ਸ੍ਰੀ ਗੁਰੂ ਅੰਗਦ ਦੇਵ ਜੀ ਨਾਲ ਖਡੂਰ ਸਾਹਿਬ ਵਿਖੇ ਮੇਲ ਸਮੇਂ (ਗੁਰੂ) ਅਮਰਦਾਸ ਜੀ ਬਿਰਧ ਅਵਸਥਾ ਵਿਚ ਪੁੱਜ ਚੁੱਕੇ ਸਨ। ਆਪ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਉਮਰ ਵਿਚ ਦਸ ਸਾਲ ਛੋਟੇ ਸਨ। ਆਪਣੀ ਉਮਰ ਦੀ ਪਰਵਾਹ ਨਾ ਕਰਦਿਆਂ ਹੋਇਆਂ ਗੁਰ-ਸੇਵਾ ਵਿਚ ਜੁੱਟ ਗਏ। ਆਪ ਨੂੰ ਕਈ ਪ੍ਰਕਾਰ ਦੇ ਕਰੜੇ ਬੋਲ ‘ਗੁਰੂ ਘਰ ਦਾ ਗੋਲਾ’ ਅਤੇ ‘ਅਮਰੂ ਨਿਥਾਵਾਂ” ਵੀ ਸਹਿਣੇ ਪਏ। ਸ੍ਰੀ ਗੁਰੂ ਅਮਰਦਾਸ ਜੀ ਦੇ ਸਪੁੱਤਰ ਦਾਸੂ ਨੇ ਆਪ ਨੂੰ ‘ਗੁਰੂ ਘਰ ਦਾ ਗੋਲਾ’ ਅਤੇ ‘ਪਾਣੀ ਭਰਨ ਵਾਲਾ ਨੌਕਰ’ ਕਹਿ ਕੇ ਭੰਡਿਆ ਸੀ। (ਗੁਰੂ) ਅਮਰਦਾਸ ਜੀ ਸਵਾ ਪਹਿਰ ਰਹਿੰਦੀ ਰਾਤ ਨੂੰ ਬਿਆਸਾ ਤੋਂ ਪਾਣੀ ਲਿਆ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਵਾਇਆ ਕਰਦੇ ਸਨ। ਇਕ ਦਿਨ ਬਿਆਸਾ ਤੋਂ ਪਰਤਣ ਲੱਗਿਆਂ ਹਨੇਰੀ ਰਾਤ ਤੇ ਬਿਰਧ ਸਰੀਰ ਹੋਣ ਕਾਰਨ ਰਸਤੇ ਵਿਚ ਜੁਲਾਹੇ ਦੀ ਕਿੱਲੀ ਨਾਲ ਪੈਰ ਅੜਨ ਕਾਰਨ ਡਿੱਗ ਪਏ। ਆਵਾਜ਼ ਸੁਣ ਕੇ ਜੁਲਾਹੇ ਨੇ ਅੰਦਰੋਂ ਆਪਣੀ ਪਤਨੀ ਨੂੰ ਬਾਹਰੋਂ ਆਏ ਖੜਾਕ ਬਾਰੇ ਪੁੱਛਿਆ ਤਾਂ ਜੁਲਾਹੀ ਨੇ ਝਟ-ਪਟ ਕਹਿ ਦਿੱਤਾ-‘ਅਮਰੂ ਨਿਥਾਵੇਂ ਤੋਂ ਬਿਨਾਂ ਇਸ ਸਮੇਂ ਹੋਰ ਕੌਣ ਸਕਦਾ ਹੈ।’ ਪਰੰਤੂ ਆਪ ਵਲੋਂ ਗੁਰੂ-ਘਰ ਦੀ ਸੇਵਾ ਵਿਚ ਕੋਈ ਕਮੀ ਨਹੀਂ ਆਈ, ਸਗੋਂ ਵਧੇਰੇ ਪ੍ਰੇਰਣਾ ਅਤੇ ਲਗਨ ਨਾਲ ਆਪਣੇ ਕਾਰਜ ਵਿਚ ਜੁਟੇ ਰਹੇ। ਅੰਤ ਆਪ ਦੀ ਘਾਲਣਾ ਨੇਪਰੇ ਚੜ੍ਹੀ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪ ਨੂੰ ਗੁਰਿਆਈ ਦਿੱਤੀ। ਆਪ ਸਦਾ ਲਈ ‘ਨਿਥਾਵਿਆਂ ਦੇ ਥਾਉਂ’ ਅਤੇ ‘ਨਿਆਸਰਿਆਂ ਦੇ ਆਸਰੇ’ ਬਣ ਗਏ।
ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪ ਨੂੰ ਗੋਇੰਦਵਾਲ ਰਹਿਣ ਲਈ ਕਿਹਾ, ਕਿਉਂਕਿ ਉਹ ਆਪਣੇ ਸਪੁੱਤਰ ਦਾਤੂ ਅਤੇ ਹੋਰ ਲੋਕਾਂ ਦੇ ਵਿਰੋਧ ਤੋਂ ਪਰੇਡੇ ਰੱਖਣਾ ਚਾਹੁੰਦੇ ਸਨ। ਦਾਤੂ ਗੁਰ-ਗੱਦੀ ‘ਤੇ ਆਪਣਾ ਹੱਕ ਸਮਝਦਾ ਸੀ। ਉਸ ਨੇ ਗੋਇੰਦਵਾਲ ਪੁੱਜ ਕੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਬੁਰਾ ਭਲਾ ਕਿਹਾ ਅਤੇ ਆਪ ਗੁਰੂ ਬਣ ਬੈਠਾ। ਸ਼ਾਂਤ-ਚਿਤ ਸ੍ਰੀ ਗੁਰੂ ਅਮਰਦਾਸ ਜੀ ਬਾਸਰਕੇ ਆ ਗਏ। ਕਿਸੇ ਨੇ ਵੀ ਦਾਤੂ ਨੂੰ ਗੁਰੂ ਨਹੀਂ ਮੰਨਿਆ। ਅੰਤ ਹਾਰ ਕੇ ਉਹ ਗੁਰੂ ਜੀ ਦਾ ਸਾਰਾ ਸਮਾਨ ਚੁੱਕ ਕੇ ਖਡੂਰ ਸਾਹਿਬ ਆ ਗਿਆ। ਸਿੱਖ ਸੰਗਤਾਂ ਸ੍ਰੀ ਗੁਰੂ ਅਮਰਦਾਸ ਜੀ ਨੂੰ ਬਾਸਰਕੇ ਤੋਂ ਵਾਪਸ ਲੈ ਆਈਆਂ।
ਸ੍ਰੀ ਗੁਰੂ ਅਮਰਦਾਸ ਜੀ ਨੇ ਇਸ ਵਿਰੋਧਤਾ ਤੋਂ ਬਚਣ ਲਈ ਸਿੱਖਾਂ, ਸੇਵਕਾਂ ਨੂੰ ਸਹੀ ਰਸਤੇ ਪਾਉਣ ਲਈ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਘਰ-ਤਿਆਗੀ ਨੂੰ ਨਿੰਦਿਆ ਹੈ ਅਤੇ ਗ੍ਰਿਹਸਥ ਧਰਮ ਨੂੰ ਸ੍ਰੇਸ਼ਟ ਦੱਸਿਆ ਹੈ। ਉਹ ਤਾਂ:
ਰਾਜ ਮਹਿ ਜੋਗੁ ਕਮਾਯਉ ॥
(ਅੰਗ ੧੪੦੮)
ਅੰਜਨ ਮਾਹਿ ਨਿਰੰਜਨਿ ਰਹੀਐ॥
(ਅੰਗ ੩੩੨)
ਦੇ ਰਸਤੇ ‘ਤੇ ਚੱਲਣ ਦਾ ਉਪਦੇਸ਼ ਦਿੰਦੇ ਹਨ। ਉਦਾਸੀਆਂ ਕਰਨ ਉਪਰੰਤ ਉਨ੍ਹਾਂ ਆਪ ਕਰਤਾਰਪੁਰ ਰਹਿਣਾ ਆਰੰਭ ਕਰ ਦਿੱਤਾ। ਇਸ ਪ੍ਰਕਾਰ ਸੰਗਤਾਂ ਨੂੰ ਗੁਰੂ ਨਾਨਕ ਦੇ ਆਦੇਸ਼ਾਂ ਬਾਰੇ ਜਾਣੂ ਕਰਵਾਇਆ ਅਤੇ ਗੁਰੂ ਨਾਨਕ ਗੱਦੀ ਦੇ ਵਿਰੋਧੀਆਂ ਨੂੰ ਮੂੰਹ ਦੀ ਖਾਣੀ ਪਈ।
ਸ੍ਰੀ ਗੁਰੂ ਅਮਰਦਾਸ ਜੀ ਨੂੰ ਗੋਇੰਦਵਾਲ ਰਹਿਣ ਲਈ ਇਸ ਕਰਕੇ ਕਿਹਾ ਗਿਆ ਸੀ। ਤਾਂਕਿ ਉਹਨਾਂ ਦੇ ਵਿਰੋਧੀ ਆਪ ਨੂੰ ਤੰਗ ਨਾ ਕਰ ਸਕਣ ਅਤੇ ਆਪ ਦੇ ਕਾਰਜ ਵਿਚ ਕੋਈ ਵਿਘਨ ਨਾ ਪਵੇ। ਇਥੇ ਗੋਇੰਦਵਾਲ ਵਿਚ ਵੀ ਆਪ ਦੀ ਸਿੱਖੀ ਸੇਵਕੀ ਵੇਖ ਕੇ ਕੁਝ ਸਿੱਖ ਵਿਰੋਧੀ ਹਿੰਦੂ-ਮੁਸਲਿਮ ਜਨਤਾ ਆਪ ਦੇ ਵਿਰੁੱਧ ਹੋ ਗਈ ਅਤੇ ਝੂਠੀ ਸ਼ਿਕਾਇਤ ਬਾਦਸ਼ਾਹ ਪਾਸ ਭੇਜੀ ਗਈ। ਆਪ ਨੇ ਅਕਬਰ ਬਾਦਸ਼ਾਹ ਦੇ ਸੱਦੇ ਜਾਣ ‘ਤੇ ਭਾਈ ਜੇਠਾ ਜੀ ਨੂੰ ਭੇਜਿਆ। ਭਾਈ ਜੇਠਾ ਜੀ ਨੇ ਦਲੀਲਾਂ ਸਹਿਤ ਅਕਬਰ ਦੇ ਦਿਲ ਨੂੰ ਜਿੱਤਿਆ। ਅਕਬਰ ਨੇ ਆਪ ਨੂੰ ਹਿੰਦੂ ਤੀਰਥ ਸਥਾਨਾਂ ‘ਤੇ ਵੀ ਯਾਤਰਾ ਕਰਨ ਲਈ ਕਿਹਾ। ਆਪ ਨੇ ਹਰਿਦੁਆਰ ਅਤੇ ਕੁਰੂਕਸ਼ੇਤਰ ਦੀ ਯਾਤਰਾ ਵੀ ਕੀਤੀ। ਅਕਬਰ ਬਾਦਸ਼ਾਹ ਨੇ ਯਾਤਰੂ ਟੈਕਸ ਵੀ ਮਾਫ਼ ਕਰ ਦਿੱਤਾ। ਇਸ ਪ੍ਰਕਾਰ ਆਪ ਜੀ ਦੀ ਕੀਰਤੀ ਹੋਰ ਵੀ ਫੈਲ ਗਈ।
ਗੋਇੰਦਵਾਲ ਵਿਚ ਆਪ ਜੀ ਨੇ ਇਕ ਬਾਉਲੀ ਬਣਵਾਈ। ਇਸ ਦੀਆਂ 84 ਪੌੜੀਆਂ ਹਨ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਬਾਉਲੀ ਇਸ਼ਨਾਨ ਕਰਨ ਨਾਲ ਮਨੁੱਖ ਜਨਮ-ਮਰਨ ਦੇ ਚੱਕਰ ਤੋਂ ਰਹਿਤ ਹੋ ਜਾਂਦਾ ਹੈ (ਵਹਿਮਾਂ-ਭਰਮਾਂ ਰੂਪੀ 84 ਤੋਂ ਮੁਕਤ ਹੋ ਜਾਂਦਾ ਹੈ।) ਇਸ ਦੇ ਤਿਆਰ ਹੋ ਜਾਣ ‘ਤੇ ਬਹੁਤ ਸੰਗਤਾਂ ਇਥੇ ਆਉਣ-ਜਾਣ ਲੱਗ ਪਈਆਂ। ਗੋਇੰਦਵਾਲ ਇਕ ਤੀਰਥ-ਸਥਾਨ ਬਣ ਗਿਆ।
