ਭਗਤ ਸਧਨਾ ਬਾਰੇ ਵੱਖ-ਵੱਖ ਕਥਾਵਾਂ ਪ੍ਰਚਲਤ ਹਨ। ਅਸਲ ਵਿੱਚ ਇਹ ਸਭ ਕਥਾਵਾਂ ਭਗਤੀ ਲਹਿਰ ਦੇ ਸਮੇਂ ਭਗਤਾਂ ਨੂੰ ਕਰਾਮਾਤੀ ਸਿੱਧ ਕਰਨ ਲਈ ਜਾਂ ਹਿੰਦੂ ਪ੍ਰੰਪਰਾ ਨਾਲ ਜੋੜਨ ਲਈ ਹੀ ਘੜੀਆਂ ਜਾਂਦੀਆਂ ਸਨ । ਇਨ੍ਹਾਂ ਭਗਤਾਂ ਦੀ ਅਸਲ ਧਾਰਨਾ ਪ੍ਰਭੂ ਦੀ ਪ੍ਰੇਮ ਭਗਤੀ ਸੀ, ਪ੍ਰੰਤੂ ਇਨ੍ਹਾਂ ਭਗਤਾਂ ਨੂੰ ਕਿਤੇ ਵੈਸ਼ਨਵ ਭਗਤਾਂ ਦਾ ਚੇਲਾ ਅਤੇ ਕਿਤੇ ਬੁੱਤ-ਪੂਜ ਦਰਸਾਇਆ ਗਿਆ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਭਗਤਾਂ ਦੀ ਰਚਨਾ ਆਪਣੇ ਆਪ ਵਿੱਚ ਬੜੀ ਸਪੱਸ਼ਟ ਹੈ ਕਿ ਇਹ ਭਗਤ ਭਾਵੇਂ ਸ਼ਬਦਾਵਲੀ ਤਾਂ ਪ੍ਰੰਪਰਾਗਤ ਹੀ ਵਰਤਦੇ ਹਨ ਪ੍ਰੰਤੂ ਇਨ੍ਹਾਂ ਦਾ ਇਸ਼ਟ ਇਕੋ ਨਿਰਗੁਣ ਪ੍ਰਭੂ ਹੈ ।
ਇਸ ਲੇਖ ਵਿੱਚ ਅਸੀਂ ਭਗਤ ਸਧਨਾ ਜੀ ਦਾ ਜੀਵਨ ਅਤੇ ਉਪਦੇਸ਼ ਲਿਖਣ ਦਾ ਯਤਨ ਕਰਨਾ ਹੈ। ਉਪਦੇਸ਼ ਦਾ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਹੀ ਹੈ ।
ਪੰਡਤ ਤਾਰਾ ਸਿੰਘ ਜੀ ਲਿਖਦੇ ਹਨ :
“ਸਧਨਾ ਕਸਾਈ ਅਪਨੀ ਕੁਲ ਕੀ ਕਾਰ ਤਿਆਗ ਕੇ ਕਾਹੂੰ ਹਿੰਦੂ ਸਾਧ ਸੇ । ਪਰਮੇਸਰ ਭਗਤੀ ਕਾ ਉਪਦੇਸ ਲੇ ਕਰ ਪਰਮ ਪ੍ਰੇਮ ਸੇ ਭਗਤੀ ਕਰਨੇ ਲਗਾ। ਮੁਸਲਮਾਨ ਉਸ ਕੋ ਕਾਫਰ ਕਹਿਨੇ ਲਗੇ । ਕਾਜ਼ੀ ਲੋਗਾਂ ਨੇ ਉਸ ਸਮੇਂ ਕੇ ਰਾਜਾ ਕੋ ਕਹਾ, ਇਸ ਕੋ ਬੁਰਜ ਮੇ ਚਿਣਵਾ ਦੇਣਾ ਚਾਹੀਏ, ਨਹੀਂ ਤੋ ਯਹ ਕਾਫਰ ਔਰ ਬਹੁਤ ਮੁਸਲਮਾਨੋ ਕੋ ਹਿੰਦੂ ਮਤ ਕੀ ਰੀਤ ਸਿਖਾਇ ਕਰ ਕਾਫਰ ਕਰੇਗਾ। ਪਾਤਸ਼ਾਹ ਨੇ ਕਾਜੀਓਂ ਕੇ ਕਹਨੇ ਸੇ ਬੁਰਜ ਮੇ ਚਿਨਨੇ ਕਾ ਹੁਕਮ ਦੀਆ। ਰਾਜ ਚਿਨਨੇ ਲਗੇ, ਤਿਸ ਸਮੇਂ ਸਧਨੇ ਭਗਤ ਨੇ ਯਹ ਬਚਨ ਕਹਿਆ।”
