
੧. ਜਾਣਨ ਵਾਲਿਆਂ ਲਿਖਿਆ ਨਹੀਂ:-
ਰੱਬ ਨੂੰ ਜਾਣਨਾ ਐਨਾ ਮੁਸ਼ਕਲ ਨਹੀਂ ਜਿੰਨਾ ਉਸ ਬਾਰੇ ਦੱਸਣਾ ਹੈ, ਸੁਨਾਣਾ ਹੈ। ਇਸੇ ਲਈ ਜਿਨ੍ਹਾਂ ਜਾਣਿਆ ਉਹ ਜਾਂ ਤਾਂ ਚੁਪ ਹੋ ਗਏ ਜਾਂ ਨਿਕਟਵਰਤੀਆਂ ਨੂੰ ਸਿਰਫ ਥੋੜੇ-ਬਹੁਤ ਇਸ਼ਾਰੇ ਦੇ ਗਏ। ਕਿਸੇ ਨੇ ਧਰਮ ਗ੍ਰੰਥ ਲਿਖਣ ਦੀ ਕੋਸ਼ਿਸ਼ ਨਹੀਂ ਕੀਤੀ। ਕਿਉ?
ਰੱਬ ਦਾ ਅਨੁਭਵ ਉਦੋਂ ਹੁੰਦਾ ਹੈ ਜਦੋਂ ਕੋਈ ਸਰੀਰ ਤੋਂ ਪਾਰ, ਸਵਾਸ ਤੋਂ ਪਾਰ, ਬੁਧੀ ਤੋਂ ਪਰੇ, ਵਿਚਾਰ ਤੋਂ ਪਰੇ ਤੇ ਮਨ ਤੋਂ ਪਰੇ ਦੀ ਅਵਸਥਾ ਤਕ ਪਹੁੰਚ ਜਾਂਦਾ ਹੈ। ਉਸ ਨੂੰ ਬ੍ਰਹਮ-ਗਿਆਨ, ਅਨਹਦ ਨਾਦ, ਆਹਮ ਬੋਧ, ਪਰਮ ਅਨੰਦ ਉਦੋਂ ਹੁੰਦਾ ਹੈ ਜਦੋਂ ਮਨ ਤੇ ਇੰਦ੍ਰੀਆਂ ਹਾਜ਼ਰ ਨਹੀਂ ਹੁੰਦੀਆਂ। ਉਹ ਗਿਆਨ ਇੰਦ੍ਰੀਆਂ ਅਤੀਤ ਹੈ। ਪਰ ਜਦੋਂ ਦੱਸਣਾ ਪੈਂਦਾ ਹੈ ਤਾਂ ਉਹ ਬੁਧੀ, ਮਨ ਤੇ ਇੰਦ੍ਰੀਆਂ ਰਾਹੀਂ ਹੁੰਦਾ ਹੈ ਤੇ ਇਸ ਕਾਰਣ ਅੜਚਣ ਪੈ ਜਾਂਦੀ ਹੈ। ਜਿਸ ਨੇ ਜਾਣਿਆ (ਆਤਮਾ) ਉਸ ਕੋਲ ਜਾਣਨ ਦਾ ਕੋਈ ਸਾਧਨ (ਇੰਦ੍ਰੀਆਂ) ਨਹੀਂ ਤੇ ਜੋ ਜਣਾ ਰਿਹਾ ਹੈ (ਇੰਦ੍ਰੀਆਂ) ਉਹ ਜਾਣਨ ਵੇਲੇ ਗੈਰ-ਹਾਜ਼ਰ ਸਨ। ਇਸ ਕਾਰਣ ਜੋ ਵੀ ਦਸਿਆ ਜਾਂਦਾ ਹੈ ਉਹ ਅਧੂਰਾ ਰਹਿ ਜਾਂਦਾ ਹੈ। ਇਸੇ ਵਾਹਿਗੁਰੂ ਨੂੰ ਅਗੰਮ-ਅਗੋਚਰ ਕਿਹਾ ਗਿਆ ਹੈ। ਉਸ ਦਾ ਗਿਆਨ ਗਿਆਨ-ਇੰਦ੍ਰੀਆਂ ਤੋਂ ਪਰੇ ਦਾ ਹੈ, ਪਰ ਦੱਸਣਾ ਇੰਦ੍ਰੀਆਂ ਰਾਹੀਂ ਹੀ ਹੁੰਦਾ ਹੈ। ਇਹ ਦੱਸਣਾ ਨਹੀਂ ਹੋ ਸਕਦਾ, ਸਿਰਫ ਇਸ਼ਾਰੇ ਹੋ ਸਕਦੇ ਹਨ।
