ਸੰਸਾਰ ਸਾਗਰ ਤੋਂ ਅਕਾਲ ਪੁਰਖ ਦੇ ਨਾਮ ਰੂਪੀ ਜਹਾਜ਼ ਰਾਹੀਂ ਤਰਿਆ ਜਾ ਸਕਦਾ ਹੈ। ਜਗਤ ਨੂੰ ਤਾਰਨ ਵਾਲਾ ਨਾਮ ਸਤਿਗੁਰ ਜੀ ਦੇ ਪ੍ਰਸੰਨ ਹੋਣ ਨਾਲ ਮਿਲਦਾ ਹੈ। ਭੱਟ ਨਲ ਜੀ ਬਿਆਨ ਕਰਦੇ ਹਨ ਕਿ ਗੁਰੂ ਅਰਜਨ ਸਾਹਿਬ ਜੀ ਦੇ ਦਰ ਉੱਤੇ ਸਾਰੇ ਕਾਰਜ ਰਾਸ ਆ ਜਾਂਦੇ ਹਨ:
ਭਵਜਲੁ ਸਾਇਰੁ ਸੇਤੁ ਨਾਮੁ ਹਰੀ ਕਾ ਬੋਹਿਥਾ ॥ ਤੁਅ ਸਤਿਗੁਰ ਸੰ ਹੇਤੁ ਨਾਮਿ ਲਾਗਿ ਜਗੁ ਉਧਰਉ ॥੨॥
ਜਗਤ ਉਧਾਰਣੁ ਨਾਮੁ ਸਤਿਗੁਰ ਤੁਠੈ ਪਾਇਅਉ ॥
ਅਬ ਨਾਹਿ ਅਵਰ ਸਰਿ ਕਾਮੁ ਬਾਰੰਤਰਿ ਪੂਰੀ ਪੜੀ ॥
ਜੋ ਵੀ ਗੁਰੂ ਅਰਜਨ ਸਾਹਿਬ ਜੀ ਦੇ ਦਰ ਆਉਂਦਾ ਉਸ ਦੇ ਸਭ ਸ਼ੰਕੇ ਮੁੱਕ ਜਾਂਦੇ। ਗੁਰੂ ਜੀ ਦਾ ਦਰਬਾਰ ਲੱਗਾ ਹੋਇਆ ਸੀ। ਗੁਰੂ ਸਾਹਿਬ ਦਰ ਆਇਆਂ ਦੇ ਸ਼ੰਕ ਨਿਵਾਰ ਰਹੇ ਸਨ ਅਤੇ ਦੁੱਖ ਦੂਰ ਕਰ ਰਹੇ ਸਨ । ਇੱਕ ਸਿੱਖ ਭਾਈ ਸਮੁੰਦਾ ਸਤਿਗੁਰ ਦੀ ਸਰਨ ਆਇਆ। ਉਸ ਨੇ ਕੁਝ ਚਿਰ ਸੰਗਤ ਕੀਤੀ ਅਤੇ ਫਿਰ ਮਨ ਵਿਚ ਸਵਾਲ ਉੱਠਿਆ ਅਤੇ ਸਤਿਗੁਰਾਂ ਦੇ ਨੇੜੇ ਬੈਠ ਕੇ ਅਰਜ ਕੀਤੀ ‘ਹੇ ਗਰੀਬ ਨਿਵਾਜ! ਗਿਆਨ ਦੇ ਦਾਤੇ ਸਤਿਗੁਰ ਜੀਓ! ਸਨਮੁਖ ਤੇ ਬੇਮੁਖ ਕੌਣ ਹਨ? ਉਨ੍ਹਾਂ ਦੇ ਲੱਛਣ ਕੀ ਹਨ?” ਭਾਈ ਸਮੁੰਦੇ ਦਾ ਸਵਾਲ ਸੁਣ ਕੇ ਸਤਿਗੁਰ ਜੀ ਮੁਸਕਰਾ ਰਹੇ ਸਨ। ਫਿਰ ਸਤਿਗੁਰ ਜੀ ਨੇ ਬਚਨ ਕੀਤਾ ‘ਹੇ ਭਾਈ ਸਮੁੰਦਾ! ਜਿਵੇਂ ਕਿਸੇ ਪ੍ਰਾਣੀ ਨੂੰ ਕੋਈ ਕੰਮ ਲਈ ਭੇਜਿਆ ਜਾਂਦਾ ਹੈ ਉਹ ਤਾਕਤ, ਬੁੱਧੀ ਅਤੇ ਪ੍ਰੇਮ ਨਾਲ ਮਨ ਲਾ ਕੇ ਚੰਗੀ ਤਰ੍ਹਾਂ ਕਾਰਜ ਕਰ ਕੇ ਵਾਪਸ ਆਉਂਦਾ ਹੈ, ਉਹ ਸਨਮੁਖ ਹੁੰਦਾ ਹੈ। ਜੋ ਕੰਮ ਵਿਗਾੜ ਕੇ ਆਉਂਦਾ ਹੈ ਜਾਂ ਕਰਦਾ ਹੀ ਨਹੀਂ ਉਸ ਨੂੰ ਬੇਮੁਖ ਕਹੀਦਾ ਹੈ।’ ਪਾਤਸ਼ਾਹ ਜੀ ਨੇ ਸਨਮੁਖ ਤੇ ਬੇਮੁਖ ਬਾਰੇ ਹੋਰ ਸਮਝਾਉਂਦਿਆਂ ਅੱਗੇ ਕਿਹਾ ‘ਹੇ ਭਾਈ, ਨਿਰੰਕਾਰ ਨੇ ਮਨੁੱਖ ਨੂੰ ਨਾਮ ਸਿਮਰਨ ਕਰਦਿਆਂ ਸਨਮੁਖ ਹੋ ਕੇ ਰਹਿਣ ਲਈ ਭੇਜਿਆ ਹੈ। ਜੋ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰ ਕੇ ਨਿਰੰਕਾਰ ਦਾ ਸਿਮਰਨ ਕਰਦਿਆਂ ਕਾਮਨਾ ਰਹਿਤ ਹੋ ਕੇ ਪ੍ਰੇਮ ਧਾਰਨ ਕਰਦੇ ਹਨ ਫਿਰ ਗੁਰਬਾਣੀ ਨੂੰ ਪੜ੍ਹ ਕੇ ਹਿਰਦੇ ਵਿਚ ਵਿਚਾਰਦੇ ਅਤੇ ਉਪਰੰਤ ਸੰਸਾਰੀ ਕਾਰ-ਵਿਹਾਰ ਕਰਦਿਆਂ ਸਮਰੱਥਾ ਅਨੁਸਾਰ ਲੋੜਵੰਦ ਨੂੰ ਦਾਨ ਕਰਦੇ ਹਨ, ਉਹ ਸਨਮੁਖ ਹੁੰਦੇ ਹਨ। ਸਨਮੁਖ ਵਿਅਕਤੀ ਆਪਣੇ ਸਰੀਰ ਤੇ ਮੋਹ ਤਿਆਗ ਕੇ ਆਤਮਿਕ ਤੌਰ ਤੇ ਪ੍ਰਸੰਨ ਰਹਿੰਦੇ ਹਨ ਉਨ੍ਹਾਂ ਨੂੰ ਵਾਹਿਗੁਰੂ ਦੇ ਪ੍ਰਤੱਖ ਦਰਸ਼ਨ ਹੁੰਦੇ ਹਨ। ਉਹ
ਆਪਣਾ ਜਨਮ ਸਵਾਰ ਕੇ ਨਿਰੰਕਾਰ ਨੂੰ ਪ੍ਰਾਪਤ ਕਰ ਕੇ ਪਰਮ ਅਨੰਦ ਨੂੰ ਪ੍ਰਾਪਤ ਹੋ ਜਾਂਦੇ ਹਨ। ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਨੇ ਇਸ ਬਾਰੇ ਇਸ ਤਰ੍ਹਾਂ ਬਿਆਨ ਕੀਤਾ ਹੈ :
ਬੁਧਿ ਤੇ ਬਲ ਤੇ ਪ੍ਰੇਮ ਲਗਾਇ।
ਜੋ ਕਾਰਜ ਕੋ ਲੇਤਿ ਬਨਾਇ॥
