4 views 8 secs 0 comments

ਬਿਨਾਂ ਖੰਡ ਦੇ ਮਿੱਠਾ ਮਹੁਰਾ

ਲੇਖ
October 13, 2025

ਮਿਠਾਸ ਕਿਸ ਨੂੰ ਪਸੰਦ ਨਹੀਂ ? ਮਿਠਾਸ ਮਿਲਦੀ ਹੈ ਫਲਾਂ ਵਿਚੋਂ। ਜੇ ਮਿਠਾਸ ਨਾ ਹੋਵੇ ਤਾਂ ਉਸ ਕੁਦਰਤੀ ਫਲ ਨੂੰ ਸਬਜ਼ੀ ਕਿਹਾ ਜਾਂਦਾ ਹੈ । ਉਸ ਨੂੰ ਸਾੜ-ਭੁੰਨ ਕੇ ਮਸਾਲੇ ਲਾ ਕੇ ਖਾਧਾ ਜਾਂਦਾ ਹੈ । ਪਰ ਮਿੱਠਾ ਫਲ ਤਾਂ ਵੇਖ ਕੇ ਹੀ ਰੂਹ ਖ਼ੁਸ਼ ਹੋ ਜਾਂਦੀ ਹੈ। ਬੇਅੰਤ ਫਲ ਅਤੇ ਓਨੀ ਹੀ ਕਿਸਮ ਦੀਆਂ ਖੰਡਾਂ ਦੇ ਮਿਸ਼ਰਣ। ਆਮ ਵਰਤੀ ਜਾਂਦੀ ਖੰਡ ਫਲ ਵਿਚੋਂ ਨਹੀਂ, ਬਲਕਿ ਬੂਟੇ ਦੇ ਤਣੇ ਵਿਚੋਂ ਆਉਂਦੀ ਹੈ—ਰਸਦਾਰ ਗੰਨੇ ਵਿਚੋਂ। ਅਜਿਹੀ ਹੀ ਖੰਡ ਖਜੂਰਾਂ ਅਤੇ ਚੁਕੰਦਰ ਵਿਚੋਂ ਵੀ ਪੈਦਾ ਕੀਤੀ ਜਾਂਦੀ ਹੈ । ਕੀਮਿਆਈ ਨਾਂ ਹੈ ‘ਸੂਕਰੋਜ਼’। ਸਰੀਰ ਦੇ ਅੰਦਰ ਜਿਗਰ ਦੀ ਪ੍ਰਕਿਰਿਆ ਨਾਲ ਇਸ ਨੂੰ ਗੁਲੂਕੋਜ਼ ਅਤੇ ਗਲਾਈਕੋਜਨ ਵਿਚ ਬਦਲ ਦੇ ਸੰਭਾਲੀ ਅਤੇ ਵਰਤੀ ਜਾਂਦੀ ਹੈ। ਖੰਡ ਦਾ ਮੁੱਖ ਸੋਮਾ ਸਾਡੀ ਖੁਰਾਕ ਦੇ ਵਿਚ ਨਿਸ਼ਾਸਤਾ ਹੈ, ਜਿਸ ਨੂੰ ਜਿਗਰ ਤੋੜ ਭੰਨ ਕੇ ਗੁਲੂਕੋਜ਼ ਬਣਾ ਲੈਂਦਾ ਹੈ। ਗੁਲੂਕੋਜ਼ ਸਰੀਰ ਦੇ ਹਰ ਸੈੱਲ ਵਿਚ ਵਰਤੀ ਜਾਂਦੀ ਹੈ ਅਤੇ ਉਸ ਦੀ ਸਪਲਾਈ ਲਹੂ ਦੇ ਰਸਤੇ ਆਉਂਦੀ ਹੈ। ਗੁਲੂਕੋਜ਼ ਦੀ ਮਾਤਰਾ ਖੂਨ ਦੇ ਅੰਦਰ ਸਾਧਾਰਨ ਤੌਰ ‘ਤੇ 80-120 ਮਿਲੀਗ੍ਰਾਮ ਪ੍ਰਤੀਸ਼ਤ ਹੁੰਦੀ ਹੈ।