ਫਿਰ ਜੋ ਵੀ ਥੋੜਾ ਦਸਿਆ ਜਾਂਦਾ ਹੈ ਉਹ ਅਸੀ ਪੂਰੀ ਤਰ੍ਹਾਂ ਸੁਣਦੇ ਨਹੀਂ। ਜਿਹੜੀ ਗੱਲ ਮਨ ਨੂੰ ਪਸੰਦ ਨਾ ਆਵੇ, ਉਸ ਨੂੰ ਉਹ ਕਬੂਲਦਾ ਨਹੀਂ। ਸੁਣਨ ਵਾਲੀ ਗੱਲ ਤੇ ਆਪਣਾ ਰੰਗ ਚੜ੍ਹਾਈ ਜਾਂਦਾ ਹੈ। ਇਹ ਦਸ਼ਾ ਹੈ ਜਾਣਨ ਵਾਲੇ ਤੋਂ ਸੁਣਨ ਵਾਲੇ ਦੀ। ਫਿਰ ਸੁਣਨ ਵਾਲੇ ਤੋਂ ਅਗੇ ਸੁਣਨ ਵਾਲੇ ਦਾ ਸਬੰਧ ਸਤ ਨਾਲ ਬਿਲਕੁਲ ਟੁਟ ਜਾਂਦਾ ਹੈ। ਇਹ ਸੁਣਨ ਵਾਲੇ ਜਦੋਂ ਲਿਖਦੇ ਹਨ ਤਾਂ ਉਨ੍ਹਾਂ ਦਾ ਲਿਖਣਾ ਅਨੁਭਵ-ਰਹਿਤ, ਗਿਆਨ-ਵਿਹੀਨ, ਸੁਣਿਆ-ਸੁਣਾਇਆ ਮਿਲ-ਗੋਭਾ ਹੋ ਜਾਂਦਾ ਹੈ।
੨. ਪੁਰਾਣੇ ਧਰਮ ਗ੍ਰੰਥ ਜਾਣਨ ਵਾਲਿਆਂ ਨਹੀਂ ਲਿਖੇ:-
ਭਾਰਤੀ ਧਰਮ-ਗ੍ਰੰਥਾਂ ਨੂੰ ‘ਸ਼ਰੁਤੀ-ਸਿਮਰਤੀ ਕਹਿੰਦੇ ਹਨ। ਸ਼ਰੁਤੀ ਯਾਨੀ ਸੁਣ ਕੇ ਲਿਖੇ ਤੇ ‘ਸਿਮਰਤੀ’ ਯਾਨੀ ਚੇਤੇ ਕਰਕੇ ਲਿਖੇ ਗਏ। ਇਨ੍ਹਾਂ ਵਿੱਚ ਜਾਣਨਾ (ਦਰਸ਼ਨ) ਘਟ ਤੇ ਗਿਆਨ (ਸੁਣਨਾ) ਜ਼ਿਆਦਾ ਹੈ। ਇਨ੍ਹਾਂ ਗ੍ਰੰਥਾਂ ਵਿੱਚ ਕਈ ਜਗ੍ਹਾਂ ਅਸ਼ਲੀਲ ਗੱਲਾਂ ਵੀ ਹਨ, ਜਿਹੜੀਆਂ ਲਿਖਣ ਵਾਲਿਆਂ ਜਾਂ ਮਿਲਾਵਟ ਕਰਨ ਵਾਲਿਆਂ ਦੇ ਅਸ਼ਲੀਲ ਮਨ ਦੀ ਖਬਰ ਦੇਂਦੀਆਂ ਹਨ, ਸ਼ੁਕਰ ਹੈ ਕਿ ਇਨ੍ਹਾਂ ਨੂੰ ਮੰਨਣ ਵਾਲਿਆਂ ਵਿਚੋਂ ੯੯% ਇਨ੍ਹਾਂ ਗ੍ਰੰਥਾਂ ਦੀ ਭਾਸ਼ਾ ਸਮਝਦੇ ਨਹੀਂ ਤੇ ਜਿਹੜੇ ੧% ਜਾਣਦੇ ਹਨ ਉਹ ਆਪਣੀ ਰੋਜ਼ੀ-ਰੋਟੀ ਕਾਰਣ ਚੁਪ ਰਹਿੰਦੇ ਹਨ। ਨਾਲੇ ਕੌਣ ਆਪਣੇ ਧਰਮ ਗ੍ਰੰਥ ‘ਤੇ ਟਿਪਣੀ ਸੁਣਨ ਨੂੰ ਤਿਆਰ ਹੈ? ਕੌਣ ਇਨ੍ਹਾਂ ਨੂੰ ਸੋਧਣ ਦੀ ਹਿੰਮਤ ਰੱਖਦਾ ਹੈ ?
