ਭੇਜਦੇ ਅਤੇ ਆਪਣੇ ਧੰਨ-ਭਾਗ ਸਮਝਦੇ। ਇਕ ਵਾਰ ਭਾਈ ਲਹਿਣਾ ਜੀ ਨੇ ਖਡੂਰ ਸਾਹਿਬ ਤੋਂ ਰਸਦ ਦੀ ਪੰਡ ਬੰਨ ਕੇ ਕਰਤਾਰਪੁਰ ਪਹੁੰਚ ਕੇ ਰਸਦ ਲੰਗਰ ਵਿਚ ਪਾ ਦਿੱਤੀ । ਜਦ ਉਨ੍ਹਾਂ ਸਤਿਗੁਰਾਂ ਬਾਬਤ ਪੁੱਛਿਆ ਤਾਂ ਮਾਤਾ ਜੀ ਕਹਿਣ ਲੱਗੇ ਕਿ ਸਤਿਗੁਰੂ ਜੀ ਖੇਤਾਂ ਵਿੱਚੋਂ ਨਦੀਨ ਕਢਵਾ ਰਹੇ ਹਨ। ਆਪ ਥੱਕੇ ਆਏ ਹੋ, ਅਰਾਮ ਕਰੋ, ਸਤਿਗੁਰੂ ਜੀ ਸ਼ਾਮ ਨੂੰ ਆ ਜਾਣਗੇ। ਗੁਰੂ ਦੇ ਦਰਸ਼ਨਾਂ ਦੀ ਤਾਂਘ ਵਾਲੇ ਕਦੋਂ ਅਰਾਮ ਕਰਦੇ ਹਨ! ਫੁਰਮਾਨ ਹੈ: ਹਰਿ ਕੇ ਸੇਵਕ ਜੋ ਹਰਿ ਭਾਏ ਤਿਨ ਕੀ ਕਥਾ ਨਿਰਾਰੀ ਰੇ॥

