ਵਿਦਯਾ ਤਪ ਗੁਣ ਸੀਲ ਨਹਿ,
ਦਾਨ ਧਰਮ ਕਛੁ ਨਾਹਿ।
ਤੇ ਨਰ ਪਸ਼ੂ ਭੋਇੰ ਭਾਰ ਹੈ, ਡਰਤ ਰਹਿਤ ਜਗ ਮਾਹਿ।
(ਚਾਣਕਿਆ ਨੀਤੀ)
ਦਾਨਿਸ਼ਵਰਾਂ ਦਾ ਕਥਨ ਹੈ ਕਿ ‘ਮਨੁੱਖ’ ਸ਼ਬਦ ਮਨ ਤੋਂ ਬਣਿਆ ਹੈ, ਭਾਵ ਜਿਸ ਪਾਸ ਮਨ, ਸੋਚ ਤੇ ਬੁੱਧੀ ਹੈ। ਮਨ ਜਾਂ ਬੁੱਧੀ ਨਾਲ ਹੀ ਉਹ ਅਨੇਕਾਂ ਗੁਣਾਂ ਦਾ ਧਾਰਨੀ ਹੁੰਦਾ ਹੈ ਅਤੇ ਦੂਜੇ ਪਾਸੇ ਜੋ ਸੋਚ ਜਾਂ ਚੰਗੇ ਗੁਣਾਂ ਤੋਂ ਵਿਰਵਾ ਜਾਂ ਅਧੂਰਾ ਰਹਿ ਗਿਆ, ਉਸ ਪਛੜੇ ਹੋਏ ਦਾ ਨਾਉਂ ਪਸ਼ੂ ਰੱਖਿਆ ਗਿਆ। ਇਸ ਲਈ ਚੰਗੇ ਸਮਾਜ ਦੀ ਸਿਰਜਨਾ ਲਈ ਸਮੁੱਚੇ ਸਮਾਜ ਦਾ ਗਿਆਨਵਾਨ ਹੋਣਾ ਅਤਿ ਜ਼ਰੂਰੀ ਹੈ। ਜਿਸ ਤਰ੍ਹਾਂ ਮਨੁੱਖੀ ਸੁਭਾਅ ਹੈ ਕਿ ਬਾਹਰੀ ਸੁੰਦਰਤਾ ਵਧਾਉਣ ਲਈ ਹੀਰਿਆਂ ਦੇ ਹਾਰ ਜਾਂ ਗਹਿਣੇ ਪਾਏ ਜਾਂਦੇ ਹਨ। ਭਾਵੇਂ ਸਾਡੇ ਸਮਾਜ ਵਿਚ ਹਰ ਪੱਖੋਂ ਹਾਰ-ਸ਼ਿੰਗਾਰ ਦੀ ਕੋਈ ਸੀਮਾ ਨਹੀਂ ਹੈ, ਫਿਰ ਵੀ ਅਮਲੀ ਜੀਵਨ ਵਿਚ ਮਾਨਵਤਾ ਦਾ ਸ਼ਿੰਗਾਰ ਕੋਝਾ ਹੈ। ਮਨੁੱਖ ਦੇ ਸ਼ਿੰਗਾਰ ਲਈ ਕੁਝ ਗਹਿਣੇ ਹਨ, ਜਿਸ ਦਾ ਖ਼ੁਲਾਸਾ ‘ਚਾਣਕਯ ਨੀਤੀ’ ਦੇ ਉਪਰੋਕਤ ਦੋਹਰੇ ਵਿਚ ਸਪਸ਼ਟ ਹੈ। ਚਾਣਕਯ ਨੀਤੀ ਅਨੁਸਾਰ ਮਨੁੱਖ ਪਾਸ ਇਨ੍ਹਾਂ ਗੁਣਾਂ ਵਿੱਚੋਂ ਕੁਝ ਗੁਣ ਜ਼ਰੂਰ ਹੋਣੇ ਚਾਹੀਦੇ ਹਨ। ਜਿਵੇਂ ਮਨੁੱਖ ਕੋਲ ਚੰਗੀ ਵਿੱਦਿਆ ਹੋਵੇ ਤਾਂ ਉਸ ਨੂੰ ਵਿੱਦਿਆ ਨਾਲ ਚੰਗੀ ਜੀਵਨ-ਜਾਚ ਆਵੇਗੀ। ਸਮਾਜ ਵਿਚ ਸਤਿਕਾਰ ਵਧੇਗਾ ਤੇ ਭਲੇ-ਬੁਰੇ ਦੀ ਪਹਿਚਾਣ ਹੋਵੇਗੀ। ਜਾਂ ਫਿਰ ਮਨੁੱਖ ਪਾਸ ਤਪ-ਸਾਧਨਾ ਹੋਵੇ। (ਤਪ-ਸਾਧਨਾ ਕੇਵਲ ਸਰੀਰਕ ਕਸ਼ਟ ਨਹੀਂ ਸਗੋਂ ਹਰ ਚੰਗੇ ਕਾਰਜ ਲਈ ਉੱਦਮ ਤੇ ਮੁਸ਼ੱਕਤ ਕਰਨਾ ਵੀ ਤਪ ਹੈ)। ਇਸੇ ਤਰ੍ਹਾਂ ਮਨੁੱਖ ਪਾਸ ਕਿਸੇ ਵੀ ਪ੍ਰਕਾਰ ਦਾ ਕੋਈ ਗੁਣ ਹੋਵੇ, ਉਸ ਗੁਣ ਦੇ ਸਹਾਰੇ ਉਹ ਜਿੱਥੇ ਮਾਨ-ਸਨਮਾਨ ਪ੍ਰਾਪਤ ਕਰਦਾ ਹੈ, ਉੱਥੇ ਆਪਣਾ ਜੀਵਨ ਵੀ ਚੰਗਾ ਬਸਰ ਕਰ ਲੈਂਦਾ ਹੈ। ਸੀਲ ਸੰਤੋਖੀ ਸੁਭਾਅ ਹੋਣਾ ਵੀ ਇਕ ਗੁਣ ਹੈ ਕਿਉਂਕਿ ਬਹੁਤਿਆਂ ਕੋਲ ਬਹੁਤਾ ਕੁਝ ਹੁੰਦਿਆਂ ਵੀ ਚਿਹਰੇ ‘ਤੇ ਚਿੰਤਾ ਤੇ ਮਾਯੂਸੀ ਛਾਈ ਰਹਿੰਦੀ ਹੈ। ਇਸੇ ਤਰ੍ਹਾਂ ਲੋੜਵੰਦ ਨੂੰ ਦਾਨ ਦੇਣਾ (ਵਿਹਲੜਾਂ ਜਾਂ ਨਿਖੱਟੂਆਂ ਨੂੰ ਨਹੀਂ) ਭਾਵ ਪਰਉਪਕਾਰੀ ਸੁਭਾਅ ਤੇ ਧਰਮੀ ਜੀਵਨ ਆਦਿ ਸਾਰੇ ਮਾਨਵਤਾ ਦੇ ਗਹਿਣੇ ਹਨ। ਨੀਤੀ ਅਨੁਸਾਰ ਅਗਰ ਇਨ੍ਹਾਂ ਗੁਣਾਂ ਵਿੱਚੋਂ ਕਿਸੇ ਮਨੁੱਖ ਪਾਸ ਕੋਈ ਵੀ ਗੁਣ ਨਹੀਂ ਹੈ ਤਾਂ ਫਿਰ ਉਹ ਮਨੁੱਖ ਨਹੀਂ ਸਗੋਂ ਪਸ਼ੂ ਹੈ, ਜੋ ਡਰ ਰਹਿਤ ਨਿਸ਼ੰਗ ਹੋ ਕੇ ਸਮਾਜ ਵਿਚ ਖੋਟੇ ਕਰਮ ਕਰਦਾ ਹੈ। ਖੋਟੇ ਤੇ ਬੁਰੇ ਕਰਮਾਂ ਵਾਲੇ ਚੰਗੇ ਸਮਾਜ ਦੀ ਸਿਰਜਨਾ ਨਹੀਂ ਕਰ ਸਕਦੇ। ਇਸ ਲਈ ਚਾਣਕਯ ਨੀਤੀ ਅਨੁਸਾਰ ਮਾਨਵਤਾ ਨੂੰ ਇਨ੍ਹਾਂ ਗੁਣਾਂ ਰੂਪੀ ਗਹਿਣਿਆਂ ਦੇ ਸ਼ਿੰਗਾਰ ਦੀ ਲੋੜ ਹੈ।
-ਡਾ. ਇੰਦਰਜੀਤ ਸਿੰਘ ਗੋਗੋਆਣੀ