ਭਾਰਤ ਵਿੱਚ ਹਿੰਦੂਆਂ ਤੋਂ ਇਲਾਵਾ ਦੋ ਵਡੇ ਧਰਮ ਹਨ-ਜੈਨ ਤੇ ਬੁਧ। ਜੈਨੀਆਂ ਦੇ ਅਖੀਰਲੇ (ਤੀਥੰਕਰ) ਨੇ ੪੨ ਸਾਲ ਦੀ ਉਮਰ ਤੋਂ ਧਰਮ ਪ੍ਰਚਾਰ ਸ਼ੁਰੂ ਕੀਤਾ ਤੇ ੩੦ ਸਾਲ ਦੇ ਪ੍ਰਚਾਰ ਮਗਰੋਂ ੭੨ ਸਾਲ ਦੀ ਉਮਰ ਵਿੱਚ ਸਰੀਰ ਤਿਆਗਿਆ। ਉਨ੍ਹਾਂ ਨੇ ਆਪ ਕੋਈ ਗ੍ਰੰਥ ਨਹੀਂ ਲਿਖਿਆ। ਉਸ ਦੇ ਜਾਣ ਦੇ ੧੦੦ ਸਾਲ ਬਾਅਦ ਜੈਨ-ਮੁਨੀਆਂ ਦੀ ਇਕ ਸਭਾ ਹੋਈ, ਜਿਸ ਨੇ ਜੈਨੀਆਂ ਦਾ ਧਰਮ ਗ੍ਰੰਥ ਤਿਆਰ ਕੀਤਾ। ਇਸ ਗ੍ਰੰਥ ਦੇ ਬਣਦਿਆਂ ਸਾਰ ਮਤ-ਭੇਦ ਹੋ ਗਿਆ ਤੇ ਜੈਨੀ ਦੋ ਹਿਸਿਆਂ ਵਿੱਚ ਵੰਡੇ ਗਏ, ਸਵੈਤੰਬਰ ਤੇ ਦਿਗੰਬਰ।
ਬੋਧੀਆਂ ਦੇ ਮੁੱਖੀ ਮਹਾਤਮਾ ਬੁਧ ਨੇ ੩੫ ਸਾਲ ਦੀ ਉਮਰ ਤੋਂ ਪ੍ਰਚਾਰ ਸ਼ੁਰੂ ਕੀਤਾ ਤੇ ੪੫ ਸਾਲ ਦੇ ਪ੍ਰਚਾਰ ਮਗਰੋਂ ੮੦ ਸਾਲ ਦੀ ਉਮਰ ਵਿੱਚ ਸੰਸਾਰ ਛਡਿਆ। ਉਨ੍ਹਾਂ ਵੀ ਕੋਈ ਗ੍ਰੰਥ ਨਹੀਂ ਰਚਿਆ, ਕਰੀਬਨ ੩੦੦ ਸਾਲ ਬਾਅਦ ਬੁਧ ਦੇ ਅਨੁਯਾਈਆਂ ਨੇ ਉਸ ਦੇ ਬਚਨਾਂ ਨੂੰ ਇਕੱਠਾ ਕੀਤਾ ਤੇ ਕਈ ਗ੍ਰੰਥ ਰਚੇ। ਕਾਫੀ ਸੁਧਾਈ ਬਾਅਦ ਵੀ ਮਿਲਾਵਟ ਪੂਰੀ ਤਰ੍ਹਾਂ ਨਹੀਂ ਕਢੀ ਜਾ ਸਕੀ ਤੇ ਫਲਸਰੂਪ ਬੁਧ ਧਰਮ ਵਿੱਚ ਵੀ ਵੰਡੀਆਂ ਪੈ ਗਈਆਂ।
ਭਾਰਤ ਤੋਂ ਬਾਹਰ ਦੇ ਧਰਮਾਂ ਦੇ ਗ੍ਰੰਥਾਂ ਦੀ ਹਾਲਤ ਸਾਡੇ ਦੇਸ਼ ਦੇ ਧਰਮ ਗ੍ਰੰਥਾਂ ਨਾਲੋਂ ਬਹੁਤੀ ਚੰਗੀ ਨਹੀਂ। ਉਥੇ ਦਾ ਸਭ ਤੋਂ ਪੁਰਾਣਾ ਧਰਮ ਯਹੂਦੀਆਂ ਦਾ ਹੈ। ਇਸ ਦੇ ਬਾਨੀ ਮੂਸਾ ਨੇ ਰਬ ਨਾਲ ਆਪਣੀ ਗੱਲ-ਬਾਤ ਦਾ ਜ਼ਿਕਰ ਕੀਤਾ ਤੇ ਲੋਕਾਂ ਨੂੰ ਰੱਬ ਦੀ ਹੋਂਦ ਬਾਰੇ ਦਸਿਆ। ਉਸ ਤੋਂ ਪਹਿਲਾਂ ਕਬੀਲੇ ਦੇ ਸਰਦਾਰ ਹੀ ਸਭ ਕੁਝ ਹੁੰਦੇ ਸਨ। ਮੂਸਾ ਦੇ ਮਰਨ ਮਗਰੋਂ ਯਹੂਦੀਆਂ ਦੇ ਦੂਸਰੇ ਰਾਜਾ ਦਾਊਦ ਨੇ ਮੂਸਾ ਦੀ ਬਾਣੀ ਇਕਠੀ ਕੀਤੀ ਪਰ ਉਸ ਨਾਲ ਆਪਣੀ ਬਾਣੀ ਵੀ ਰਲਾ ਦਿਤੀ। ਇਹ ਰਲਾ ਕਈ ਸੌ ਸਾਲ ਤਕ ਚਲਦਾ ਰਿਹਾ।
ਮੂਸਾ ਦੇ ੧੫੦੦ ਸਾਲ ਬਾਅਦ ਈਸਾਈ ਧਰਮ ਦਾ ਆਗੂ ਈਸਾ ਮਸੀਹ ਹੋਇਆ ਉਹ ਜਨਮ ਤੋਂ ਯਹੂਦੀ ਹੀ ਸੀ। ਉਸ ਨੇ ਆਪਣੀ ਰੱਬ ਨਾਲ ਗੱਲ-ਬਾਤ ਲੋਕਾਂ ਨੂੰ ਕਹੀ ਤੇ ਆਪਣੇ ਆਪ ਨੂੰ ਰੱਬ ਦਾ ਪੁੱਤਰ ਦਸਿਆ। ਉਸ ਦੀ ਬਾਣੀ ਦਾ ਸੰਗ੍ਰਹਿ ਉਸ ਦੇ ਮਰਨ ਤੋਂ ਬਾਅਦ ਉਸ ਦੇ ਸ਼ਾਗਿਰਦਾਂ ਨੇ ਕੀਤਾ।
ਬਾਈਬਲ ਨਾਂ ਦਾ ਗ੍ਰੰਥ ਯਹੂਦੀਆਂ ਤੇ ਈਸਾਈਆਂ ਦਾ ਸਾਂਝਾ ਗ੍ਰੰਥ ਹੈ। ਪੁਰਾਣੀ ਬਾਈਬਲ (OLD TESTAMENT) ਨੂੰ ਯਹੂਦੀ ਮੰਨਦੇ ਹਨ ਤੇ ਨਵੀਂ ਬਾਈਬਲ (NEW TESTAMENT) ਨੂੰ ਈਸਾਈ। ਇਹ ਗ੍ਰੰਥ ੬੬ ਪੋਥੀਆਂ ਦਾ ਸੰਗ੍ਰਹਿ ਹੈ। ਇਸ ਨੂੰ 80 ਸਿਆਣਿਆਂ ਨੇ ੧੬੦੦ ਸਾਲ ਦੇ ਲੰਬੇ ਅਰਸੇ ਵਿੱਚ ਲਿਖਿਆ। ਇਸ ਵਿੱਚ ਕਈ ਆਪਸੀ ਵਿਰੋਧੀ ਗੱਲਾਂ ਮਿਲਦੀਆਂ ਹਨ।