ਫਾਲਤੂ ਖੁਰਾਕ ਸਰੀਰ ਦੇ ਅੰਦਰ ਚਰਬੀ ਦੀ ਸ਼ਕਲ ਵਿਚ ਜਮ੍ਹਾਂ ਹੋ ਜਾਂਦੀ ਹੈ। ਸ਼ੱਕਰ-ਰੋਗੀਆਂ ਦੀ ਗੁਲੂਕੋਜ਼ ਮਾਤਰਾ ਵਧ ਜਾਂਦੀ ਹੈ। ਖੂਨ ਵਿਚ ਸੰਤੁਲਤ ਮਾਤਰਾ ਵਿਚ ਗੁਲੂਕੋਜ਼ ਹੋਣੀ ਚਾਹੀਦੀ ਹੈ। ਜੇ ਜ਼ਿਆਦਾ ਘਟ ਜਾਵੇ ਜਾਂ ਬਹੁਤ ਜ਼ਿਆਦਾ ਵਧ ਜਾਵੇ ਤਾਂ ਬੇਹੋਸ਼ੀ ਹੋ ਜਾਂਦੀ ਹੈ ਅਤੇ ਮੌਤ ਦਾ ਖ਼ਤਰਾ ਹੁੰਦਾ ਹੈ।

ਹਰ ਸ਼ੱਕਰ-ਰੋਗੀ, ਹਰ ਇਸ ਰੋਗ ਤੋਂ ਡਰਦਾ ਵਿਅਕਤੀ ਅਤੇ ਮੋਟਾਪੇ ਤੋਂ ਡਰਨ ਵਾਲੇ ਅਤੇ ਸੱਚਮੁੱਚ ਹੀ ਮੋਟੇ ਲੋਕ ਆਪਣੇ ਫ਼ਿਕਰਾਂ ਦਾ ਇਲਾਜ ਖੰਡ ਨੂੰ ਛੱਡ ਕੇ ‘ਬਿਨਾਂ ਖੰਡ ਦੇ ਮਿੱਠਾ’ ਵਰਤਣ ਨੂੰ ਪਹਿਲ ਦੇਂਦੇ ਹਨ। ‘ਸੈਕਰੀਨ’ ਅੱਜ ਤੋਂ ਸੌ ਸਾਲ ਪਹਿਲਾਂ ਆਈ ਸੀ—ਇਕ ਲੈਬਾਰਟਰੀ ਵਿਚ ਪੈਦਾ ਕੀਤਾ ਗ਼ੈਰ-ਕੁਦਰਤੀ ਪਦਾਰਥ। ਇਸ ਨੂੰ ਖਾਣ ਜਾਂ ਪੀਣ ਦੀਆਂ ਵਸਤੂਆਂ ਵਿਚ ਮਿਲਾਣ ਨਾਲ ਮੂੰਹ ਅੰਦਰ ਕਿਸੇ ਧਾਤ ਜੇਹਾ ਬੇਸੁਆਦ ਆਉਂਦਾ ਸੀ । ਦਵਾਈ-ਉਦਯੋਗ ਬਿਹਤਰ ਨਕਲੀ ਮਿੱਠੇ ਦੀ ਭਾਲ ਕਰਦੇ ਹੋਏ ਪਹੁੰਚ ਗਏ ‘ਐਸਪਾਰਟੇਮ’ ਤਕ। ਇਸਦਾ ਸਵਾਦ ਸਾਧਾਰਨ ਖੰਡ ਦੇ ਬਹੁਤ ਨੇੜੇ ਤੇੜੇ ਸੀ। ਮਨੁੱਖ ਲਈ ਵਰਤੋਂ ਵਿਚ ਲਿਆਉਣ ਤੋਂ ਪਹਿਲਾਂ ਚੂਹਿਆਂ ਅਤੇ ਹੋਰ ਜਾਨਵਰਾਂ ਉੱਤੇ ਟੈਸਟ ਕਰਨੇ ਜ਼ਰੂਰੀ ਹਨ। ਇਹ ਟੈਸਟ ਨਿਰਾਸ਼ਾਜਨਕ ਰਹੇ। ਖ਼ਾਸ ਤੌਰ ਉੱਤੇ ਦਿਮਾਗ਼ ਦੀ ਹਾਨੀ ਹੋਣ ਲੱਗੀ ਅਤੇ ਸਰੀਰ ਦੇ ਅੰਦਰ ਰਸੌਲੀਆਂ ਬਣਨ ਲੱਗ
ਗਈਆਂ। ਇਹ ਖ਼ਤਰਾ ਅਮਰੀਕਨ ਐੱਫ.ਡੀ.ਏ. ਵੱਲੋਂ ਐਸਪਾਰਟੇਮ ਦੀ ਆਮ ਵਰਤੋਂ ਦੀ ਮੰਜ਼ੂਰੀ ਦੇਣ ਵਿਚ ਅੜਿੱਕਾ ਬਣ ਗਈ। ਇਹ ਓਦੋਂ ਦੀ ਗੱਲ ਹੈ ਜਦੋਂ ਐੱਫ.ਡੀ.ਏ. ਦੀ ਕੋਈ ਮਾੜੀ ਮੋਟੀ ਸਾਖ਼ ਸੀ । ਅੱਜ ਕੱਲ੍ਹ ਤਾਂ ਦਵਾ ਉਦਯੋਗ ਤੇ ਖ਼ੁਰਾਕ ਉਦਯੋਗ ਐੱਫ.ਡੀ.ਏ. ਨੂੰ ਆਪਣੀ ਮੁੱਠੀ ਵਿਚ ਰੱਖਦੇ ਹਨ। ਖ਼ੈਰ, ਬੇਅੰਤ ਖੋਜਾਂ ਦਾ ਨਤੀਜਾ ਇਕੋ ਹੀ ਸੀ— ਐਸਪਾਰਟੇਮ ਖ਼ਤਰਨਾਕ ਹੈ, ਕੈਂਸਰ ਅਤੇ ਬੇਅੰਤ ਹੋਰ ਬਿਮਾਰੀਆਂ ਪੈਦਾ ਕਰ ਸਕਦੀ ਹੈ। ਐੱਫ.ਡੀ.ਏ. ਅੜੀ ਰਹੀ, ਜਦੋਂ ਤਕ ਡਾਨਲਡ ਰਮਜ਼ਫੈਲਡ ਮੈਦਾਨ ਵਿਚ ਨਹੀਂ ਆਇਆ। ਉਹ ਸੀਅਰਲ ਕੰਪਨੀ ਦਾ ਚੀਫ਼ ਸੀ ਜੋ ਇਹ ਮਿੱਠਾ ਮਹੁਰਾ ਬਣਾਉਂਦਾ ਸੀ।