ਆਵਹਿ ਨ ਜਾਹਿ ਨ ਕਬਹੂ ਮਰਤੇ ਪਾਰਬ੍ਰਹਮ ਸੰਗਾਰੀ ਰੇ॥ (ਅੰਗ ੮੪੪)
ਭਾਈ ਲਹਿਣਾ ਜੀ ਨੇ ਉਸੇ ਵੇਲੇ ਖੇਤਾਂ ਵਿਚ ਪਹੁੰਚ ਕੇ ਸਤਿਗੁਰਾਂ ਦੇ ਪਵਿੱਤਰ ਦਰਸ਼ਨ ਦੀਦਾਰ ਕੀਤੇ। ਸਤਿਗੁਰਾਂ ਨੇ ਸੁਖ-ਸਾਂਦ ਪੁੱਛਣ ਪਿੱਛੋਂ ਕਿਹਾ, ਲਹਿਣਾ ਜੀ ! ਗਊਆਂ ਵਾਸਤੇ ਘਾਹ ਘਰ ਪਹੁੰਚਾਉਣਾ ਹੈ, ਕੋਈ ਉਪਰਾਲਾ ਕਰੀਏ। ਇਹ ਬਚਨ ਸੁਣ ਕੇ ਭਾਈ ਲਹਿਣਾ ਜੀ ਨੇ ਘਾਹ ਦੀ ਪੰਡ ਸਿਰ ‘ਤੇ ਚੁੱਕ ਲਈ ਤੇ ਘਰ ਜਾ ਕੇ ਗਊਆਂ ਨੂੰ ਪਾ ਦਿੱਤੀ। ਉਨ੍ਹਾਂ ਦੇ ਵਸਤਰ ਚਿੱਕੜ ਨਾਲ ਭਿੱਜ ਗਏ। ਮਾਤਾ ਸੁਲੱਖਣੀ ਜੀ ਕਹਿਣ ਲੱਗੇ, “ਮਹਾਰਾਜ ਜੀ! ਭਾਈ ਲਹਿਣਾ ਜੀ ਨੇ ਪਹਿਲਾਂ ਪਿੰਡ ਤੋਂ ਰਸਦ ਦੀ ਭਾਰੀ ਪੰਡ ਲੰਗਰ ਵਾਸਤੇ ਚੁੱਕ ਕੇ ਲਿਆਂਦੀ ਹੈ” ਫਿਰ ਆਪ ਜੀ ਨੇ
ਭਾਰੀ ਪੰਡ ਚੁਕਾ ਦਿੱਤੀ ਹੈ। ਇਨ੍ਹਾਂ ਦੇ ਕੱਪੜੇ ਵੀ ਚਿੱਕੜ ਨਾਲ ਭਿੱਜ ਗਏ ਹਨ” ਸ੍ਰੀ ਗੁਰੂ ਨਾਨਕ ਦੇਵ ਜੀ ਹੱਸ ਕੇ ਕਹਿਣ ਲੱਗੇ, “ਸੁਲੱਖਣੀ ਜੀ! ਇਹ ਛਿੱਟੇ ਚਿੱਕੜ ਦੇ ਨਹੀਂ ਕੇਸਰ ਦੇ ਸਮਝੋ, ਜੋ ਅਕਾਲ ਪੁਰਖ ਦੇ ਹੁਕਮ ਅੰਦਰ ਇਨ੍ਹਾਂ ‘ਤੇ ਪਏ ਹਨ। ਜਿਵੇਂ ਇਨ੍ਹਾਂ ਨੇ ਭਾਰੀਆਂ ਪੰਡਾਂ ਚੁੱਕੀਆਂ ਹਨ, ਇਸੇ ਤਰ੍ਹਾਂ ਇਕ ਦਿਨ ਦੀਨ-ਦੁਨੀਆ ਦੀ ਪੰਡ ਸੰਭਾਲਣ ਦੇ ਯੋਗ ਹੋਣਗੇ।” ਇਸ ਗੱਲ ਵਿਚ ਕੋਈ ਗੁੱਝਾ ਭੇਤ ਸੀ । ਭਾਈ ਲਹਿਣਾ ਜੀ ਦੀਆਂ ਕਰਤਾਰਪੁਰ ਸਾਹਿਬ ਵਿਚ ਸਤਿਗੁਰੂ ਨਾਨਕ ਦੇਵ ਜੀ ਨੇ ਕਈ ਕਠਿਨ ਪ੍ਰੀਖਿਆਵਾਂ ਲਈਆਂ। ਭਾਈ ਲਹਿਣਾ ਜੀ ਨੇ ਗੁਰੂ ਸਾਹਿਬ ਦੀ ਰਜ਼ਾ ਵਿਚ ਸਾਰੀਆਂ ਹੱਲ ਕੀਤੀਆਂ । ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਗੁਰਤਾਗੱਦੀ ਦੇ ਮਾਲਕ ਬਣਾ ਕੇ ਕਰਤਾਰਪੁਰ ਤੋਂ ਖਡੂਰ ਸਾਹਿਬ ਭੇਜ ਦਿੱਤਾ। ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ:

ਦਿਤਾ ਛੋੜਿ ਕਰਤਾਰਪੁਰੁ ਬੈਠਿ ਖਡੂਰੇ ਜੋਤਿ ਜਗਾਈ।

(ਵਾਰ ੧:੪੬)

ਸੰਮਤ ੧੫੯੬, ੭ ਅੱਸੂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਦੂਸਰੀ ਪਾਤਸ਼ਾਹੀ ਦੇ ਰੂਪ ਵਿਚ ਸ੍ਰੀ ਗੁਰੂ ਅੰਗਦ ਸਾਹਿਬ ਬਣਾ ਕੇ ਵਡਿਆਈਆਂ ਦੇ ਪਾਤਰ ਬਣਾਇਆ। ਜਿੱਥੇ ਦੂਸਰੇ ਪਾਤਸ਼ਾਹ ਸੰਗਤਾਂ ਨੂੰ ਸ਼ਬਦ ਪ੍ਰਸ਼ਾਦਿ ਵੰਡਦੇ ਸਨ, ਉੱਥੇ ਮਾਤਾ ਖੀਵੀ ਜੀ ਲੰਗਰ ਦੀ ਜ਼ਿੰਮੇਵਾਰੀ ਬੜੀ ਲਗਨ ਨਾਲ ਸੰਭਾਲਿਆ ਕਰਦੇ ਸਨ। ਇਨ੍ਹਾਂ ਦੀ ਬਾਬਤ ਭਾਈ ਸਤਾ ਜੀ ਅਤੇ ਭਾਈ ਬਲਵੰਡ ਜੀ ਦੀ ਵਾਰ ਵਿਚ ਜ਼ਿਕਰ ਹੈ:

ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ॥

ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ॥ (ਅੰਗ ੯੬੭)

ਇਸ ਵਾਰ ਤੋਂ ਇਹ ਸਿੱਧ ਹੁੰਦਾ ਹੈ ਕਿ ਮਾਤਾ ਖੀਵੀ ਜੀ ਲੰਗਰ ਵਿਚ ਖੀਰ ਬਣਾ ਕੇ, ਦੇਸੀ ਘਿਓ ਪਾ ਕੇ ਸੰਗਤਾਂ ਨੂੰ ਵਰਤਾਇਆ ਕਰਦੇ ਸਨ।

ਸ਼ੇਰਸ਼ਾਹ ਸੂਰੀ ਕੋਲੋਂ ਹਾਰ ਖਾ ਕੇ ਹਮਾਯੂੰ ਜਦੋਂ ਖਡੂਰ ਸਾਹਿਬ ਨਗਰ ਵਿੱਚੋਂ ਦੀ ਜਾ ਰਿਹਾ ਸੀ ਤਾਂ ਸਤਿਗੁਰਾਂ ਦੇ ਦਰਸ਼ਨ ਕਰਨੇ ਚਾਹੇ। ਜਦ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਕਿਸੇ ਰੰਗਣ ਵਿਚ ਰੰਗੇ ਹੋਇਆਂ ਨੇ ਹਮਾਯੂੰ ਵੱਲ ਉਚੇਚਾ ਧਿਆਨ ਨਾ ਦਿੱਤਾ, ਤਾਂ ਉਹ ਕ੍ਰੋਧ ਵਿਚ ਆ ਕੇ ਤਲਵਾਰ ਕੱਢ ਕੇ ਸਤਿਗੁਰਾਂ ‘ਤੇ ਵਾਰ ਕਰਨ ਲੱਗਾ । ਤਦ ਸਤਿਗੁਰੂ ਜੀ ਹੱਸ ਕੇ ਕਹਿਣ ਲੱਗੇ, “ਵਾਹ। ਜੇਹੜੀ ਤਲਵਾਰ ਸ਼ੇਰਸ਼ਾਹ ਸੁਰੀ ਕੋਲੋਂ ਹਾਰ ਖਾ ਕੇ ਆਈ ਹੈ ਉਹ ਅੱਜ ਫਕੀਰਾਂ ‘ਤੇ ਵਾਰ ਕਰ ਕੇ ਤੁਹਾਡੇ ਮੰਨ ਨੂੰ ਸ਼ਾਂਤ ਕਰੇਗੀ। ” ਮਹਾਰਾਜ ਜੀ ਦਾ ਕਿੰਨਾ ਨਿੱਗਰ ਬਚਨ ਸੀ ! ਹਮਾਯੂੰ ਸੁਣ ਕੇ ਚਰਨੀਂ ਢਹਿ ਪਿਆ ਤੇ ਮੁਆਫੀ ਮੰਗੀ ਅਤੇ ਅਸ਼ੀਰਵਾਦ ਦਾ ਪਾਤਰ ਬਣਿਆ। ਸ੍ਰੀ ਗੁਰੂ ਅੰਗਦ ਦੇਵ ਜੀ ੩ ਵੈਸਾਖ, ਸੰਮਤ ੧੬੦੯ (੨੯ ਮਾਰਚ, ੧੫੫੨ ਈ:) ਨੂੰ ਜੋਤੀ ਜੋਤ ਸਮਾਏ। ਜਿਹੜੀ ਦਾਤ ਆਪ ਜੀ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ
ਬਖ਼ਸ਼ੀ ਸੀ, ਉਹੀ ਦਾਤ ਆਪ ਜੀ ਨੇ ਆਪਣੇ ਸੇਵਕ ਸ੍ਰੀ ਗੁਰੂ ਅਮਰਦਾਸ ਜੀ ਨੂੰ ਬਖ਼ਸ਼ ਕੇ ਗੁਰੂ ਜੀ ਦੀ ਪਦਵੀ ਦੇ ਮਾਲਕ ਬਣਾ ਕੇ ਗੋਇੰਦਵਾਲ ਸਾਹਿਬ ਵਸਾਉਣ ਦਾ ਹੁਕਮ ਕੀਤਾ। ਰੂਪਮਾਨ ਕੀਤਾ ਹੈ:

ਗੁਰੁ ਅੰਗਦੁ ਗੁਰੁ ਅੰਗੁ ਤੇ ਅੰਮ੍ਰਿਤ ਬਿਰਖੁ ਅੰਮ੍ਰਿਤ ਫਲ ਫਲਿਆ।

ਜੋਤੀ ਜੋਤਿ ਜਗਾਈਅਨੁ ਦੀਵੇ ਤੇ ਜਿਉ ਦੀਵਾ ਬਲਿਆ। (ਵਾਰ ੨੪:੮) ਗੁਰਤਾਗੱਦੀ ਨਾ ਮਿਲਣ ‘ਤੇ ਭਾਈ ਦਾਸੂ ਨੇ ਘਰ ਵਿਚ ਬਹੁਤ ਫਸਾਦ ਪਾਇਆ।

ਮਾਤਾ ਖੀਵੀ ਜੀ ਨੇ ਬੜੇ ਹੀ ਪਿਆਰ ਨਾਲ ਪੁੱਤਰਾਂ ਨੂੰ ਸਮਝਾਉਣ ਦਾ ਯਤਨ ਕੀਤਾ, ਕਿ ਪੁੱਤਰ ਇਹ ਪੰਡ ਬਹੁਤ ਹੀ ਭਾਰੀ ਸੀ ਜਿਸ ਨੂੰ ਆਪ ਸੰਭਾਲਣ ਦੇ ਯੋਗ ਨਹੀਂ, ਇਹ ਜੱਦੀ ਜਾਇਦਾਦ ਨਹੀਂ, ਜਿਸ ਦੇ ਵਾਸਤੇ ਤੁਸੀਂ ਝਗੜਾ ਕਰਦੇ ਹੋ। ਜੇ ਗੁਰਤਾਗੱਦੀ ਵਿਰਸੇ ਵਿਚ ਮਿਲਦੀ ਹੁੰਦੀ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਨੂੰ ਗੁਰਗੱਦੀ ‘ਤੇ ਬਿਰਾਜਮਾਨ ਕਰਦੇ, ਪਰ ਉਨ੍ਹਾਂ ਨੇ ਨਿਮਰਤਾ ਨੂੰ ਆਧਾਰ ਬਣਾ ਕੇ ਗੁਣਾਂ ਦੇ ਮਾਲਕ ਤੁਹਾਡੇ ਪਿਤਾ- ਗੁਰੂ ਜੀ ਨੂੰ ਗੁਰਗੱਦੀ ਪ੍ਰਦਾਨ ਕੀਤੀ। ਬੇਟਾ ਈਰਖਾ ਨਾ ਕਰੋ! ਆਪ ਸ੍ਰੀ ਗੁਰੂ ਅਮਰਦਾਸ ਜੀ ਦੀ ਸੇਵਾ ਕਰੋ। ਕਿਸੇ ਕਿਸਮ ਦੀ ਤੋਟ ਨਹੀਂ ਆਵੇਗੀ। ਭਾਈ ਦਾਤੂ ਨੇ ਮਾਤਾ ਖੀਵੀ ਜੀ ਦਾ ਸਿਆਣਪ ਭਰਿਆ ਸੁਝਾਅ ਮੰਨ ਲਿਆ ਪਰ ਭਾਈ ਦਾਸੂ ਨੇ ਨਾ ਮੰਨਿਆ ਤੇ ਗੋਇੰਦਵਾਲ ਸਾਹਿਬ ਜਾ ਕੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਬੋਲ-ਕੁਬੋਲ ਬੋਲਣੇ ਸ਼ੁਰੂ ਕਰ ਦਿੱਤੇ । ਭਾਈ ਦਾਸੂ ਸ੍ਰੀ ਗੁਰੂ ਅਮਰਦਾਸ ਜੀ ਤੋਂ ਥੋੜਾ ਦੂਰ ਜਾ ਬੈਠਾ । ਭਾਈ ਦਾਸੂ ਸੰਗਤਾਂ ਨੂੰ ਉਪਦੇਸ਼ ਕਰਨ ਹੀ ਲੱਗਾ ਸੀ ਕਿ ਸੰਗਤਾਂ ਉੱਠ ਕੇ ਸ੍ਰੀ ਗੁਰੂ ਅਮਰਦਾਸ ਜੀ ਦੇ ਦੁਆਲੇ ਜਾ ਬੈਠੀਆਂ। ਭਾਈ ਦਾਸੂ ਸ਼ਰਮ ਦਾ ਮਾਰਿਆ ਉੱਠ ਕੇ ਖਡੂਰ ਸਾਹਿਬ ਨੂੰ ਪਰਤ ਗਿਆ।