ਇਹ ਬਚਨ ਤੋਂ ਭਾਵ ਹੈ ਉਹ ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਇਸ ਸ਼ਬਦ ਰਾਹੀਂ ਸਰਬ ਸ਼ਕਤੀਮਾਨ ਪ੍ਰਭੂ ਅੱਗੇ ਅਰਦਾਸ ਹੈ ਕਿ ਸਮਕਾਲੀ ਕਰੂਰ ਤਾਕਤਾਂ ਤੋਂ ਬਚਾ ਕੀਤਾ ਜਾਵੇ । ਸ਼ਬਦ ਦੀ ਵਿਆਖਿਆ ਅੱਗੇ ਜਾ ਕੇ ਕਰਾਂਗੇ।
ਭਗਤ ਸਧਨਾ ਜੀ ਸਿੰਧ ਦੇ ਪਿੰਡ ਸਿਹਵਾ ਵਿੱਚ ਪੈਦਾ ਹੋਏ। ਇਹ ਨਾਮਦੇਵ ਦੇ ਸਮਕਾਲੀ ਸਨ, ਕੰਮ ਕਸਾਈ ਦਾ ਕਰਦੇ ਸਨ । ਜਦੋਂ ਭਗਤ ਜੀ ਨੂੰ ਇਕ ਰਾਜੇ ਦੇ ਹੁਕਮ ਨਾਲ ਤਸੀਹੇ ਦੇਣ ਦੀ ਤਿਆਰੀ ਕੀਤੀ ਤਾਂ ਭਗਤ ਨੇ ਇਸ ਪ੍ਰਕਾਰ ਪ੍ਰਾਰਥਨਾ ਕੀਤੀ। ਇਹ ਵੀ ਮੰਨਿਆ ਜਾਂਦਾ ਹੈ ਕਿ ਭਗਤ ਜੀ ਦਾ ਦਿਹਾਂਤ ਸਰਹਿੰਦ ਦੇ ਲਾਗੇ ਹੋਇਆ। ਕਈ ਵਿਦਵਾਨ ਆਪ ਨੂੰ ਹਿੰਦੂ ਮੰਨਦੇ ਹਨ ਅਤੇ ਸਾਲਗਰਾਮ ਦਾ ਪੁਜਾਰੀ ਦੱਸਿਆ ਹੈ । ਸੋਚਣ ਵਾਲੀ ਗੱਲ ਇਹ ਹੈ ਕਿ ਹਿੰਦੂ ਭਗਤ ਜਿਹੜਾ ਸਾਲਗਰਾਮ ਦਾ ਪੁਜਾਰੀ ਹੋਵੇਗਾ, ਉਹ ਸਾਲਗਰਾਮ ਨਾਲ ਮਾਸ ਨਹੀਂ ਤੋਲ ਸਕਦਾ। ਇਨ੍ਹਾਂ ਕਥਾਵਾਂ ਤੋਂ ਮਾਲੂਮ ਹੁੰਦਾ ਹੈ ਕਿ ਆਪ ਮੁਸਲਮਾਨ ਸਨ । ਮੁਸਲਮਾਨ ਸਾਲਗਰਾਮ ਦੀ ਪੂਜਾ ਨਹੀ ਕਰ ਸਕਦਾ ।
ਪੰਡਤ ਤਾਰਾ ਸਿੰਘ ਸਧਨੇ ਨੂੰ ਮੁਸਲਮਾਨ ਲਿਖਦੇ ਹਨ ਅਤੇ ਕਿਸੇ ਹਿੰਦੂ ਸਾਧੂ ਦੇ ਪ੍ਰਭਾਵ ਹੇਠ ਆ ਕੇ ਭਗਤੀ ਕਰਨ ਲੱਗ ਪਏ । ਇਥੇ ਇਕ ਗੱਲ ਜ਼ਰਾ ਵਾਚਣ ਵਾਲੀ ਹੈ, ਕਿ ਮੁਸਲਮਾਨ ਘਰਾਂ ਵਿੱਚ ਜੰਮੇ ਸਾਧੂ ਸਧਨੇ ਨੂੰ ਆਪਣੀ ਬੋਲੀ ਇਤਨੀ ਜਲਦੀ ਭੁੱਲ ਗਈ ਅਤੇ ਉਹ ਸੰਸਕ੍ਰਿਤ ਦਾ ਵਿਦਵਾਨ ਕਿਵੇਂ ਬਣ