ਈਸਾ ਦੇ ੬੦੦ ਸਾਲ ਬਾਅਦ ਇਸਲਾਮ ਧਰਮ ਸਥਾਪਿਤ ਹੋਇਆ। ਇਸ ਦੇ ਰਸੂਲ ਹਜਰਤ ਮੁਹੰਮਦ ਨੇ ਆਪ ਕੋਈ ਗ੍ਰੰਥ ਨਹੀਂ ਲਿਖਿਆ। ਉਸ ਦੇ ਮੁਖ ਤੋਂ ਵੱਖ-ਵੱਖ ਸਮੇਂ ਤੇ ਸਥਾਨ ‘ਤੇ ਕਹੀਆਂ ਗਈਆਂ ਆਇਤਾਂ ਨੂੰ ਬਾਅਦ ਵਿੱਚ ਲੋਕਾਂ ਨੇ ਇਕੱਠਾ ਕੀਤਾ ਤੇ ਕੁਰਾਨ ਨਾਂ ਦਾ ਗ੍ਰੰਥ ਤਿਆਰ ਕੀਤਾ।
ਉਪਰਲੀ ਗੱਲ ਤੋਂ ਸਪੱਸ਼ਟ ਹੁੰਦਾ ਹੈ ਕਿ ਦੁਨੀਆਂ ਦੇ ਜਿੰਨੇ ਵੀ ਧਰਮ ਗ੍ਰੰਥ ਹਨ, ਉਹ ਜਾਣਨ ਵਾਲਿਆਂ ਨੇ ਨਹੀਂ ਲਿਖੇ। ਲਿਖਣ ਦਾ ਕੰਮ ਬਹੁਤ ਬਾਅਦ ਵਿੱਚ ਹੋਇਆ ਤੇ ਇਹ ਪੁੱਛ-ਪੁੱਛ ਕੇ, ਸੁਣ-ਸੁਣ ਕੇ, ਸੋਧ-ਸੋਧ ਕੇ ਕੀਤਾ ਗਿਆ। ਮੱਨੁਖ ਦੀ ਕਮਜ਼ੋਰ ਯਾਦਦਾਸ਼ਤ, ਪੂਰੀ ਗੱਲ ਨਾ ਸੁਣਨ ਦੀ ਵਾਦੀ, ਆਪਣੀ ਗੱਲ ਵਿੱਚ ਰਲਾ ਦੇਣ ਦੀ ਆਦਤ, ਭੈੜੀ ਨੀਅਤ, ਆਦਿ ਦਾ ਸਿੱਟਾ ਹੈ ਕਿ ਇਨ੍ਹਾਂ ਲਿਖਤ ਧਰਮ ਗ੍ਰੰਥਾਂ ਵਿੱਚ ਬਹੁਤਾ ਕਰਕੇ ਉਹ ਨਹੀਂ ਜੋ ਕਿਹਾ ਗਿਆ ਤੇ ਜੋ ਹੈ ਉਹ ਕਿਹਾ ਨਹੀਂ ਗਿਆ।
੩. ਜਾਣਨ ਵਾਲਿਆਂ ਲਿਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ:-
ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਕੋਲੋਂ ਧਰਮ ਗ੍ਰੰਥਾਂ ਦੀ ਇਹ ਹਾਲਤ ਛੁਪੀ ਨਹੀਂ ਸੀ। ਇਨ੍ਹਾਂ ਦੇ ਮੰਨਣ ਵਾਲਿਆਂ ਦੀ ਅਗਿਆਨਤਾ ਤੇ ਆਪਸੀ ਫੁਟ ਵੀ ਗੁਰੂ ਜੀ ਸਾਮ੍ਹਣੇ ਸੀ। ਗੁਰੂ ਜੀ ਨੇ ਆਪਣੀ ਬਾਣੀ ਲਿਖਣ ਦਾ ਨਿਰਣੈ ਲਿਆ। ਇਹ ਕੰਮ ਕਿਸੇ ਸੁਣਨ ਵਾਲੇ ‘ਤੇ ਨਹੀਂ ਛਡਿਆ ਜਾ ਸਕਦਾ ਸੀ।