ਸੋ ਸਨਮੁਖ ਆਵਤਿ ਚਲਿ ਸ਼ਾਹੂ।…
ਨਹੀਂ ਕਰਹਿ ਬੇਮੁਖ ਲਖਿ ਤਾਂਹੂ॥੧੯॥…
ਗੁਰੂਬਾਨੀ ਪਨਿ ਰਿਦੇ ਬਿਚਾਰਹਿ। ਤਰਨਿ ਉਦੇ ਨਿਜ ਕਾਜ ਸੰਭਾਰਹਿ॥੨੧॥
ਮੁਖ ਮਹਿ ਕਿਯੋਂ ਰਿਦੇ ਸਤਿਨਾਮੁ। ਸਦਾ ਸੰਭਾਰਹਿ ਕਰਤੇ ਕਾਮੂ।
ਜਿਨਹੂੰ ਨ ਮਨ ਤੇ ਪ੍ਰਭੂ ਬਿਸਾਰਯੋ॥
ਸਤਿ ਸੰਗਤਿ ਮਿਲਬੇ ਹਿਤ ਧਾਰਯੋ ।।੨੨।।
ਜਥਾ ਸ਼ਕਿਤ ਨਿਤ ਦੇਤੇ ਦਾਨ ॥ ਨਗਨ ਫੁਧਿਤ ਕੋ ਦੇਖਿ ਸੁਜਾਨ।
ਜਿਨ ਜਗ ਮਹਿ ਇਮ ਕਾਜ ਬਨਾਯੋ। ਲਗਿ ਬਿਸ਼ਿਯਨਿ ਨਹਿ ਜਨਮ ਗਵਾਯੋ
ਵਾਹਿਗੁਰੂ ਕੇ ਸਨਮੁਖ ਸੋਇ ॥ ਹਰਖਹਿ ਤਨ ਤਜਿ ਦਰਸ਼ਨ ਹੋਇ ॥ ਕਾਜ ਸੁਧਾਰ ਜਾਇ ਪ੍ਰਭੁ ਮਿਲੇ । ਲਹਿ ਆਨੰਦ ਮੁਕਤਿ ਸੇ ਭਲੇ ॥੨੪॥
(ਗੁ. ਪ੍ਰ. ਸੂ. ਗ੍ਰੰਥ ਰਾਸਿ ਤੀਜੀ, ਅਧਿ ੫੩)
ਫਿਰ ਬੇਮੁਖ ਬਾਰੇ ਗੱਲ ਕਰਦਿਆਂ ਸਤਿਗੁਰ ਜੀ ਨੇ ਬਚਨ ਕੀਤਾ ‘ਜਿਨ੍ਹਾਂ ਨੇ ਜਗਤ ਵਿਚ ਆਪਣਾ ਜੀਵਨ ਸਫਲਾ ਨਹੀਂ ਕੀਤਾ। ਵਿਕਾਰਾਂ ਵਿਚ ਪੈ ਕੇ ਆਪਣਾ ਆਪ ਹੀ ਦੁਖੀ ਕੀਤਾ, ਉਹ ਬੇਮੁਖ ਹਨ। ਉਹ ਹੰਕਾਰ ਵਿਚ ਮਰ ਕੇ ਆਪਣਾ ਮਰਣ ਵੀ ਵਿਗਾੜ ਲੈਂਦੇ ਹਨ।’ ਬੇਮੁਖ ਬਾਰੇ ਸ੍ਰੀ ਗੁਰੂ ਰਾਮਦਾਸ ਜੀ ਦਾ ਪਾਵਨ ਕਥਨ ਹੈ:
ਮਨਮੁਖ ਮਾਇਆ ਮੋਹਿ ਵਿਆਪੈ ਦੂਜੈ ਭਾਇ ਮਨੂਆ ਥਿਰੁ ਨਾਹਿ।
ਅਨਦਿਨੁ ਜਲਤ ਰਹਹਿ ਦਿਨੁ ਰਾਤੀ ਹਉਮੈ ਖਪਹਿ ਖਪਾਹਿ॥
ਅੰਤਰਿ ਲੋਭੁ ਮਹਾ ਗੁਬਾਰਾ ਤਿਨ ਕੈ ਨਿਕਟਿ ਨ ਕੋਈ ਜਾਹਿ।
ਓਇ ਆਪਿ ਦੁਖੀ ਸੁਖੁ ਕਬਹੂ ਨ ਪਾਵਹਿ ਜਨਮਿ ਮਰਹਿ ਮਰਿ ਜਾਹਿ॥ (ਅੰਗ ੬੫੨)