(ਡਾ. ਇੰਦੂ ਭੂਸ਼ਨ ਬੈਨਰਜੀ ਦੇ ਸ਼ਬਦਾਂ ਵਿਚ ‘ਬਾਉਲੀ ਦੀ ਨੀਂਹ ਰੱਖਣਾ ਸਿੱਖ ਇਤਿਹਾਸ ਵਿਚ ਇਕ ਮਹੱਤਵਪੂਰਨ ਕਦਮ ਸੀ।’)
ਬਹੁਤ ਸਾਰੇ ਸ਼ਰਧਾਲੂ ਸਿੱਖ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਲ ਇਥੇ ਰਿਹਾ ਕਰਦੇ ਸਨ, ਜਿਨ੍ਹਾਂ ਵਿਚੋਂ ਭਾਈ ਸਾਲ੍ਹੋ, ਅਜਿੱਤਾ ਰੰਧਾਵਾ, ਸਾਦੂ-ਬਾਦੂ ਰਬਾਬੀ, ਅੱਲਾ ਯਾਰ ਖਾਨ, ਭਾਈ ਸਾਵਣ ਮੱਲ, ਭਾਈ ਲਾਲੂ ਆਦਿ ਦਾ ਨਾਂ ਲਿਆ ਜਾ ਸਕਦਾ ਹੈ।
ਸ੍ਰੀ ਗੁਰੂ ਅਮਰਦਾਸ ਜੀ ਨੇ ਸ਼ਰਧਾਲੂਆਂ ਨੂੰ ਸੰਗਠਿਤ ਕਰਨ ਅਤੇ ਉਨ੍ਹਾਂ ਵਿਚ ਜਾਗ੍ਰਿਤੀ ਲਿਆਉਣ ਲਈ ਕਈ ਅਜਿਹੇ ਸੁਧਾਰ ਅਤੇ ਨਿੱਗਰ ਕੰਮ ਕੀਤੇ ਜਿਸ ਨਾਲ ਸਾਰੇ ਏਕਤਾ ਦੀ ਲੜੀ ਵਿਚ ਪਰੋਏ ਗਏ। ‘ਮੰਜੀ ਪ੍ਰਥਾ’ ਦਾ ਆਰੰਭ ਇਸ ਵੱਲ ਪਹਿਲਾ ਕਦਮ ਸੀ। ਸਿੱਖ ਸ਼ਰਧਾਲੂਆਂ ਨੂੰ ਇਕ ਪ੍ਰਬੰਧ ਹੇਠ ਚਲਾਉਣ ਲਈ ਆਪ ਜੀ ਨੇ 22 ਮੰਜੀਆਂ ਸਥਾਪਤ ਕੀਤੀਆਂ। ਹਰ ਇਕ ਮੰਜੀ ਦਾ ਮੁਖੀ, ਮੁਖੀਆ ਸਿੱਖ ਸੀ ਜੋ ਗੁਰੂ ਦੇ ਸੰਦੇਸ਼ ਅਤੇ ਆਦੇਸ਼ ਸਿੱਖ ਸੰਗਤਾਂ ਤਕ ਪਹੁੰਚਾਉਂਦਾ ਸੀ। ਸਿੱਖੀ ਪ੍ਰਚਾਰ ਅਤੇ ਪ੍ਰਬੰਧ ਲਈ ‘ਮੰਜੀ ਪ੍ਰਥਾ’ ਬਹੁਤ ਕਾਰਗਰ ਰਹੀ।
