95 views 26 secs 0 comments

ਸਿੱਖ ਧਰਮ ਅਤੇ ਛੂਤ-ਛਾਤ

ਲੇਖ
February 19, 2025

-ਪ੍ਰਿੰ. ਤੇਜਾ ਸਿੰਘ

ਜਿਸ ਮੁਲਕ ਵਿਚ ਲੋਕੀ ਸਦੀਆਂ ਤੋਂ ਪੱਕੀ ਤਰ੍ਹਾਂ ਮੰਨਦੇ ਆਏ ਹੋਣ ਕਿ ਪਵਿੱਤਰਤਾ ਦਾ ਪੁੰਜ ਵਾਹਿਗੁਰੂ ਮਿੱਟੀ, ਪੱਥਰ, ਬ੍ਰਿਛ, ਜੀਵ ਸਭ ਦੇ ਅੰਦਰ ਸਮਾ ਰਿਹਾ ਹੈ, ਉਥੇ ਕਦੋਂ ਉਮੀਦ ਹੋ ਸਕਦੀ ਹੈ ਕਿ ਲੋਕੀ ਊਚ-ਨੀਚ ਮੰਨ ਕੇ ਇਕ ਦੂਜੇ ਨਾਲ ਛੂਤ-ਛਾਤ ਵਰਤਣਗੇ? ਜਿਥੇ ‘ਹਸਤਿ ਕੀਟ ਕੇ ਬੀਚਿ ਸਮਾਨਾ’ ਜਾਂ ‘ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ ਮੰਨਦੇ ਹੋਣ, ਉਥੇ ਤਾਂ ਛੂਤ-ਛਾਤ ਦਾ ਨਾਂ ਨਿਸ਼ਾਨ ਹੀ ਨਹੀਂ ਹੋਣਾ ਚਾਹੀਦਾ। ਪਰ ਜਿਤਨੀ ਛੂਤ-ਛਾਤ ਤੇ ਸੁੱਚ-ਭਿੱਟ ਇਸ ਦੇਸ਼ ਵਿਚ ਮੰਨੀ ਜਾਂਦੀ ਹੈ, ਹੋਰ ਕਿਸੇ ਦੇਸ਼ ਵਿਚ ਨਹੀਂ ਦਿੱਸਦੀ। ਸਿੱਖ ਧਰਮ ਦੇ ਸਦਕੇ ਪੰਜਾਬ ਵਿਚ ਤਾਂ ਇਸ ਵਬਾ ਦਾ ਇੰਨਾ ਜ਼ੋਰ ਨਹੀਂ ਹੈ, ਪਰ ਪੂਰਬ ਅਤੇ ਦੱਖਣ ਵਿਚ ਤਾਂ ਹੱਦ ਹੀ ਹੋਈ ਪਈ ਹੈ। ਪੂਰਬ ਵਿਚ ਤਾਂ ਇਕ ਦੂਜੇ ਦੇ ਹੱਥ ਦੀ ਪੱਕੀ ਹੋਈ ਨਾ ਹੀ ਖਾਂਦੇ ਅਤੇ ਨਾ ਇਕ ਦੂਜੇ ਨਾਲ ਬਹਿ ਕੇ ਖਾ ਸਕਦੇ ਹਨ। ਘਰ ਦੇ ਬਾਰਾਂ ਆਦਮੀ ਹੋਣ ਤਾਂ ਤੇਰਾਂ ਚੁਲ੍ਹੇ ਮਸ਼ਹੂਰ ਹਨ। ਉੱਤਰ ਅਤੇ ਪੂਰਬ ‘ ‘ ਵਿਚ ਕਿਸੇ ਸ਼ੂਦਰ ‘ ਦੇ ਨਾਲ ਭਿੱਟਣ ‘ਤੇ ਛੂਤ ਲੱਗ ਜਾਂਦੀ ਹੈ, ਪਰ ਦੱਖਣ ਵਿਚ ਤਾਂ ਦੂਰ ‘ ਤੋਂ ਹੀ ‘ ਸ਼ੂਦਰ ਦਾ ਪਰਛਾਵਾਂ ਪੈ ਜਾਣ ਨਾਲ ਹੀ ਆਦਮੀ ਭਿੱਟ ਜਾਂਦਾ ਅਤੇ ਅਪਵਿੱਤਰ ਹੋ ਜਾਂਦਾ ਹੈ।

ਮਨੁੱਖ ਜਾਤੀ ਦੀ ਆਪਸ ਵਿਚ ਇਤਨੀ ਘ੍ਰਿਣਾ ਹੋਣ ਦਾ ਕੀ ਕਾਰਣ ਹੈ? ਕੀ ਇਹ ਲੋਕ ਊਚ-ਨੀਚ ਲੋਕਾਂ ਵਿਚ ਰੱਬ ਦੀ ਇਕੋ ਜੋਤਿ ਪਸਰੀ ਹੋਈ ਨਹੀਂ ਮੰਨਦੇ? ਜੇ ਪੁੱਛੋ ਤਾਂ ਜ਼ਰੂਰ ਕਹਿਣਗੇ ਕਿ ਮੰਨਦੇ ਹਾਂ। ਫਿਰ ਇਤਨੀ ਗਿਲਾਨੀ ਦਾ ਕੀ ਕਾਰਣ ਹੈ?

ਮੇਰੇ ਖਿਆਲ ਵਿਚ ਹਰ ਥਾਂ ਤੇ ਹਰ ਚੀਜ਼ ਵਿਚ ਵਾਹਿਗੁਰੂ ਦਾ ਪਰਵੇਸ਼ ਮੰਨ ਕੇ ਹੀ ਲੋਕੀ ਇਕ-ਦੂਜੇ ਤੋਂ ਘ੍ਰਿਣਾ ਕਰਦੇ ਹਨ। ਇਸ ਵਿਚ ਦੋਸ਼ ਵਾਹਿਗੁਰੂ ਦੇ ਪਰਵੇਸ਼ ਦਾ ਨਹੀਂ ਸਗੋਂ ਇਸ ਪਰਵੇਸ਼ ਨੂੰ ਗਲਤ ਢੰਗ ਨਾਲ ਮੰਨਣ ਤੋਂ ਹੀ ਗਿਲਾਨੀ ਪੈਦਾ ਹੁੰਦੀ ਹੈ। ਬਹੁਤੇ ਲੋਕ ਮੰਨਦੇ ਤਾਂ ਹਨ ਕਿ ਪਰਮਾਤਮਾ ਪਵਿੱਤਰ ਹੈ ਅਤੇ ਉਹ ਹਰ ਥਾਂ ਸਮਾ ਰਿਹਾ ਹੈ ਪਰ ਬਹੁਤ ਕਰਕੇ ਪਰਮਾਤਮਾ ਤੋਂ ਛੁੱਟ ਮਾਦੀ ਚੀਜ਼ਾਂ ਦੀ ਹੋਂਦ ਹੀ ਨਹੀਂ ਮੰਨਦੇ। ਜੋ ਮੰਨਦੇ ਵੀ ਹਨ ਤਾਂ ਨਾਲ ਹੀ ਕਹਿ ਦੇਂਦੇ ਹਨ ਕਿ ਮਾਦਾ ਪਰਮਾਤਮਾ ਦਾ ਬਣਾਇਆ ਹੋਇਆ ਨਹੀਂ, ਸਗੋਂ ਉਸ ਤੋਂ ਵੱਖਰਾ ਤੇ ਅਨਾਦੀ ਹੈ। ਇਸ ਤਰ੍ਹਾਂ ਮਾਦਾ ਪਵਿੱਤਰਤਾ ਤੋਂ ਅੱਡ ਇਕ ਨੀਵੀਂ ਚੀਜ਼ ਮੰਨੀ ਜਾਂਦੀ ਹੈ ਜੋ ਸਭ ਤਰ੍ਹਾਂ ਦੀ ਅਪਵਿੱਤਰਤਾ ਅਤੇ ਪਾਪ ਦੀ ਜੜ੍ਹ ਹੈ। ਰੱਬ ਇਸ ਮਾਦੇ ਵਿਚ ਪਰਵੇਸ਼ ਤਾਂ ਜ਼ਰੂਰ ਕਰਦਾ ਹੈ, ਪਰ ਹਰ ਥਾਂ ਇੱਕੋ ਜਿਹਾ ਨਹੀਂ, ਕਿਸੇ ਵਿਚ ਘੱਟ ਤੇ ਕਿਸੇ ਵਿਚ ਵੱਧ ਹੁੰਦਾ ਹੈ। ਕਿਸੇ ਮਾਦੀ ਹਸਤੀ ਵਿਚ ਜਿਤਨਾ ਕੁਝ ਰੱਬ ਦਾ ਪਰਵੇਸ਼ ਹੁੰਦਾ ਹੈ ਉਤਨੀ ਹੀ ਉਹ ਪਵਿੱਤਰ ਹੁੰਦੀ ਹੈ। ਜਿਹੜੇ ਲੋਕ ਆਰੀਆ ਲੋਕਾਂ ਦੇ ਦੁਸ਼ਮਣ ਸਨ ਜਾਂ ਉਨ੍ਹਾਂ ਦੇ ਦਾਇਰੇ ਤੋਂ ਬਾਹਰ ਸਨ, ਉਨ੍ਹਾਂ ਵਿਚ ਰੱਬ ਕਿਵੇਂ ਆਰੀਆਂ ਦੇ ਤੁੱਲ ਪਰਵੇਸ਼ ਕਰ ਸਕਦਾ ਸੀ? ਪਹਿਲੇ-ਪਹਿਲੇ ਇਹ ਓਪਰੇ ਦਯੂ । ਲੋਕ ਇਸ ਕੌਮੀ ਘ੍ਰਿਣਾ ਦਾ ਸ਼ਿਕਾਰ ਹੋਏ ਅਤੇ ਜਾਤ-ਪਾਤ ਦੀ ਵੰਡ ਹੋਣ ਲੱਗੀ।
ਭਈ ਗਿਲਾਨਿ ਜਗਤਿ ਵਿਚਿ ਚਾਰਿ ਵਰਨਿ ਆਸ੍ਰਮ ਉਪਾਏ। (ਭਾਈ ਗੁਰਦਾਸ ਜੀ, ਵਾਰ ੧/੧੯)

