
ਅਕਸਰ ਕਹਿਆ ਸੁਣਿਆ ਜਾਂਦਾ ਹੈ ਕਿ ਇਕਾਗਰ ਮਨ ਹੋ ਕੇ ਕੀਰਤਨ ਕਰੋ। ਕਿਵੇਂ ਮਨ ਇਕਾਗਰ ਕਰ ਕੇ ਕੀਰਤਨ ਕਰ ਲੈਣਗੇ? ਇੰਜ ਕਹਿਣਾ ਚਾਹੀਦਾ ਹੈ ਕਿ ਕੀਰਤਨ ਕਰੋ ਤਾਂ ਕਿ ਮਨ ਟਿਕੇ। ਕੀਰਤਨ ਸੁਣੋ ਤਾਂ ਕਿ ਮਨ ਇਕਾਗਰ ਹੋਵੇ। ਨਹੀਂ ਜੀ, ਮਨ ਇਕਾਗਰ ਕਰ ਕੇ ਬਾਣੀ ਦਾ ਪਾਠ ਕਰੋ। ਗੱਲ ਨੂੰ ਸਮਝਿਆ ਹੀ ਨਹੀਂ। ਬਚਕਾਨੀ ਗੱਲ ਪਏ ਕਰਦੇ ਨੇ। ਮਨ
ਨੂੰ ਇਕਾਗਰ ਕਰ ਕੇ ਬਾਣੀ ਦਾ ਪਾਠ ਕਰੋ, ਨਹੀਂ; ਇੰਜ ਕਹਿਣਾ ਚਾਹੀਦਾ ਏ, ਬਾਣੀ ਦਾ ਪਾਠ ਕਰੋ ਤਾਂ ਕਿ ਮਨ ਇਕਾਗਰ ਹੋਵੇ। ਮਨ ਦੀ ਇਕਾਗਰਤਾ ਤਾਂ ਫਲ ਹੈ। ਫਲ ਦੀ ਪ੍ਰਾਪਤੀ ਪਹਿਲੇ ਕਿਵੇਂ ਹੋ ਜਾਵੇਗੀ ? ਕਈ ਇੰਜ ਕਹਿੰਦੇ ਨੇ, ਮਨ ਨੂੰ ਸ਼ੁੱਧ ਕਰ ਕੇ ਗੁਰਦੁਆਰੇ ਜਾਓ ਜੀ। ਉਹ ਗ਼ਲਤ ਕਹਿੰਦੇ ਨੇ।
ਇੰਜ ਕਹਿਣਾ ਚਾਹੀਦਾ ਏ ਕਿ ਗੁਰਦੁਆਰੇ ਜਾਓ ਤਾਂ ਕਿ ਮਨ ਸ਼ੁੱਧ ਹੋਵੇ। ਪਹਿਲੇ ਕਿਵੇਂ ਸ਼ੁੱਧ ਕਰ ਲੈਣਗੇ? ਕਿਸ ਤਰ੍ਹਾਂ ਸ਼ੁੱਧ ਕਰ ਲੈਣਗੇ ? ਮਨ ਨੂੰ ਸ਼ੁੱਧ ਕਰ ਕੇ ਬਾਣੀ ਪੜ੍ਹੋ! ਬਿਲਕੁਲ ਬੱਚਿਆਂ ਵਾਲੀ ਗੱਲ ਕਰਦੇ ਨੇ। ਉਹਨਾਂ ਨੂੰ ਧਰਮ ਦਾ, ਯਕੀਨ ਜਾਣੋ ਕੋਈ ਲੰਬਾ ਚੌੜਾ ਬੋਧ ਨਹੀਂ ਏ। ਮਨ ਨੂੰ ਸ਼ੁੱਧ ਕਰ ਕੇ ਬਾਣੀ ਪੜ੍ਹੋ। ਕਿਸ ਤਰ੍ਹਾਂ ਸ਼ੁੱਧ ਕਰ ਲੈਣਗੇ ? ਇੰਜ ਕਹਿਣਾ ਚਾਹੀਦਾ ਏ ਕਿ ਬਾਣੀ ਪੜ੍ਹੋ ਤਾਂ ਕਿ ਮਨ ਸ਼ੁੱਧ ਹੋਵੇ। ਗੁਰਦੁਆਰੇ ਜਾਓ ਤਾਂ ਕਿ ਮਨ ਸ਼ੁੱਧ ਹੋਵੇ। ਮਨ ਨੂੰ ਸ਼ੁੱਧ ਕਰ ਕੇ ਗੁਰਦੁਆਰੇ ਜਾਓ, ਇਹ ਸੁਆਲ ਹੀ ਪੈਦਾ ਨਹੀਂ ਹੁੰਦਾ। ਮਨ ਸ਼ੁੱਧ ਹੋ ਜਾਏ। ਫਿਰ ਇਹ ਜਿਥੇ ਵੀ ਬੈਠਾ ਹੈ, ਗੁਰੂ ਦੇ ਨਾਲ ਹੀ ਜੁੜਿਆ ਹੈ, ਉਥੇ ਹੀ ਗੁਰਦੁਆਰਾ ਏ। ਉਹ ਤਾਂ ਜਿਥੇ ਵੀ ਬੈਠਾ ਏ, ਧਰਮਸ਼ਾਲ ਵਿਚ ਹੀ ਬੈਠਾ ਏ। ਗੁਰੂ ਨਾਲ ਜੁੜਿਆ ਹੋਇਆ ਏ। ਮਨ ਦਾ ਸ਼ੁੱਧ ਹੋ ਜਾਣਾ ਕੋਈ ਬੱਚਿਆਂ ਦੀ ਖੇਡ ਥੋੜੀ ਏ ? ਮੈਂ ਅਰਜ਼ ਕਰਾਂ, ਬਾਣੀ ਇਸ ਵਾਸਤੇ ਪੜ੍ਹਨੀ ਏਂ ਤਾਂ ਕਿ ਮਨ ਸ਼ੁੱਧ ਹੋਵੇ। ਮਨ ਨੂੰ ਸ਼ੁੱਧ ਕਰ ਕੇ ਬਾਣੀ ਪੜ੍ਹਨਾ, ਇਹ ਕਹਿਣਾ ਹੀ ਗ਼ਲਤ ਹੈ।
ਗਿਆਨੀ ਸੰਤ ਸਿੰਘ ਜੀ ਮਸਕੀਨ