ਸ੍ਰੀ ਗੁਰੂ ਅਮਰਦਾਸ ਜੀ ਨੇ ਲੰਗਰ ਪ੍ਰਥਾ ਨੂੰ ਹੋਰ ਮਜ਼ਬੂਤ ਕੀਤਾ। ਹਰ ਇਕ ਸ਼ਰਧਾਲੂ ਨੂੰ ਗੁਰੂ ਨੂੰ ਮਿਲਣ ਤੋਂ ਪਹਿਲਾਂ ਲੰਗਰ ਛਕਣਾ ਪੈਂਦਾ ਸੀ। ਇਸ ਪ੍ਰਕਾਰ ਪੰਗਤ ਵਿਚ ਬੈਠ ਕੇ ਲੰਗਰ ਛਕਣ ਦੀ ਪ੍ਰਥਾ ਨੇ ਜਾਤ-ਪਾਤ ਤੇ ਊਚ-ਨੀਚ ਦੇ ਭੇਤ ਨੂੰ ਖ਼ਤਮ ਕਰ ਦਿੱਤਾ। ਅਕਬਰ ਬਾਦਸ਼ਾਹ ਜਦੋਂ ਚਿਤੌੜ ਦੀ ਫ਼ਤਹਿ ਉਪਰੰਤ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਆਇਆ ਤਾਂ ਗੁਰੂ ਦੇ ਲੰਗਰੋਂ ਪ੍ਰਸ਼ਾਦ ਛਕ ਕੇ ਅਤਿ ਪ੍ਰਸੰਨ ਹੋਇਆ। ਅਕਬਰ ਬਾਦਸ਼ਾਹ ਨੇ ਲੰਗਰ ਦੀ ਸਹਾਇਤਾ ਵਜੋਂ ਕੁਝ ਜ਼ਮੀਨ ਦੇਣੀ ਚਾਹੀ, ਪਰੰਤੂ ਗੁਰੂ ਜੀ ਨੇ ਨਾਂਹ ਕਰ ਦਿੱਤੀ। ਕਿਹਾ ਜਾਂਦਾ ਹੈ ਕਿ ਅਕਬਰ ਨੇ ਗੁਰੂ ਜੀ ਦੇ ਇਨਕਾਰ ਕਰਨ ‘ਤੇ ਵੀ ਇਹ ਜ਼ਮੀਨ ਬੀਬੀ ਭਾਨੀ ਦੇ ਨਾਂ ਲਗਵਾ ਦਿੱਤੀ। ਹਰੀ ਪੁਰ ਦਾ ਰਾਜਾ ਵੀ ਜਦੋਂ ਸ੍ਰੀ ਗੁਰੂ ਅਮਰਦਾਸ ਜੀ ਨੂੰ ਮਿਲਣ ਆਇਆ ਤਾਂ ਲੰਗਰੋਂ ਪ੍ਰਸ਼ਾਦ ਛੱਕ ਕੇ ਬਹੁਤ ਪ੍ਰਸੰਨ ਹੋਇਆ।
ਸ੍ਰੀ ਗੁਰੂ ਅਮਰਦਾਸ ਜੀ ਦੀ ਅਗਵਾਈ ਵਿਚ ਸਿੱਖਾਂ ਨੇ ਹਿੰਦੂ ਰਹੁ-ਰੀਤਾਂ ਤੇ ਫੋਕੇ ਕਰਮ-ਕਾਂਡਾਂ ‘ਚੋਂ ਨਿਕਲ ਕੇ ਆਪਣੇ ਮਾਰਗ ਨੂੰ ਪਛਾਣਿਆ। ਗੁਰੂ ਜੀ ਦੇ ਸ਼ਰਧਾਲੂ ਵਿਸਾਖੀ, ਮਾਘੀ ਅਤੇ ਦੀਵਾਲੀ ਦੇ ਤਿਉਹਾਰ ਆਪ ਦੇ ਦੱਸੇ ਤਰੀਕੇ ਅਨੁਸਾਰ ਮਨਾਉਣ ਲੱਗੇ। ਖੁਸ਼ੀ ਦੇ ਅਵਸਰ ‘ਤੇ ਹੋਰ ਵਹਿਮਾਂ ਵਿਚ ਪੈਣ ਦੀ ਥਾਂ ‘ਅਨੰਦ ਸਾਹਿਬ ਦਾ ਪਾਠ ਹੋਣ ਲੱਗਾ । ਕਿਹਾ ਜਾਂਦਾ ਹੈ ਕਿ ਆਪ ਨੇ ‘ਸਤੀ’ ਤੇ ‘ਪਰਦੇ’ ਦੀ ਰਸਮ ਨੂੰ ਦੂਰ ਕਰਨ ਲਈ ਵੀ ਨਿੱਗਰ ਉਪਰਾਲਾ ਕੀਤਾ ਅਤੇ ਆਪਣੇ ਮੁਰੀਦਾਂ ਨੂੰ ਨਸ਼ਿਆਂ ਦੇ ਸੇਵਣ ਤੋਂ ਮਨਾਹੀ ਕੀਤੀ।