ਬਲ ਜਾਂ ਦਿਮਾਗ ਵਾਲੇ ਲੋਕ ਤਾਂ ਉੱਚੀ ਜਾਤ ਦੇ ਬਣ ਬੈਠੇ ਤੇ ਹਾਰੇ ਹੋਏ ਵੈਰੀਆਂ ਨੂੰ ਸ਼ੂਦਰ ਜਾਂ ਚੰਡਾਲ ਕਰਕੇ ਪੁਕਾਰਨ ਲੱਗੇ। ਉਨ੍ਹਾਂ ਨਾਲ ਰੋਟੀ-ਬੋਟੀ ਦੀ ਸਾਂਝ ਕੀ ਹੋਣੀ ਸੀ, ਉਨਾਂ ਦੇ ਨੇੜੇ ਢੁੱਕਣਾ ਵੀ ਪਾਪ ਮੰਨਿਆ ਗਿਆ। ਫਿਰ ਜਦ ਮੁਸਲਮਾਨ ਆਏ ਤਾਂ ਉਨ੍ਹਾਂ ਦੀ ਸੱਭਿਅਤਾ ਵੱਖਰੀ ਸੀ। ਉਨ੍ਹਾਂ ਦੇ ਧੱਕੇਸ਼ਾਹੀ ਵਤੀਰੇ ਨੂੰ ਵੇਖ ਕੇ ਗਿਲਾਨੀ ਪੈਦਾ ਹੋਣੀ ਹੀ ਸੀ। ਬਸ ਉਹ ਵੀ ਅਛੂਤ ਲੋਕਾਂ ਵਿਚ ਸ਼ਾਮਲ ਕੀਤੇ ਗਏ।

ਪੁਰਾਣੇ ਦਸ਼ਯੂ ਲੋਕ ਤਾਂ ਆਰੀਆ ਕੋਲੋਂ ਕਮਜ਼ੋਰ ਤੇ ਹਾਰੇ ਹੋਏ ਸਨ ਅਤੇ ਨਾਲ ਹੀ ਅਸੱਭਯ ਤੇ ਉਜੱਡ ਸਨ, ਪਰ ਮੁਸਲਮਾਨ ਲੋਕ ਆਪਣੀ ਉੱਚੀ ਸੱਭਿਅਤਾ ਨਾਲ ਲਿਆਏ ਸਨ ਅਤੇ ਤਾਕਤਵਰ ਹੋ ਕੇ ਹਿੰਦ ਉਤੇ ਰਾਜ ਕਰ ਰਹੇ ਸਨ। ਇਨ੍ਹਾਂ ਕੋਲੋਂ ਗਿਲਾਨੀ ਗੈਰ-ਕੁਦਰਤੀ ਸੀ, ਜੋ ਥੋੜ੍ਹੇ ਚਿਰ ਪਿੱਛੋਂ ਢਿੱਲੀ ਪੈਣ ਲੱਗੀ। ਜਦ ਇਹ ਲੋਕ ਓਪਰੇ ਨਾ ਰਹੇ ਸਗੋਂ ਹੌਲੀ-ਹੌਲੀ ਹਿੰਦ ਨੂੰ ਹੀ ਆਪਣਾ ਵਤਨ ਬਣਾਉਨ ਲੱਗੇ, ਤਾਂ ਸਾਡੇ ਵਿਚੋਂ ਕਈ ਨਰਮ ਦਿਲ ਅਤੇ ਪ੍ਰੇਮ ਵਾਲੇ ਲੋਕ ਪੈਦਾ ਹੋਏ, ਜਿਨ੍ਹਾਂ ਨੇ ਇਨ੍ਹਾਂ ਬਿਗਾਨਿਆਂ ਨੂੰ ਆਪਣਾ ਬਣਾਉਨ ਦਾ ਬੀੜਾ ਚੁੱਕਿਆ। ਇਹ ਲੋਕ ਭਗਤ ਤੇ ਫ਼ਕੀਰ ਸਨ, ਜਿਨ੍ਹਾਂ ਨੇ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਸਾਂਝਾ ਉਪਦੇਸ਼ ਦੇ ਕੇ ਇਕ ਥਾਂ ਲਿਆਉਣ ਦਾ ਜਤਨ ਕੀਤਾ।

ਪਰ ਇਕ ਘਾਟਾ ਫੇਰ ਵੀ ਰਿਹਾ। ਇਨ੍ਹਾਂ ਭਗਤ ਲੋਕਾਂ ਨੇ ਮੁਸਲਮਾਨਾਂ ਤੇ ਹੋਰ ਅਛੂਤ ਸਮਝੀਆਂ ਜਾਂਦੀਆਂ ਜਾਤਾਂ ਲਈ ਗਿਲਾਨੀ ਤਾਂ ਘੱਟ ਕਰਾਈ, ਪਰ ਬਹੁਤ ਜ਼ੋਰ ਇਸੇ ਗੱਲ ਉਤੇ ਦਿੱਤਾ ਕਿ ਜੋ ਪ੍ਰਾਣੀ ਪਰਮੇਸ਼ਰ ਦਾ ਨਾਮ ਜਪੇ ਜਾਂ ਉਸ ਦੇ ਪ੍ਰੇਮ ਨੂੰ ਅੰਦਰ ਵਸਾਏ ਉਹੋ ਪਵਿੱਤਰ ਹੈ। ਚੂਹੜੇ, ਚਮਿਆਰ, ਛੀਂਬੇ, ਜੁਲਾਹੇ, ਨਾਈ, ਕਸਾਈ, ਹਿੰਦੂ, ਮੁਸਲਮਾਨ ਜੋ ਵੀ ਰੱਬ ਦੇ ਪ੍ਰੇਮੀ ਹੋਣ, ਉਹ ਅਛੂਤ ਨਹੀਂ ਰਹਿੰਦੇ। ਮਨੁੱਖ ਵਿਚ ਭਿੱਟ ਤਾਂ ਰਹੀ, ਪਰ ਜਿਥੇ ਕਿਧਰੇ ਰੱਬ ਦਾ ਪਰਵੇਸ਼ ਹੋ ਜਾਏ, ਉਥੋਂ ਛੂਤ ਦੂਰ ਹੋ ਜਾਂਦੀ ਸੀ। ਕੇਵਲ ਭਗਤ ਲੋਕ ਹੀ ਪਵਿੱਤਰ ਮੰਨੇ ਜਾਣ ਲੱਗੇ। ਭੀਲਣੀ ਅਤੇ ਬਾਲਮੀਕ ਵੀ ਕੇਵਲ ਭਗਤੀ ਪ੍ਰੇਮ ਕਰਕੇ ਹੀ ਪਵਿੱਤਰ ਮੰਨੇ ਗਏ ਸਨ।

ਸਿੱਖ ਧਰਮ ਦੇ ਬਾਨੀਆਂ ਨੇ ਇਸ ਰਹਿੰਦੀ ਕਮੀ ਨੂੰ ਦੂਰ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਸਾਰੀ ਮਨੁੱਖ ਜਾਤੀ ਹੀ ਪਵਿੱਤਰ ਹੈ ਕਿਉਂਕਿ ਇਹ “ਰਾਮ ਕੀ ਅੰਸ” ਹੈ। ਮਾਦਾ ਵਾਹਿਗੁਰੂ ਤੋਂ ਅੱਡ ਕਿਧਰੇ ਵੱਖਰੀ ਤਰ੍ਹਾਂ ਨਹੀਂ ਆਇਆ ਅਤੇ ਨਾ ਗੰਦ ਜਾਂ ਪਾਪ ਦਾ ਕਾਰਨ ਹੈ ਸਗੋਂ ਵਾਹਿਗੁਰੂ ਦੇ ਅੰਦਰੋਂ ਉਸ ਮਹਾਂ-ਪਵਿੱਤਰਤਾ ਦੇ ਪੁੰਜ ਵਿਚੋਂ ਪੈਦਾ ਹੋਇਆ ਹੈ। “ਆਪਿ ਸਤਿ ਕੀਆ ਸਭੁ ਸਤਿ” ਕਿਉਂਕਿ “ਤਿਸੁ ਪ੍ਰਭ ਤੇ ਸਗਲੀ ਉਤਪਤਿ”। ਮਨੁੱਖ ਕੇਵਲ ਇਸ ਲਈ ਪਵਿੱਤਰ ਤੇ ਸੇਵਾ-ਲਾਇਕ ਨਹੀਂ ਕਿ ਉਹ ਨੇਕ ਅਤੇ ਰੱਬ ਦਾ ਪ੍ਰੇਮੀ ਹੈ, ਸਗੋਂ ਇਸ ਲਈ ਕਿ ਉਹ ਮਨੁੱਖ ਰਾਮ ਕੀ ਅੰਸ਼ ਹੈ:
ਦੇਹੁਰਾ ਮਸੀਤ ਸੋਈ ਪੂਜਾ ਔ ਨਿਵਾਜ ਓਈ
ਮਾਨਸ ਸਭੈ ਏਕ ਪੈ ਅਨੇਕ ਕੋ ਭੁਮਾਉ ਹੈ॥
ਦੇਵਤਾ ਅਦੇਵ ਜੱਛ ਗੰਧ੍ਰਬ ਤੁਰਕ ਹਿੰਦੂ
ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਉ ਹੈ॥
ਏਕੈ ਨੈਨ ਏਕੈ ਜਾਨ ਏਕੈ ਦੇਹੁ ਏਕੈ ਥਾਨ
ਖਾਕ ਬਾਦ ਆਤਸ ਔ ਆਬ ਕੋ ਰਲਾਉ ਹੈ॥       (ਦਸਮ ਗ੍ਰੰਥ, ਪੰਨਾ ੧੯)