ਇਹ ਸੁਣ ਕੇ ਭਾਈ ਸਮੁੰਦੇ ਨੇ ਬੇਨਤੀ ਕੀਤੀ ‘ਹੇ ਕਰੁਨਾਨਿਧਿ ਸਤਿਗੁਰ ਜੀਉ! ਜੇ ਤੇਰੀ ਦਇਆ ਹੋਵੈ ਤਾਂ ਸਨਮੁਖ ਹੋਈਐ।’ ਦਇਆਵਾਨ ਸਤਿਗੁਰ ਜੀ ਨੇ ਬਚਨ ਕੀਤਾ ‘ਹੇ ਭਾਈ ਜੋ ਸਿੱਖ ਸਨਮੁਖ ਹੁੰਦਾ ਉਸ ਉੱਤੇ ਸਤਿਗੁਰ ਜੀ ਦੀ ਦਇਆ ਆਪੇ ਹੋ ਜਾਂਦੀ ਹੈ ਯਥਾ:
ਮੁਝ ਕੋ ਸਨਮੁਖ ਆਪ ਬਨਾਵਹੁ ਦਿਹੁ ਤੀਨਹੁ ਗੁਨ ਕੋ ਬਖਸ਼ਾਵਹੁ॥ ਗੁਰ ਕਹਿ ਸਨਮੁਖਿ ਸਿਖ ਹੁਇ ਜਬੈ । ਹੁਇ ਆਵਹਿ ਗੁਰ ਕਰੁਨਾ ਤਬੈ॥੨੬॥
(ਗੁ.ਪ੍ਰ.ਸੂ.ਗ੍ਰੰ. ਰਾਸਿ ਤੀਜੀ ਅਧਿ ੫੩ )
ਭਾਈ ਸਮੁੰਦਾ ਸਤਿਗੁਰ ਦੇ ਬਚਨ ਨੂੰ ਸਤ ਮੰਨ ਕੇ ਪ੍ਰੇਮ ਨਾਲ ਸਤਿਗੁਰ ਦੀ ਸੇਵਾ ਵਿਚ ਜੁੱਟ ਗਿਆ। ਪਿਛਲ ਰਾਤੀਂ ਉੱਠਦਾ ਇਸ਼ਨਾਨ ਕਰ ਕੇ ਸਤਿਨਾਮ ਵਾਹਿਗੁਰੂ
ਦਾ ਜਾਪ ਕਰਦਾ। ਗੁਰਬਾਣੀ ਦਾ ਪਾਠ ਕਰਦਾ। ਵਾਹਿਗੁਰੂ ਬੋਲ ਕੇ ਸਾਰੇ ਕਾਰਜ ਕਰਦਾ। ਯਥਾ ਸ਼ਕਤ ਦਾਨ ਕਰਦਾ। ਸਤਿਸੰਗਤ ਵਿਚ ਪ੍ਰੇਮ ਨਾਲ ਬੈਠਦਾ। ਇਸ ਤਰ੍ਹਾਂ ਉਸ ਨੂੰ ਗਿਆਨ ਦੀ ਪ੍ਰਾਪਤੀ ਹੋਈ, ਅਤੇ ਉਹ ਆਪਣਾ ਜੀਵਨ ਸਫਲ ਕਰ ਕੇ ਮੁਕਤੀ ਨੂੰ ਪ੍ਰਾਪਤ ਹੋ ਗਿਆ। ਇਸ ਤਰ੍ਹਾਂ ਭਾਈ ਸਮੁੰਦਾ ਜੀ ਸਤਿਗੁਰ ਦੇ ਸਨਮੁਖ ਹੋ ਕੇ ਰਹਿਮਤਾਂ ਦੇ ਪਾਤਰ ਬਣ ਗਏ।
ਭਾਈ ਗੁਰਦਾਸ ਜੀ ਨੇ ਭਾਈ ਸਮੁੰਦਾ ਜੀ ਨੂੰ ਸਨਮੁਖ ਸਿੱਖ ਕਹਿ ਕੇ ਨਿਵਾਜਿਆ ਹੈ:
ਸੁਹਤੁ ਤਿਲੋਕਾ ਸੂਰਮਾ ਸਿਖੁ ਸਮੁੰਦਾ ਸਨਮੁਖ ਸਾਰਾ॥
-ਸ. ਬਲਵਿੰਦਰ ਸਿੰਘ ਜੌੜਾਸਿੰਘਾ