ਡਾਨਲਡ ਰਮਜ਼ਫੈਲਡ ਅਮਰੀਕਾ ਦੇ ਪ੍ਰਧਾਨ ਰਾਨਲਡ ਰੀਗਨ ਦੀ ਟੀਮ ਵਿਚ ਸੀ। ਉਸ ਨੇ ਆਉਂਦਿਆਂ ਹੀ ਐੱਫ.ਡੀ.ਏ. ਦੇ ਚੀਫ਼ ਨੂੰ ਉਤਾਰ ਕੇ ਆਪਣਾ ਇਕ ਹੱਥ ਠੋਕਾ ਲਗਾ ਦਿੱਤਾ। ਸੋਲਾਂ ਸਾਲਾਂ ਤੋਂ ਲਟਕਦਾ ਕੇਸ ਇਕ ਦਿਨ ਵਿਚ ਖ਼ਤਮ ਕਰ ਦਿੱਤਾ ਗਿਆ ਅਤੇ ਅਮਰੀਕਨ ਸਰਕਾਰ ਨੇ ਐਸਪਾਰਟੇਮ ਨੂੰ ਆਮ ਵਰਤੋਂ ਲਈ ਮੰਜੂਰੀ ਦੇ ਦਿੱਤੀ। ਅੱਜ ਇਹ ਮਿੱਠਾ ਮਹੁਰਾ ਦਰਜਨਾਂ ਹੀ ਕਿਸਮ ਦੀਆਂ ਸੋਢੇ ਦੀਆਂ ਬੋਤਲਾਂ ਅਤੇ ਹਜ਼ਾਰਾਂ ਹੀ ਦਵਾਈਆਂ ਦੇ ਅੰਦਰ ਵਰਤਿਆ ਜਾਂਦਾ ਹੈ।

ਯਾਦ ਰਹੇ ਡਾਨਲਡ ਰਮਜ਼ਫੈਲਡ ਓਹੀ ਮਹਾਂ-ਪੁਰਸ਼ ਹੈ ਜੋ ਜਾਰਜ ਬੁਸ਼ ਦਾ 2001 ਤੋਂ 2006 ਤਕ ਰੱਖਿਆ ਸਕੱਤਰ ਰਿਹਾ ਹੈ। ਇਰਾਕ ਉੱਤੇ ਹਮਲਾ ਕਰਕੇ ਓਥੋਂ ਦੇ ਤੇਲ ਭੰਡਾਰਾਂ ਉੱਤੇ ਕਬਜ਼ਾ ਕਰਨ ਅਤੇ ਅਮਰੀਕੀ ਫ਼ੌਜੀ ਅੱਡੇ ਬਣਾਉਣ ਦੀਆਂ ਸਕੀਮਾਂ ਵਿਚ ਮੁੱਖ ਭੂਮਿਕਾ ਇਸੇ ਦੀ ਹੀ ਸੀ। ਬਗਦਾਦ ਦੇ ਅਜਾਇਬ ਘਰ ਨੂੰ ਉਜਾੜਨ, ਬੇਗੁਨਾਹ ਕੈਦੀਆਂ ਉੱਤੇ ਵਹਿਸ਼ੀਆਨਾ ਜ਼ੁਲਮ ਕਰਨ, ਹੁਣ ਤਕ ਤੇਰਾਂ ਲੱਖ ਤੋਂ ਵੱਧ ਮਰੇ ਅਤੇ ਕਰੀਬ 50 ਲੱਖ ਉਜੜੇ ਇਰਾਕੀਆਂ ਪਿੱਛੇ ਏਸੇ ਹੀ ਰੱਖਿਆ ਸਕੱਤਰ ਦੀ ਸ਼ਕਤੀਸ਼ਾਲੀ ਪ੍ਰਵਾਨਗੀ ਸੀ।

