118 views 7 secs 0 comments

ਗਰੀਬ ਦਾ ਮੂੰਹ ਗੁਰੂ ਕੀ ਗੋਲਕ

ਲੇਖ
April 25, 2025

-ਪ੍ਰੋ. ਕਰਤਾਰ ਸਿੰਘ ਐਮ.ਏ.

… ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਕ ਪਾਸੇ ਗੁਰਬਾਣੀ ਤੇ ਗੁਰ-ਉਪਦੇਸ਼ ਰਾਹੀਂ ਗੁਰ-ਦਰਬਾਰੇ ਆਏ ਇਨਸਾਨਾਂ ਨੂੰ ਆਤਮਿਕ ਤੇ ਮਾਨਸਿਕ ਖੁਰਾਕ ਦੇਣ ਦਾ ਸਿਲਸਿਲਾ ਚਾਲੂ ਕੀਤਾ, ਦੂਜੇ ਪਾਸੇ ਆਪ ਨੇ ਸਰੀਰਾਂ ਵਾਸਤੇ ਖੁਰਾਕ ਸੰਭਾਲ ਦੀ ਖਾਤਰ ਗੁਰੂ ਕੇ ਲੰਗਰ ਦਾ ਤੋਰਾ ਤੋਰਿਆ ਸੀ । ਜਿਥੇ ਜਿਥੇ ਗੁਰੂ ਸਾਹਿਬ ਨਿਵਾਸ ਰੱਖਦੇ ਰਹੇ ਕਰਤਾਰਪੁਰ ਸਾਹਿਬ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਅੰਮ੍ਰਿਤਸਰ ਸਾਹਿਬ, ਕੀਰਤਪੁਰ ਸਾਹਿਬ, ਅਨੰਦਪੁਰ ਸਾਹਿਬ ਆਦਿ ਸਭ ਥਾਂਈਂ, ਇਹ ਦੋਹਾਂ ਭਾਂਤਾਂ ਦੇ ਸਦਾ-ਵਰਤ ਲਗਦੇ ਵਰਤਦੇ ਰਹੇ । ਨਾਲ-ਨਾਲ ਹੀ ਸਿੱਖਾਂ ਨੂੰ ਹੁਕਮ ਸੀ ਕਿ ਉਹ ਆਪੋ ਆਪਣੀ ਥਾਈਂ ਘਰੋ-ਘਰੀਂ ਲੰਗਰ ਲਾਉਣ, ਚਲਾਉਣ ਅਤੇ ਆਏ ਗਏ ਰਾਹੀ, ਮੁਸਾਫ਼ਰਾਂ ਦੀ ਅੰਨ-ਬਸਤ੍ਰ ਦੀ ਸੇਵਾ ਕਰਨ ।

ਸ੍ਰੀ ਦਸਮੇਸ਼ ਜੀ ਦੇ ਸਮੇਂ ਅਨੰਦਪੁਰ ਵਿੱਚ ਵੀ ਕਈ ਪ੍ਰੇਮੀ ਸਰਦੇ-ਪੁੱਜਦੇ ਸਿੱਖਾਂ ਨੇ ਆਪਣੇ ਘਰੀਂ ਲੰਗਰ ਲਾਏ ਹੋਏ ਸਨ । ਅਜਿਹੇ ਸਿੱਖਾਂ ਦੀ ਸ਼ੋਭਾ ਵਡਿਆਈ ਹੁੰਦੀ ਵੇਖ ਕੇ ਕਈਆਂ ਦਿਲਾਂ ਦੇ ਉਣਿਆਂ ਤੇ ਮਾਣ-ਵਡਿਆਈ ਦੇ ਭੁੱਖਿਆਂ ਨੇ ਵੀ ਨਾਂ ਮਾਤਰ ਲੰਗਰ ਲਾ ਛੱਡੇ ਸਨ । ਗੁਰੂ ਜੀ ਪਖੰਡ ਦੇ ਵੈਰੀ ਸਨ। ਆਪ ਨੇ ਇਕ ਵੇਰ ਅਜਿਹੇ ਲੰਗਰ ਦੀ ਪ੍ਰੀਖਿਆ ਕਰਨ ਦੀ ਸਲਾਹ ਕੀਤੀ । ਸ਼ਾਮ ਨੂੰ ਹਨੇਰਾ ਹੋਣ ‘ਤੇ ਆਪ ਨੇ ਰਮਤੇ ਸਾਧਾਂ ਵਾਲਾ ਭੇਖ ਧਾਰ ਲਿਆ ਤੇ ਨਗਰੀ ਦੇ ਲੰਗਰਾਂ ਵਿੱਚ ਜਾ ਜਾ ਕੇ ਭੋਜਨ ਦੀ ਮੰਗ ਕੀਤੀ। ਬਹੁਤੇ ਲੰਗਰਾਂ ਤੋਂ ਆਪ ਨੂੰ ਅੱਜ-ਪੱਜ ਭਰਿਆ ਕੋਰਾ ਜਵਾਬ ਹੀ ਮਿਲਿਆ । ਥੋੜ੍ਹੇ ਜਿਹੇ ਘਰੋਗੀ ਲੰਗਰਾਂ ਵਿੱਚੋਂ ਹੀ ਆਪ ਨੂੰ ਆਦਰ-ਭਾਉ ਨਾਲ ਭਿਛਿਆ ਮਿਲੀ ।

ਅਗਲੇ ਦਿਨ ਗੁਰੂ ਜੀ ਨੇ ਦੀਵਾਨ ਵਿੱਚ ਆਪਣੀ ਰਾਤ ਦੀ ਵਾਰਤਾ ਸੁਣਾਈ ਅਤੇ ਕਿਹਾ, “ਜੇ ਕੋਈ ਭੁੱਖਾ ਨੰਗਾ ਤੁਹਾਡੇ ਦਰ ‘ਤੇ ਆ ਕੇ ਗੁਰੂ ਦੇ ਨਾਂ ‘ਤੇ ਆਵਾਜ਼ਾਂ ਕਰਦਾ ਹੈ ਅਤੇ ਤੁਸੀਂ ਉਸ ਨੂੰ ਦੁਰਕਾਰ ਕੇ ਮੋੜ ਦੇਂਦੇ ਹੋ, ਤਾਂ ਚੇਤੇ ਰੱਖੋ ਕਿ ਤੁਸੀਂ ਉਸ ਨੂੰ ਨਹੀਂ ਧੱਕਾ ਦੇ ਰਹੇ ਤੇ ਭੁੱਖਾ ਤੋਰ ਰਹੇ ਸਗੋਂ ਮੈਨੂੰ ਧੱਕਾ ਦੇ ਰਹੇ ਹੋ, ਮੈਨੂੰ ਭੁੱਖਾ ਰੱਖ ਰਹੇ ਹੋ । ਜਿਹੜਾ ਗਰੀਬਾਂ ਲੋੜਵੰਦਾਂ ਦੀ ਸੇਵਾ ਕਰਦਾ ਹੈ ਉਹ ਮੇਰੀ ਸੇਵਾ ਹੀ ਨਹੀਂ ਕਰਦਾ, ਸਗੋਂ ਰੱਬ ਦੀ ਸੇਵਾ ਕਰਦਾ ਹੈ। ਚੇਤੇ ਰੱਖੋ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੁੰਦਾ ਹੈ, ਜੋ ਕੁਝ ਉਸ ਵਿੱਚ ਪਾਓਗੇ ਓਹ ਗੁਰੂ ਨੂੰ ਪੁੱਜ ਜਾਵੇਗਾ ।”
(ਸਿੱਖ ਇਤਿਹਾਸ)