ਭਤੀਜੀ ਨੇ ਤੀਹ ਸਾਲ ਪਹਿਲਾਂ ਗੈਰ-ਜਾਤ ਦੇ ਮੁੰਡੇ ਨਾਲ ਵਿਆਹ ਕਰਵਾਇਆ ਤਾਂ ਉਹ ਤੜਫ ਉੱਠਿਆ ਸੀ। ਤੀਹ ਸਾਲਾਂ ‘ਚ ਉਸ ਨੇ ਭਤੀਜੀ ਨੂੰ ਬੁਲਾਇਆ ਤੱਕ ਨਹੀਂ। ਅੱਜ ਫਿਰ ਉਸ ਦੇ ਸਾਮ੍ਹਣੇ ਉਹੀ ਸੰਕਟ ਖੜ੍ਹਾ ਹੋ ਗਿਆ ਸੀ।
ਉਸ ਦੀ ਪੋਤੀ ਦਾ ਰਿਸ਼ਤੇ ਕਿਸੇ ਦੂਜੀ ਜਾਤ ਦੇ ਮੁੰਡੇ ਨਾਲ ਹੋ ਰਿਹਾ ਸੀ। ਪੋਤੀ ਪੜ੍ਹਨ ਵਿਚ ਹੁਸ਼ਿਆਰ ਸੀ ਅਤੇ ਉਸ ਨੇ ਆਈਲੈਟਸ ਵਿੱਚ ਬਹੁਤ ਵਧੀਆ ਬੈਂਡ ਲੈ ਲਏ ਸਨ । ਮੁੰਡੇ ਦੇ ਮਾਂ-ਪਿਓ ਕੁੜੀ ਨੂੰ ਕੈਨੇਡਾ ਭੇਜਣ ਦਾ ਸਾਰਾ ਖਰਚਾ ਕਰਨ ਲਈ ਤਿਆਰ ਸਨ। ਵਿਆਹ ਦਾ ਖਰਚਾ ਵੀ ਉਨ੍ਹਾਂ ਨੇ ਹੀ ਓਟਣਾ ਸੀ । ਬੱਸ ਸ਼ਰਤ ਇੱਕੋ ਸੀ ਕਿ ਕੁੜੀ ਉਨ੍ਹਾਂ ਦੇ ਮੁੰਡੇ ਨੂੰ ਕੈਨੇਡਾ ਲੈ ਜਾਵੇ ।
ਉਹਦੇ ਨੂੰਹ-ਪੁੱਤਰ ਇਸ ਰਿਸ਼ਤੇ ਲਈ ਪੂਰੀ ਤਰ੍ਹਾਂ ਮਨ ਬਣਾਈ ਬੈਠੇ ਸਨ । ਉਸ ਨੇ ਵੀ ਦੂਰ ਤੱਕ ਸੋਚਿਆ। ਘਰ ਦੀ ਮਾੜੀ ਆਰਥਿਕ ਹਾਲਤ ਉਸ ਤੋਂ ਲੁੱਕੀ ਹੋਈ ਨਹੀਂ ਸੀ। ਇੱਥੇ ਤਾਂ ਹਿੰਗ ਲੱਗੇ ਨਾ ਫਟਕੜੀ ਰੰਗ ਵੀ ਚੋਖਾ ਆਵੇ ਵਾਲੀ ਗੱਲ ਸੀ। ਨਾਲੇ ਕੁੜੀ ਮੁੰਡੇ ਨੇ ਤਾਂ ਬਾਹਰ ਈ ਚਲੇ ਜਾਣਾ ਸੀ।
ਮੁੰਡੇ ਦੀ ਜਾਤ ਬਾਰੇ ਸੁਣ ਕੇ ਉਸ ਦਾ ਦਿਲ ਇੱਕ ਵਾਰੀ ਤਾਂ ਮਸੋਸਿਆ ਗਿਆ ਸੀ । ਉਸ ਨੂੰ ਆਪਣੀ ਭਤੀਜੀ ਦੀ ਗੱਲ ਵੀ ਯਾਦ ਆ ਗਈ । ਪਰ ਫਿਰ ਉਹ ਆਪਣੇ ਗਲੇ ਨੂੰ ਖੰਘੂਰਾ ਮਾਰ ਕੇ ਸਾਫ਼ ਕਰਦਿਆਂ ਨੂੰਹ-ਪੁੱਤਰ ਨੂੰ ਕਹਿਣ ਲੱਗਾ, ਪਾਧਾ ਨਾ ਪੁੱਛੋ ਬੇਟੇ। ਕਰ ਦਿਓ ਰਿਸ਼ਤਾ। ਨਾਲੇ ਸਾਨੂੰ ਤਾਂ ਗੁਰੂ ਸਾਹਿਬ ਦੀ ਸਿੱਖਿਆ ਯਾਦ ਰੱਖਣੀ ਚਾਹੀਦੀ ਏ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ।”
ਸੁਖਦੇਵ ਸਿੰਘ ਸ਼ਾਂਤ