ਕਿਸੇ ਮਨੁੱਖ ਨੂੰ ਉਸ ਦੀ ਕੁਲ ਜਾਂ ਜਾਤ ਵੇਖ ਕੇ ਨੀਵਾਂ ਸਮਝਣਾ ਰੱਬ ਦੀ ਕੁਲ ਦੀ ਹੱਤਕ ਕਰਨੀ ਹੈ। ਇਸ ਸਿਖਿਆ ਦੀ ਪ੍ਰੋੜ੍ਹਤਾ ਲਈ ਨਾਲ ਹੀ ਦੱਸਿਆ ਕਿ ਜਾਤ-ਪਾਤ ਜਾਂ ਸੁਚ-ਭਿੱਟ ਨਹੀਂ ਮੰਨਣੀ:
ਫਕੜ ਜਾਤੀ ਫਕੜੁ ਨਾਉ॥
ਸਭਨਾ ਜੀਆ ਇਕਾ ਛਾਉ॥ (ਪੰਨਾ ੮੩)
ਹੋਵਾ ਪੰਡਿਤੁ ਜੋਤਕੀ ਵੇਦ ਪੜਾ ਮੁਖਿ ਚਾਰਿ॥
ਨਵ ਖੰਡ ਮਧੇ ਪੂਜੀਆ ਅਪਣੈ ਚਜਿ ਵੀਚਾਰਿ॥
ਮਤੁ ਸਚਾ ਅਖਰੁ ਭੂਲਿ ਜਾਇ ਚਉਕੈ ਭਿਟੈ ਨ ਕੋਇ॥
ਝੂਠੇ ਚਉਕੇ ਨਾਨਕਾ ਸਚਾ ਏਕੋ ਸੋਇ॥               (ਪੰਨਾ ੧੦੯੦)

ਗੁਰੂ ਦੇ ਲੰਗਰ ਤੇ ਕੜਾਹ ਪ੍ਰਸ਼ਾਦਿ ਦੇ ਸਾਂਝੇ ਵਰਤਾਉਣ ਦੀ ਰੀਤੀ ਚਲਾਈ ਗਈ ਤਾਂ ਜੋ ਸਿੱਖ, ਹਿੰਦੂ, ਮੁਸਲਮਾਨ, ਜੋ ਵੀ ਆਉਣ ਸਭ ਇਕੱਠੇ ਇਕ ਥਾਂ ਬਹਿ ਕੇ ਛਕਣ ਅਤੇ ਮਨੁੱਖ ਜਾਤੀ ਦੀ ਏਕਤਾ ਨੂੰ ਅਮਲੀ ਤੌਰ ’ਤੇ ਗ੍ਰਹਿਣ ਕਰਨ।
ਸ੍ਰੀ ਗੁਰੂ ਅਮਰਦਾਸ ਜੀ ਬਾਬਤ ਲਿਖਿਆ ਹੈ:
“ਸਿੱਖ ਸੰਗਤ ਸਭ ਸੰਗ ਲੈ ਚੌਕੇ ਮਹਿ ਆਵੈ। ਆਸ਼ਰਮ ਬਰਨ ਬਿਚਾਰ ਨਹਿ ਇਕ ਪੰਗਤਿ ਬੈਸੇ। ਸੁੰਦਰ ਬਿਸਮ ਦਚਾਲ ਇਕ ਸਮ ਹੈਂ ਜੈਸੇ।”