ਇਹ 77 ਸਾਲਾ ਅੰਤਰਰਾਸ਼ਟਰੀ ਅਪਰਾਧੀ ਰਿਟਾਇਰ ਹੋ ਕੇ ਵਾਪਸ ਦਵਾਈ ਕੰਪਨੀ ਵਿਚ ਚਲਾ ਗਿਆ ਹੈ। ਅਮਰੀਕਨ ਅਤੇ ਅੰਤਰਰਾਸ਼ਟਰੀ ਸਿਹਤ ਦਾ ਉਜਾੜੂ ਅਤੇ ਵਿਸ਼ਵ ਸ਼ਾਂਤੀ ਦਾ ਦੁਸ਼ਮਣ, ਆਪ ਚੰਗੀ ਸਿਹਤ ਦਾ ਮਾਲਕ ਅਤੇ ਚੜ੍ਹਦੀਆਂ ਕਲਾਂ ਵਿਚ ਹੈ।

ਮਿੱਠੇ ਮਹੁਰੇ ਬਾਰੇ ਅਜੇ ਹੋਰ ਬਹੁਤ ਕੁਝ ਜਾਣਨ ਦੀ ਲੋੜ ਹੈ। ਗੂਗਲ ਵਿਚ ਜਾ ਕੇ ਲਿਖੋ “aspartame dangers” ਅਤੇ ਬੇਅੰਤ ਵਾਕਫ਼ੀ ਪ੍ਰਾਪਤ ਕਰੋ।

ਅੱਜ ਕੱਲ੍ਹ ਇਕ ਹੋਰ ਜ਼ਹਿਰੀਲੀ ਵਸਤੂ ਖੰਡ ਦੀ ਥਾਂ ਉੱਤੇ ਪ੍ਰਚਲਤ ਕੀਤੀ ਜਾ ਰਹੀ ਹੈ। ਉਹ ਹੈ ‘ਸੁਕਰਾਲੋਜ਼’, ਜੋ ਕਈਆਂ ਨਾਵਾਂ ਹੇਠ ਵੇਚੀ ਜਾ ਰਹੀ ਹੈ ਅਤੇ ਭੋਲੇ ਲੋਕ ਇਸ ਦੇ ਝਾਂਸੇ ਵਿਚ ਫਸ ਰਹੇ ਹਨ।

ਖੰਡ ਤੋਂ ਬਿਨਾਂ ਕੁਦਰਤੀ ਮਿੱਠਾ ਜੋ ਖੇਤੀ ਕਰਕੇ ਪੈਦਾ ਕੀਤਾ ਜਾਂਦਾ ਹੈ ਅਤੇ ਜਿਸ ਤੋਂ ਸਿਹਤ ਨੂੰ ਕੋਈ ਖ਼ਤਰਾ ਨਹੀਂ ਹੈ, ਉਸ ਦਾ ਨਾਂ ਹੈ ‘ਸਟੀਵੀਆ’। ਇਸ ਦੀ ਕਾਸ਼ਤ ਭਾਰਤ ਵਿਚ ਵੀ ਸ਼ੁਰੂ ਹੋ ਗਈ ਹੈ ਅਤੇ ਮਾਰਕੀਟ ਵਿਚ ਰਤਾ ਮਾਸਾ ਮਿਲਣਾ ਸ਼ੁਰੂ ਹੋ ਗਿਆ ਹੈ। ਕੋਕਾ ਕੋਲਾ ਅਤੇ ਪੈਪਸੀ ਵਾਲੇ ਵੀ ਸਟੀਵੀਆ ਵਿਚ ਦਿਲਚਸਪੀ ਵਿਖਾ ਰਹੇ ਹਨ।
( ਪੁਸਤਕਾਂ ਦੂਜਾ ਪਾਸਾ ਵਿੱਚੋਂ)

ਡਾ. ਦਲਜੀਤ ਸਿੰਘ