ਇਸ ਮਨੋਰਥ ਦੀ ਪੂਰਤੀ ਲਈ ਗੁਰੂ ਜੀ ਨੇ ਆਪ ਆਪਣੀ ਬਾਣੀ ਲਿਖੀ। ਗੁਰੂ ਜੀ ਆਪਣੀ ਬਾਣੀ ਨਾਲ ਨਾਲ ਲਿਖਦੇ ਗਏ ਤੇ ਉਸ ਨੂੰ ਪੋਥੀ ਦੇ ਰੂਪ ਵਿੱਚ ਸੰਭਾਲਦੇ ਗਏ। ਜਦੋਂ ਗੁਰੂ ਜੀ ਮੱਕੇ (ਅਰਬ ਦੇਸ਼) ਗਏ ਤਾਂ ਉਥੋਂ ਦੇ ਲੋਕਾਂ ਨੇ ਕਿਹਾ ਕਿ ਤੁਸੀਂ ਆਪਣੀ ਬਗਲ ਵਿੱਚ ਦੱਬੀ ਪੋਥੀ ਵਿਚੋਂ ਪੜ੍ਹ ਕੇ ਸੁਣਾਉ, ‘ਪੁਛਨਿ ਫੋਲਿ ਕਿਤਾਬ ਨੇ ਹਿੰਦੂ ਵਡਾ ਕਿ ਮੁਸਲਮਾਨੋਈ।” ਭਾਈ ਗੁਰਦਾਸ ਜੀ ਵੀ ਸਾਖ ਭਰਦੇ ਹਨ ਕਿ ਗੁਰੂ ਜੀ ਪਾਸ ਆਪਣੀ ਬਾਣੀ ਦੀ ਹੀ ਪੋਥੀ ਸੀ। ਪੋਥੀ ਨੂੰ ਸੰਭਾਲ ਕੇ ਰੱਖਣ ਦੀ ਪ੍ਰੰਪਰਾ ਦੂਸਰੇ ਗੁਰੂਆਂ ਨੇ ਵੀ ਨਿਭਾਈ। ਆਪਣੀ ਬਾਣੀ ਆਪ ਲਿਖਣ ਤੋਂ ਇਲਾਵਾ ਦੂਸਰੀ ਗੱਲ ਆਪਣੀ ਲਿਪੀ ਵਿੱਚੋਂ ਲਿਖਣ ਦੀ ਸੀ।
ਇਦਾਂ ਹੀ ਪਹਿਲੇ ਚਾਰ ਗੁਰੂ ਸਾਹਿਬਾਨਾਂ ਨੇ ਆਪ ਬਾਣੀ ਉਚਾਰੀ, ਲਿਖੀ ਤੇ ਪੋਥੀਆਂ ਦੇ ਰੂਪ ਵਿੱਚ ਸੰਭਾਲੀ। ਗੁਰੂ ਅਰਜਨ ਦੇਵ ਜੀ ਦੇ ਸਮੇਂ ਪਹੁੰਚਣ ਤਕ ਇਨ੍ਹਾਂ ਪੋਥੀਆਂ ਦਾ ਸੰਗ੍ਰਹਿ ਕਾਫੀ ਹੋ ਗਿਆ ਸੀ ਤੇ ਇਨ੍ਹਾਂ ਨੂੰ ਕੋਈ ਤਰਤੀਬ ਦੇਣ ਦੀ ਲੋੜ ਪੈ ਗਈ ਸੀ। ਵਖੋ ਵਖ ਪੋਥੀਆਂ ਨੂੰ ਸੰਭਾਲਣਾ ਔਖਾ ਸੀ ਤੇ ਮਿਲਾਵਟ ਦਾ ਡਰ ਸੀ। ਬਲਕਿ ਗੁਰੂ ਅਰਜਨ ਦੇਵ ਜੀ ਨੇ ਸਮੇਂ ਤਕ ਗੁਰੂ ਨਾਨਕ ਦੇਵ ਜੀ ਦੇ ਨਾਂ ਥਲੇ ਕਈਆਂ ਨੇ ਕੱਚੀ ਬਾਣੀ ਲਿਖਣੀ ਸ਼ੁਰੂ ਕਰ ਦਿੱਤੀ ਸੀ। ਇਸ ਰਲੇ ਵਿੱਚ ਬਹੁਤਾ ਹਿੱਸਾ ਪ੍ਰਿਥੀ ਚੰਦ (ਗੁਰੂ ਅਰਜਨ ਦੇਵ ਜੀ ਦੇ ਵਡੇ ਭਰਾ) ਤੇ ਉਸ ਦੇ ਪੁੱਤਰ ਮਿਹਰਬਾਨ ਦਾ ਸੀ। ਇਸ ਬਾਰੇ ਕਿਹਾ ਗਿਆ-
‘ਮਿਹਰਬਾਨ ਪੁਤ ਪ੍ਰਿਥੀਏ ਦਾ ਕਬੀਸਰੀ ਕਰੇ। ਪਾਰਸੀ ਹਿੰਦੀ ਸਹਸਕ੍ਰਿਤੀ ਪੜ੍ਹੇ।
ਤਿਨੇ ਭੀ ਬਾਣੀ ਬਹੁਤ ਬਣਾਈ। ਭੋਗ ਗੁਰੂ ਨਾਨਕ ਜੀ ਦਾ ਹੀ ਪਾਈ।’
ਹੋਰ ਵੀ ਲੋਕਾਂ ਨੇ ਨਾਨਕ ਨਾਂ ਨਾਲ ਲਿਖਣਾ/ਬੋਲਣਾ ਸ਼ੁਰੂ ਕਰ ਦਿਤਾ ਸੀ ਤੇ ਕਈ ਤੁਕਾਂ ਐਨੀਆਂ ਮਸ਼ਹੂਰ ਹੋ ਗਈਆਂ ਸਨ ਕਿ ਸਚ-ਝੂਠ ਦਾ ਪਤਾ ਕਰਨਾ ਮੁਸ਼ਕਿਲ ਹੋ ਗਿਆ ਸੀ। ਇਸ ਲਈ ਬਾਣੀ ਨੂੰ ਸੰਗ੍ਰਹਿ ਕਰਨਾ ਬਹੁਤ ਜ਼ਰੂਰੀ ਸੀ।
ਇਹ ਕੰਮ ਗੁਰੂ ਅਰਜਨ ਦੇਵ ਜੀ ਨੇ ਹੱਥ ਲਿਆ ਤੇ ਅਣਥਕ ਮਿਹਨਤ ਨਾਲ ਇਸ ਨੂੰ ਸਿਰੇ ਚੜ੍ਹਾਇਆ। ਗੁਰੂ ਜੀ ਨੇ ਬਾਣੀ ਰਾਗ ਵਾਰ ਲਿਖੀ। ਸਾਰੇ ਗੁਰੂਆਂ, ਭਗਤਾਂ ਆਦਿ ਦੀ ਬਾਣੀ ਨੂੰ ਵੱਖ-ਵੱਖ ਰਾਗਾਂ ਥਲੇ ਤਰਤੀਬ ਦਿਤੀ।
ਗੁਰੂ ਸਾਹਿਬਾਨ ਦੀ ਬਾਣੀ ਸਾਡੇ ਕੋਲ ਸ਼ੁਧ ਰੂਪ ਵਿੱਚ ਆਈ ਤੇ ਸ਼ੁਧ ਰੂਪ ਵਿੱਚ ਸੁਰੱਖਿਅਤ ਰਹੀ। ਦੁਨੀਆਂ ਵਿੱਚ ਇਹੋ ਇਕ ਧਰਮ ਗ੍ਰੰਥ ਹੈ ਜਿਹੜਾ ਜਾਣਨ ਵਾਲਿਆਂ ਦਾ ਲਿਖਿਆ ਹੋਇਆ ਹੈ ਤੇ ਜਿਸ ਵਿੱਚ ਕੋਈ ਮਿਲਾਵਟ ਨਹੀਂ। ਇਸ ਵਿੱਚ ਕੀ ਹੈ?