ਜਦ ਤਕ ਕੋਈ ਆਦਮੀ ਇਸ ਰੀਤੀ ਨੂੰ ਗ੍ਰਹਿਣ ਕਰ ਕੇ ਹਿੰਦੂਆਂ-ਮੁਸਲਮਾਨਾਂ ਨਾਲ ਇਕੱਠਾ ਬੈਠ ਕੇ ਪ੍ਰਸ਼ਾਦਿ ਛਕਣ ਨੂੰ ਤਿਆਰ ਨਾ ਹੋਵੇ, ਤਦ ਤਕ ਗੁਰੂ ਜੀ ਉਸ ਨਾਲ ਗੱਲ ਨਹੀਂ ਕਰਦੇ ਸਨ। ਇਸ ਦਾ ਅਸਰ ਇਹ ਹੋਇਆ ਕਿ ਸਿੱਖਾਂ ਵਿਚੋਂ ਖਾਣ-ਪੀਣ ਦੇ ਲਿਹਾਜ਼ ਨਾਲ ਹਿੰਦੂ-ਮੁਸਲਮਾਨ ਦੀ ਭਿੱਟ ਦਾ ਭੇਦ ਜਾਂਦਾ ਰਿਹਾ। ਮੁਹਸਨ ਫਾਨੀ ਲਿਖਦਾ ਹੈ ਕਿ ਇਕ ਵੇਰ ਕਿਸੇ ਪਰਤਾਪ ਮੱਲ ਦਾ ਪੁੱਤਰ ਮੁਸਲਮਾਨ ਹੋਣ ਲੱਗਾ। ਉਸ ਨੇ ਪੁੱਤਰ ਨੂੰ ਕਿਹਾ ‘ਜੇਕਰ ਤੂੰ ਇਸ ਲਈ ਮੁਸਲਮਾਨ ਹੁੰਦਾ ਹੈਂ ਕਿ ਖਾਣ-ਪੀਣ ਵਿਚ ਖੁਲ੍ਹ ਹੋ ਜਾਵੇ, ਤਦ ਚੰਗਾ ਹੈ ਕਿ ਸਿੱਖ ਹੋ ਜਾਵੇਂ ਕਿਉਂਕਿ ਸਿੱਖਾਂ ਵਿਚ ਖਾਣ-ਪੀਣ ਬਾਬਤ ਕੋਈ ਭਰਮ ਨਹੀਂ।’

ਦਸਮ ਪਾਤਸ਼ਾਹ ਨੇ ਵੀ ਅੰਮ੍ਰਿਤ ਛਕਾ ਕੇ ਇਸ ਭਰਮ ਦੇ ਦੂਰ ਕਰਨ ਦਾ ਪੱਕਾ ਉਪਰਾਲਾ ਕੀਤਾ। ਜੋ ਪ੍ਰਾਨੀ ਅੰਮ੍ਰਿਤ ਛਕ ਲੈਣ, ਉਨ੍ਹਾਂ ਵਿਚ ਖਾਣ-ਪੀਣ ਦੀ ਪੂਰਨ ਖੁਲ੍ਹ ਹੋ ਗਈ ਅਤੇ ਜੋ ਸਿੱਖ ਦੇ ਦਾਇਰੇ ਤੋਂ ਬਾਹਰ ਹੋਣ, ਉਨ੍ਹਾਂ ਨਾਲ ਇੱਕੋ ਭਾਂਡੇ ਵਿਚ ਖਾਣਾ ਵਿਵਰਜਤ ਹੋਣ ਤੋਂ ਬਿਨਾਂ ਸੁੱਚ-ਭਿੱਟ ਦੀ ਸੰਕੋਚ ਕੋਈ ਨਾ ਰਹੀ। ਪਰ ਕੁਝ ਚਿਰ ਪਿਛੋਂ ਸਿੱਖਾਂ ਵਿਚ ਪੁਰਾਣੇ ਸੰਸਕਾਰ ਫਿਰ ਜਾਗ ਪਏ ਅਤੇ ਫਿਰ ਉਹੋ ਮਾਦੇ ਦੀ ਅਪਵਿੱਤਰਤਾ ਵਾਲਾ ਭਿੱਟ ਦਾ ਭਰਮ ਆ ਵੜਿਆ।