ਗਿਆ? ਭਗਤ ਸਧਨਾ ਜੀ ਦਾ ਸਾਰਾ ਸ਼ਬਦ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਪੜ੍ਹ ਕੇ ਪਤਾ ਲੱਗਦਾ ਹੈ ਕਿ ਇਕ ਵੀ ਸ਼ਬਦ ਉਰਦੂ ਜਾਂ ਫਾਰਸੀ ਦਾ ਨਹੀਂ, ਸਿੰਧੀ ਬੋਲੀ ਦੇ ਵੀ ਨਹੀਂ ਹਨ, ਸਾਰੇ ਦੇ ਸਾਰੇ ਸ਼ਬਦ ਸੰਸਕ੍ਰਿਤ ਹਿੰਦੀ ਦੇ ਹਨ ।
ਇਸ ਉਪਰਲੇ ਖਿਆਲ ਅਨੁਸਾਰ ਪ੍ਰੋ: ਸਾਹਿਬ ਸਿੰਘ ਸਧਨਾ ਜੀ ਨੂੰ ਹਿੰਦੂ ਘਰ ਦਾ ਜੰਮ-ਪਲ ਮੰਨਦਾ ਹੈ । ਇਹ ਹੋ ਸਕਦਾ ਹੈ ਸਧਨਾ ਜੀ ਪਹਿਲਾਂ ਬੁੱਤ ਪੂਜ ਹੋਣ ਅਤੇ ਬਾਅਦ ਵਿੱਚ ਬੁੱਤ-ਪੂਜਾ ਛੱਡ ਦਿੱਤੀ ਹੋਵੇ ! ਗੁਰੂ ਨਾਨਕ ਸਾਹਿਬ ਨੇ ਆਪਣੀਆਂ ਯਾਤਰਾਵਾਂ ਦੌਰਾਨ ਕਈ ਭੁੱਲੇ-ਭਟਕੇ ਲੋਕਾਂ ਨੂੰ ਮੂਰਤੀ-ਪੂਜਾ ਵੱਲੋਂ ਹਟਾ ਕੇ ਇਕ ਨਿਰੰਕਾਰ ਦੀ ਪੂਜਾ ਵੱਲ ਲਗਾਇਆ ਸੀ।
ਸਧਨਾ ਜੀ ਦੇ ਸ਼ਬਦ ਵਿੱਚ ਉਨ੍ਹਾਂ ਦੇ ਬੁਰਜ ਵਿੱਚ ਚਿਣੇ ਜਾਣ ਦਾ ਕੋਈ ਜ਼ਿਕਰ ਨਹੀਂ ਹੈ। ਦੂਸਰਾ ਖਿਆਲ ਭਗਤ ਜੀ ਨੂੰ ਵਿਸ਼ਨੂੰ ਦਾ ਭਗਤ ਦੱਸਿਆ ਹੈ । ਸ਼ਬਦ ਵਿੱਚ ‘ਜਗਤਗੁਰਾ’ ਦਾ ਅਰਥ ਵਿਸ਼ਨੂੰ ਕਿਸੀ ਹਾਲਤ ਵਿੱਚ ਵੀ ਨਹੀਂ ਲੱਗ ਸਕਦਾ। ਹਾਂ, ਸ਼ਬਦ ਦੀ ਪਹਿਲੀ ਤੁਕ ਵਿਚ ਵਿਸ਼ਨੂੰ ਬਾਰੇ ਇਸ਼ਾਰਾ ਹੈ। ਇਸ ਤਰ੍ਹਾਂ ਵਰਣਨ ਕਰਨ ਨਾਲ ਵਿਸ਼ਨੂੰ ਭਗਤ ਨਹੀਂ ਹੋ ਸਕਦਾ । ਸਧਨਾ ਜੀ ਦਾ ਜਗਤ ਗੁਰੂ ਵਿਸ਼ਨੂੰ ਨਹੀਂ ਹੈ। ਸਧਨਾ ਜੀ ਵਿਸ਼ਨੂੰ ਉਪਾਸ਼ਕ ਨਹੀਂ ਸਨ ।
ਜਿਸ ਤਰ੍ਹਾਂ ਪਹਿਲਾ ਜ਼ਿਕਰ ਕੀਤਾ ਹੈ ਕਿ ਸਧਨਾ ਕਸਾਈ ਦਾ ਕੰਮ ਕਰਦਿਆਂ ਮਾਸ ਤੋਲਣ ਵਾਲੇ ਵੱਟੇ ਦੀ ਥਾਂ ਸਾਲਗਰਾਮ ਦੀ ਵਰਤੋਂ ਕਰਦਾ ਸੀ; ਇਕ ਆਤਮ ਗਿਆਨੀ ਸਾਧੂ ਵੱਲੋਂ ਫਿਟਕਾਰ ਪੈਣ ‘ਤੇ ਸਧਨਾ ਉਪਰਾਮ ਹੋ ਗਿਆ । ਮਨ ਨੂੰ ਠੋਕਰ ਲੱਗੀ, ਘਰ-ਬਾਰ ਤਿਆਗ ਦਿੱਤਾ । ਰਾਹ ਵਿੱਚ ਪ੍ਰਭੂ ਦੀ ਮਾਇਆ ਨੇ ਇਕ ਔਰਤ ਦੇ ਰੂਪ ਵਿੱਚ ਫਿਰ ਛਲਣਾ ਚਾਹਿਆ, ਪਰ ਉਹ ਔਰਤ ਹੀ ਸਧਨੇ ‘ਤੇ ਮੋਹਿਤ ਹੋ ਗਈ। ਔਰਤ ਸਧਨੇ ਨਾਲ ਜੀਵਨ ਬਿਤਾਉਣਾ ਚਾਹੁੰਦੀ ਸੀ, ਪ੍ਰੰਤੂ ਸਧਨਾ ਭਗਤ
ਆਪਣੀ ਸਾਧਨਾ ਕਰਕੇ ਇਨ੍ਹਾਂ ਵਿਕਾਰਾਂ ਤੇ ਮਾਇਆ-ਜਾਲ ਤੋਂ ਦੂਰ ਹੀ ਰਹੇ । ਔਰਤ ਨੇ ਸੋਚਿਆ ਕਿ ਉਸ ਦਾ ਪਹਿਲਾ ਮਰਦ ਹੋਣ ਕਰਕੇ ਉਸ ਵੱਲ ਆਕਰਸ਼ਤ ਨਹੀਂ ਹੈ ਔਰਤ ਨੇ ਸਧਨੇ ਦੀ ਖਾਤਰ ਆਪਣੇ ਮਰਦ ਦਾ ਕਤਲ ਕਰ ਦਿੱਤਾ। ਅਖੀਰ ਜਦ ਫਿਰ ਵੀ ਸਧਨਾ ਔਰਤ ਦੀਆਂ ਹਰਕਤਾਂ ਵੱਲੋਂ ਬੇ-ਨਿਆਜ਼ ਰਹੇ ਤਾਂ ਔਰਤ
ਨੇ ਉਲਟੀ ਚਾਲ ਚੱਲ ਕੇ ਸਧਨੇ ਨੂੰ ਇਹ ਡਰਾਵਾ ਦਿੱਤਾ ਕਿ ਜੇਕਰ ਹੁਣ ਵੀ ਤੂੰ ਮੇਰੇ ਨਾਲ ਨਾ ਰਿਹਾ ਤਾਂ ਮੈਂ ਆਪਣੇ ਪਤੀ ਦਾ ਕਤਲ ਤੇਰੇ ਸਿਰ ਮੜ੍ਹ ਕੇ ਤੈਨੂੰ ਬਾਦਸ਼ਾਹ ਦੇ ਪਾਸ ਪਕੜਵਾ ਦੇਵਾਂਗੀ । ਪ੍ਰੰਤੂ ਸਧਨਾ ਆਪਣੀ ਸੱਚੀ ਤੇ ਸੁੱਚੀ ਭਗਤੀ ਕਾਰਨ ਦ੍ਰਿੜ੍ਹ ਰਿਹਾ । ਸਾਖੀਕਾਰ ਜ਼ਿਕਰ ਕਰਦਾ ਹੈ ਕਿ ਸਧਨੇ ਨੂੰ ਇਸ ਕਥਿਤ ਕਸੂਰ ਦੀ ਖਾਤਰ ਹੱਥ ਕਟਵਾਉਣ ਦਾ ਹੁਕਮ ਦਿੱਤਾ। ਇਥੇ ਸਧਨੇ ਨੇ ਪ੍ਰਭੂ ਨੂੰ ਭਗਤਾਂ ਦੀ ਪੈਜ ਰੱਖਣ ਵਾਸਤੇ ਅਰਜ਼ੋਈ ਕੀਤੀ। ਪ੍ਰਭੂ ਨੇ ਭਗਤ ਪ੍ਰਹਿਲਾਦ, ਦ੍ਰੋਪਦੀ, ਨਾਮਦੇਵ ਅਤੇ ਹੋਰ ਭਗਤਾਂ ਦੀ ਪੈਜ ਰੱਖੀ ਸੀ, ਇਸ ਘਟਨਾ ਦਾ ਜ਼ਿਕਰ ਮੈਕਾਲਫ ਨੇ ਵੀ ਕੀਤਾ ਹੈ, ਪਰ ਕਹਾਣੀ ਫਰਕ ਨਾਲ ਹੈ ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਧਨੇ ਭਗਤ ਦਾ ਇਕੋ ਇਕ ਸ਼ਬਦ ‘ਬਿਲਾਵਲੁ ਰਾਗੁ’ ਵਿੱਚ ਹੈ। ਜਿਸ ਦਾ ਮੂਲ ਪਾਠ ਇਸ ਪ੍ਰਕਾਰ ਹੈ:
ਬਾਣੀ ਸਧਨੇ ਕੀ ਰਾਗੁ ਬਿਲਾਵਲੁ ੴ ਸਤਿਗੁਰ ਪ੍ਰਸਾਦਿ ॥
ਨ੍ਰਿਪ ਕੰਨਿਆ ਕੇ ਕਾਰਨੈ ਇਕੁ ਭਇਆ ਭੇਖਧਾਰੀ ॥
ਕਾਮਾਰਥੀ ਸੁਆਰਥੀ ਵਾ ਕੀ ਪੈਜ ਸਵਾਰੀ ॥੧॥
ਤਵ ਗੁਨ ਕਹਾ ਜਗਤ ਗੁਰਾ ਜਉ ਕਰਮੁ ਨ ਨਾਸੈ॥
ਸਿੰਘ ਸਰਨ ਕਤ ਜਾਈਐ ਜਉ ਜੰਬੁਕੁ ਗ੍ਰਾਸੈ ॥੧॥ ਰਹਾਉ ॥
ਏਕ ਬੂੰਦ ਜਲ ਕਾਰਨੇ ਚਾਤ੍ਰਿਕੁ ਦੁਖੁ ਪਾਵੈ ॥
ਪ੍ਰਾਨ ਗਏ ਸਾਗਰੁ ਮਿਲੈ ਫੁਨਿ ਕਾਮਿ ਨ ਆਵੈ ॥੨॥
ਪ੍ਰਾਨ ਜੁ ਥਾਕੇ ਥਿਰੁ ਨਹੀ ਕੈਸੇ ਬਿਰਮਾਵਉ ॥
ਬੂਡਿ ਮੂਏ ਨਉਕਾ ਮਿਲੈ ਕਹੁ ਕਾਹਿ ਚਢਾਵਉ ॥੩॥
ਮੈ ਨਾਹੀ ਕਛੁ ਹਉ ਨਹੀ ਕਿਛੁ ਆਹਿ ਨ ਮੋਰਾ ॥
ਅਉਸਰ ਲਜਾ ਰਾਖਿ ਲੇਹੁ ਸਧਨਾ ਜਨੁ ਤੋਰਾ ॥੪॥ (ਅੰਗ ੮੫੮)
ਭਗਤ ਇਥੇ ਪ੍ਰਭੂ ਉੱਤੇ ਮਾਣ ਕਰਦਾ ਹੋਇਆ ਕਹਿੰਦਾ ਹੈ ਕਿ ਤੇਰੇ ਭਗਤ ਜੋ ਸੱਚੇ ਦਿਲੋਂ ਤੇਰੀ ਸ਼ਰਨ ਵਿੱਚ ਆਉਂਦੇ ਹਨ, ਜੇਕਰ ਫਿਰ ਵੀ ਉਨ੍ਹਾਂ ਦੇ ਪਿਛਲੇ ਭੈੜੇ ਕਰਮਾਂ ਦਾ ਨਾਸ ਨਹੀਂ ਹੁੰਦਾ ਤਾਂ ਫਿਰ ਤੇਰੀ ਸ਼ਰਨ ਆਉਣ ਦਾ ਕੀ ਲਾਭ ਹੋਇਆ ! ਇਥੇ ਇਕ ਹੋਰ ਉਦਾਹਰਣ ਦਿੰਦੇ ਹੋਏ ਇਸ ਖਿਆਲ ਨੂੰ ਹੋਰ ਸਪੱਸ਼ਟ ਕਰਦੇ ਹਨ ਕਿ ਸ਼ੇਰ ਦੀ ਸ਼ਰਨ ਆਉਣ ਦਾ ਕੀ ਲਾਭ ਹੈ ਜੇਕਰ ਗਿੱਦੜ ਹੀ ਖਾ ਜਾਏ ! ਇਹ ਇਸ਼ਾਰਾ ਪ੍ਰਭੂ ਸ਼ੇਰ ਵੱਲ ਹੈ ਅਤੇ ਸੰਸਾਰ ਦੇ ਮੰਦ ਕਰਮੀ ਮਾੜੇ ਤੇ ਕਮਜ਼ੋਰ ਗਿੱਦੜ ਦਾ ਪ੍ਰਤੀਕ ਹਨ।
ਪ੍ਰਭੂ ਦੀ ਮਿਹਰ ਦੀ ਪ੍ਰਾਪਤੀ ਦਾ ਦਾਅਵਾ ਕਰਦਾ ਹੋਇਆ ਭਗਤ ਇਕ ਪਪੀਹੇ ਦੀ ਮਿਸਾਲ ਦਿੰਦਾ ਹੈ ਜਿਹੜਾ ਇਕ ਨਾਮ ਰੂਪੀ ਅੰਮ੍ਰਿਤ ਜਲ ਦੀ ਬੂੰਦ ਨੂੰ ਤਰਸਦਾ ਹੋਇਆ ਮਰ ਜਾਂਦਾ ਹੈ, ਮਰਨ ਤੋਂ ਬਾਅਦ ਸਮੁੰਦਰ ਕਿਸ ਕੰਮ ਆਉਂਦਾ ਹੈ ? ਭਗਤ, ਅੱਗੇ ਮਿਹਰ ਦੀ ਜਾਚਨਾ ਕਰਦਾ ਹੋਇਆ ਇਹ ਗੱਲ ਚਿਤਾਰਦਾ ਹੈ ਕਿ ਮੇਰੀ ਜਿੰਦ ਕਈ ਜਨਮਾਂ ਤੋਂ ਤਰਸਦੀ ਹੋਈ ਹੈ, ਥੱਕੀ ਹੋਈ ਹੈ । ਵਿਕਾਰਾਂ ਵਿੱਚ ਡੋਲ ਰਹੀ ਹੈ। ਇਨ੍ਹਾਂ ਵਿਕਾਰਾਂ ਨੂੰ ਕਿਸ ਤਰ੍ਹਾਂ ਰੋਕਿਆ ਜਾਵੇ, ਜੇਕਰ ਇਨ੍ਹਾਂ ਵਿਕਾਰਾਂ ਵਿੱਚ ਮੈਂ ਡੁੱਬ ਹੀ ਗਿਆ ਤਾਂ ਫਿਰ ਤੇਰੀ ਮਿਹਰ ਰੂਪੀ ਬੇੜੀ ਬਾਅਦ ਵਿੱਚ ਮਿਲੀ ਤਾਂ ਉਸ ਦਾ ਕੀ ਲਾਭ ਹੋਵੇਗਾ !
ਅਖੀਰ ਉਤੇ ਭਗਤ ਜੀ ਆਪਣੀ ਤੁੱਛਤਾ, ਮੈਲਾਪਨ, ਅਧੂਰਾਪਨ ਪ੍ਰਗਟ ਕਰਦੇ ਹੋਏ ਬੇਨਤੀ ਕਰਦੇ ਹਨ ਕਿ ਮੇਰਾ ਕੋਈ ਆਸਰਾ ਨਹੀਂ ਹੈ। ਕਈ ਜਨਮਾਂ ਤੋਂ ਬਾਅਦ ਇਹ ਮਨੁੱਖਾ ਜਨਮ ਹੀ, ਮੇਰੀ ਲਾਜ ਰੱਖਣ ਦਾ ਸਮਾਂ ਹੈ । ਮੈਂ ਤੇਰਾ ਦਾਸ ਹਾਂ, ਮੇਰੀ ਲਾਜ ਤੇਰੇ ਹੱਥ ਹੈ, ਮੇਰੀ ਲਾਜ ਰੱਖ। ਮੈਨੂੰ ਵਿਕਾਰਾਂ ਦੇ ਸਮੁੰਦਰ ਵਿੱਚ ਡੁੱਬਣ ਤੋਂ ਬਚਾ ਲੈ ।
ਇੰਦਰਜੀਤ ਕੌਰ