ਆਪ ਦੀ ਬਾਣੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਹੈ, 17 ਰਾਗਾਂ ਵਿਚ ਪ੍ਰਾਪਤ ਹੁੰਦੀ ਹੈ। ‘ਅਨੰਦ’ ਆਪ ਦੀ ਸ਼ਾਹਕਾਰ ਰਚਨਾ ਹੈ। ਸਮੁੱਚੀ ਬਾਣੀ ਵਿਚ ਆਤਮਾ ਪਰਮਾਤਮਾ ਦੇ ਮੇਲ ਨੂੰ ਪ੍ਰਗਟਾਇਆ ਹੈ। ‘ਆਨੰਦ’ ਸਾਹਿਬ ਦੀਆਂ 40 ਪਉੜੀਆਂ ਹਨ। ਆਪ ਜੀ ਅਨੁਸਾਰ ‘ਅਨੰਦ’ ਪਾਪ, ਕਲੇਸ਼ ਅਤੇ ਮੋਹ ਦਾ ਨਾਸ਼ ਕਰਨ ਵਾਲਾ ਹੈ ਅਤੇ ਇਸ ਦੀ ਪ੍ਰਾਪਤੀ ਗੁਰੂ ਤੋਂ ਹੋ ਸਕਦੀ ਹੈ:
ਆਨੰਦੁ ਆਨੰਦੁ ਸਭੁ ਕੋ ਕਹੈ ਆਨੰਦੁ ਗੁਰੂ ਤੇ ਜਾਣਿਆ॥
(ਅੰਗ ੯੧੭)
ਆਨੰਦ ਦੀ ਅਵਸਥਾ ‘ਸਹਿਜ’ ਅਵਸਥਾ ਹੈ। ਜਿਤਨੀ ਦੇਰ ਤਕ ਮਨ ਸ਼ੰਕਾਗ੍ਰਸਤ ਰਹਿੰਦਾ ਹੈ ਤਦ ਤਕ ਸਹਿਜ ਭਾਵ ਉਤਪੰਨ ਨਹੀਂ ਹੋ ਸਕਦਾ। ਸਹਿਜ ਭਾਵ ਉਤਪੰਨ ਹੋਣ ‘ਤੇ ਹੀ ਵਸਲ ਦੀ ਪ੍ਰਾਪਤੀ ਸੰਭਵ ਹੈ। ਇਹ ਇਕ ਮਾਣਨ ਦੀ ਅਵਸਥਾ ਹੈ। ਪ੍ਰਭੂ ਦੇ ਆਗਮਨ ਦੀ ਖੁਸ਼ੀ ਵਿਚ ‘ਗ੍ਰਿਹੁ ਮੰਦਰ’ ਬਣ ਜਾਂਦਾ ਹੈ ਅਤੇ ਸਭ ਦੁਖ ਸੰਤਾਪ ਦੂਰ ਹੋ ਜਾਂਦੇ ਹਨ।
ਆਪ ਦੀਆਂ ਚਾਰ ਵਾਰਾਂ-ਰਾਗ ਗੂਜਰੀ, ਸੂਹੀ, ਰਾਮਕਲੀ ਅਤੇ ਮਾਰੂ ਰਾਗ ਵਿਚ ਪ੍ਰਾਪਤ ਹਨ। ਗੂਜਰੀ ਕੀ ਵਾਰ ਦੀਆਂ 22 ਪਉੜੀਆਂ ਹਨ। ਹਰੇਕ ਪਉੜੀ ਵਿਚ ਪੰਜ-ਪੰਜ ਤੁਕਾਂ ਹਨ।