ਹੁਣ ਕੁਝ ਚਿਰ ਤੋਂ ਮੁੜ ਸੁਧਾਰ ਵੱਲ ਪ੍ਰੇਰਨਾ ਹੋ ਰਹੀ ਹੈ। ਹਿੰਦੂ ਅਤੇ ਸਿੱਖ ਸਿਰ ਤੋੜ ਜਤਨ ਕਰ ਰਹੇ ਹਨ ਕਿ ਕਿਤੇ ਛੂਤ-ਬ -ਛਾਤ ਦਾ ਭੂਤ ਸਾਡੇ ਵਿਚੋਂ ਨਿਕਲੇ। ਇਸ ਲਈ ਸਾਧਨ ਇਹ ਵਰਤਿਆ ਜਾਂਦਾ ਹੈ ਕਿ ਅਛੂਤ ਲੋਕਾਂ ਨੂੰ ਆਪਣੀ ਕੌਮ ਵਿਚ ਅਭੇਦ ਕਰ ਕੇ ਏਕਤਾ ਦਾ ਹੱਕ ਦਿੱਤਾ ਜਾਏ। ਕਈ ਤਾਂ ਇੱਕੋ ਸੱਭਿਅਤਾ ਵਾਲਿਆਂ ਦੀ ਛੂਤ ਦੂਰ ਕਰ ਕੇ ਉਨ੍ਹਾਂ ਨੂੰ ਨਾਲ ਮਿਲਾਉਣ ਦੇ ਹੱਕ ਵਿਚ ਹਨ। ਇਸ ਕੰਮ ਨੂੰ ਉਹ ਸ਼ੁਧੀ ਆਖਦੇ ਹਨ। ਉਨ੍ਹਾਂ ਦਾ ਖਿਆਲ ਹੈ ਕਿ ਲੱਖਾਂ ਦੀ ਗਿਣਤੀ ਵਿਚ ਨੀਚ ਜਾਤਾਂ ਹਨ ਜੋ ਹਿੰਦੀ ਸੱਭਿਅਤਾ ਦੀਆਂ ਗਾਹਕ ਹਨ। ਜੋ ਹਿੰਦ-ਵਾਸੀ ਮੁਸਲਮਾਨ ਹਨ, ਉਹ ਵੀ ਇਸੇ ਸੱਭਿਅਤਾ ਵਿਚੋਂ ਨਿਕਲੇ ਹੋਣ ਕਰਕੇ ਸ਼ੁੱਧ ਕਰ ਲੈਣੇ ਚਾਹੀਦੇ ਹਨ। ਇਸ ਸ਼ੁਧੀ ਦਾ ਭਾਵ ਦੱਸਦਾ ਹੈ ਕਿ ਅਜੇ ਤਕ ਇਹ ਭਰਮ ਬਾਕੀ ਹੈ ਕਿ ਮਨੁੱਖਾਂ ਦੀਆਂ ਕਈ ਜਾਤੀਆਂ ਵਿਚ ਜਮਾਂਦਰੂ ਭਿੱਟ ਵੜੀ ਹੋਈ ਹੈ, ਜੋ ਜਲ ਛਿੜਕਣ ਅਤੇ ਮੰਤਰ ਪੜ੍ਹ ਕੇ ਦੂਰ ਕੀਤੀ ਜਾ ਸਕਦੀ ਹੈ।

ਛੂਤ-ਛਾਤ ਦਾ ਮਸਲਾ ਗੁਰੂ ਨਾਨਕ ਸਾਹਿਬ ਨੇ ਆਸਾ ਦੀ ਵਾਰ ਰਾਹੀਂ ਦੂਰ ਕਰ ਦਿੱਤਾ ਸੀ ਅਤੇ ਸੁੱਚ-ਭਿੱਟ ਮੰਨਣ ਵਾਲਿਆਂ ਉਤੇ ਮਖੌਲ ਉਡਾਇਆ ਸੀ। ਸਿੱਖ ਧਰਮ ਅਨੁਸਾਰ ਕੋਈ ਮਨੁੱਖ ਕੁੱਲ ਜਾਂ ਜਾਤ, ਹਿੰਦੂ ਜਾਂ ਮੁਸਲਮਾਨ, ਚੂਹੜਾ ਜਾਂ ਚਮਿਆਰ ਹੋਣ ਦੇ ਕਾਰਨ ਨੀਵਾਂ ਜਾਂ ਅਛੂਤ ਨਹੀਂ। ਸਾਰੇ ਇਕੋ ਜੇਹੇ ਪਵਿੱਤਰ ਹਨ। ਭਾਈ ਗੁਰਦਾਸ ਜੀ ਦੇ ਵਾਕ ਅਨੁਸਾਰ ਸਭ ਇਕੋ ਸੂਤਰ ਦੇ ਬਣੇ ਹੋਏ ਕੱਪੜੇ ਵਾਂਗ ਇਕ ਹਨ ਪਰ ਅਹਿਮਕ ਦਰਜੀਆ ਨੇ ਉਨ੍ਹਾਂ ਨੂੰ ਵੇਤਰ-ਵੇਤਰ ਕੇ ਵੱਖ ਕਰ ਦਿੱਤਾ ਹੈ। ਕਿਸੇ ਨੂੰ ਅਛੂਤ ਮੰਨਣ ਲਈ ਇੱਕ ਕੋਈ ਸ਼ਰਤ ਨਹੀਂ ਹੋਣੀ ਚਾਹੀਦੀ ਕਿ ਉਹ ਸਾਡੇ ਧਰਮ ਵਿਚ ਦਖਲ ਹੋਵੇ ਤਾਂ ਉਸ ਨੂੰ ਪੰਗਤ ਦੀ ਬਰਾਬਰੀ ਦੇਵਾਂਗੇ ਜੋ ਮਨੁੱਖ ਹੈ, ਉਹ ਰਾਮ ਕੀ ਅੰਸ ਹੋਣ ਕਰਕੇ ਪਵਿੱਤਰ ਹੈ ਅਤੇ ਸਾਡੇ ਨਾਲ ਬੈਠਣ ਦਾ ਹੱਕ ਰੱਖਦਾ ਹੈ।

