ਕੀ ਤੁਸੀਂ ਜਾਣਦੇ ਹੋ ਕਿ ਸਾਡੇ ਲੰਮੜੇ ਕੇਸ, ਚੇਤਨਾ ਦੇ ਸਾਗਰ ਦੀਆਂ ਫਿਰਤੂ ਲਹਿਰਾਂ ਹਨ?
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੇਤਨਾ ਦੇ ਸਾਗਰ ਦੀਆਂ ਲਹਿਰਾਂ ਨੂੰ ਇਕੱਠਾ ਕੀਤਾ, ਜਿਵੇਂ ਮਾਂ ਆਪਣੇ ਬੱਚੇ ਦੇ ਕੇਸ ਗੁੰਦਦੀ ਹੈ। ਮਨੁੱਖ ਕੀ ਹੈ? ਚੇਤਨਤਾ ਦਾ ਸਾਗਰ ਹੀ ਤਾਂ ਹੈ। ਮਾਲਕ ਨੇ ਉਨ੍ਹਾਂ ਨੂੰ ਧੋਤਾ, ਕੰਘਾ ਕੀਤਾ ਅਤੇ ਭਵਿੱਖਤ ਮਨੁੱਖਤਾ, ਜੋ ਜਾਤ-ਪਾਤ ਦੇ ਵਿਤਕਰੇ ਤੋਂ ਰਹਿਤ ਹੋਵੇ, ਮਨੁੱਖ ਦੇ ਵਿਚਾਲੇ ਦੇ ਭੇਦ-ਭਾਵ ਤੋਂ ਉੱਪਰ ਉਠੇ ਅਤੇ ਜੋ ਰੂਹਾਨੀ ਭਾਈਚਾਰੇ ਦੀ ਸ਼ਾਂਤੀ ਅਤੇ ਸਦਭਾਵਨਾ ਲਈ ਕੰਮ ਕਰੇ, ਦੇ ਸੰਕਲਪ ਵਜੋਂ ਉਸ ਨੂੰ ਜੂੜੇ ਦਾ ਰੂਪ ਦਿੱਤਾ। ਜੋ ਉਸ ਦਾ ਜੂੜਾ ਰੱਖਦਾ ਹੈ- ਉਹ ਸਭ ਦਾ ਭਰਾ ਹੈ, ਖੁਦਗਰਜ਼ੀ ਦੀ ਮੰਦ-ਭਾਵਨਾ ਤੋਂ ਅਜ਼ਾਦ ਹੈ। ਉਸ ਲਈ ਇਹ ਲਾਜ਼ਮੀ ਹੈ ਕਿ ਉਹ ਨਾ ਹੀ ਕਿਸੇ ਵੱਖਰੀ ਨਸਲ, ਧਰਮ ਦਾ ਹੋਵੇ ਅਤੇ ਨਾ ਹੀ ਲੁੱਟਮਾਰ ਕਰਦੀਆਂ, ਦੂਜੇ ਲੋਕਾਂ ਨੂੰ ਅਧੀਨ ਕਰਨ ਲਈ ਜ਼ੁਲਮ ਕਰਦੀਆਂ ਕੌਮੀ ਗੁੱਟ-ਬੰਦੀਆਂ ਵਿੱਚੋਂ ਹੋਵੇ।
ਅਜਿਹਾ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਹੁਕਮ ਹੈ। ਉਸ ਦੀ ਫਰਮਾ-ਬਰਦਾਰੀ ਹੀ ਜੀਵਨ ਹੈ। ਉਸ ਮਹਾਨ ਪਿਆਰ ਤੋਂ ਬਾਹਰ ਕੋਈ ਜੀਵਨ ਨਹੀਂ ।
ਸ੍ਰੀ ਗੁਰੂ ਗੋਬਿੰਦ ਸਿੰਘ ਦੇ ਕੇਸਾਧਾਰੀ ਵੀਰਾਂ ਦਾ ਨਿਸ਼ਾਨਾ ਹੀ ਵੱਖਰਾ ਹੈ, ਸੇਧ ਹੀ ਵੱਖਰੀ ਹੈ, ਉਨ੍ਹਾਂ ਦੀ ਪ੍ਰੇਰਣਾ ਹੀ ਵੱਖਰੀ ਹੈ!