ਹਰੇਕ ਪਉੜੀ ਦੇ ਨਾਲ-ਨਾਲ ਦੋ-ਦੋ ਸਲੋਕ ਹਨ। ਪਉੜੀ ਨੰ: ੪ ਦੇ ਨਾਲ ਪਹਿਲਾ ਸਲੋਕ ਕਬੀਰ ਜੀ ਦਾ ਹੈ ਬਾਕੀ ਦੇ ਸਾਰੇ ਸਲੋਕ ਸ੍ਰੀ ਗੁਰੂ ਅਮਰਦਾਸ ਜੀ ਦੇ ਹਨ। ਇਹ ਸਲੋਕ ਪਿੱਛੋਂ ਸ੍ਰੀ ਗੁਰੂ ਅਰਜਨ ਦੇਵ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰਨ ਵੇਲੇ ਦਰਜ ਕੀਤੇ ਹਨ। ਵਾਰ ਸੂਹੀ ਦੀਆਂ ਕੁਲ 20 ਪਉੜੀਆਂ ਹਨ। ਹਰੇਕ ਪਉੜੀ ਵਿਚ ਪੰਜ-ਪੰਜ ਤੁਕਾਂ ਹਨ ਅਤੇ ਕੁਲ 46 ਸਲੋਕ ਹਨ ਜਿਨ੍ਹਾਂ ਵਿਚੋਂ ਕੇਵਲ 14 ਸਲੋਕ ਹੀ ਗੁਰੂ ਅਮਰਦਾਸ ਜੀ ਦੇ ਹਨ, ਬਾਕੀ ਦੇ ਸਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਹਨ।
ਰਾਮਕਲੀ ਕੀ ਵਾਰ ਦੀਆਂ 21 ਪਉੜੀਆਂ ਹਨ। ਇਸ ਵਾਰ ਵਿਚ ਅਨੋਖੀ ਗੱਲ ਇਹ ਹੈ ਕਿ ਪਹਿਲੀ ਪਉੜੀ ਦੇ ਨਾਲ ‘ਰਹਾਉ’ ਦੀ ਭੀ ਇਕ ਤੁਕ ਹੈ:
ਵਾਹੁ ਵਾਹੁ ਸਚੇ ਪਾਤਿਸਾਹ ਤੂ ਸਚੀ ਨਾਈ ॥
(ਅੰਗ ੯੪੭)
ਇਸ ਵਿਚ ਦਿੱਤੇ ਗਏ 52 ਸਲੋਕਾਂ ਵਿਚੋਂ 24 ਸਲੋਕ ਸ੍ਰੀ ਗੁਰੂ ਅਮਰਦਾਸ ਜੀ ਦੇ ਹਨ। ਮਾਰੂ ਰਾਗ ਦੀ ਵਾਰ ਦੀਆਂ ਕੁਲ 22 ਪਉੜੀਆਂ ਹਨ।
ਸ੍ਰੀ ਗੁਰੂ ਅਮਰਦਾਸ ਜੀ ਨੇ ‘ਜੇਠਾ ਜੀ’ ਜੋ ਪਿਛੋਂ ਸ੍ਰੀ ਗੁਰੂ ਰਾਮਦਾਸ ਜੀ ਬਣੇ, ਨੂੰ ਗੁਰਿਆਈ ਸੌਂਪੀ। ਆਪ ਅਧਿਆਤਮਕ, ਸੰਸਾਰਕ ਅਤੇ ਰਾਜ ਸ਼ਕਤੀ ਦੇ ਸਾਕਾਰ-ਰੂਪ ਸਨ ਜੋ ਗੁਰੂ ਤੋਂ ਸੱਚੇ ਪਾਤਸ਼ਾਹ ਬਣੇ। ਗੋਇੰਦਵਾਲ ਦੀ ਕੀਰਤੀ ਆਪ ਦੇ ਕਾਰਨ ਹੀ ਫੈਲੀ। ਹੁਣ ਵੀ ਇਹ ਪ੍ਰਸਿੱਧ ਅਸਥਾਨ ਉਥੇ ਦੇਖੇ ਜਾ ਸਕਦੇ ਹਨ:
ਗੁਰਦੁਆਰਾ ਬਾਉਲੀ ਸਾਹਿਬ, ਹਵੇਲੀ ਸਾਹਿਬ, ਗੁਰੂ ਅਮਰਦਾਸ ਜੀ ਦਾ ਰਿਹਾਇਸ਼ੀ ਸਥਾਨ, ਖੂਹ ਸ੍ਰੀ ਗੁਰੂ ਰਾਮਦਾਸ ਜੀ ਅਤੇ ਮੋਹਨ ਜੀ ਦਾ ਚੁਬਾਰਾ।
ਡਾ. ਸਾਹਿਬ ਸਿੰਘ ਅਰਸ਼ੀ