ਜੇ ਅਸੀਂ ਚਾਹੁੰਦੇ ਹਾਂ ਕਿ ਛੂਤ-ਛਾਤ, ਨੀਚ-ਊਚ ਦਾ ਭਾਵ ਅਸਲੀ ਅਰਥਾਂ ਵਿਚ ਦੂਰ ਹੋਵੇ, ਤਾਂ ਸਾਨੂੰ ਚਾਹੀਦਾ ਹੈ ਕਿ ਇਸ ਸਵਾਲ ਨੂੰ ਅੰਮ੍ਰਿਤ ਅਤੇ ਧਰਮ ਦੇ ਸਵਾਲ ਤੋਂ ਅੱਡ ਰੱਖੀਏ ਅਤੇ ਇਕ ਥਾਲੀ ਵਿਚ ਖਾਣ ਤੋਂ ਛੁਟ, ਹਰ ਇਕ ਸਿੱਖ, ਅਸਿੱਖ, ਨੀਚ-ਊਚ ਨਾਲ ਇਕੱਠਾ ਬਹਿ ਕੇ ਖਾਣ-ਪੀਣ ਦਾ ਪ੍ਰਚਾਰ ਕਰੀਏ। ਠੀਕ ਇਹ ਹੈ ਕਿ ਸੁੱਚ-ਭਿੱਟ, ਛੂਤ-ਛਾਤ ਦਾ ਮਸਲਾ ਇਕ ਵਹਿਮ ਹੀ ਹੈ। ਇਸ ਦਾ ਵੱਡਾ ਸਾਧਨ ਓਹੋ ਪੁਰਾਣਾ ਹਥਿਆਰ ‘ਗੁਰੂ ਕਾ ਲੰਗਰ’ ਵਰਤਣਾ ਚਾਹੀਦਾ ਹੈ। ਹਰ ਇਕ ਦੀਵਾਨ ਜਾਂ ਹੋਰ ਸਮਾਗਮਾਂ ਉਤੇ ਵੱਡੇ ਉਤਸ਼ਾਹ ਨਾਲ ਗੁਰੂ ਕਾ ਲੰਗਰ ਸਜਾਇਆ ਜਾਏ, ਜਿਸ ਵਿਚ ਹਿੰਦੂ, ਮੁਸਲਮਾਨ, ਮਜ਼ਹਬੀ, ਰਾਮਦਾਸੀਆਂ ਨੂੰ ਪ੍ਰੇਰ ਕੇ ਆਪਣੇ ਉਚੇ ਅਖਵਾਣ ਵਾਲੇ ਭਰਾਵਾਂ ਨਾਲ ਬਿਠਾਇਆ ਜਾਏ ਅਤੇ ਪ੍ਰਸ਼ਾਦ ਛਕਾਇਆ ਜਾਏ। ਸੰਗਤਾਂ ਇਕੱਠੀਆਂ ਹੋ ਕੇ ਨੀਵੇਂ ਅਖਾਣ ਵਾਲੇ ਲੋਕਾਂ ਨੂੰ ਆਪਣੇ ਹੱਥੀਂ ਖੂਹਾਂ ਉਤੇ ਚੜ੍ਹਾਉਣ।

ਇਸ ਕੰਮ ਲਈ ਇਕ ਤਕੜਾ ਹੰਭਲਾ ਮਾਰਨ ਦੀ ਲੋੜ ਹੈ। ਇਕ-ਦੁੱਕ ਕਰਕੇ ਦੱਬੀ ਜ਼ੁਬਾਨ ਵਿਚ ਮਤੇ ਸੋਧਣ ਨਾਲ ਕੰਮ ਸਿਰੇ ਨਹੀਂ ਚੜ੍ਹਨਾ। ਹਰ ਸਾਲ ਸਾਰੇ ਸਿੱਖਾਂ ਦੀ ਇਕ ਧਾਰਮਿਕ ਕਾਨਫਰੰਸ ਬੁਲਾਈ ਜਾਵੇ, ਜਿਸ ਵਿਚ ਵੱਡੇ-ਨਿੱਕੇ ਸਾਰੇ ਸਿੱਖ, ਜਿਨ੍ਹਾਂ ਨੂੰ ਪਰਚਾਰ ਦਾ ਸ਼ੌਕ ਹੈ, ਇਕੱਠੇ ਹੋਣ ਅਤੇ ਜਾਤ-ਪਾਤ ਤੇ ਛੂਤ-ਛਾਤ ਦੇ ਭੂਤਾਂ-ਭਰਮਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦੇਣ।

(੨/੧੯੯੫)