ਸਾਡੇ ਜੀਵਨ ਦੀਆਂ ਸ਼ਰਤਾਂ ਨਾਲ ਇਸ ਦਾ ਕੋਈ ਸੰਬੰਧ ਨਹੀਂ। ਅਸੀਂ ਕੰਡਿਆਂ ਦੀ ਸੇਜ ਜਾਂ ਚਿੱਕੜ ਦੀ ਸੇਜ ‘ਤੇ ਇਕੋ ਜਿਹੀ ਖੁਸ਼ੀ ਨਾਲ ਫੁੱਲਾਂ ਵਾਂਗ ਖਿੜਦੇ ਹਾਂ, ਕਿਉਂਕਿ ਉਸ ਦੇ ਸਨਮੁਖ ਹੋਣਾ, ਉਸ ਵਿਚ ਰਹਿਣਾ, ਉਸ ਲਈ ਸਵਾਸ ਲੈਣਾ ਹੀ ਸਾਡਾ ਜੀਵਨ ਹੈ ਅਤੇ ਜੋ ਕੋਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਬਣਨਾ ਚਾਹੁੰਦਾ ਹੋਵੇ, ਆਏ ਅਤੇ ਬਣੇ। ਇਹ ਪਿਆਰ ਹੀ ਜੀਵਨ ਹੈ। ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਕੇਸਾਧਾਰੀਆਂ ਦਾ ਪੰਥ ਹਾਂ, ਸਾਡੇ ਮਨੋਰਥ ਪ੍ਰਾਲਭਦ ਵਾਂਗ ਅਭੇਦ ਹਨ।
ਜਦੋਂ ਉਸ (ਗੁਰੂ) ਨੇ ਮੇਰੇ ਕੇਸਾਂ ਨੂੰ ਛੋਹਿਆ ਤੇ ਅਸੀਸ ਦਿੱਤੀ ਹੈ, ਤਾਂ ਮੈਂ ਪਤਿਤ ਕਿਵੇਂ ਹੋ ਸਕਦਾ ਹਾਂ ! ਸਿੱਖ ਤਾਂ ਆਪਣਾ ਸਭ ਕੁਝ ਸਮਰਪਣ ਕਰ ਚੁੱਕਾ ਹੈ। ਮੈਂ ਆਪਣੇ ਕੇਸਾਂ ਵਿਚ ਉਸ ਦੀ ਛੋਹ ਦੀ ਸੁਗੰਧੀ ਸਾਂਭ ਰੱਖੀ ਹੈ। ਪਵਿੱਤਰ ਕੇਸ ਮਰਦ ਜਾਂ ਇਸਤਰੀ ਦੇ ਸੁਹੱਪਣ ਦੇ ਚਿੰਨ੍ਹ ਹਨ। ਆਕਾਸ਼ ਵਿਚ ਫਿਰਦੇ ਬੱਦਲ ਦੇ ਹਿਰਦੇ ਵਿਚ ਬਿਜਲੀ ਦੀ ਚਮਕ ਛੁਪੀ ਹੈ ਅਤੇ ਗੁਰੂ ਸਾਹਿਬਾਂ ਦੀ ਜੀਵਨ-ਚਿਣਗ
ਇਨ੍ਹਾਂ ਕੇਸਾਂ ਦੇ ਜੂੜੇ ਵਿਚ ਹੈ। ਇਹ ਕਹਿਣਾ ਹੈ ਕਿ ਇਨ੍ਹਾਂ ਨੂੰ ਰੱਖਣਾ ਔਖਾ ਹੈ। ਪਰ ਬਿਨਾਂ ਚਾਓ ਦੇ ਜੀਵਨ ਵੀ ਤਾਂ ਵਧੇਰੇ ਦੁਖਦਾਈ ਹੈ। ਸਰੀਰ ਵੀ ਕੋਈ ਘੱਟ ਦੁਖਦਾਈ ਨਹੀਂ। ਜਦੋਂ ਮਨੁੱਖ ਅਜਿਹੀਆਂ ਗੱਲਾਂ ਦਾ ਆਦੀ ਹੋ ਜਾਂਦਾ ਹੈ, ਜਿਵੇਂ ਮਨੁੱਖਾ ਸਰੀਰ ਅਜਿਹੇ ਔਖੇ ਜੀਵਨ ਨਾਲ ਸਹਿਮਤ ਹੋ ਜਾਂਦਾ ਹੈ, ਇਹ ਰੂਹਾਨੀ ਸੁੰਞਾਪਨ ਹੈ। ਕੇਸਾਂ ਨੂੰ ਜੋ ਮਨੁੱਖਤਾ ਦਾ ਰੂਹਾਨੀ ਤਾਜ ਹੈ, ਕੱਟਣ ਬਾਰੇ ਸੋਚਣਾ ਰੱਬ ਅਤੇ ਗੁਰੂ ਨਾਲ ਪਿਆਰ ਦਾ ਦੀਵਾਲੀਆਪਣ ਹੈ।
ਸਾਬਤ ਸੂਰਤ ਰੱਬ ਦੀ:
ਗੁਰੂ ਨੇ ਸਿੱਖਾਂ ਨੂੰ ਕੇਸਾਂ ਦੀ ਦਾਤ ਬਖਸ਼ੀ ਹੈ। ਉਸ ਨੇ ਆਪਣੀ ਅਗੰਮੀ ਕਾਰੀਗਰੀ ਅਤੇ ਕਰਾਮਾਤ ਜ਼ੁਲਫਾਂ ਦੀ ਇਕ ਲਿਟ ਵਿਚ ਰੱਖ ਦਿੱਤੀ ਹੈ। ਲੋਕ ਕਹਿੰਦੇ ਹਨ ਕਿ ਇਹ ਬਹੁਤ ਹੀ ਅਨੁਚਿਤ ਹੈ। ਸ਼ਾਇਦ ਬਹੁਤ ਭਰਮ-ਪੂਰਨ ਵੀ। ਪਰ ਇਹ ਸੁੱਚਾ-ਵਿਸ਼ਵਾਸ ਮਨੁੱਖ ਦੇ ਤਰਕ ਨਾਲੋਂ ਜੀਵਨ-ਚੰਗਿਆੜੀ ਨੂੰ ਵਧੇਰੇ ਮਘਦਿਆਂ ਰੱਖਦਾ ਹੈ। ਜ਼ੁਲਫਾਂ ਦੀ ਲਿਟ ਦੇ ਸੁੱਚੇ-ਵਿਸ਼ਵਾਸ ਵਿਚ ਉਸ ਅਗੰਮੀ ਵਗਦੇ ਹਿਰਦੇ ਦੀ ਹਕੀਕਤ ਹੈ। ਲਿਟਾਂ ਵਾਲਾ ਈਸਾ, ਯਕੀਨਨ ਤੌਰ ‘ਤੇ ਮਨੁੱਖ ਰੂਪ ਵਿਚ, ਇਸਤਰੀ ਦੀ ਕੁੱਖੋਂ ਜਨਮ ਲੈ ਕੇ, ਅੱਜ ਦੇ ਹਜਾਮਤ ਕੀਤੇ ਅਮਰੀਕਨ ਮਨੁੱਖ ਨਾਲੋਂ, ਜਿਸ ਵਿਚ ਡਾਲਰ ਦੀ ਝਲਕ ਵਧੇਰੇ ਪੈਂਦੀ ਹੈ, ਮਿਠ ਬੋਲੜਾ ਈਸਾ ਮਸੀਹ, ਜਿਹੜਾ ਕਿ ਕਈ ਪੀੜਤ ਹਿਰਦਿਆਂ ਦਾ ਧਰਵਾਸ ਹੈ, ਵਧੇਰੇ ਹੁਸੀਨ ਹੈ। ਪੈਂਡੂਲਮ ਹਿਲਦਾ ਰਹੇਗਾ। ਫੈਸ਼ਨਾਂ ਦੀ ਥਾਂ ਆਖਰ ਮੁੜ ਪਿਆਰ ਲੈ ਲਵੇਗਾ। ਡਾਲਰ ਦੀ ਥਾਂ ਰੱਬ ਲੈ ਲਵੇਗਾ ਜਾਂ ਫਿਰ ਹੋਰਥੇ ਮਨੁੱਖ ਦਾ ਆਰਟ ਹੋਵੇਗਾ ਜਿਹੜਾ ਕਿ ਰੂਹ ਤੇ ਪਿਆਰ ਦੇ ਸੰਗੀਤਾਤਮਕ ਦੈਵੀ ਸੁਖ ਦੇ ਵਧੇਰੇ ਨੇੜੇ ਹੈ। ਇਸ ਕਾਹਲ ਵਿਚ ਮਸ਼ੀਨਾਂ ਨਾਲ ਮਸ਼ੀਨ ਹੋਇਆ ਮਨੁੱਖ ਆਪਣੇ ਆਪੇ, ਪਿਆਰ ਦੇ ਸੋਮੇਂ ਗੁਰੂ ਤੋਂ ਬਹੁਤ ਦੂਰ ਹੈ। ਸਾਡਾ ਸੱਚ, ਹਰ ਗੱਲ ‘ਤੇ ਸਿਰ ਫੇਰਨ ਦੇ ਹਿਸਾਬੀ ਬਕਾਏ ਵਾਂਗ ਨਹੀਂ। ਸਾਡਾ ਸੱਚ ਤਾਂ ਕਮਲ ‘ਤੇ ਗੁੰਜਾਰ ਪਾ ਰਹੀ ਮਧੂ-ਮੱਖੀ ਵਰਗਾ ਹੈ, ਇਹ ਤਾਂ ਬੱਦਲ ਅਤੇ ਸਵਾਂਤੀ ਬੂੰਦ ਨੂੰ ਟੇਰਦੇ ਬੰਬੀਹੇ, ਹੰਸ ਅਤੇ ਸਰੋਵਰ, ਬੱਚੇ ਅਤੇ ਮਾਂ, ਗਊ ਅਤੇ ਬਛੜੇ ਵਰਗਾ ਹੈ। ਸਾਡੇ ਸ਼ਬਦ ਇਨ੍ਹਾਂ ਰੂਪਕਾਂ ‘ਤੇ ਕੇਂਦਰਤ ਹਨ ਅਤੇ ਸਾਰੀ ਮਨੁੱਖੀ ਪੀੜਾ ਇਸ ਅੰਤਰਕਾਲੀਨ ਮਿਲਾਪ ਦੇ ਸਮੇਂ, ਭਾਵੇਂ ਕਈ ਯੁੱਗਾਂ ਬਾਅਦ ਪ੍ਰਾਪਤ ਹੋਏ, ਰੂਪਮਾਨ ਹੋ ਉਠਦੀ ਹੈ, ਉਸ ਦਾ ਮਿਲਾਪ, ਸਾਰੇ ਦੁੱਖ ਹਰ ਲੈਂਦਾ ਹੈ, ਪਰ ਉਸ ਬਿਨਾਂ ਵੀ ਤਾਂ ਸਭ ਦੁੱਖ ਹੀ ਦੁੱਖ ਹੈ। ਉਸ ਦੀ ਮੌਜੂਦਗੀ, ਗੈਰ-ਮੌਜੂਦਗੀ ਦੋਵੇਂ ਇੱਕੋ ਜਿਹੀਆਂ ਅਦੁੱਤੀ ਹਨ।
ਇਸ ਧਰਤ ਦੇ ਹਰਿਮੰਦਰ, ਇਸ ਦੇ ਗੁੰਬਦਾਂ ਅਤੇ ਗੈਲਰੀਆਂ ਵਿਚ ਅਸੰਖਾਂ ਪਿਆਰ-ਵਿਗੁੱਤੀਆਂ ਸਿਮਰਨ ਰੂਪੀ ਮੂਰਤਾਂ ਸਥਾਪਿਤ ਕਰਨਾ ਅਤੇ ਅਜਿਹੀਆਂ ਮੂਰਤਾਂ ਦੇ ਝੁਰਮਟ ਵਿਚ ਵਿਅਕਤੀਗਤ ਸ਼ਾਂਤੀ ਦਾ ਵਾਯੂਮੰਡਲ ਪੈਦਾ ਕਰਨਾ, ਗੁਰੂ ਦੀ ਮਿਹਰ ਦੀ ਨਜ਼ਰ ਨਾਲ ਮਾਨਸ ਤੋਂ ਦੇਵਤੇ ਕੀਤੇ ਰੱਬੀ ਬੰਦਿਆਂ ਦਾ ਆਦਰਸ਼ ਹੈ।
ਨਿਰਸੰਦੇਹ ਇਸ ਸੁਫਨਿਆਂ ਅਤੇ ਨਜ਼ਾਰਿਆਂ ਦੇ ਸਾਮਰਾਜ ਵਿਚ, ਦਵੈਸ਼, ਨਫ਼ਰਤ ਅਤੇ ਕਿਸੇ ਨੂੰ ਨੁਕਸਾਨ ਪਹੁੰਚਾਣ ਦੀ ਭਾਵਨਾ, ਜਿਸ ਨੇ ਪਸ਼ੂ ਬਣੇ ਮਨੁੱਖ ਦੇ ਅੰਦਰ ਘਰ ਕੀਤਾ ਹੋਇਆ ਹੈ, ਕੋਈ ਥਾਂ ਨਹੀਂ।
