ਗੁਰਮਤਿ ਦੇ ਸਿਧਾਂਤਕ ਅਤੇ ਅਮਲੀ ਪਹਿਲੂਆਂ ਦੀ ਠੀਕ ਸਮਝ ਲਈ ਇਹ ਜਰੂਰੀ ਹੈ ਕਿ ਪਹਿਲਾਂ ਸਿੱਖ ਜੀਵਨ ਜਾਂਚ ਅਤੇ ਗੁਰਮਤਿ ਦੇ ਕੁੱਝ ਮੂਲ ਸੰਕਲਪ ਜਾਂ ਇਸ ਵਿੱਚ ਸੰਸਾਰ, ਰੱਬ, ਧਰਮ ਅਤੇ ਸਮਾਜ ਦੀ ਥਾਂ ਸਮਝ ਲਈ ਜਾਵੇ।
ਸਭ ਤੋਂ ਪਹਿਲਾਂ ਜੇ ਅਸੀਂ ਰੱਬ ਦੇ ਸਰੂਪ ਤੇ ਇਕਾਗਰ ਹੋਈਏ ਤਾਂ ਗੁਰੂ ਸਾਹਿਬਾਨ ਦਾ ਰੱਬ ਸੰਸਾਰ ਵਿੱਚ ਡੂੰਘੀ ਰੁੱਚੀ ਰੱਖਣ ਵਾਲਾ ਅਤੇ ਆਪਣੀ ਰਜਾ ਤਹਿਤ ਇੱਕ ਨੈਤਿਕ ਨੇਮ ਪ੍ਰਬੰਧ ਵੱਲ ਦਿਸਾ ਦਿੰਦਾ ਹੈ। ਬਿਲਕੁਲ ਇਸੇ ਸੰਦਰਭ ਵਿੱਚ ਗੁਰੂ ਨਾਨਕ ਸਾਹਿਬ ਸਚਿਆਰ ਮਨੁੱਖ ਦੀ ਭੂਮਿਕਾ ਨਿਰਧਾਰਤ ਕਰਦੇ ਹਨ। ਜਪੁਜੀ ਸਾਹਿਬ ਵਿੱਚ ਉਹ ਇਸ ਸੁਆਲ ਦਾ ਸਪੱਸ਼ਟ ਜੁਆਬ ਇਹ ਕਹਿੰਦਿਆਂ ਦਿੰਦੇ ਹਨ ਕਿ ਕੂੜ ਦੀ ਪਾਲ ਹੁਕਮ ਦੀ ਰਜ਼ਾ ਵਿੱਚ ਚੱਲਣ ਨਾਲ ਹੀ ਟੁੱਟ ਸਕਦੀ ਹੈ। ਬਿਲਕੁਲ ਇਸੇ ਤਰ੍ਹਾਂ ਦਾ ਜੁਆਬ ਗੁਰੂ ਸਾਹਿਬ ਦਾ ਰੱਬ ਦਾ ਸਰੂਪ ਪੁੱਛੇ ਜਾਣ ਤੇ ਦਿੰਦੇ ਹਨ। ਉਹ ਦੱਸਦੇ ਹਨ ਕਿ ਰੱਬ ਅਕੱਥ ਹੈ ਪਰ ਜੇ ਉਹ ਇਸ ਸੰਬੰਧੀ ਕੁੱਝ ਆਖਦੇ ਹਨ ਤਾਂ ਇਹੀ ਕਿ ਇਹ ਪੂਰਨ ਪ੍ਰੇਮ ਹੈ। ਇਸ ਤਰ੍ਹਾਂ ਸਪੱਸ਼ਟ ਅਤੇ ਤਰਕਪੂਰਨ ਢੰਗ ਨਾਲ ਗੁਰੂ ਸਾਹਿਬ ਮਨੁੱਖ ਲਈ ਜੋ ਆਦਰਸ਼ ਨਿਰਧਾਰਤ ਕਰਦੇ ਹਨ, ਉਹ ਆਪਣੇ ਸੰਗੀ ਸਾਥੀਆਂ ਨਾਲ ਪ੍ਰੇਮ ਰੱਖਣ ਦਾ ਹੀ ਹੈ, ਇਹ ਇਸ ਸੰਸਾਰ ਵਿੱਚ ਇੱਕ ਕ੍ਰਿਆਸ਼ੀਲ, ਆਤਮਕ-ਨੈਤਿਕ ਜ਼ਿੰਦਗੀ ਦਾ ਆਦਰਸ ਹੈ । ਇਸ ਸੰਕਲਪ ਅਨੁਸਾਰ ਰੱਬ ਦੀ ਜ਼ਿੰਦਗੀ ਦੇ ਸਾਰੇ ਪਹਿਲੂਆਂ ਵਿੱਚ ਰੁਚੀ, ਇਸੇ ਤਰ੍ਹਾਂ ਸਿੱਖ ਗੁਰੂ ਸਾਹਿਬਾਨ ਅਤੇ ਇਹ ਸਿੱਖਾਂ ਦੀ ਵੀ ਜ਼ਿੰਦਗੀ ਦੇ ਹਰ ਪਹਿਲੂ ਪ੍ਰਤੀ ਜ਼ਿੰਮੇਵਾਰੀ ਵਾਲੀ ਰੁੱਚੀ वै।
ਗੁਰਮਤਿ ਕੇਵਲ ਨਿੱਜੀ ਅਤੇ ਇਕੱਲਪੁਣੇ ਵਿੱਚ ਕੀਤੀਆਂ ਜਾਣ ਵਾਲੀਆਂ ਪ੍ਰਾਰਥਨਾਵਾਂ ਜਾਂ ਅਰਾਧਨਾ ਤੱਕ ਹੀ ਸੀਮਤ ਨਹੀਂ, ਇਹ ਜ਼ਿੰਦਗੀ ਦੇ ਰੋਜ਼ਮਰਾ ਦੇ ਮਸਲਿਆਂ ਨਾਲ ਜੁੜਿਆ ਹੋਇਆ ਹੈ। ਗੁਰਮਤਿ ਅਨੁਸਾਰ ਧਰਮ ਨਿੱਜੀ ਮਸਲਾ ਨਹੀਂ। ਇਹ ਸਿੱਖਾਂ ਨੂੰ ਉਹਨਾਂ ਆਤਮਕ, ਨੈਤਿਕ ਅਤੇ ਸਦਾਚਾਰਕ ਗੁਣਾਂ ਨੂੰ ਧਾਰਨ ਵੱਲ ਤੋਰਦਾ ਹੈ ਜੋ ਕਿਸੇ ਮਨੁੱਖ ਦੇ ਆਪਣੇ ਆਪ ਨੂੰ ਉੱਚਾ ਚੁੱਕਣ ਅਤੇ ਮੁਕਤੀ ਹਾਸਲ ਕਰਨ ਵਿੱਚ ਹੀ ਸਹਾਈ ਨਹੀਂ ਹੁੰਦੇ ਸਗੋਂ ਉਸਦੇ ਸਾਥੀ ਮਨੁੱਖਾਂ ਨੂੰ ਉਚਿਆਉਣ ਅਤੇ ਮੁਕਤੀ ਦੇ ਦੁਆਰ ਤੱਕ ਲਿਜਾਣ ਦੀ ਵੀ ਸਮਰੱਥਾ ਰੱਖਦੇ ਹਨ। ਸਿੱਖ ਲਈ ਜ਼ਿੰਦਗੀ ਇੱਕ ਸਮੁੱਚਤਾ ਵਾਲੀ ਇਸਦੇ ਗੁਰੂ ਸਾਹਿਬਾਨ ਦੁਆਰਾ ਨਿਰਧਾਰਤ ਕੀਤੇ ਨੇਮ ਇਸਦੀਆਂ ਵਿਭਿੰਨ ਇਕਾਈਆਂ ਨੂੰ ਇਕੱਠਾ ਕਰਦੇ ਹਨ।
ਸਿੱਖ ਜਿੰਦਗੀ ਪ੍ਰਤੀ ਭਾਜਵਾਦੀ ਰਵੱਈਆ ਨਹੀਂ ਰੱਖਦੇ। ਉਹ ਜਿਸ ਸਮਾਜ ਵਿੱਚ ਜਿਉਂਦੇ ਹਨ, ਉਸ ਪ੍ਰਤੀ ਪੂਰੀ ਜ਼ਿੰਮੇਵਾਰੀ ਨਾਲ ਪੇਸ਼ ਆਉਂਦੇ ਹਨ। ਉਹ ਕਿਸੇ ਅਨਿਆਂ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਜਾਂ ਸ਼ੋਸ਼ਣ ਨੂੰ ਮੂਕ ਦਰਸ਼ਕ ਬਣ ਕੇ ਨਹੀਂ ਵੇਖਦੇ। ਗੁਰੂ ਸਾਹਿਬਾਨ ਨੇ ਸਮਾਨਤਾ, ਆਜ਼ਾਦੀ ਨਿਰਭੈਤਾ, ਸ਼ਾਂਤੀ ਅਤੇ ਇਕਸੁਰਤਾ ਵਾਲਾ ਇੱਕ ਨਵਾਂ ਜਹਾਨ ਸਿਰਜਿਆ। ਉਹਨਾਂ ਨੇ ਇਹ ਆਦਰਸ਼ ਕੇਵਲ ਪ੍ਰਚਾਰੇ ਹੀ ਨਹੀਂ ਸਗੋਂ ਇਹਨਾਂ ਨੂੰ ਅਮਲੀ ਰੂਪ ਵੀ ਦਿੱਤਾ । ਗੁਰੂ ਨਾਨਕ ਸਾਹਿਬ ਵੱਲੋਂ ਸ਼ੁਰੂ ਕੀਤੀਆਂ ਸੰਗਤ ਅਤੇ ਪੰਗਤ ਦੀਆਂ ਜੁੜਵੀਆਂ ਸੰਸਥਾਵਾਂ, ਉਹਨਾ ਵੱਲੋਂ ਦੱਸੇ ਏਕਤਾ ਅਤੇ ਮਨੁੱਖੀ ਬਰਾਬਰਤਾ ਦੇ ਆਦਰਸ਼ਾਂ ਦੀਆਂ ਜਿਉਂਦੀਆਂ ਮਿਸਾਲਾਂ ਹਨ।
ਅਮਨ ਦਾ ਸਿੱਖ ਸੰਕਲਪ ਅਹਿੰਸਾ ਦੇ ਗਾਂਧੀਵਾਦੀ ਸੰਕਲਪ ਤੋਂ ਬਿਲਕੁਲ ਵੱਖਰਾ ਹੈ। ਮਹਿਜ਼ ਅਮਨ ਬਰਕਰਾਰ ਰੱਖਣ ਲਈ ਭੈਅ ਅੱਗੇ ਹਥਿਆਰ ਸੁੱਟਣੇ ਸਿੱਖ ਦਾ ਕੰਮ ਨਹੀਂ। ਸਿੱਖ ਦੀ ਜੰਗ ਸ਼ੁਰੂ ਵਿੱਚ ਅਮਨ ਪੂਰਵਕ ਹੀ ਹੁੰਦੀ ਹੈ ਪਰ ਸਾਰੇ ਹੀਲੇ ਨਾਕਾਮ ਹੋ ਜਾਣ ਤਾਂ ਹਥਿਆਰ ਚੁੱਕਣੇ ਜਾਇਜ਼ ਹਨ। ਪਰ ਜੰਗ, ਇਸਦੇ ਅਸਲ ਅਰਥਾਂ ਵਿੱਚ, ਤੇਗ ਸਵਾਰਥੀ ਹਿੱਤਾਂ ਲਈ ਨਾ ਹੋਣੀ ਜ਼ਰੂਰੀ ਹੈ। ਸਿੱਖ ਮੱਤ ਵਿੱਚ ਧਰਮ ਯੁੱਧ ਕਿਸੇ ਦੇ ਨਿੱਜੀ ਹਿੱਤਾਂ ਲਈ ਲੜਾਈ ਵੱਜੋਂ ਨਹੀਂ ਲਿਆ ਜਾਂਦਾ । ਸਿੱਖ ਮਤ ਅਮਨ ਨੂੰ ਵਡੇਰਾ ਮਹੱਤਵ ਦਿੰਦਾ ਹੈ। ਪਰ ਇਸਦੇ ਨਾਲ ਹੀ ਇਹ ਸਪੱਸ਼ਟ ਹੈ ਕਿ ਨਿਆਂ, ਉੱਤਮਤਾ, ਆਜ਼ਾਦੀ, ਇਕਸੁਰਤਾ ਅਤੇ ਅਣਖ, ਅਮਨ ਨੂੰ ਖਰੀਦਣ ਲਈ ਦਾਅ ਤੇ ਨਹੀਂ ਲਾਏ ਜਾ ਸਕਦੇ।
ਗੁਰੂ ਸਾਹਿਬ ਨੇ ਮਨੁੱਖੀ ਫਿਤਰਤ ਵਿੱਚ ਉਹ ਚਿਣਗ ਜਗਾਈ ਜਿਸਨੇ ਮਨੁੱਖਾਂ ਨੂੰ ਸੱਚ ਅਤੇ ਨਿਆਂ ਦੇ ਕਾਜ ਲਈ ਕੁਰਬਾਨੀਆਂ ਕਰਨ ਵਾਸਤੇ ਪ੍ਰੇਰਿਤ ਕੀਤਾ। ਗੁਰੂ ਸਾਹਿਬ ਨੂੰ ਮਹਿਜ਼ ਸੁਧਾਰਕ ਕਹਿਣਾ ਉਹਨਾਂ ਦੀ ਸਿਰਜਣਾਤਮਕ ਅੰਤਰ ਦ੍ਰਿਸ਼ਟੀ ਨੂੰ ਘਟਾ ਕੇ ਵੇਖਣਾ ਹੈ – ਅੰਤਰ ਦ੍ਰਿਸ਼ਟੀ ਜਿਸ ਵਿੱਚ ਅਕਾਲ ਅਤੇ ਸਥੂਲ ਜਿੰਦਗੀ ਦਾ ਖੂਬਸੂਰਤ ਸਮੇਲ ਹੈ ਜਿਸ ਵਿੱਚੋਂ ਮਨੁੱਖਤਾ ਲਈ ਇੱਕ ਨਵੇਂ ਅਤੇ ਸਚਿਆਰੇ ਪੰਥ ਦੀ ਸਾਜਨਾ ਹੁੰਦੀ ਹੈ। ਸਰ ਮੁਹੰਮਦ ਇਕਬਾਲ ਗੁਰੂ ਸਾਹਿਬ ਦੀ ਬਹੁਤ ਢੁੱਕਵੀ ਉਸਤਤਿ ਕਰਦੇ ਹਨ, ਜਦੋਂ ਉਹ ਆਖਦੇ ਹਨ –
“ਹਿੰਦ ਕੋ ਇਕ ਮਰਦ-ਏ-ਕਾਮਲ ਨੇ ਜਗਾਇਆ ਖਵਾਬ ਸੇ।”
ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਵੱਲੋਂ ਸੂਖਮ ਅਤੇ ਸਥੂਲ ਦੇ ਸੁਮੇਲ ਨਾਲ ਸਾਹਮਣੇ ਲਿਆਂਦੀ ਨਵੇਂ ਸਮਾਜ ਦੀ ਨੁਹਾਰ ਨੂੰ ਬਾਕੀ ਗੁਰੂ ਸਾਹਿਬਾਨ ਨੇ ਵਿਕਸਿਤ ਕੀਤਾ। ਇਹ ਵਿਕਾਸ ਕਿਸੇ ਵਿਅਕਤੀ ਦੀ ਨਿੱਜੀ ਮੁਕਤੀ ਨੂੰ ਹੀ ਲਕਸ਼ ਮੰਨ ਕੇ ਨਹੀਂ ਸੀ ਤੁਰਦਾ ਸਗੋਂ ਇਸਨੇ ਸਮਾਜ ਨੂੰ ਸਮੁੱਚਤਾ ਵਿੱਚ ਲਿਆ ਹੈ। ਇਸ ਤਰ੍ਹਾਂ ਨੈਤਿਕਤਾ ਦੀ ਸਥਾਪਤੀ ਅਤੇ ਵਿਕਾਸ ਦਾ ਇੱਕ ਸਦੀਵੀਂ ਰਾਹ ਤਿਆਰ ਕਰਦਿਆਂ, ਗੁਰੂ ਸਾਹਿਬਾਨ ਨੇ ਨੈਤਿਕ ਕਦਰਾਂ ਕੀਮਤਾਂ ਦਾ ਕਾਲ ਅਤੇ ਸਥਾਨ ਦੀਆਂ ਬੰਦਸ਼ਾਂ ਤੋਂ ਉਚੇਰੀ ਮਹੱਤਤਾ ਵਾਲਾ ਰੂਪ ਸਾਹਮਣੇ ਲਿਆਂਦਾ ।
ਡਾ. ਗੁਰਦਰਸ਼ਨ ਸਿੰਘ ਢਿਲੋਂ (ਚੰਡੀਗੜ੍ਹ)