ਜਦੋਂ ਮਾਤਾ ਖੀਵੀ ਜੀ ਨੂੰ ਪਤਾ ਲੱਗਾ ਕਿ ਭਾਈ ਦਾਸੂ ਨੇ ਸ੍ਰੀ ਗੁਰੂ ਅਮਰਦਾਸ ਜੀ ਨਾਲ ਦੁਰਵਿਹਾਰ ਕੀਤਾ ਹੈ ਤਾਂ ਉਨ੍ਹਾਂ ਨੇ ਗੋਇੰਦਵਾਲ ਸਾਹਿਬ ਪੁੱਜ ਕੇ ਸ੍ਰੀ ਗੁਰੂ ਅਮਰਦਾਸ ਜੀ ਕੋਲੋਂ ਆਪਣੇ ਪੁੱਤਰ ਦੀ ਗਲਤੀ ਦੀ ਮੁਆਫੀ ਮੰਗੀ। ਮਾਤਾ ਖੀਵੀ ਜੀ ਸੰਗਤਾਂ ਸਮੇਤ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਤੇ ਗੁਰੂ-ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਸਨ। ਮਾਤਾ ਖੀਵੀ ਜੀ ਨੇ ਖਡੂਰ ਸਾਹਿਬ ਵਿਚ ਲੰਗਰ ਪਰੰਪਰਾ ਜਾਰੀ ਰੱਖੀ। ਮਾਤਾ ਖੀਵੀ ਜੀ ਖਡੂਰ ਸਾਹਿਬ ਵਿਚ ਸੱਚਖੰਡ ਪਿਆਨਾ ਕਰ ਗਏ। ਮਾਤਾ ਜੀ ਦੇ ਅੰਤਮ ਸਮੇਂ ਦੀ ਸੇਵਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਕਰ-ਕਮਲਾਂ ਨਾਲ ਨਿਭਾਈ। ਮਾਤਾ ਖੀਵੀ ਜੀ ਦੀ ਪਿਆਰੀ ਯਾਦ ਵਿਚ ਪਿੰਡ ਸੰਘਰ ਕੋਟ, ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਵਿਚ ਬੜੇ ਸੁੰਦਰ ਗੁਰਦੁਆਰਾ ਸਾਹਿਬ ਦਾ ਨਿਰਮਾਣ ਕੀਤਾ ਗਿਆ ਹੈ। ਇਹ ਅਸਥਾਨ ਜੰਡਿਆਲਾ ਗੁਰੂ ਤੋਂ ਵੈਰੋਵਾਲ ਜਾਣ ਵਾਲੀ ਸੜਕ ‘ਤੇ ਸੁਸ਼ੋਭਿਤ ਹੈ।