ਐ ਸਿੱਖ ਨੌਜਵਾਨੋ! ਉਠੋ ਅਤੇ ਆਪਣੇ ਅੰਦਰਲੇ ਨੂੰ ਇਸ ਰੂਹਾਨੀ ਛੱਬੀ ਨਾਲ ਭਰ ਲਵੋ। ਇਹ ਤੁਹਾਨੂੰ ਨੇਕ-ਦਿਲ, ਦਲੇਰ, ਆਜ਼ਾਦ, ਮਖਮੂਰ, ਨਿਸ਼ਕਾਮ, ਫੁੱਲ ਵਰਗਾ, ਸੂਰਜ ਵਰਗਾ ਬਣਾ ਦੇਵੇਗੀ ਇਹ ਤੁਹਾਡੇ ਵਿਚ ਮਿੱਠਤ ਭਰ ਦੇਵੇਗੀ ਅਤੇ ਇਹ ਮਿਠਾਸ ਚੁਪਾਸੇ ਮਿੱਠਤ ਖਲੇਰ ਦੇਵੇਗੀ। ਤੁਹਾਡੇ ਦਰਸ਼ਨ ਕਰ ਕੇ ਸ਼ੇਰ ਤੇ ਲੇਲਾ ਇੱਕੋ ਸਰੋਵਰ (ਤਲਾਅ) ਤੋਂ ਪਾਣੀ ਪੀ ਸਕਣਗੇ। ਤੁਹਾਡੇ ‘ਤੇ ਸਦਾ ਬਹਾਰ ਦਾ ਖੇੜਾ ਰਹੇਗਾ। ਤੁਹਾਡੇ ਸਦਾਚਾਰਕ ਸ਼ੀਸ਼ੇ ਵਿੱਚੋਂ ਸ਼ਾਂਤੀ, ਸ਼ੁਭ-ਇੱਛਾ, ਮਿੱਤਰਤਾ, ਪਿਆਰ, ਭਰੱਪਣ, ਜੀਵਨ ਸਾਹਸ ਅਤੇ ਜੀਣ-ਥੀਣ ਦਾ ਚਾਅ ਅਰਥਾਤ ਰੂਹਾਨੀਅਤ ਅਕਸੀ ਹੋਈ ਸ਼ੁਆਵਾਂ (ਕਿਰਨਾਂ) ਸੁੱਟੇਗੀ। ਤੁਹਾਡੇ ’ਤੇ ਸਦਾ-ਬਹਾਰੀ ਖੇੜੇ ਦਾ ਰੰਗ ਰਹੇਗਾ। ਜੀਵਨ ਦੀਆਂ ਦੈਨਿਕ ਔਕੜਾਂ ਸਹਿਜ ਤੇ ਸੁਖਾਵੀਆਂ ਪ੍ਰਤੀਤ ਹੋਣਗੀਆਂ। ਰੱਬ ਦੀ ਭਾਲ ਵਿਚ ਲੋਕ ਜੰਗਲਾਂ ਨੂੰ ਟੁਰ ਪੈਂਦੇ ਹਨ। ਉਨ੍ਹਾਂ ਨੂੰ ਦੱਸ ਦਿਉ ਕਿ ਜੰਗਲਾਂ ਵਿਚ ਜਾਣ ਦੀ ਲੋੜ ਨਹੀਂ ਕਿਉਂਕਿ ਗੁਰੂ ਨੇ ਤੁਹਾਨੂੰ ਹੀ ਬਣ (ਕੁਦਰਤ) ਦਾ ਰੂਪ ਦੇ ਦਿੱਤਾ ਹੈ। ਤੁਹਾਨੂੰ ਦੇਖ ਕੇ, ਤੁਹਾਨੂੰ ਆਪ ਨੂੰ ਵੀ ਜੰਗਲਾਂ ਦੀ ਸ਼ਾਂਤੀ ਅਤੇ ਉਨ੍ਹਾਂ ਵਿਚ ਵਗ ਰਹੀਆਂ ਕੂਲਾਂ ਦੀ ਤਾਜ਼ਗੀ, ਜੋ ਹਰੇਕ ਤਕ ਪੁੱਜਣੀ ਚਾਹੀਦੀ ਹੈ, ਦਾ ਅਹਿਸਾਸ ਹੋ ਉਠੇਗਾ, ਤੁਹਾਡੇ ਲੰਮੜੇ ਕੇਸ ਉਨ੍ਹਾਂ ਨੂੰ ਜੰਗਲਾਂ ਦੀ ਛਾਂ ਅਤੇ ਉਸ ਦੇ ਰਹੱਸ ਦਾ ਅਨੁਭਵ ਕਰਾਉਣਗੇ।
-ਪ੍ਰੋ. ਪੂਰਨ ਸਿੰਘ