੪. ਗੁਰਬਾਣੀ ਧੁਰ ਦੀ ਬਾਣੀ ਹੈ:-
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਸਾਈ ਬਾਣੀ ਇਲਾਹੀ ਬਾਣੀ ਹੈ, ਧੁਰ ਦੀ ਬਾਣੀ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਸਨ, “ਮਰਦਾਨਿਆਂ ਰਬਾਬ ਛੇੜ, ਬਾਣੀ ਆਈ ਹੈ।
ਆਪ ਜੀ ਨੇ ਕਿਹਾ-
ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥ (ਅੰਗ ੭੨੨)
ਤਾ ਮੈ ਕਹਿਆ ਕਹਣੁ ਜਾ ਤੁਝੈ ਕਹਾਇਆ॥ (ਪੰਨਾ ੫੬੬)
ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ॥ (ਅੰਗ ੭੬੩)
ਗੁਰੂ ਅਮਰਦਾਸ ਜੀ ਕਹਿੰਦੇ ਹਨ-
ਸਬਦੇ ਉਪਜੈ ਅੰਮ੍ਰਿਤ ਬਾਣੀ ਗੁਰਮੁਖਿ ਆਖਿ ਸੁਣਾਵਣਿਆ॥ (ਅੰਗ ੧੨੫)
ਸ੍ਰੀ ਗੁਰੂ ਰਾਮਦਾਸ ਜੀ ਕਹਿੰਦੇ ਹਨ-
ਦਾਸਨਿ ਦਾਸੁ ਕਹੈ ਜਨੁ ਨਾਨਕੁ
ਜੇਹਾ ਤੂੰ ਕਰਾਇਹਿ ਤੇਹਾ ਹਉ ਕਰੀ ਵਖਿਆਨੁ॥ (ਅੰਗ ੭੩੪)
ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ :
ਧੁਰ ਕੀ ਬਾਣੀ ਆਈ॥ ਤਿਨਿ ਸਗਲੀ ਚਿੰਤ ਮਿਟਾਈ।। (ਅੰਗ ੬੨੮)
ਜੈਸੋ ਗੁਰਿ ਉਪਦੇਸਿਆ ਮੈ ਤੈਸੋ ਕਹਿਆ ਪੁਕਾਰਿ ॥ (ਅੰਗ ੨੧੪)
ਬੋਲੇ ਸਾਹਿਬ ਕੈ ਭਾਣੈ॥ ਦਾਸੁ ਬਾਣੀ ਬ੍ਰਹਮੁ ਵਖਾਣੈ॥ (ਅੰਗ ੬੨੯)
ਨਾਨਕੁ ਬੋਲੈ ਤਿਸ ਕਾ ਬੋਲਾਇਆ।। (ਅੰਗ ੧੨੭੧)
ਗੁਰੂ ਤੇਗ ਬਹਾਦਰ ਜੀ ਦਾ ਮੁਖਵਾਕ ਹੈ :
ਜਿਹ ਬਿਧਿ ਗੁਰ ਉਪਦੇਸਿਆ ਸੋ ਸੁਨੁ ਰੇ ਭਾਈ॥ (ਅੰਗ ੭੨੭)
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ :
ਜੋ ਨਿਜ ਪ੍ਰਭ ਮੋ ਸੋ ਕਹਾ ਸੋ ਕਹਿ ਹੋ ਜਗ ਮਾਹਿ॥ (ਦਸਮ ਗ੍ਰੰਥ ਸਾਹਿਬ)
ਗੁਰੂਆਂ ਦਾ ਸਾਨੂੰ ਉਪਦੇਸ਼ ਹੈ :
ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ
ਹਰਿ ਕਰਤਾ ਆਪਿ ਮੁਹਹੁ ਕਢਾਏ॥ (ਅੰਗ ੩੦੮)
ਇਸ ਤੋਂ ਸਾਫ ਹੋ ਜਾਂਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਨਣ ਵਾਲਿਆਂ ਨੇ ਲਿਖਿਆ, ਇਹ ਧੁਰ ਦੀ ਬਾਣੀ ਹੈ ਤੇ ਉਸ ਵਿੱਚ ਰੋਈ ਰਲਾ ਨਹੀਂ। ਇਸ ਲਈ ਮੈਂ ਕਹਿੰਦਾ ਹਾਂ “ਸੱਚਾ ਗ੍ਰੰਥ- ਗੁਰੂ ਗ੍ਰੰਥ” ।
ਸ: ਜੋਗਿੰਦਰ ਸਿੰਘ ਬੰਬਈ